ਮਹਿਰਮ ਸਾਹਿਤ ਸਭਾ ਦੀ ਮੀਟਿੰਗ
(ਖ਼ਬਰਸਾਰ)
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪਰੁ) ਦੀ ਮੀਟਿੰਗ, ਸਭਾ ਦੇ ਪ੍ਰਧਾਨ ਡਾ: ਮਲਕੀਅਤ "ਸੁਹਲ਼" ਦੀ ਪ੍ਰਧਾਨਗੀ ਹੇਠ ਕਮੁਨਿਟੀ ਹਾਲ ਨਵਾਂ ਸ਼ਾਲਾ ਵਿਖੇ ਹੋਈ। ਸਭਾ ਵਲੋਂ ਨਾਮਜ਼ਦ ਕਨੂਨੀ ਸਲਾਹਕਾਰ ਸ੍ਰ ਸੁੱਚਾ ਸਿੰਘ ਮੁਲਤਾਨੀ ਮੀਟਿੰਗ ਵਿਚ ਉਚੇਚੇ ਤੌਰ ਤੇ ਪਹੁੰਚੇ। ਅੱਜ ਸਾਹਿਤ ਸਭਾ ਵਿਚ ਆਏ ਦੋ ਨਵੇਂ ਸਾਹਿਤਕਾਰ, ਸ੍ਰੀ ਸੰਤੋਖ ਸੋਖਾ ਅਤੇ ਦਰਸ਼ਨ ਸਿੰਘ ਪੱਪੂ ਛੀਨੇਂਵਾਲੇ ਦਾ ਸਭਾ ਦੇ ਪ੍ਰਧਾਨ ਵਲੋਂ ਜੀ ਆਇਆਂ ਸਵਾਗਤ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਮੈਬਰਾਨ ਸ੍ਰੀ ਬਲਬੀਰ ਕੁਮਾਰ ਬਾਬਾ ਬੀਰਾ, ਦਰਬਾਰਾ ਸਿੰਘ ਭੱਟੀ, ਭਾਰਤ ਭੂਸ਼ਨ, ਲਖਣ ਮੇਘੀਆਂ, ਵਿਜੇ ਤਾਲਿਬ, ਸੰਤੋਖ ਸੋਖਾ, ਦਰਸ਼ਨ ਲੱਧੜ, ਦੇਵ ਪੱਥਰ ਦਿੱਲ, ਦਰਸ਼ਨ ਸਿੰਘ ਪੱਪੂ ਛੀਨੇ ਵਾਲਾ,ਨਰਿੰਜਣ ਸਿੰਘ ਗਿਆਨੀ, ਕਸ਼ਮੀਰ ਚੰਦਰਭਾਨੀ,ਰਾਜਵੰਤ ਸਿੰਘ,ਮਹੇਸ਼ ਚੰਦਰਭਾਨੀ, ਨੇ ਹਾਜ਼ਰੀ ਲਵਾਈ। ਮੀਟਿੰਗ ਵਿਚ ਕੁਝ ਅਹਿਮ ਵਿਚਾਰਾਂ ਤੋਂ ਬਾਅਦ ਕਵੀ ਦਰਬਾਰ ਦਾ ਅਯੋਜਨ ਕੀਤਾ ਗਿਆ। ਕਵੀ ਦਰਬਾਰ ਵਿਚ ਸਭ ਤੋਂ ਪਹਿਲਾਂ ਸ੍ਰੀ ਬਲਬੀਰ ਕੁਮਾਰ ਬਾਬਾ ਬੀਰਾ ਜੀ ਨੇ ਹਾਜ਼ਰੀ ਲਵਾਉਂਦਿਆ ਕਿਹਾ- ਖੁਸ਼ੀਆਂ ਤੇ ਗ਼ਮੀਆਂ ਵੀ ਏਥੇ ਭਰਮਾਰ ਨੇ। ਦਰਬਾਰਾ ਸਿੰਘ ਭੱਟੀ ਜੀ ਦੀ ਕਵਿਤਾ-' ਆਇਆ ਮਹੀਨਾ ਚੇਤ' ਜੋ ਹੂ-ਬਹੂ ਚੇਤ ਮਹੀਨੇ ਦੀ ਤਸਵੀਰ ਸੀ। ਜਨਾਬ ਭਾਰਤ ਭੂਸ਼ਨ ਜੀ ਦਾ ਬਿਰਹੋਂ ਭਰਿਆ ਗੀਤ- ਮੈਨੂੰ ਬੜਾ ਹੈ ਦੁੱਖ ਤੇਰੇ ਦੂਰ ਜਾਣ ਦਾ। ਨੌ ਜਵਾਨ ਸ਼ਾਇਰ ਲਖਣ ਮੇਘੀਆਂ ਦੇ ਗੀਤ ਦੇ ਬੋਲ ਸਨ-' ਪੱਕੀ ਹੋ ਗਈ ਪਿੰਡ ਜਾਂਦੀ, ਕੱਚੀ ਸੀ ਸੜਕ ਜੋ'।ਬਹੁਤ ਵਧੀਆਂ ਗੀਤ ਲਿਖਿਆਂ ਤੇ ਤਰਨੱਮ ਵਿਚ ਗਾਇਆ।ਫਿਰ ਹੁਣ ਵਾਰੀ ਆਈ, ਟੱਪੇ ਤੇ ਬੋਲੀਆਂ ਦੇ ਬਾਦਸ਼ਾਹ ਪਿਆਰੇ ਪਿਆਰੇ ਬੋਲਾਂ ਵਾਲੇ ਵਿਜੇ ਤਾਲਿਬ ਦੀ- ਤੈਨੂੰ ਮੋੜ ਤੇ ਲਵਾ ਦਊਂ ਟਾ੍ਹਲੀਆਂ , ਧੁੱਪੇ ਬਹਿ ਕੇ ਬੱਸ 'ਡੀਕਦੀ । ਕਮਾਲ ਦੇ ਬੋਲ ਸਨ ਇਨ੍ਹਾਂ ਲਫ਼ਜ਼ਾਂ ਦੇ । ਅੱਜ ਸਭਾ ਵਿਚ ਆਏ ਨਵੇਂ ਸ਼ਾਇਰ ਸ੍ਰੀ ਸੰਤੋਖ ਸੋਖਾ ਜੀ ਨੇ ਪੁਰਣੇ ਲੇਖਕਾਂ ਦੇ ਗੀਤਾਂ ਦੀ ਤਰਜੀਹ ਨਾਲ ਨਵੇਂ ਅੰਦਾਜ਼ ਦਾ ਨਵਾਂ ਹੀ ਰੰਗ ਪੇਸ਼ ਕੀਤਾ- 'ਅੱਜ ਕਲ ਮੰਗਦੀ ਨਾ ਕੋਈ, ਗੜਵਾ ਚਾਂਦੀ ਦਾ' ਬੜਾ ਮਕਬੂਲ ਰਿਹਾ। ਸਭਾ ਦੇ ਲੇਖਕ ਦਰਸ਼ਨ ਲਧੜ ਜੀ ਨੇ ਆਪਣੀ ਰਚਨਾ ਗਾ ਕੇ ਰਸੀਲੀ ਆਵਾਜ਼ ਵਿਚ ਸੁਣਾਈ – ਮੱਕੀ ਦੀਆਂ ਰੋਟੀਆਂ ਤੇ ਸਰ੍ਹੋਂ ਵਾਲਾ ਸਾਗ ਦੀ ਯਾਦ ਤਾਜ਼ਾ ਕਰਵਾ ਦਿਤੀ। ਕੀ ਕਹੀਏ ਪੱਥਰ ਦਿਲ ਨੂੰ, ਸਮਝ ਨਹੀਂ ਆਉਂਦੀ ਜਨਾਬ ਦੇਵ ਪੱਥਰ ਦਿਲ ਦੀ ਗਜ਼ਲ ਦਾ ਸ਼ਿਅਰ-' ਪੱਥਰ ਦਿਲਾ ਜਮਾਨੇਂ ਦੀ ਕੀ ਦਸਾਂ ' ਸਾਰੇ ਸ਼ਿਅਰ ਕਾਬਲੇ ਗੌਰ ਸਨ। ਰੂਹਾਨੀਅਤ ਦੇ ਆਸ਼ਕ ਸ੍ਰ ਦਰਸ਼ਨ ਸਿੰਘ ਪੱਪੂ ਛੀਨੇਵਾਲੇ, ਇਕ ਧੀ ਦਾ ਦਰਦ ਇਉਂ ਬਿਆਨ ਕਰਦੇ ਹਨ- ਤੇਰੀ ਹੱਸਦੀ ਖੇਡਦੀ ਲਾਡੋ ਨੂੰ ਬਾਬਲ, ਬਲੀ ਦਾਜ ਦੀ ਚਾੜ੍ਹ ਦੇਣਾਂ ।ਬਹੁਤ ਦਰਦ ਭਰਿਆ ਗੀਤ ਪੇਸ਼ ਕੀਤਾ। ਗਿਆਨੀ ਨਰਿੰਜਣ ਸਿੰਘ ਜੀ ਨੇ-ਕੀ ਸੋਚ ਕੇ ਅੱਜ ਬਾਬਲਾ, ਮੈਨੂੰ ਰਿਹਾ ਏਂ ਮਰਵਾ। ਨੋਕ ਝੋਕ ਦਾ ਸਾਇਰ ਤੇ ਗੀਤਕਾਰ ਕਸ਼ਮੀਰ ਚੰਦਰਭਾਨੀ ਨੇ ਕਿਹਾ- ਅਸਾਂ ਧੂਣੀ ਤੇਰੇ ਨਾਂ ਦੀ ਹੈ ਲਾਈ ਮਹਿਰਮਾ , ਸਾਨੂੰ ਲੋਕੀਂ ਆਖਦੇ ਸ਼ੁਦਾਈ ਮਹਿਰਮਾ । ਹੁਣ ਮਲਕੀਅਤ "ਸੁਹਲ" ਦੀ ਕਵਿਤਾ ਵੀ ਸੁਣ ਲਉ – ਹੁਣ ਸਾਡੇ ਪਿੰਡ ਵੀ ਨੇਤਾ ਅਉਣਾ, ਪੰਜਾਂ ਸਾਲਾਂ ਬਾਅਦ। ਕਈਆਂ ਦੇ ਗਲ ਪਰਨਾ ਪਉਣਾ, ਪੰਜਾਂ ਸਾਲਾ ਬਾਅਦ। "ਸੁਹਲ" ਕਦੇ ਨਾ ਕਿਸੇ ਨੂੰ ਦਸੀਂ,ਵੋਟ ਜਿੱਥੇ ਮਰਜੀ ਪਾ, ਹੱਥ ਇਨ੍ਹਾਂ ਨੇ ਫਿਰ ਮਿਲਾਉਣਾਂ, ਪੰਜਾਂ ਸਾਲਾਂ ਬਾਅਦ। ਕਿਆ ਬਾਤ ਹੈ ਲੀਡਰਾਂ ਦੀ ਨਿਰਾਲੀ ਖੇਡ ਦੀ, ਹੁਣ ਪੰਜਾਂ ਸਾਲਾ ਬਾਅਦ ਖੁੰਬਾਂ ਵਾਂਗ ਫੁਟ ਪਏ ਨੇ ਹਰ ਥਾਂ।ਅਖੀਰ ਵਿਚ ਮਹੇਸ਼ ਚੰਦਰਭਾਨੀ ਜੀ ਨੇ ਕਵਿਤਾ ਕਹੀ – ਮੇਰੀ ਪਿਆਰੀ ਕਵਿਤਾ ਰਾਣੀ। ਜੋ ਬਹੁਤ ਪਿਆਰੀ ਕਵਿਤਾ ਸੀ। ਆਖਰੀ ਵਿਚ ਸਭਾ ਦੇ ਪ੍ਰਧਾਨ ਡਾ-ਮਲਕੀਅਤ "ਸੁਹਲ" ਵਲੋਂ ਸਾਰੇ ਆਏ ਸੱਜਣਾ ਦਾ ਤੇ ਸਾਹਿਤਕਾਰਾਂ ਦਾ ਧਨਵਾਦ ਕੀਤਾ।