ਤੇਰੀ ਨਜ਼ਰੇ ਕੀ ਫ਼ਰਕ ਰਾਜੇ ਫਕੀਰ ਵਿੱਚ ਡਾਢਿਆ।
ਭਰ ਦੇ ਗੂੜੇ ਰੰਗ ਹਰ ਤਸਵੀਰ ਵਿੱਚ ਡਾਢਿਆ।
ਨਾ ਤਵੇ ਉੱਤੇ ਰੋਟੀ ਸੀ ਨਾ ਚੁੱਲ੍ਹੇ ਵਿੱਚ ਅੱਗ।
ਚਾਰ ਪੁੱਤਰਾਂ 'ਚ ਕੋਈ ਇੱਕ ਵੀ ਨਾ ਸਲੱਗ।
ਕਾਸ਼! ਧੀ ਹੁੰਦੀ ਤਾਂ ਰੋ ਲੈਂਦੇ ਗਲੇ ਲੱਗ।
ਦੁੱਖ ਲੁਕਿਆ ਹੈ ਅੱਖੀਆਂ ਦੇ ਨੀਰ ਵਿੱਚ ਡਾਢਿਆ।
ਭਰ ਦੇ ਗੂੜੇ ਰੰਗ ਹਰ ਤਸਵੀਰ ਵਿੱਚ ਡਾਢਿਆ।
ਕੁਝ ਚੰਦਰੇ ਮਾਰ ਦੇਣ ਆਂਡਿਆਂ ਵਿੱਚ ਬੋਟ।
ਕਿਵੇਂ 'ਕੱਲੀ ਪੈਰ ਪੁੱਟੇ ਭਰੀ ਮਨਾਂ ਵਿੱਚ ਹੈ ਖੋਟ।
ਜਿਸ ਘਰ ਨਾ ਚਿੱੜੀਆਂ ਦੀ ਚਹਿ-ਚਹਿ ਉਥੇ ਰਹਿੰਦੀ ਤੋਟ।
ਇੱਕੋ ਆਵੇ ਪੈਣਾ ਸਭ ਨੇ ਅਖੀਰ ਵਿੱਚ ਡਾਢਿਆ।
ਭਰ ਦੇ ਗੂੜੇ ਰੰਗ ਹਰ ਤਸਵੀਰ ਵਿੱਚ ਡਾਢਿਆ।
ਇੱਕ ਭੋਇ ਦੇ ਕੀਤੇ ਭਾਈਆਂ ਕਈ ਟੁਕੜੇ।
ਉੱਚੀਆਂ ਕੰਧਾਂ ਵਿੱਚੋਂ ਵੀ ਲੰਘਣ ਫੇਰ ਮੁੱਖੜੇ।
ਕਦੇ ਮੋਢੇ ਸਿਰ ਰੱਖ ਰੋ ਲੈਂਦੇ ਸੀ ਦੁੱਖੜੇ।
ਕੇਹੀ ਫੁੱਟ ਪਾਊ ਤਾਕਤ ਹੈ ਜੰਗੀਰ ਵਿੱਚ ਡਾਢਿਆ।
ਭਰ ਦੇ ਗੂੜੇ ਰੰਗ ਹਰ ਤਸਵੀਰ ਵਿੱਚ ਡਾਢਿਆ।
ਮਿੱਟੀ ਸੰਗ ਮਿੱਟੀ ਹੋਵੇ ਸਿਰ ਮਣਾਂ-ਮੂੰਹੀਂ ਬੋਝ।
ਸੱਤਿਆ-ਖੱਪਿਆ ਇੱਕ ਫਾਹੇ ਲੱਗ ਜਾਵੇ ਰੋਜ਼।
ਪਾਣੀ ਪੀ-ਪੀ ਭੁੱਖੇ ਢਿੱਡ ਨਾਲ ਕਰਨਾ ਪਏ ਚੋਜ਼।
ਅੰਨ-ਪਾਣੀ ਲਿਖਦੇ ਸਭ ਦੀ ਲਕੀਰ ਵਿੱਚ ਡਾਢਿਆ।
ਭਰ ਦੇ ਗੂੜੇ ਰੰਗ ਹਰ ਤਸਵੀਰ ਵਿੱਚ ਡਾਢਿਆ।
ਹੱਥ ਬੰਨ੍ਹ ਲਾਏ ਲਾਰੇ ਭੁਲਾਏ ਕੁਰਸੀ ਰਾਣੀ।
ਕੁਰਸੀ ਬੈਠੇ ਛੋਟੇ-ਵੱਡੇ ਬਸ ਪੈਸੇ ਦੇ ਹਾਣੀ।
ਮੁੜ-ਮੁੜ ਬਾਬਾ ਆਪਣਿਆਂ ਨੂੰ ਦੇ ਕਰੇ ਵੰਡ ਕਾਣੀ।
ਆਸਾਂ ਵਹਿ 'ਗੀਆਂ ਅੱਖੀਆਂ ਦੇ ਨੀਰ ਵਿੱਚ ਡਾਢਿਆ।
ਭਰ ਦੇ ਗੂੜੇ ਰੰਗ ਹਰ ਤਸਵੀਰ ਵਿੱਚ ਡਾਢਿਆ।