ਰੁੱਖਾਂ ਦੇ ਪਰਛਾਵੇਂ
(ਕਵਿਤਾ)
ਸਾਡੇ ਵਿਹੜੇ ਰੁੱਖ ਹੁਣ ਕਾਹਦੇ
ਰੁੱਖਾਂ ਦੇ ਪਰਛਾਵੇਂ ਸੜਦੇ
ਧੁੱਪ, ਕਹਿਰ, ਅਸਮਾਨੀ ਬਿਜਲੀ
ਹਉਕੇ ਭਰਦੇ ਧੁਖਦੇ ਰਹਿੰਦੇ
ਇਹ ਪਰਛਾਵੇਂ।
ਬੰਜਰ ਜ਼ਿਮੀ ਤੇ ਕੱਲਰੀ ਧਰਤੀ
ਆਪਣਾ ਆਪ ਹੰਢਾ ਕੇ
ਸੇਕ ਪਾਲਦੇ
ਨਿਰਮਲ ਜਲ ਤੇ ਤਪਦੇ ਫਿਰ ਵੀ
ਇਹ ਪਰਛਾਵੇਂ।
ਆਲ੍ਹਣਿਆਂ ਵਿਚ ਬੋਟ ਚੂਕਦੇ
ਗਿਰਝਾਂ ਕੋਲੋਂ ਸਹਿਮੇ ਸਹਿਮੇ
ਜੀਵਨ ਦਾਨ ਦੀ ਭਿੱਛਿਆ ਮੰਗਦੇ
ਚੂਕ ਰਹੇ ਨੇ
ਮੌਤ ਸਰਾਪੀ ਜੂਨ ਹੰਢਾਉਂਦੇ
ਇਹ ਪਰਛਾਵੇਂ।
ਕਿਸੇ ਭਰੂਣ ਦਾ ਹਉਕਾ ਸੁਣਕੇ
ਕਿਸੇ ਕਲੀ ਦੀ ਚੀਕ ਸਰਾਪੀ
ਰੁੰਡ ਮਰੁੰਡੇ ਰੁੱਖ ਨੂੰ ਤੱਕ ਕੇ
ਤੜਪ ਰਹੇ ਨੇ ਕਲਪ ਰਹੇ ਨੇ
ਇਹ ਪਰਛਾਵੇਂ।
ਨਿਰਜਿੰਦ ਹੋਈ ਜਿੰਦ ਸਰਾਪੀ
ਰੁੱਖ ਦੇ ਅੰਗਾਂ ਸੰਗ ਪਰਨਾਈ
ਨੈਣੀਂ ਸੁਪਨੇ ਸਿਰਜ ਰਹੀ ਹੈ
ਹਰਾ ਭਰਾ ਇਹ ਕਿੰਝ ਹੋ ਜਾਵੇ
ਹਰਾ ਭਰਾ ਇਹ ਕਿੰਝ ਹੋ ਜਾਵੇ।