ਖੁਸ਼ਵੰਤ ਸਿੰਘ ਨਹੀਂ ਰਹੇ (ਸ਼ਰਧਾਂਜਲੀ)
(ਖ਼ਬਰਸਾਰ)
ਨਵੀਂ ਦਿੱਲੀ - ਲੇਖਕ ਅਤੇ ਪੱਤਰਕਾਰ ਖੁਸ਼ਵੰਤ ਸਿੰਘ ਦਾ 99 ਸਾਲਾਂ ਦੀ ਉਮਰ 'ਚ ਨਵੀਂ ਦਿੱਲੀ ਵਿਖੇ ਦਿਹਾਂਤ ਹੋ ਗਿਆ | ਪੇਸ਼ੇ ਤੋਂ ਵਕੀਲ ਰਹੇ ਖੁਸ਼ਵੰਤ ਸਿੰਘ ਨੇ ਪੱਤਰਕਾਰਤਾ 'ਚ ਆਉਣ ਤੋਂ ਬਾਅਦ ਕਾਫੀ ਪ੍ਰਸਿੱਧੀ ਹਾਸਲ ਕੀਤੀ | ਖੁਸ਼ਵੰਤ ਸਿੰਘ ਨੇ 'ਟਰੇਨ ਟੂ ਪਾਕਿਸਤਾਨ' ਅਤੇ 'ਸਿੱਖਾਂ ਦਾ ਇਤਿਹਾਸ' ਵਰਗੀਆਂ 80 ਤੋਂ ਵੱਧ ਕਿਤਾਬਾਂ ਲਿਖੀਆਂ | ਪਿਛਲੇ ਵਰ੍ਹੇ ਉਨ੍ਹਾਂ ਦੀ ਆਖਰੀ ਕਿਤਾਬ ਖੁਸ਼ਵੰਤਨਾਮਾ ਪ੍ਰਕਾਸ਼ਿਤ ਹੋਈ ਸੀ |
ਖੁਸ਼ਵੰਤ ਸਿੰਘ
'ਦੀ ਡਰਟੀ ਮੈਨ ਜਾਂ ਫਿਰ 'ਨਾਟ ਏ ਨਾਈਸ ਮੈਨ ਟੂ ਨੋ ਵਰਗੇ ਸੰਬੋਧਨ 'ਤੇ ਜਿਸ ਸ਼ਖ਼ਸ ਦੀ ਤਸਵੀਰ ਸਾਹਮਣੇ ਆਉਂਦੀ ਹੈ, ਉਹ ਹੈ ਢਿੱਠੀ ਜਿਹੀ ਪੱਗ ਵਾਲਾ ਇਕ ਸਰਦਾਰ, ਜਿਹੜਾ ਹੱਥ 'ਚ ਪੈਨ ਫੜੀ ਅਤੇ ਮੇਜ਼ 'ਤੇ ਪਏ ਵਿਸਕੀ ਦੇ ਗਿਲਾਸ ਨਾਲ ਸਿਰ ਹੇਠਾਂ ਸੁੱਟੀ ਕੁਝ ਲਿਖਦਾ ਨਜ਼ਰ ਆਉਂਦਾ ਹੈ ਪਰ ਹੁਣ ਉਹ ਕੁਰਸੀ, ਉਹ ਮੇਜ਼ ਸੱਖਣੇ ਹੋ ਗਏ ਹਨ ਤੇ ਪੱਤਰਕਾਰਤਾ ਤੋਂ ਇਕ ਅਜਿਹੀ ਸ਼ਖ਼ਸੀਅਤ ਸਦੀਵੀ ਵਿਛੋੜਾ ਦੇ ਗਈ ਹੈ, ਜਿਸ ਦੇ ਘਾਟੇ ਨੂੰ ਪੂਰਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਨਜ਼ਰ ਆਉਂਦਾ ਹੈ | ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਵਰਗੇ ਦੇਸ਼ ਦੇ ਉੱਚੇ ਸਨਮਾਨਾਂ ਨਾਲ ਨਿਵਾਜੇ ਖੁਸ਼ਵੰਤ ਸਿੰਘ ਹਮੇਸ਼ਾ ਆਪਣੀ ਲੇਖਣੀ ਕਾਰਨ ਯਾਦ ਕੀਤੇ ਜਾਣਗੇ | ਪੱਤਰਕਾਰ, ਆਲੋਚਕ, ਇਤਿਹਾਸਕਾਰ, ਵਕੀਲ, ਸਫ਼ੀਰ, ਨਾਵਲਕਾਰ ਤੇ ਸਿਆਸਤਦਾਨ ਵਜੋਂ ਜ਼ਿੰਦਗੀ ਦੀ ਹਰ ਭੂਮਿਕਾ ਨੂੰ ਨਿਭਾਉਣ ਵਾਲੇ ਖੁਸ਼ਵੰਤ ਸਿੰਘ ਦੀਆਂ ਕਿਤਾਬਾਂ 'ਚ ਸਭ ਤੋਂ ਜ਼ਿਆਦਾ ਚਰਚਿਤ ਰਹੀ ਕਿਤਾਬ 'ਟਰੇਨ ਟੂ ਪਾਕਿਸਤਾਨ' ਨੇ ਉਨ੍ਹਾਂ ਨੂੰ ਨਾ ਸਿਰਫ ਦੇਸ਼ 'ਚ ਸਗੋਂ ਕੌਮਾਂਤਰੀ ਪੱਧਰ 'ਤੇ ਵੀ ਪ੍ਰਸਿੱਧੀ ਦਿਵਾਈ | ਸਿੱਖੀ ਬਾਰੇ ਉਨ੍ਹਾਂ ਦੀ ਕਿਤਾਬ 'ਏ ਹਿਸਟਰੀ ਆਫ ਸਿੱਖਸ' ਸਿੱਖ ਇਤਿਹਾਸ ਬਾਰੇ ਲਿਖੀਆਂ ਸਭ ਤੋਂ ਬਿਹਤਰੀਨ ਕਿਤਾਬਾਂ ਵਿਚੋਂ ਇਕ ਹੈ | 1999 'ਚ ਸਿੱਖਾਂ ਵੱਲੋਂ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੇ 300 ਸਾਲਾ ਸਮਾਗਮ ਦੌਰਾਨ ਖੁਸ਼ਵੰਤ ਸਿੰਘ ਨੂੰ ਨਿਸ਼ਾਨ-ਏ-ਖਾਲਸਾ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ | ਜ਼ਿੰਦਗੀ ਦੇ ਹਰ ਰੰਗ ਨੂੰ ਪੂਰੀ ਤਰ੍ਹਾਂ ਜੀਣ ਵਾਲੇ ਖੁਸ਼ਵੰਤ ਸਿੰਘ ਉਮਰ ਦੇ ਆਖਰੀ ਦੌਰ 'ਚ ਬੀਮਾਰੀ ਨਾਲ ਲੜਦਿਆਂ ਵੀ ਆਪਣੇ ਅੰਦਾਜ਼ 'ਚ ਜ਼ਿੰਦਗੀ ਜੀਂਦੇ ਰਹੇ ਭਾਵੇਂ ਉਹ ਉਨ੍ਹਾਂ ਦਾ ਵਿਸਕੀ ਪੀਣ ਦਾ ਸ਼ੌਕ ਹੋਵੇ ਜਾਂ ਕਰਾਸ ਵਰਡ ਖੇਡਣ ਦਾ | ਆਪਣੀ ਪੀਣ ਦੀ ਆਦਤ ਦੀ ਹਮੇਸ਼ਾ ਚਰਚਾ ਕਰਨ ਵਾਲੇ ਖੁਸ਼ਵੰਤ ਸਿੰਘ ਨੇ ਇਕ ਵਾਰੀ ਮੁਲਾਕਾਤ ਵਿਚ ਕਿਹਾ ਸੀ ਕਿ ਮੈਂ 25 ਵਰ੍ਹੇ ਦੀ ਉਮਰ 'ਚ ਪੀਣੀ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਪਿਛਲੇ 60 ਸਾਲਾਂ 'ਚ ਮੈਂ ਕਦੇ ਵੀ ਵੱਡਾ ਪਿਆਕੜ ਨਹੀਂ ਬਣਿਆ |
ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਠੇਕੇਦਾਰ ਅਤੇ ਉੱਘੇ ਬਿਲਡਰ ਸਰ ਸੋਭਾ ਸਿੰਘ ਦੇ ਘਰ ਹਦਾਲੀ (ਪਾਕਿਸਤਾਨ) ਵਿਚ ਹੋਇਆ ਸੀ | ਉਹ 1980 ਤੋਂ 1986 ਤੱਕ ਰਾਜ ਸਭਾ ਦੇ ਮੈਂਬਰ ਰਹੇ | ਉਨ੍ਹਾਂ ਨੂੰ 1974 ਵਿਚ ਪਦਮ ਭੂਸ਼ਨ ਪੁਰਸਕਾਰ ਦਿੱਤਾ ਗਿਆ ਪਰ 1984 ਵਿਚ ਫ਼ੌਜ ਵੱਲੋਂ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਕੀਤੀ ਕਾਰਵਾਈ ਵਿਰੁੱਧ ਰੋਸ ਜ਼ਾਹਰ ਕਰਦਿਆਂ ਉਨ੍ਹਾਂ ਇਹ ਪੁਰਸਕਾਰ ਵਾਪਸ ਕਰ ਦਿੱਤਾ | 2007 ਵਿਚ ਉਨ੍ਹਾਂ ਨੂੰ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ | ਅਸਲ ਵਿਚ ਸ੍ਰੀ ਸਿੰਘ ਆਪਣੀ ਜਿੰਦਗੀ ਦੇ ਆਖਰੀ ਸਮੇਂ ਤੱਕ ਲਿਖਦੇ ਰਹੇ ਤੇ 95 ਸਾਲ ਦੀ ਉਮਰ 'ਚ ਉਨ੍ਹਾਂ ਨਾਵਲ 'ਦੀ ਸਨਸੈੱਟ ਕਲੱਬ' ਲਿਖਿਆ ਸੀ | ਉਹ ਸਵੇਰੇ ਚਾਰ ਵਜੇ ਉੱਠ ਖੜਦੇ ਤੇ ਆਪਣੇ ਹੱਥੀਂ ਆਪਣਾ ਕਾਲਮ ਲਿਖਦੇ | ਉਨ੍ਹਾਂ ਦੀ ਸਵੈਜੀਵਨੀ 'ਟਰੁੱਥ, ਲਵ ਐਾਡ ਏ ਲਿਟਲ ਮੈਲਾਈਸ' 2002 ਵਿਚ ਪੇਂਗੂਇਨ ਬੁੱਕਸ ਨੇ ਛਾਪੀ ਸੀ | ਖੁਸ਼ਵੰਤ ਸਿੰਘ ਨੇ ਆਪਣੀ ਸਕੂਲੀ ਵਿਦਿਆ ਦਿੱਲੀ ਦੇ ਮਾਡਰਨ ਸਕੂਲ ਤੇ ਲਾਹੌਰ ਦੇ ਸਰਕਾਰੀ ਕਾਲਜ 'ਚ ਪੜ੍ਹਨ ਤੋਂ ਪਹਿਲਾਂ ਦਿੱਲੀ 'ਚ ਸੇਂਟ ਸਟੀਫਨ ਕਾਲਜ ਵਿਚ ਵੀ ਪੜ੍ਹਾਈ ਕੀਤੀ | ਉਨ੍ਹਾਂ ਕੈਂਬਰਿਜ ਯੂਨੀਵਰਸਿਟੀ 'ਚ ਕਿੰਗਜ਼ ਕਾਲਜ ਵਿਖੇ ਵੀ ਪੜ੍ਹਾਈ ਕੀਤੀ | ਉਨ੍ਹਾਂ ਲਾਹੌਰ ਹਾਈ ਕੋਰਟ ਵਿਚ ਕਈ ਸਾਲ ਵਕਾਲਤ ਕੀਤੀ ਤੇ 1947 ਵਿਚ ਵਿਦੇਸ਼ ਮੰਤਰਾਲੇ ਨੌਕਰੀ ਕਰਨ ਲੱਗ ਪਏ | ਉਨ੍ਹਾਂ ਦਾ ਵਿਆਹ 1939 ਵਿਚ ਕਵਲ ਮਲਿਕ ਨਾਲ ਹੋਇਆ ਅਤੇ ਉਨ੍ਹਾਂ ਦੇ ਇਕ ਬੇਟਾ ਰਾਹੁਲ ਅਤੇ ਪੁੱਤਰੀ ਮਾਲਾ ਹੈ | ਮਲਿਕ ਦਾ 2001 ਵਿਚ ਦਿਹਾਂਤ ਹੋ ਗਿਆ ਸੀ | ਪਦਮ ਵਿਭੂਸ਼ਨ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਰਤਨ, ਸਭ ਤੋਂ ਵੱਧ ਇਮਾਨਦਾਰ ਭਾਰਤੀ ਲਈ ਸੁਲਭ ਇੰਟਰਨੈਸ਼ਨਲ ਪੁਰਸਕਾਰ ਤੇ ਕਈ ਯੂਨੀਵਰਸਿਟੀਆਂ ਨੇ ਆਨਰੇਰੀ ਡਾਕਟਰੇਟ ਦੀਆਂ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ ਸੀ |
ਉਪਮਾ ਡਾਗਾ ਪਾਰਥ
--------------------------------
ਪੀੜ ਤੇਰੇ ਜਾਣ ਦੀ
ਆਪਣੀ ਬੇਬਾਕ ਲੇਖਣੀ ਅਤੇ ਵਿਲੱਖਣ ਲਹਿਜ਼ੇ ਨਾਲ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਪ੍ਰਸਿੱਧ ਨਾਵਲਕਾਰ, ਪੱਤਰਕਾਰ ਅਤੇ ਕਾਲਮ ਨਵੀਸ ਖੁਸ਼ਵੰਤ ਸਿੰਘ ਦੀ ਮੌਤ ਨਾਲ ਲੁਧਿਆਣਾ ਸ਼ਹਿਰ ’ਚ ਸਾਹਿਤਕ ਅਤੇ ਕਲਾ ਨਾਲ ਜੁੜੇ ਹਲਕਿਆਂ ਵਿੱਚ ਸੋਗ ਹੈ।
ਖੁਸ਼ਵੰਤ ਸਿੰਘ ਦਾ ਇਸ ਸ਼ਹਿਰ ਨਾਲ ਨਾਤਾ ਇਥੋਂ ਦੇ ਮਸ਼ਹੂਰ ਪ੍ਰਕਾਸ਼ਕਾਂ ਵੱਲੋਂ ਛਾਪੀਆਂ ਜਾਂਦੀਆਂ ਉਨ੍ਹਾਂ ਦੀਆਂ ਪੰਜਾਬੀ ਅਨੁਵਾਦ ਕਿਤਾਬਾਂ ਕਰਕੇ ਹੀ ਨਹੀਂ ਸਗੋਂ ਉਹ ਆਪਣੀਆਂ ਲੁਧਿਆਣਾ ਫੇਰੀਆਂ ਅਤੇ ਲਾਹੌਰ ’ਚ ਕਮਾਏ ਲੁਧਿਆਣਵੀ ਦੋਸਤ ਕਾਰਨ ਉਨ੍ਹਾਂ ਦਾ ਰਿਸ਼ਤਾ ਸ਼ਹਿਰ ਨਾਲ ਅਟੁੱਟ ਸੀ। ਉਨ੍ਹਾਂ ਨਾਲ ਸਾਂਝ ਦਾ ਜ਼ਿਕਰ ਕਰਦਿਆਂ ਲਾਹੌਰ ਬੁੱਕ ਸ਼ਾਪ ਦੇ ਮਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀਵਨ ਸਿੰਘ ਅਤੇ ਖੁਸ਼ਵੰਤ ਸਿੰਘ ਸਰਗੋਧਾ ਦੇ ਜੰਮਪਲ ਸਨ, ਜਦੋਂ ਉਹ ਲਾਹੌਰ ਤੋਂ ਲਾਹੌਰ ਬੁੱਕ ਸ਼ਾਪ ਲੁਧਿਆਣਾ ਲੈ ਆਏ ਤਾਂ ਖੁਸ਼ਵੰਤ ਸਿੰਘ ਦਿੱਲੀ ਵਸ ਗਏ। ਪਰ ਉਨ੍ਹਾਂ ਦਾ ਆਪਸੀ ਸੰਪਰਕ ਬਣਿਆ ਰਿਹਾ। ਗੁਰਮੀਤ ਨੇ ਪੋਸਟ ਕਾਰਡ ਉਪਰ ਖੁਸ਼ਵੰਤ ਸਿੰਘ ਵੱਲੋਂ ਜੀਵਨ ਸਿੰਘ ਨੂੰ ਜਿਥੇ ਲਿਖੀਆਂ ਚਿੱਠੀਆਂ ਵਿਖਾਈਆਂ, ਉੱਥੇ ਚਾਰ ਸਾਲ ਪਹਿਲਾਂ ਉਸ ਨੂੰ ਕਿਤਾਬਾਂ ਦੇ ਸਬੰਧ ਵਿੱਚ ਆਈ ਚਿੱਠੀ ਵਿਖਾਈ। ਖੁਸ਼ਵੰਤ ਸਿੰਘ ਦਿੱਲੀ ਨਾਵਲ ਦਾ ਪੰਜਾਬੀ ਅਨੁਵਾਦ, ਮੌਤ ਮੇਰੀ ਦਹਿਲੀਜ਼ ’ਤੇ, ਦਾਸਤਾ-ਏ-ਖੁਸ਼ਵੰਤ, ਮਹਿਫਲੇ ਸ਼ਾਮ ਅਤੇ ਹਿਸਟਰੀ ਆਫ ਸਿੱਖਸ ਦਾ ਦੋ ਜਿਲਦਾਂ ਵਿੱਚ ਅਨੁਵਾਦ ਲਾਹੌਰ ਬੁੱਕ ਸ਼ਾਪ ਨੇ ਹੀ ਪ੍ਰਕਾਸ਼ਤ ਕੀਤਾ ਹੈ।
ਖੁਸ਼ਵੰਤ ਸਿੰਘ ਦੇ ਮਨ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਕਾਫੀ ਸਤਿਕਾਰ ਸੀ। ਯੂਨੀਵਰਸਿਟੀ ਦੇ ਉਸ ਸਮੇਂ ਦੇ ਉਪ ਕੁਲਪਤੀ ਡਾ. ਐਮ ਐਸ ਰੰਧਾਵਾ ਵੱਲੋਂ ਯੂਨੀਵਰਸਿਟੀ ਵਿੱਚ ਉਸਾਰੇ ਗਏ ਪੇਂਡੂ ਵਸਤਾਂ ਦੇ ਅਜਾਇਬਘਰ ਦਾ ਉਦਘਾਟਨ 1974 ਵਿੱਚ ਖੁਸ਼ਵੰਤ ਸਿੰਘ ਨੇ ਕੀਤਾ ਸੀ। ਉਸ ਵੇਲੇ ਉੱਘੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਕਮਿਊਨੀਕੇਸ਼ਨ ਸੈਂਟਰ ਦੀ ਜਾਇੰਟ ਡਾਇਰੈਕਟਰ ਸਨ।
ਇਲਸਟ੍ਰੇਟਿਡ ਵੀਕਲੀ ਲਈ ਖੁਸ਼ਵੰਤ ਸਿੰਘ ਖੇਤੀ ਸਬੰਧੀ ਅਕਸਰ ਹੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਤੋਂ ਆਰਟੀਕਲ ਲਿਖਵਾਉਂਦੇ ਰਹੇ ਸਨ। ਯੂਨੀਵਰਸਿਟੀ ਦੇ ਸੇਵਾਮੁਕਤ ਅਧਿਆਪਕ ਡਾ. ਐਸ ਐਸ ਦੁਸਾਂਝ ਨੇ ਦੱਸਿਆ ਕਿ ਉਨ੍ਹਾਂ ਨੂੰ ਖੇਤੀ ਯੂਨੀਵਰਸਿਟੀ ਤੇ ਪੰਜਾਬ ’ਤੇ ਬਹੁਤ ਫਖਰ ਸੀ। ਉਹ ਕਿਹਾ ਕਰਦੇ ਸਨ ਕਿ ਦੇਸ਼ ਨੂੰ ਅੰਨ ’ਚ ਆਤਮ-ਨਿਰਭਰ ਕਰਨ ਵਿੱਚ ਯੂਨੀਵਰਸਿਟੀ ਤੇ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਰੋਲ ਹੈ। ਲਾਹੌਰ ਬੁੱਕ ਸ਼ਾਪ ਦੇ ਮਾਲਕ ਅਤੇ ਮਰਹੂਮ ਜੀਵਨ ਸਿੰਘ ਦੇ ਪੁੱਤਰ ਜਤਿੰਦਰਵੀਰ ਸਿੰਘ ਨੇ ਦੱਸਿਆ ਕਿ ਜਦ ਪਿਤਾ ਜਿਉਂਦੇ ਸਨ ਤਾਂ ਖੁਸ਼ਵੰਤ ਸਿੰਘ ਘੰਟਾ ਘਰ ਵਾਲੀ ਉਨ੍ਹਾਂ ਦੀ ਦੁਕਾਨ ’ਤੇ ਆਏ ਸਨ।
ਸਤਿਬੀਰ ਸਿੰਘ