ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ
(ਖ਼ਬਰਸਾਰ)
ਪਟਿਆਲਾ -- ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ ਕੀਤਾ ਗਿਆ। ਪ੍ਰਸਿੱਧ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਧਾਰਮਿਕ ਸੂਝ ਅਤੇ ਸਮਾਜਿਕ ਇਕਸੁਰਤਾ - ਗੁਰੂ ਨਾਨਕ ਦ੍ਰਿਸ਼ਟੀਕੋਣ ਵਿਸ਼ੇ 'ਤੇ ਆਪਣਾ ਮੁਖ ਭਾਸ਼ਣ ਪੇਸ਼ ਕੀਤਾ ਅਤੇ ਸ. ਗੁਰਬੀਰ ਸਿੰਘ ਬਰਾੜ ਨੇ ਇਸ ਮੌਕੇ ਇਕ ਵਿਸ਼ੇਸ਼ ਭਾਸ਼ਣ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ, ਦੇ ਪੂਰਵ ਵਾਈਸ-ਚਾਂਸਲਰ ਡਾ. ਗੁਰਨੇਕ ਸਿੰਘ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਸੰਤ ਬਾਬਾ ਜੋਧ ਸਿੰਘ, ਰਿਸ਼ੀਕੇਸ਼, ਮੁੱਖ ਮਹਿਮਾਨ ਵੱਜੋਂ ਇਸ ਮੌਕੇ ਹਾਜ਼ਰ ਹੋਏ।
ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਆਪਣੇ ਮੁੱਖ ਭਾਸ਼ਣ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਇਕਸੁਰਤਾ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਜਿਹੜੀ ਕਿ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਹੀ ਪੈਦਾ ਹੁੰਦੀ ਹੈ। ਧਾਰਮਿਕ ਸਹਿਨਸ਼ੀਲਤਾ ਰਾਹੀਂ ਧਰਮਾਂ ਦੀ ਇਕਸੁਰਤਾ ਨੂੰ ਮਾਪਿਆ ਜਾਣਾ ਚਾਹੀਦਾ ਹੈ। ਦੂਜੇ ਧਰਮਾਂ ਦੀ ਹੋਂਦ ਦਾ ਸਨਮਾਨ ਅਤੇ ਪਛਾਣ ਕਰਨ-ਕਰਾਉਣ ਦੇ ਨਾਲ-ਨਾਲ ਉਹਨਾਂ ਨੂੰ ਬਚਾਉਣ ਦੇ ਕਾਰਜ ਵਿਚੋਂ ਭਾਈਚਾਰੇ ਦੀ ਸਹੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ। ਭਾਈਚਾਰਕ ਸਾਂਝ ਨੂੰ ਕਾਇਮ ਅਤੇ ਪ੍ਰਫ਼ੁਲਿਤ ਕਰਨ ਲਈ ਬਹੁ-ਗਿਣਤੀ ਅਤੇ ਘੱਟ-ਗਿਣਤੀ ਕੌਮਾਂ ਨੂੰ ਸਾਂਝੇ ਤੌਰ 'ਤੇ ਮਿਲਜੁਲ ਕੇ ਕਾਰਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਦੀਆਂ ਜੀਵਨ ਘਟਨਾਵਾਂ ਅਜਿਹੀ ਪ੍ਰੇਰਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਸ. ਗੁਰਬੀਰ ਸਿੰਘ ਬਰਾੜ ਨੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਨ ਵਾਲਾ ਇਕ ਸਲਾਈਡ ਸ਼ੋਅ ਪੇਸ਼ ਕੀਤਾ। ਜਿਸ ਵਿਚ ਉਹਨਾਂ ਨੇ ਨਿਹੰਗ ਸਿੰਘਾਂ ਦੁਆਰਾ ਹਾਕਮਾਂ ਦੇ ਵਿਰੋਧ ਦੇ ਬਾਵਜੂਦ ਵੀ ਸਮਾਜਿਕ ਅਤੇ ਧਾਰਮਿਕ ਇਕਸੁਰਤਾ ਅਤੇ ਭਾਈਚਾਰਾ ਸਥਾਪਿਤ ਕਰਨ ਵਿਚ ਪਾਏ ਯੋਗਦਾਨ ਦੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ 'ਤੇ ਚੱਲਦੇ ਹੋਏ ਸਮਾਜ ਵਿਚ ਇਕਸੁਰਤਾ ਕਾਇਮ ਕਰਨ ਦਾ ਕਾਰਜ ਕੀਤਾ।
ਡਾ. ਗੁਰਨੇਕ ਸਿੰਘ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦੇ ਹੋਏ ਭਾਈ ਅਸ਼ੋਕ ਸਿੰਘ ਬਾਗੜੀਆਂ ਦੁਆਰਾ ਪੇਸ਼ ਕੀਤੇ ਭਾਵਪੂਰਤ ਵਿਚਾਰਾਂ ਅਤੇ ਸ. ਗੁਰਬੀਰ ਸਿੰਘ ਬਰਾੜ ਦੁਆਰਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਨਿਹੰਗ ਸਿੰਘਾਂ ਦੁਆਰਾ ਪਾਏ ਯੋਗਦਾਨ ਦੀ ਸਲਾਈਡ ਸ਼ੋਅ ਰਾਹੀਂ ਭਾਵਪੂਰਤ ਪੇਸ਼ਕਾਰੀ ਦੀ ਭਰਵੀਂ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਿੱਖ ਧਰਮ ਨੇ ਧਾਰਮਿਕ ਸੂਝ ਅਤੇ ਸਮਾਜਿਕ ਭਾਈਚਾਰਾ ਕਾਇਮ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਗੁਰਬਾਣੀ ਅਤੇ ਗੁਰ-ਇਤਿਹਾਸ ਰਾਹੀਂ ਭਾਈਚਾਰਕ ਸਾਂਝ ਪ੍ਰਤੀ ਪ੍ਰੇਰਨਾ ਪੈਦਾ ਕਰਨ ਦੇ ਨਾਲ-ਨਾਲ ਉਹਨਾਂ ਨੇ ਪ੍ਰੋਫ਼ੈਸਰ ਹਰਬੰਸ ਸਿੰਘ ਅਤੇ ਉਹਨਾਂ ਦੀ ਧਰਮ-ਪਤਨੀ ਸਰਦਾਰਨੀ ਕੈਲਾਸ਼ ਕੌਰ ਨਾਲ ਜੁੜੀਆਂ ਯਾਦਾਂ ਨੂੰੂ ਸਰੋਤਿਆਂ ਨਾਲ ਸਾਂਝਾ ਕੀਤਾ।
ਡਾ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਨੇ ਯਾਦਗਾਰੀ ਲੈਕਚਰ ਸੰਬੰਧੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਮਿ. ਜਾਨ ਬ੍ਰਜੈਂਸਿਕੀ, ਡਾ. ਸਵਰਾਜ ਸਿੰਘ, ਪ੍ਰੋ. ਡੀ.ਏ. ਗੰਗਾਧਰ, ਡਾ., ਦੀਪਾਲੀ ਭਨੋਟ, ਡਾ. ਅਨੇਕਾਂਤ ਕੁਮਾਰ ਜੈਨ, ਸ. ਹਰਿੰਦਰਪਾਲ ਸਿੰਘ, ਡਾ. ਨਰਿੰਦਰ ਕੁਮਾਰ, ਮਿਸ ਭਾਵਨਾ ਮਲਿਕ, ਯੂਨੀਵਰਸਿਟੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ। ਡਾ. ਜੋਧ ਸਿੰਘ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।
ਉੱਘੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ।