ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ
(ਲੇਖ )
buy sertraline online
buy zoloft
online buy sertraline online
ਹਰ ਸੰਸਥਾ, ਸਥਾਨ ਅਤੇ ਰਿਸ਼ਤੇ ਦੀ ਇਕ ਨਵੇਕਲੀ ਮਰਿਆਦਾ ਹੁੰਦੀ ਹੈ। ਉਸ ਮਰਿਆਦਾ ਵਿਚ ਰਹਿ ਕੇ ਹੀ ਉਸ ਸੰਸਥਾ, ਸਥਾਨ ਅਤੇ ਰਿਸ਼ਤੇ ਦੀ ਇਕ ਵੱਖਰੀ ਪਛਾਣ ਬਣਦੀ ਹੈ। ਜਦ ਕਿਸੇ ਸੰਸਥਾ,ਸਥਾਨ ਅਤੇ ਰਿਸ਼ਤੇ ਦੀ ਮਰਿਆਦਾ ਟੁੱਟਦੀ ਹੈ ਤਾਂ ਉਸਦੀ ਹੌਂਦ ਖਤਰੇ ਵਿਚ ਪੈ ਜਾਂਦੀ ਹੈ ਜਾਂ ਉਸਦਾ ਸਰੂਪ ਵਿਗੜ ਜਾਂਦਾ ਹੈ। ਕੁਝ ਸੰਸਥਾਵਾਂ ਦੇ ਨਿਯਮ ਉਸਦੀ ਮਰਿਆਦਾ ਅਨੁਸਾਰ ਲਿਖਤੀ ਤੋਰ ਤੇ ਹੁੰਦੇ ਹਨ ਪਰ ਕੁਝ ਸੰਸਥਾ ਅਤੇ ਰਿਸ਼ਤਿਆਂ ਦੇ ਅਸੂਲ ਲਿਖਤੀ ਤੋਰ ਤੇ ਨਹੀਂ ਹੁੰਦੇ ਪਰ ਉਹ ਪੀੜੀ ਦਰ ਪੀੜੀ੍ਹ ਇਵੇਂ ਹੀ ਚਲਦੇ ਹਨ ਅਤੇ ਸਭ ਨੂੰ ਪ੍ਰਵਾਨਤ ਹੁੰਦੇ ਹਨ।
ਆਮ ਤੋਰ ਤੇ ਕਿਸੇ ਸੰਸਥਾ ਦੇ ਨਾਮ ਤੋਂ ਹੀ ਉਸਦੇ aੁਦੇਸ਼ ਅਤੇ ਮਰਿਆਦਾ ਪ੍ਰਗਟ ਹੋ ਜਾਂਦੀ ਹੈ। ਉਸ ਸੰਸਥਾ ਅੰਦਰ ਉਸ ਤਰਾਂ ਦਾ ਹੀ ਵਾਤਾਵਰਨ ਬਣਾ ਕਿ ਰਖਣਾ ਚਾਹੀਦਾ ਹੈ। ਸਾਡੀ ਵਾਰਤਾਲਾਪ ਅਤੇ ਕਾਰਜ ਵੀ ਉਸ ਅਨੁਸਾਰ ਹੀ ਹੋਣੇ ਚਾਹੀਦੇ ਹਨ। ਜਿਵੇਂ ਪਾਠਸ਼ਾਲਾ ਦੀ ਆਪਣੀ ਨਵੇਕਲੀ ਮਰਿਆਦਾ ਹੈ। ਪਾਠਸ਼ਾਲਾ ਵਿਚ ਬੱਚੇ ਕੁਝ ਗਿਆਨ ਗ੍ਰਿਹਨ ਕਰਨ ਆਉਂਦੇ ਹਨ ਅਤੇ ਅਧਿਆਪਕਾਂ ਦਾ ਕੰਮ ਹੈ ਗਿਆਨ ਦੇਣਾ ਅਤੇ ਬੱਚਿਆਂ ਵਿਚ ਸਦਾਚਾਰ ਦੇ ਗੁਣ ਭਰਣੇ। ਇਸ ਕੰਮ ਲਈ ਇਕਾਗਰਤਾ ਦੀ ਜਰੂਰਤ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਖੇਡਾਂ ਦੇ ਪੀਰਅਡ ਵਿਚ ਬੱਚਿਆਂ ਨੂੰ ਨੱਚਣ ਕੁਦਣ ਦੀ ਅਤੇ ਕੁਝ ਹੱਦ ਤੱਕ ਉੱਚਾ ਬੋਲਣ ਦੀ ਆਗਿਆ ਹੰਦੀ ਹੈ। ਪੜਾਈ ਦੇ ਸਮੇ ਕਿਸੇ ਦਵਾਰਾ ਵੀ ਕੋਈ ਫਾਲਤੂ ਅਤੇ ਉੱਚੀ ਗੱਲ ਕਰਨੀ ਬਹੁਤ ਅਖਰਦੀ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧਿਅਨ ਆਪਣੇ ਵਿਸ਼ੇ ਨਾਲੋਂ ਟੁੱਟਦਾ ਹੈ। ਇਸ ਲਈ ਜੇ ਕਿਸੇ ਬਾਹਰ ਦੇ ਵਿਅਕਤੀ ਨੂੰ ਵੀ ਸਕੂਲ ਵਿਚ ਜਾਣਾ ਪਵੇ ਤਾਂ ਸਕੂਲ ਦੀ ਮਰਿਆਦਾ ਅਨੁਸਾਰ ਹੀ ਜਾਵੇ। ਸਿੱਧਾ ਹੈਡਮਾਸਟਰ ਜਾਂ ਪ੍ਰਿਸੀਪਲ ਦੇ ਦਫਤਰ ਜਾਵੇ ਅਤੇ ਉੱਥੇ ਸਲੀਕੇ ਨਾਲ ਆਪਣੇ ਵੀਚਾਰ ਪ੍ਰਗਟ ਕਰੇ।
ਇਸੇ ਤਰਾਂ ਹਸਪਤਾਲ ਦੀ ਆਪਣੀ ਮਰਿਆਦਾ ਹੁੰਦੀ ਹੈ । ਉੱਥੇ ਬਿਮਾਰ ਤੇ ਦੁਖੀ ਲੋਕ ਆਉਦੇ ਹਨ। ਉਨਾਂ ਨੂੰ ਡਾਕਟਰਾਂ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਸਭ ਮਰੀਜਾਂ ਦਾ ਫਰਜ ਬਣਦਾ ਹੈ ਕਿ ਆਪਣੇ ਨੰਬਰ ਸਿਰ ਹੀ ਡਾਕਟਰ ਪਾਸ ਜਾਣ ਅਤੇ ਧੀਮੀ ਆਵਾਜ ਵਿੱਚ ਡਾਕਟਰ ਨੂੰ ਆਪਣੀ ਬਿਮਾਰੀ ਦਸਣ । ਡਾਕਟਰਾਂ ਦਾ ਵੀ ਫਰਜ ਬਣਦਾ ਹੈ ਕਿ ਮਰੀਜ ਦੀ ਗਲ ਧਿਆਨ ਅਤੇ ਹਮਦਰਦੀ ਨਾਲ ਸੁਣਨ ਅਤੇ ਉਸਨੂੰ ਠੀਕ ਹੋਣ ਦਾ ਦਿਲਾਸਾ ਦੇਣ। ਐਵੇ ਮਰੀਜ ਨੂੰ ਵੱਡੂ ਖਾਊ ਨਾ ਕਰਨ। ਹਸਪਤਾਲ ਵਿੱਚ ਮਰੀਜਾਂ ਦਾ ਜਾਂ ਰਿਸਤੇਦਾਰਾਂ ਦਾ ਸ਼ੋਰ ਬਿਲਕੁਲ ਵੀ ਨਹੀ ਹੋਣਾ ਚਾਹੀਦਾ । ਇਥੋ ਤਕ ਕਿ ਵਰਾਂਡਿਆਂ ਵਿਚ ਤੁਰਦੇ ਸਮੇ ਜੁੱਤੀ ਦੀ ਆਵਾਜ ਬਿਲਕੁਲ ਨਹੀ ਆਉਣੀ ਚਾਹੀਦੀ। ਕੂੜਾ ਕਰਕਟ, ਫਲਾਂ ਦੇ ਛਿੱਲੜ ਅਤੇ ਜੂਠ ਐਧਰ ਉਧਰ ਨਹੀ ਸੁੱਟਣੀ ਚਾਹੀਦੀ। ਸਗੋ ਡਸਟਬਿਨ ਵਿਚ ਪਾਣੀ ਚਾਹੀਦੈ ਹੈ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਬਿਮਾਰੀਆਂ ਅਗਂੋ ਨਾ ਫੈਲਣ। ਜਰੂਰਤ ਤੋ ਬਿਨਾਂ ਛੋਟੇ ਬੱਚਿਆਂ ਨੂੰ ਐਵੇ ਹਸਪਤਾਲ ਨਹੀ ਲੈ ਕੇ ਜਾਣਾ ਚਾਹੀਦਾ। ਉਨਾਂ ਨੂੰ (ਇਨਫੈਕਸ਼ਨ) ਹੋਣ ਦਾ ਜਿਆਦਾ ਡਰ ਹੁੰਦਾ ਹੈ। ਇਸੇ ਤਰਾਂ ਹਰ ਧਾਰਮਿਕ ਸਥਾਨ ਭਾਵ ਮੰਦਰ, ਗੁਰਦਵਾਰੇ, ਮਸਜਿਦ ਅਤੇ ਚਰਚ ਆਦਿ ਦੀ ਇਕ ਵੱਖਰੀ ਮਰਿਆਦਾ ਹੁੰਦੀ ਹੈ। ਸਾਨੂੰ ਉਸ ਸਥਾਨ ਵਿਚ ਉਸਦੀ ਮਰਿਆਦਾ ਅਨੁਸਾਰ ਹੀ ਵਿਚਰਨਾ ਚਾਹੀਦਾ ਹੈ।ਮੰਦਰ ਗੁਰਦਵਾਰੇ ਅਤੇ ਮਸਜਿਦ ਵਿਚ ਸਿਰ ਢੱਕ ਕੇ ਅਤੇ ਨੰਗੇ ਪੈਰੀ ਜਾਣਾ ਹੁੰਦਾ ਹੈ। ਪਰ ਦੂਜੇ ਪਾਸੇ ਚਰਚ ਵਿਚ ਸਿਰ ਢੱਕ ਕੇ ਜਾਣਾ ਨਹੀ ਚਾਹੀਦਾ ਕਿਉਕਿ ਅੰਗ੍ਰੇਜ ਲੋਕ ਪ੍ਰਮਾਤਮਾ ਘੋਦ ਅੱਗੇ ਸਿਰ ਢੱਕਣ ਨੂੰ ਗੁਸਤਾਖੀ ਮੰਨਦੇ ਹਨ। ਧਾਰਮਿਕ ਸਥਾਨ ਤੇ ਇਕਾਗਰਤਾ ਨਾਲ ਆਪਣੇ ਪ੍ਰਮਾਤਮਾ ਅਗੇ ਮੱਥਾ ਟੇਕਿਆ ਜਾਂਦਾ ਹੈ ਅਤੇ ਉਸਦਾ ਧਿਆਨ ਧਰਿਆ ਜਾ ਸਕਦੇ ਹੈ। ਹਾਂ ਸਭ ਦੇ ਨਾਲ ਉਥੇ ਭਜਨ ਜਾਂ ਸਬਦ ਆਦਿ ਗਾਏ ਜਾ ਸਕਦੇ ਹਨ। ਧਾਰਮਿਕ ਸਥਾਨ ਤੇ ਕੱਪੜੇ ਜਿਆਦਾ ਭੜਕੀਲੇ ਨਹੀ ਪਾਣੇ ਚਾਹੀਦੇ। ਕੱਪੜੇ ਸਾਦੇ ਅਤੇ ਤਨ ਨੂੰ ਢੱਕਣ ਵਾਲੇ ਹੋਣੇ ਚਾਹੀਦੇ ਹਨ ਨਾ ਕੇ ਨੰਗੇਜ ਵਿਖਾਉਣ ਵਾਲੇ। ਪਿਛੇ ਆਗਰੇ ਵਿਚ ਇਕ ਧਾਰਮਿਕ ਸ਼ਥਾਨ ਤੇ ਇਕ ਵਿਦੇਸ਼ੀ ਸੈਲੀਬਰਿਟੀ ਸਕਰਟ ਪਾ ਕੇ ਚਲੀ ਗਈ ਸੀ ਤਾਂ ਕਾਫੀ ਬਵਾਲ ਮਚਿਆ ਸੀ । ਸਾਨੂੰ ਅਜਿਹੇ ਵਾਦ ਵਿਵਾਦ ਤੋ ਬਚਣਾ ਚਾਹੀਦਾ ਹੈ।
ਇਸੇ ਤਰਾਂ ਬਾਕੀ ਸੰਸਥਾਵਾਂ ਜਿਵੇ ਪੁਲਿਸ, ਮਿਲਟਰੀ, ਬੈਕ, ਸਿਨੇਮਾ, ਸ਼ਰਾਬਖਾਨਾ, ਜੂਆ ਖਾਨਾ ਆਦਿ ਦੀ ਅਲੱਗ ਅਲੱਗ ਮਰਿਆਦਾ ਹੁੰਦੀ ਹੈ ਅਤੇ ਸਾਨੂੰ ਉਸ ਅਨੁਸਾਰ ਹੀ ਵਿਚਰਨਾ ਪੈਂਦਾ ਹੈ। ਹੋਰ ਤਾਂ ਹੋਰ ਸ਼ਮਸ਼ਾਨ ਅਤੇ ਕਬਰਸਤਾਨ ਦੀ ਵੀ ਆਪਣੀ ਇਕ ਮਰਿਆਦਾ ਹੁੰਦੀ ਹੈ। ਕਿਸੇ ਪਿਆਰੇ ਦੇ ਵਿਛੜਨ ਤੇ ਹੀ ਅਜੇਹੇ ਸਥਾਨ ਤੇ ਜਾਣਾ ਪੈਂਦਾ ਹੈ। ਸਭ ਲੋਕ ਦੁਖੌ ਹੁੰਦੇ ਹਨ। ਉਥੇ ਸਾਦੇ ਕੱਪੜੇ ਪਾ ਕੇ ਜਾਣਾ ਚਾਹੀਦਾ ਹੈ ਅਤੇ ਸ਼ੋਰ ਨਹੀਂ ਕਰਨਾ ਚਾਹੀਦਾ ਨਾ ਹੀ ਕੋਈ ਬੇਹੁਦਾ ਹਰਕਤ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਦਾ ਮਨ ਨਾ ਦੁਖੇ।
ਹਰ ਦੇਸ਼ ਦੀ ਵੀ ਇਕ ਆਪਣੀ ਮਰਿਆਦਾ ਹੁੰਦੀ ਹੈ ਉਸ ਮਰਿਆਦਾ ਤੇ ਚੱਲਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਤਾਂ ਕਿ ਅਮਨ ਭੰਗ ਨਾ ਹੋਵੇ । ਜੋ ਉਨਾਂ ਨਿਯਮਾਂ ਤੇ ਨਾ ਚਲੇ ਤਾਂ ਉਸ ਦੇਸ਼ ਦਾ ਕਾਨੂੰਨ ਉਸ ਵਿਅਕਤੀ ਨੂੰ ਸਜਾ ਦਿੰਦਾ ਹੈ।
ਹੋਰ ਤਾਂ ਹੋਰ ਦੋਸਤੀ ਦੇ ਅਤੇ ਦੂਜੇ ਰਿਸ਼ਤੇ ਵੀ ਮਰਿਆਦਾ ਵਿਚ ਰਹਿ ਕੇ ਜੀ ਸੋਹਣੀ ਤਰਾਂ ਨਿਭਦੇ ਹਨ ਜੇ ਅਸੀ ਮਰਿਆਦਾ ਵਿਚ ਰਹਿ ਕੇ ਰਿਸ਼ਤਿਆਂ ਦਾ ਸਤਿਕਾਰ ਨਹੀਂ ਕਰਦੇ ਤਾਂ ਰਿਸ਼ਤੇ ਟੁਟਣਗੇ ਭਾਵੇਂ ਉਹ ਕਿਤਨੇ ਵੀ ਗੂੜੇ ਅਤੇ ਸਕੇ ਕਿਉਂ ਨਾ ਹੋਣ। ਜਦ ਕੋਈ ਮਰਿਆਦਾ ਤੋੜਦਾ ਹੈ ਤਾਂ ਹਾ ਹਾ ਕਾਰ ਮਚਦੀ ਹੈ। ਇਕ ਕਹਿਰ ਵਰਤਦਾ ਹੈ। ਕਈ ਵਾਰੀ ਤਾਂ ਕਤਲੋਗਾਰਤ ਤਕ ਵੀ ਵਰਤਦੀ ਹੈ।
ਕਹਿੰਦੇ ਹਨ ਸੱਚਾਈ ਨੂੰ ਸਮੇ ਸਮੇ ਨਵੇਂ ਸਿਰੇ ਤੋ ਵਿਚਾਰਿਆ ਜਾਣਾ ਚਾਹੀਦਾ ਹੈ। ਸਾਡਾ ਆਲਾ ਦੁਆਲਾ ਬੜੀ ਤੇਜੀ ਨਾਲ ਬਦਲ ਰਿਹਾ ਹੈ।ਸਾਇੰਸ ਦੀ ਉਨਤੀ ਨਾਲ ਸਾਡੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਸਾਡੀ ਨਵੀ ਪੀੜ੍ਹੀ ਇਸ ਉਨਤੀ ਨੂੰ ਸੌਖੇ ਹੀ ਆਪਣਾ ਲੈਦੀ ਹੈ ਅਤੇ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲੈਂਦੀ ਹੈ। ਪਰ ਸਾਡੀ ਪੁਰਾਣੀ ਪੀੜ੍ਹੀ ਨੂੰ ਨਵੀ ਪੀੜ੍ਹੀ ਨਾਲ ਕਦਮ ਮਿਲਾਨ ਵਿਚ ਕੁਝ ਦੇਰ ਲਗਦੀ ਹੈ। ਜਿਸ ਕਰਕੇ ਪੀੜ੍ਹੀ ਦਾ ਪਾੜਾ (ਘeਨeਰaਟਿਨ ਘaਪ) ਆ ਜਾਂਦਾ ਹੈ । ਵਿਚਾਰਾਂ ਦੀ ਜੰਗ ਛਿੜਦੀ ਹੈ ਜੇ ਦੋਵੇਂ ਪੀੜੀਆਂ ਆਪਸ ਵਿਚ ਸਮਝੋਤਾ ਕਰਕੇ ਤਾਲਮੇਲ ਨਾਂ ਰੱਖ ਸੱਕਣ ਤਾਂ ਭਿਆਨਕ ਸਿੱਟੇ ਨਿਕਲਦੇ ਹਨ। ਸਮੇ ਦੇ ਬਦਲਣ ਨਾਲ ਮਰਿਆਦਾ ਵੀ ਕੁਝ ਖੁਲ੍ਹ ਮੰਗਦੀ ਹੈ।ਅੱਜ ਕੱਲ ਅਣਖ ਬਦਲੇ ਜੋ ਕਤਲ ਹੋ ਰਹੇ ਹਨ ਉਹ ਮਰਿਆਦਾ ਦਾ ਦੁਰਉਪਯੋਗ ਹੈ। ਸਾਡਾ ਸਵਿਧਾਨ ਬਾਲਗ ਲੜਕੇ ਲੜਕੀ ਨੂੰ (ਆਪਣੇ ਪਰਿਵਾਰ ਵਿੱਚੋਂ ਛੱਡ ਕੇ ) ਆਪਣੀ ਪਸੰਦ ਅਨੁਸਾਰ ਸ਼ਾਦੀ ਕਰਨ ਦੀ ਖੁਲ੍ਹ ਦਿੰਦਾ ਹੈ ਪਰ ਸਾਡੀਆਂ ਪੰਚਾਇਤਾਂ ਆਪਣੇ ਸੌੜੇ ਦਾਇਰਿਆਂ ਵਿਚ ਖੂਹ ਦੇ ਡੱਡੂ ਵਾਂਗ ਵਿਚਰ ਰਹੀਆ ਹਨ। ਆਪਣੇ ਝੂਠੇ ਵਕਾਰ ਅਤੇ ਹੰਕਾਰ ਕਾਰਨ ਨੌਜੁਆਨ ਜੋੜਿਆਂ ਦੀਆਂ ਦੁਸ਼ਮਣ ਬਣੀਆਂ ਬੈਠੀਆਂ ਹਨ। ਇਸ ਸਿਲਸਲੇ ਵਿਚ ਕਈ ਖੂਨ ਖਰਾਬੇ ਵੀ ਹੋ ਚੁੱਕੇ ਹਨ ਜੋ ਬੜੇ ਦੁੱਖ ਦੀ ਗੱਲ ਹੈ। ਇਹੋ ਜਿਹੀ ਮਰਿਆਦਾ ਦੀਆਂ ਬੇੜੀਆਂ ਤੋੜਨੀਆਂ ਹੀ ਬਣਦੀਆਂ ਹਨ ਤੰਗ ਹਨੇਰਿਆਂ ਵਿੱਚੋਂ ਨਿਕਲੋ। ਦੇਖੋ ਬਾਹਰ ਕਿਤਨਾ ਸੁੰਦਰ ਉਜਾਲਾ ਚਾਰੇ ਪਾਸੇ ਫੈਲਿਆ ਹੋਇਆ ਹੈ। ਜੋ ਸਾਨੂੰ ਸੁਨਹਿਰੀ ਭਵਿਖ ਦਾ ਭਰੋਸਾ ਦਿੰਦਾ ਹੈ। ਸਾਡੀ ਨੌਜੁਆਨ ਪੀੜ੍ਹੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਬੇਸ਼ਕ ਮਰਜੀ ਅਨੁਸਾਰ ਪਿਆਰ ਕਰਨ ਦਾ ਤੇ ਸ਼ਾਦੀ ਕਰਨ ਦਾ ਉਨਾਂ ਨੂੰ ਕਾਨੂੰਨਣ ਅਧਿਕਾਰ ਹੈ ਪਰ ਮਾਂ ਪਿਉ ਦੀ ਇੱਜ਼ਤ ਪੈਰਾਂ ਵਿੱਚ ਰੋਲਣ ਦਾ ਉਨਾਂ ਦਾ ਹੱਕ ਨਹੀ ਬਣਦਾ। ਕੋਈ ਐਸਾ ਕਦਮ ਨਹੀ ਚੁੱਕਣਾ ਚਾਹੀਦਾ ਜਿਸ ਨਾਲ ਮਾਂ ਪਿਉ ਦਾ ਦਿਲ ਦੁਖੇ ਜਾਂ ਉਨਾਂ ਦੇ ਨਾਮ ਨੂੰ ਵੱਟਾ ਲੱਗੇ।
ਕੁਦਰਤ ਦੇ ਚੰਨ, ਤਾਰੇ, ਸੂਰਜ ਧਰਤੀ ਅਤੇ ਅਕਾਸ਼ ਸਭ ਇਕ ਮਰਿਆਦਾ ਵਿਚ ਹੀ ਬੱਝੇ ਹੋਏ ਹਨ ਤਾਂ ਹੀ ਸਾਰੀ ਸ੍ਰਿਸ਼ਟੀ ਠੀਕ ਢੰਗ ਨਾਲ ਚੱਲ ਰਹੀ ਹੈ। ਇਸੇ ਤਰਾਂ ਅੱਗ ਸਾਡਾ ਖਾਣਾ ਪਕਾਣ ਦੇ ਕੰਮ ਆਉਂਦੀ ਹੈ ਇਸ ਨਾਲ ਸਾਰੇ ਕਾਰਖਾਨੇ ਅਤੇ ਗੱਡੀਆਂ (ੜeਹਚਿਲe) ਚਲਦੀਆਂ ਹਨ ਜਿੰਦਗੀ ਨੂੰ ਗਤੀ ਮਿਤੀ ਮਿਲਦੀ ਹੈ। ਪਰ ਜੇ ਇਹੋ ਹੀ ਅੱਗ ਮਰਿਆਦਾ ਤੋ ਜਰਾ ਬਾਹਰ ਹੋ ਜਾਵੇ ਤਾਂ ਝੱਟ ਪੱਟ ਸ਼ਹਿਰਾਂ ਦੇ ਸ਼ਹਿਰ ਤੇ ਜੰਗਲਾਂ ਦੇ ਜੰਗਲ ਸਾੜ ਕੇ ਸੁਆਹ ਕਰ ਦਿੰਦੀ ਹੈ।
ਅਥਾਹ ਪਾਣੀ ਦੇ ਵੇਗ ਨੂੰ ਠੱਲ ਪਾ ਕੇ ਉਸਤੇ ਬੰਨ੍ਹ ਬਣਾਏ ਜਾਂਦੇ ਹਨ ਇਸ ਨਾਲ ਬੇਕਾਰ ਜਾ ਰਿਹਾ ਪਾਣੀ ਪੀਣ ਦੇ ਅਤੇ ਸਿੰਜਾਈ ਦੇ ਕੰਮ ਆਉਂਦਾ ਹੈ। ਫਸਲਾਂ ਮੌਲਦੀਆਂ ਹਨ ਮਨੁੱਖਾਂ ਅਤੇ ਜਾਨਵਰਾਂ ਦੇ ਢਿੱਡ ਭਰਦੇ ਹਨ ਬਿਜਲੀ ਪੈਦਾ ਹੁੰਦੀ ਹੈ ਜੋ ਸਾਡੇ ਘਰਾਂ ਅਤੇ ਹਨੇਰੇ ਦਿਲਾਂ ਨੂੰ ਰੁਸ਼ਨਾਂਦੀ ਹੈ। ਟਰਾਂਸਪੋਰਟ, ਮੱਛੀ ਪਾਲਣ ਅਤੇ ਟੂਰੀਜਮ ਨੂੰ ਬੜਾਵਾ ਮਿਲਦਾ ਹੈ। ਇਸੇ ਲਈ ਕਹਿੰਦੇ ਹਨ ਜਦ ਨਦੀ ਦਾ ਪਾਣੀ ਕਿਨਾਰਿਆਂ ਵਿਚ ਵਗਦਾ ਹੈ ਤਾਂ ਸਮਝੋ ਉਹ ਮਰਿਆਦਾ ਵਿਚ ਵਹਿੰਦਾ ਹੈ ਪਰ ਜੇ ਉਹ ਕਿਨਾਰਿਆਂ ਤੋਂ ਬਾਹਰੀ ਹੋ ਕੇ ਵਹਿੰਦਾ ਹੈ ਤਾਂ ਸਮਝੋ ਮਰਿਆਦਾ ਤੋੜਦਾ ਹੈ । ਇਸ ਨਾਲ ਹੜ ਆਉਂਦੇ ਹਨ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਕਈ ਭਿੰਅਕਰ ਬਿਮਾਰੀਆਂ ਤੇ ਭੁਖ ਨੰਗ ਫੈਲ੍ਹਦੀ ਹੈ।
ਮਰਿਆਦਾ ਦੇ ਅਸੂਲਾਂ ਤੇ ਚਲਣ ਨੂੰ ਹੀ ਅਨੁਸਾਸ਼ਨ ਕਹਿੰਦੇ ਹਨ। ਇਨਾਂ ਨਿਯਮਾਂ ਅਨੁਸਾਰ ਚਲਣ, ਉਠਣ ਬੈਠਣ, ਗਲਬਾਤ ਕਰਨ ਅਤੇ ਕਪੜੇ ਪਾਣ ਨੂੰ ਹੀ ਸਲੀਕਾ ਆਖਦੇ ਹਨ। ਸਲੀਕੇ ਨਾਲ ਚਲਣ ਵਾਲਾ ਮਨੁੱਖ ਹੀ ਹਰਮਨ ਪਿਆਰਾ ਬਣਦਾ ਹੈ ਅਤੇ ਕਿਸੇ ਦੀ ਅੱਖ ਵਿੱਚ ਐਵੇਂ ਰੜਕਦਾ ਨਹੀਂ।
ਮਰਿਆਦਾ ਅਤੇ ਅਨੁਸ਼ਾਸ਼ਨ ਦਾ ਆਪਸ ਵਿਚ ਚੋਲੀ ਦਾਮਨ ਦਾ ਸਾਥ ਹੈ। ਜਿਹੜਾ ਬੰਦਾ ਮਰਿਆਦਾ ਵਿਚ ਨਹੀ ਮੰਨਦਾ। ਉਹ ਅਨੁਸ਼ਾਸ਼ਨ ਅਨੁਸਾਰ ਨਹੀ ਚਲਦਾ ਅਤੇ ਸਭ ਦੀਆਂ ਅੱਖਾਂ ਵਿਚ ਰੜਕਦਾ ਹੈ। ਉਸ ਨੂੰ ਕੋਈ ਪਸੰਦ ਨਹੀ ਕਰਦਾ। ਅਜਿਹਾ ਬੰਦਾ ਅੰਤ ਵਿੱਚ ਨੁਕਸਾਨ ਉਠਾਉਂਦਾ ਹੈ ਅਤੇ ਦੁੱਖ ਪਾਉਂਦਾ ਹੈ।
ਇਨਸਾਨ ਨੂੰ ਸੋਹਣੀ, ਸਾਫ ਸੁਥਰੀ ਖੁਸ਼ਹਾਲ ਤੇ ਕਾਮਯਾਬ ਜਿੰਦਗੀ ਜਿਉਣ ਲਈ ਸੁਚੱਜੀਆਂ ਆਦਤਾਂ ਪਾਣੀਆਂ ਪੈਣਗੀਆਂ ਇਨਾਂ ਸੁਚੱਜੀਆਂ ਆਦਤਾਂ ਵਿਚ ਸਭ ਤੋ ਪਹਿਲਾਂ ਆਉਂਦਾ ਹੈ ਅਨੁਸ਼ਾਸ਼ਨ ਵਿੱਚ ਰਹਿਣਾ। ਬੱਚੇ ਦੀ ਜ਼ਿੰਦਗੀ ਦਾ ਸਫਰ ਘਰ ਤੋ ਹੀ ਸ਼ੁਰੂ ਹੁੰਦਾ ਹੈ। ਕੋਈ ਬੱਚਾ ਸਭ ਤੋ ਪਹਿਲਾਂ ਅਨੁਸਾਸ਼ਨ ਘਰ ਤੋ ਹੀ ਸਿੱਖਦਾ ਹੈ। ਫਿਰ ਨੰਬਰ ਆਉਂਦਾ ਹੈ ਸਕੂਲ ਅਤੇ ਸਮਾਜ ਦਾ। ਇਸ ਤੋਂ ਬਾਅਦ ਬੰਦਾ ਆਪਣੇ ਤਜਰਬੇ ਅਤੇ ਕਨੂੰਨ ਤੋਂ ਵੀ ਬਹੁਤ ਕੁਝ ਸਿੱਖਦਾ ਹੈ। ਮਾਂ ਬਾਪ ਅਤੇ ਅਧਿਆਪਕ ਬੱਚੇ ਵਿੱਚ ਚੰਗੇ ਗੁਣ ਅਤੇ ਸੰਸਕਾਰ ਭਰਨ ਲਈ ਬਹੁਤ ਸਹਾਈ ਹੁੰਦੇ ਹਨ। ਇਥੇ ਉਹ ਇਕ ਨਰੋਏ ਸਮਾਜ ਦੀ ਨੀਂਹ ਰੱਖ ਰਹੇ ਹੁੰਦੇ ਹਨ। ਬੱਚੇ ਦੀ ਕਿਸੇ ਗਲਤ ਆਦਤ ਨੂੰ ਕਦੀ ਹੱਲਾ ਸ਼ੇਰੀ ਨਹੀ ਦੇਣੀ ਚਾਹੀਦੀ। ਜੇ ਬੱਚਾ ਵੱਡਿਆਂ ਦੀ ਇੱਜਤ ਨਾ ਕਰੇ ਜਾਂ ਉਨਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਵੇ ਤਾਂ ਕਦੀ ਖੁਸ਼ ਨਹੀ ਹੋਣਾ ਚਾਹੀਦਾ। ਇਹ ਹੀ ਗਲਤ ਆਦਤਾਂ ਅਗੇ ਜਾ ਕੇ ਪ੍ਰੇਸ਼ਾਨੀ ਦਾ ਸਬਬ ਬਣਦੀਆਂ ਹਨ। ਬੱਚੇ ਦੀ ਕਿਸਲੇ ਗਲਤ ਹਰਕਤ ਤੇ ਉਸਨੂੰ ਪਿਆਰ ਨਾਲ ਵਰਜਨਾ ਚਾਹੀਦਾ ਹੈ। ਜੇ ਬੱਚਾ ਕਿਸੇ ਦੂਜੇ ਬੱਚੇ ਦੀ ਕੋਈ ਚੀਜ਼ ਚੋਰੀ ਕਰਕੇ ਘਰ ਲੈ ਆਉਂਦਾ ਹੈ ਤਾਂ ਇਸ ਗਲ ਨੂੰ ਅਣਗੌਲਿਆਂ ਨਹੀ ਕਰਨਾ ਚਾਹੀਦਾ ਉਸ ਦੀ ਪਿੱਠ ਨਹੀ ਥਾਪੜਨੀ ਚਾਹੀਦੀ।ਸਗੋਂ ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਦੂਸਰੇ ਦੀ ਚੀਜ਼ ਨਹੀ ਚੁਕਣੀ ਤੈਨੂੰ। ਅਸੀਂ ਨਵੀਂ ਲੈ ਦਿਆਂਗੇ।
ਅਧਿਕਾਰ ਅਤੇ ਫਰਜ਼ ਵੀ ਮਰਿਆਦਾ ਵਿਚ ਹੀ ਆਉਂਦੇ ਹਨ। ਅਧਿਕਾਰ ਤੇ ਫਰਜ਼ ਵੀ ਨਾਲ ਨਾਲ ਹੀ ਚਲਦੇ ਹਨ। ਸਾਨੂੰ ਆਪਣੇ ਅਧਿਕਾਰਾਂ ਨੂੰ ਵਰਤਨ ਦੀ ਪੂਰੀ ਤਰਾਂ ਖੁਲ੍ਹ ਹੈ ਪਰ ਆਪਣੇ ਅਧਿਕਾਰ ਵਰਤਦੇ ਸਮੇਂ ਸਾਡਾ ਫਰਜ਼ ਬਣਦਾ ਹੈ ਇਨਾਂ ਨਾਲ ਅਸੀਂ ਦੂਸਰੇ ਦੇ ਅਧਿਕਾਰਾਂ ਦਾ ਹਨਨ ਨਾ ਕਰੀਏ। ਸਾਨੂੰ ਆਪਣੀਆਂ ਬਾਹਵਾਂ ਨੂੰ ਪੂਰੀ ਤਰਾਂ ਫੈਲਾਉਣ ਦਾ ਅਧਿਕਾਰ ਹੈ ਪਰ ਸਾਨੂੰ ਇਸ ਗਲ ਤੋ ਸੁਚੇਤ ਹੋਣਾ ਚਾਹੀਦਾ ਹੈ ਕਿ ਸਾਡੀਆਂ ਖੁਲੀਆਂ ਬਾਹਵਾਂ ਕਿਸੇ ਦੂਸਰੇ ਦੇ ਮੂੰਹ ਅੱਗੇ ਨਾ ਆਉਣ ਜਾਂ ਉਸ ਵਲ ਕੋਈ ਗਲਤ ਇਸ਼ਾਰਾ ਨਾ ਕਰਨ, ਨਹੀਂ ਤੇ ਅਸੀਂ ਇਸ ਤਰਾਂ ਕਰਕੇ ਦੂਸਰੇ ਦੇ ਹੱਕਾਂ ਤੇ ਛਾਪਾ ਮਾਰ ਰਹੇ ਹੋਵਾਂਗੇ। ਉਸਨੂੰ ਇਹ ਚੰਗਾ ਨਹੀਂ ਲੱਗੇਗਾ। ਉਸਦਾ ਸਾਡੇ ਪ੍ਰਤੀ ਗੁੱਸਾ ਅਤੇ ਰੋਸ ਵਧੇਗਾ। ਆਪਸੀ ਤਕਰਾਰ ਹੋਵੇਗਾ। ਸਬੰਧਾਂ ਵਿਚ ਦਰਾਰ ਪੈ ਜਾਵੇਗੀ ਹੋ ਸਕਦਾ ਹੈ ਗੱਲ ਹੱਥੋ ਪਾਈ ਤਕ ਵੀ ਆ ਜਾਵੇ। ਸੋ ਆਪਣੇ ਅਧਿਕਾਰ ਹਮੇਸ਼ਾਂ ਸੰਕੋਚ ਨਾਲ ਦੂਸਰੇ ਦੇ ਅਧਿਕਾਰਾਂ ਨੂੰ ਸਾਹਮਣੇ ਰੱਖ ਕੇ ਹੀ ਇਸਤੇਮਾਲ ਕਰਨੇ ਚਾਹੀਦੇ ਹਨ।
ਬੰਦੇ ਦਾ ਪਹਿਰਾਵਾ, ਗਲਬਾਤ ਦਾ ਢੰਗ, ਅਵਾਜ਼ (ਵੋਲੁਮe) ਅਤੇ ਉਠਣ ਬੈਠਣ ਦਾ ਢੰਗ ਸਭ ਸਲੀਕੇ ਵਿਚ ਹੀ ਆਉਂਦੇ ਹਨ। ਇਹ ਸਭ ਚੀਜ਼ਾਂ ਉਸ ਦੀ ਸ਼ਖਸੀਅਤ ਦੇ ਭੇਦ ਖੋਲ੍ਹਦੀਆਂ ਹਨ।ਇਹ ਸਭ ਚੀਜ਼ਾਂ ਸਮੇ ਸਥਾਨ ਅਤੇ ਮੌਕੇ ਮੁਤਾਬਿਕ ਹੀ ਹੋਣੀਆਂ ਚਾਹੀਦੀਆਂ ਹਨ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਜੀਵਨ ਕੇਵਲ ਆਪਣੇ ਲਈ ਹੀ ਨਹੀਂ। ਅਸੀਂ ਇਸ ਸੰਸਾਰ ਨੂੰ ਸੁੰਦਰ ਅਤੇ ਸਮਾਜ ਨੂੰ ਸੁੱਖ ਮਈ ਬਣਾਉਣਾ ਹੈ। ਆਪਣੀ ਖੁਸ਼ੀ ਨਾਲੋਂ ਦੂਸਰਿਆਂ ਦੀ ਖੁਸ਼ੀ ਦਾ ਜਿਆਦਾ ਖਿਆਲ ਰੱਖਣਾ ਹੈ। ਸਾਡੀ ਤਲੀ ਦੂਸਰਿਆਂ ਤੋ ਕੁਝ ਲੈਣ ਲਈ ਨਹੀਂ ਅੱਡੀ ਹੋਣੀ ਚਾਹੀਦੀ ਸਗੋਂ ਸਾਡਾ ਹੱਥ ਦੂਸਰਿਆਂ ਨੂੰ ਕੁਝ ਦੇਣ ਲਈ ਝੁਕਿਆ ਹੋਣਾ ਚਾਹੀਦਾ ਹੈ। ਜਦ ਅਸੀ ਕਿਸੇ ਤੋ ਕੁਝ ਮੰਗਦੇ ਹਾਂ ਜਾਂ ਲੈਦੇ ਹਾਂ ਤਾਂ ਸਾਨੂੰ ਸਰੀਰਕ ਤੌਰ ਤੇ ਅਤੇ ਬਾਣੀ ਦੇ ਤੌਰਤੇ ਉਸ ਅੱਗੇ ਝੁਕਣਾ ਪੈਂਦਾ ਹੈ ਉਸ ਵਿਅਕਤੀ ਦਾ ਅਹਿਸਾਨ ਤੇ ਭਾਰ ਸਾਡੀ ਆਤਮਾ ਤੇ ਹੁੰਦਾ ਹੈ। ਪਰ ਜਦ ਅਸੀ ਕਿਸੇ ਨੂੰ ਕੁਝ ਦਿੰਦੇ ਹਾਂ ਤਾਂ ਸਾਨੂੰ ਆਪਣਾ ਹੱਥ ਉਸ ਅੱਗੇ ਨਹੀਂ ਅੱਡਣਾ ਪੈਂਦਾ। ਸਗੋਂ ਸਾਡੇ ਮਨ ਵਿੱਚ ਨਿਮਰਤਾ ਹੁੰਦੀ ਹੈ ਸਾਡੇ ਹੱਥ ਅਗਲੇ ਦੀ ਤਲੀ ਤੇ ਕੁਝ ਰੱਖਣ ਲਈ ਨੀਵੇਂ ਹੁੰਦੇ ਹਨ। ਦੂਸਰੇ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਸਾਨੂੰ ਅਪਾਰ ਖੁਸ਼ੀ ਤੇ ਸੰਤੁਸ਼ਟਤਾ ਮਿਲਦੀ ਹੈ। ਦੂਸਰਾ ਸਾਨੂੰ ਸੌ ਸੌ ਅਸੀਸਾਂ ਦਿੰਦਾ ਹੈ। ਇਸ ਤੇ ਸਾਨੂੰ ਕਦੀ ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ ਸਗੋਂ ਪ੍ਰਮਾਤਮਾ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ ਕਿ ਜਿਸਨੇ ਆਪਣੀ ਕ੍ਰਿਪਾ ਦਵਾਰਾ ਸਾਨੂੰ ਇਸ ਯੋਗ ਬਣਾਇਆ ਹੈ।