ਅਲਵਿਦਾ ... ਸ਼ਾਹ ਚਮਨ (ਸ਼ਰਧਾਂਜਲੀ)
(ਖ਼ਬਰਸਾਰ)

ਸ਼ਾਹ ਚਮਨ
ਲੁਧਿਆਣਾ -- ਪੰਜਾਬੀ ਜਗਤ ਦੀ ਝੋਲੀ ਵਿੱਚ ਦੋ ਦਰਜਨ ਤੋਂ ਵਧੇਰੇ ਪੰਜਾਬੀ ਪੁਸਤਕਾਂ ਪਾਉਣ ਵਾਲੇ ਲੇਖਕ ਸ਼ਾਹ ਚਮਨ (74 ਸਾਲ) ਜ਼ਿੰਦਗੀ ਲਈ ਲੜਾਈ ਲੜਦਾ ਲੜਦਾ ਅਖ਼ੀਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਇਸ ਲੇਖਕ ਨੇ ਆਪਣੀ ਕਲਮ ਰਾਹੀਂ ਪੰਜਾਬੀ ਜਗਤ ਦੀ ਭਰਵੀਂ ਸੇਵਾ ਕੀਤੀ ਪਰ ਪੰਜਾਬੀ ਜਗਤ ਜਾਂ ਪੰਜਾਬ ਸਰਕਾਰ ਕੋਲ ਇਸ ਲੇਖਕ ਦੀ ਸਾਰ ਲੈਣ ਦਾ ਸਮਾਂ ਨਹੀਂ ਸੀ। ਆਧੁਨਿਕ ਪੰਜਾਬੀ ਨਾਵਲ ਦੇ ਖੇਤਰ ਵਿੱਚ ਜਾਣੀ-ਪਛਾਣੀ ਸ਼ਖ਼ਸੀਅਤ ਸ਼ਾਹ ਚਮਨ ਨੇ ਆਪਣੇ ਜੀਵਨ ਦੇ ਪੰਜ ਦਹਾਕੇ ਸਾਹਿਤ ਦੀ ਸੇਵਾ ਦੇ ਲੇਖੇ ਲਾਏ। ਉਹ ਨਾਵਲਕਾਰ, ਸ਼ਾਇਰ, ਅਨੁਵਾਦਕ, ਲਿਪੀਅੰਤਰ ਲੇਖਕ ਤੇ ਸੰਪਾਦਕ ਰਹੇ। ਪੰਜਾਬੀ ਸਾਹਿਤ ਦੀ ਝੋਲੀ ਵਿੱਚ ਸੱਤ ਨਾਵਲ ਤੇ ਤਿੰਨ ਕਾਵਿ ਸੰਗ੍ਰਹਿ ਪਾਏ।
ਉਨ੍ਹਾਂ ਨੇ ਛੇ ਸੰਸਾਰ ਪ੍ਰਸਿੱਧ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਅਨੁਵਾਦ ਲਈ ਸਾਹਿਤ ਅਕਾਦਮੀ ਨੇ ਉਨ੍ਹਾਂ ਨੂੰ ਪੁਰਸਕਾਰ ਵੀ ਦਿੱਤਾ। ਇਸੇ ਤਰ੍ਹਾਂ ਫਖ਼ਰ ਜ਼ਮਾਨ ਦੀ ਪੁਸਤਕ ‘ਤੂੰ ਕਿ ਮੈਂ’ ਸਮੇਤ ਦੂਜੀਆਂ ਭਾਸ਼ਾਵਾਂ ਦੇ ਪੰਜ ਲੇਖਕਾਂ ਦੀਆਂ ਪੁਸਤਕਾਂ ਦਾ ਉਨ੍ਹਾਂ ਨੇ ਲਿਪੀਅੰਤਰ ਕੀਤਾ। ਇਨ੍ਹਾਂ ਵਿੱਚ ਗੁਲਜ਼ਾਰ ਦੀ ਪੁਸਤਕ ‘ਰਾਤ ਪਸ਼ਮੀਨੇ ਦੀ’ ਵੀ ਸ਼ਾਮਲ ਹੈ। ਪੰਜਾਬ ਦੇ ਬੋਲ, ਕਲਾਮ ਬੁੱਲ੍ਹੇਸ਼ਾਹ, ਕਲਾਮ ਸ਼ਾਹ ਹੁਸੈਨ, ਕਲਾਮ ਸੁਲਤਾਨ ਬਾਹੂ, ਜੰਗਨਾਮਾ ਹਿੰਦ ਪੰਜਾਬ, ਸ਼ਾਇਰੀ ਗੁਲਾਮ ਫਰੀਦ ਆਦਿ ਪੁਸਤਕਾਂ ਦਾ ਉਨ੍ਹਾਂ ਨੇ ਸੰਪਾਦਨ ਕੀਤਾ।
ਸ਼ਾਹ ਚਮਨ ਦਾ ਜਨਮ 6 ਮਈ 1940 ਵਿੱਚ ਪਿੰਡ ਢੱਲ, ਬੰਗਸ ਜ਼ਿਲ੍ਹਾ ਗੁਜਰਾਤ (ਅੱਜ ਕੱਲ੍ਹ ਪਾਕਿਸਤਾਨ) ਵਿੱਚ ਪਿਤਾ ਹਰਬੰਸ ਲਾਲ ਅਤੇ ਮਾਤਾ ਕਰਤਾਰ ਦੇਵੀ ਦੇ ਘਰ ਹੋਇਆ। ਉਨ੍ਹਾਂ ਹਾਲੇ ਮੁੱਢਲੀ ਸਿੱਖਿਆ ਆਰੰਭ ਕਰਨੀ ਸੀ ਕਿ ਦੇਸ਼ ਵੰਡ ਮੌਕੇ ਹੋਏ ਦੰਗਿਆਂ ਕਾਰਨ ਪਰਿਵਾਰ ਨੂੰ ਕੋਟਕਪੂਰੇ ਆਉਣਾ ਪਿਆ। ਇੱਥੇ ਸਿੱਖਿਆ ਪ੍ਰਾਪਤ ਕਰਨ ਮਗਰੋਂ ਉਹ ਫੌਜ ਵਿੱਚ ਭਰਤੀ ਹੋ ਗਏ। ਬਾਅਦ ਵਿੱਚ ਉਨ੍ਹਾਂ ਕੁਝ ਸਮਾਂ ਅਧਿਆਪਨ ਕੀਤਾ ਤੇ ਬਠਿੰਡਾ ਪਬਲਿਕ ਲਾਇਬਰੇਰੀ ਵਿੱਚ ਲਾਇਬਰੇਰੀਅਨ ਲੱਗ ਗਏ। 1961 ਵਿੱਚ ਵਿਆਹ ਹੋਣ ਮਗਰੋਂ ਉਹ ਚਾਰ ਪੁੱਤਰਾਂ ਤੇ ਦੋ ਧੀਆਂ ਦੇ ਪਿਤਾ ਬਣੇ। ਛੋਟੇ ਪੁੱਤਰ ਸੰਜੀਵ ਦੇ ਦੇਹਾਂਤ ਨੇ ਉਨ੍ਹਾਂ ਦੇ ਮਨ ਉਪਰ ਦੁਖਦਾਈ ਪ੍ਰਭਾਵ ਪਾਇਆ। ਉਨ੍ਹਾਂ ਦੇ ਪੁੱਤਰ ਸਤੀਸ਼ ਗੁਲਾਟੀ ਅਤੇ ਪਵਨ ਗੁਲਾਟੀ ਲੇਖਕ ਹਨ। ਛੋਟਾ ਪੁੱਤਰ ਹੋਣਹਾਰ ਚਿੱਤਰਕਾਰ ਹੈ। ਸ਼ਾਹ ਚਮਨ ਨੂੰ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਸੀ ਪਰ ਕੁਝ ਸਮੇਂ ਤੋਂ ਉਹ ਹਿਰਦੇ ਰੋਗ ਅਤੇ ਗੁਰਦਿਆਂ ਦੀਆਂ ਮਰਜ਼ਾਂ ਤੋਂ ਪੀੜਤ ਸਨ। ਸੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਸ਼ਾਹ ਚਮਨ ਦਾ ਦੇਹਾਂਤ ਹੋ ਗਿਆ।
ਸਤਿਬੀਰ ਸਿੰਘ