ਸਰਾਪ (ਕਵਿਤਾ)

ਚਰਨਜੀਤ ਨੌਹਰਾ    

Email: nohra_charanjit@yahoo.co.in
Cell: +91 81466 46477
Address: ਪਿੰਡ ਨੌਹਰਾ , ਨਾਭਾ
ਪਟਿਆਲਾ India 147201
ਚਰਨਜੀਤ ਨੌਹਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਭ ਤੋਂ ਵੱਡਾ ਸਰਾਪ , ਕੀ ਹੁੰਦਾ ਏ?

ਕੀ ਤੁਹਾਨੂੰ ਪਤਾ ਏ?

ਮੈਂ ਦੱਸਦਾ ਹਾਂ…..

ਗਰੀਬ ਹੋਣ ਦਾ ਸਰਾਪ,

ਹੁੰਦਾ ਏ ਸਭ ਤੋਂ ਵੱਡਾ ਸ਼ਰਾਪ।

ਗਰੀਬ ਹੋਣਾ ਤੇ ਫੇਰ ਡਿੱਗਦੇ ਢਹਿੰਦੇ

ਹਾਸਿਲ ਕਰਨੀਆਂ ਡਿਗਰੀਆਂ,

ਫਿਰ ਪੱਲੇ ਪੈਣੀ ਸਿਰਫ

ਕਾਗਜਾਂ 'ਤੇ aੱਕਰੀ ਹੋਈ ਸਿਆਹੀ ,

ਕਾਗਜਾਂ 'ਤੇ  ਹੀ ਇਹ ਸਿਆਹੀ ,

ਜੰਮੀ ਰਹਿੰਦੀ ਹੈ ,

ਮਰੀਆਂ ਹੋਈਆਂ ਸੱਧਰਾਂ ਵਾਂਗ।

ਸਭ ਤੋਂ ਵੱਡਾ ਸ਼ਰਾਪ ਹੈ, ਸ਼ਾਇਦ

ਸਟਰੀਫਿਕੇਟਾਂ ਵਿੱਚ ਨੰਬਰ ਪ੍ਰਾਪਤ ਕਰਨ ਦੀ

ਸੂਚੀ ਵਿੱਚ ਸਭ ਤੋਂ ਉੱਪਰ ਹੋਣਾ ,

ਪਰ ਨੌਕਰੀ ਲੈਣ ਲਈ ,

ਰਿਸ਼ਵਤਾਂ ਦੇਣ ਲਈ

ਢੇਰ ਸਾਰੇ ਪੈਸੇ ਦਾ ਨਾ ਹੋਣਾ।

ਜੇ ਕੁਝ ਹੋਣਾ ਤਾਂ ਸਿਰਫ,

ਹੌਂਕਾ, ਤਰਲਾ ਜਾਂ ਸਿਸਕੀਆਂ।

ਕੁਝ ਉਦਾਰ ਲੋਕਾਂ ਤੋਂ ਉਧਾਰ ਫੜ੍ਹ ਕੇ,

ਕੁਝ ਮੁਰਦਾ ਜਿਹੇ ਕਾਗਜਾਂ ਦੀ ਫਾਇਲ ਫੜ੍ਹ ਕੇ,

ਘਰੋਂ ਨਿਕਲਣਾ ਨੌਕਰੀ ਦੀ ਤਲਾਸ਼ ਲਈ

ਅਤੇ ਵਾਪਿਸ ਆਉਣਾ ਸਿਰਫ ਇੱਕ "ਨਹੀਂ" ਲੈ ਕੇ।

ਫਿਰ ਇਸੇ ਨਹੀਂ ਨੂੰ ਸੁਣ ਕੇ ਹੋ ਜਾਂਦੀ ਏ

ਬੁੱਢੇ ਬਾਪੂ ਦੇ ਹੱਥਾਂ ਦੇ ਕੰਬਣ ਦੀ ਰਫਤਾਰ

ਹੋਰ ਜਿਆਦਾ ਤੇਜ।

ਇਸੇ ਨਹੀਂ ਨੂੰ ਸੁਣ ਕੇ..

ਢੇਰ ਸਾਰੀਆਂ ਸੱਧਰਾਂ ਸੰਭਾਲੀਂ ਬੈਠੀ

ਮਾਂ ਨੂੰ ,"ਸੁਪਨਿਆਂ ਦੀ ਲਾਸ਼"

ਉਹਦੀਆਂ ਅੱਖਾਂ ਵਿੱਚ

ਰੜ੍ਹਕਦੀ ਮਹਿਸੂਸ ਹੁੰਦੀ ਹੈ। 
ਕੀ ਇਹ ਸਭ ਤੋਂ ਵੱਡਾ ਸ਼ਰਾਪ ਨਹੀਂ?