ਅਜ਼ਾਦੀ ਸੰਗ੍ਰਾਮ ਵਿੱਚ ਭਗਤ ਸਿੰਘ ਦਾ ਜੋ ਯੋਗਦਾਨ ਸਿਲੇਬਸ ਦੀਆਂ ਕਿਤਾਬਾਂ ਵਿੱਚ ਪੜ੍ਹਨ-ਸੁਣਨ ਨੂੰ ਮਿਲਦਾ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੀ ਨੌਜੁਆਨ ਪੀੜ੍ਹੀ ਉਸਨੂੰ ਆਪਣੇ ਆਦਰਸ਼ ਨਾਇਕ ਵਜੋਂ ਸਤਿਕਾਰ ਦਿੰਦੀ ਹੈ। ਪ੍ਰੰਤੂ ਜਿੰਨਾ ਚਿਰ ਉਸਦੇ ਜੀਵਨ ਦੇ ਫਲਸਫ਼ੇ ਨੂੰ ਉਸਦੀਆਂ ਲਿਖਤਾਂ ਦੇ ਰੂਪ ਵਿੱਚ ਪੜ੍ਹਿਆ ਤੇ ਵਿਚਾਰਿਆ ਨਹੀਂ ਜਾਂਦਾ ਓਨੀ ਦੇਰ ਇਹ ਸਤਿਕਾਰ ਸਿਵਾਏ ਜਜ਼ਬਾਤੀ ਤਸੱਵੁਰ ਤੋਂ ਹੋਰ ਕੁਝ ਵੀ ਨਹੀਂ। ਉਸਦੀਆਂ ਲਿਖਤਾਂ ਵਿਚਲੀ ਗਹਿਰਾਈ ਨੂੰ ਉਸਦੀ ਉਮਰ ਦੇ ਵਰ੍ਹਿਆਂ ਨਾਲ਼ ਮਾਪ-ਤੋਲ਼ ਕੇ ਵੇਖਦਿਆਂ ਉਸ ਇਨਕਲਾਬੀ ਨੌਜੁਆਨ ਦੀ ਪਰਵਾਜ਼ ਦੀ ਉਚਾਈ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਸਦੇ ਪ੍ਰਸ਼ੰਸਕਾ ਵਿੱਚੋਂ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਭਗਤ ਸਿੰਘ ਜੋਸ਼ੀਲਾ ਅਜ਼ਾਦੀ ਘੁਲਾਟੀਆ ਹੋਣ ਦੇ ਨਾਲ਼-ਨਾਲ਼ ਇੱਕ ਬੁੱਧੀਜੀਵੀ ਵੀ ਸੀ। ਉਸਦਾ ਹੱਥ ਲਿਖਤ ਦਸਤਾਵੇਜ਼ “ਮੈਂ ਨਾਸਤਿਕ ਕਿਉਂ ਹਾਂ” ਜਿੱਥੇ ਉਸਦੀ ਬੁੱਧੀਜੀਵੀ ਸੋਚ-ਸਮਝ ਦੀ ਗਵਾਹੀ ਭਰਦਾ ਹੈ ਓਥੇ ਸਾਡੇ ਸਾਰਿਆਂ ਦੇ ਸਾਮ੍ਹਣੇ ਬਹੁਤ ਹੀ ਮਹੱਤਵਪੂਰਣ ਸਵਾਲ ਵੀ ਖੜ੍ਹੇ ਕਰਦਾ ਹੈ। ਇਹ ਲੇਖ ਭਗਤ ਸਿੰਘ ਵੱਲੋਂ ਉਸਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ(7 ਅਕਤੂਬਰ 1930) ਤੋਂ ਕੁਝ ਹੀ ਦਿਨ ਪਹਿਲਾਂ ਲਿਖਿਆ ਗਿਆ ਸੀ ਤੇ ਉਸਦੇ ਕਾਲ-ਕੋਠੜੀ ‘ਚ ਤਬਦੀਲ ਹੋ ਜਾਣ ਤੋਂ ਬਾਅਦ ਉਸਦੇ ਘਰਦਿਆਂ ਨੂੰ ਮਿਲ਼ ਗਿਆ ਸੀ। 27 ਸਤੰਬਰ 1931 ਦੇ ‘ਦੀ ਪੀਪਲ’ ਹਫ਼ਤਾਵਰ ਅਖਬਾਰ ਵਿੱਚ ਛਾਪਿਆ ਵੀ ਗਿਆ ਸੀ। ਜੀਵਨ ਦੇ ਫਲਸਫ਼ੇ ਦਾ ਬੌਧਿਕ ਨਜ਼ਰੀਏ ਤੋਂ ਨਿਰੀਖਣ ਕਰਨ ਵਾਲ਼ੇ ਹਰ ਇਨਸਾਨ ਲਈ ਇਸ ਲੇਖ ਵਿੱਚੋਂ ਦੀ ਗੁਜ਼ਰਨਾ ਜ਼ਰੂਰੀ ਹੈ। ਆਓ ਆਪਣੇ ਮਨ ਦੀ ਸੰਕੀਰਣਤਾ ਅਤੇ ਧਾਰਮਿਕ ਕੱਟੜਤਾ ਤੋਂ ਥੋੜ੍ਹਾ ਉੱਪਰ ਉੱਠਕੇ ਇਸ ਲੇਖ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ।
ਲੇਖ ਦੇ ਸ਼ੁਰੂ ਵਿੱਚ ਭਗਤ ਸਿੰਘ ਗਿਲਾ ਕਰਦਾ ਹੈ ਕਿ ਉਸ ਉੱਪਰ ਉਸਦੇ ਹੀ ਕੁਝ ਸਾਥੀਆਂ ਵੱਲੋਂ ਇਲਜ਼ਾਮ ਹੈ ਕਿ ਸਰਬ-ਸ਼ਕਤੀਮਾਨ ਰੱਬ ਦੀ ਹੋਂਦ ਵਿੱਚ ਉਸਦਾ ਅਵਿਸ਼ਵਾਸ਼ ਉਸਦੇ ਅਹੰਕਾਰ ਕਰਕੇ ਹੈ। “ਕੀ ਮੈਂ ਬੇਲੋੜੇ ਮਾਣ ਕਰਕੇ ਨਾਸਤਿਕ ਬਣਿਆ ਹਾਂ? ਜਾਂ ਇਸ ਵਿਸ਼ੇ ਬਾਰੇ ਡੂੰਘਾ ਮੁਤਾਲਿਆ ਕਰਨ ਅਤੇ ਗੰਭੀਰ ਸੋਚ-ਵਿਚਾਰ ਮਗਰੋਂ ਨਾਸਤਿਕ ਬਣਿਆ ਹਾਂ?” ਇਸ ਸਵਾਲ ਦੇ ਜਵਾਬ ਵਿੱਚ ਉਹ ਵਿਸਥਾਰ ਨਾਲ਼ ਸਪੱਸ਼ਟੀਕਰਣ ਦੇ ਕੇ ਸਮਝਾਉਂਦਾ ਹੈ ਕਿ ਵਿਦਿਆਰਥੀ ਜੀਵਨ ਦੌਰਾਨ ਘੰਟਿਆਂ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਨ ਵਾਲ਼ੇ ਭਗਤ ਸਿੰਘ ਦਾ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਣ ਦਾ ਕਾਰਨ ਕੋਈ ਅਹੰਕਾਰ ਨਹੀਂ ਸੀ ਬਲਕਿ ਉਸਦੀ ਸੋਚਣ ਵਿਧੀ ਹੀ ਸੀ। ਉਸਦੇ ਅਨੁਸਾਰ ਜਦੋਂ ਤੱਕ ਉਹ ਸਿਰਫ਼ ਇਨਕਲਾਬੀ ਪਾਰਟੀ ਦਾ ਮੈਂਬਰ ਹੀ ਸੀ ਤਦ ਤੱਕ ਉਹ ਸਿਰਫ਼ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ ਭਾਵ ਕਿ ਇਨਕਲਾਬੀ ਸਪਿਰਟ ਦੇ ਵਿੱਚ ਜਜ਼ਬਾਤ ਦਾ ਪਲੜਾ ਭਾਰੂ ਸੀ। ਪਰ ਜਿਓਂ ਹੀ ਪਾਰਟੀ ਦੀ ਸਾਰੀ ਜ਼ਿੰਮੇਵਾਰੀ ਭਗਤ ਸਿੰਘ ਦੇ ਮੋਢਿਆਂ ‘ਤੇ ਆਈ ਤਾਂ ਪਾਰਟੀ ਦੀ ਸਫ਼ਲਤਾ ਲਈ ਅਧਿਐਨ ਕਰਨ ਦਾ ਅਹਿਸਾਸ ਤੀਬਰਤਾ ਨਾਲ਼ ਹੋਇਆ। ਬਾਕੂਨਿਨ, ਮਾਰਕਸ, ਲੈਨਿਨ ਅਤੇ ਨਿਰਲੰਬਾ ਸ੍ਵਾਮੀ ਦੀਆਂ ਲਿਖਤਾਂ ਦਾ ਅਧਿਐਨ ਕਰਨ ਨਾਲ਼ ਉਸਦੇ ਪਹਿਲੇ ਅਕੀਦੇ ਤੇ ਵਿਸ਼ਵਾਸ਼ਾਂ ਵਿੱਚ ਬਹੁਤ ਵੱਡੀ ਤਬਦੀਲੀ ਆਈ। “ਹੁਣ ਰਹੱਸਵਾਦ ਅਤੇ ਅੰਧਵਿਸ਼ਵਾਸ਼ ਵਾਸਤੇ ਕੋਈ ਥਾਂ ਨਾ ਰਹੀ। ਯਥਾਰਥਵਾਦ ਹੀ ਸਾਡਾ ਸਿਧਾਂਤ ਹੋ ਗਿਆ।...1926 ਦੇ ਅਖੀਰ ਤੱਕ ਮੇਰਾ ਇਹ ਵਿਸ਼ਵਾਸ਼ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਕ, ਪਾਲਣਹਾਰ ਤੇ ਸਰਬਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ਼ ਬਹਿਸ ਕਰਨੀ ਸ਼ੁਰੂ ਕਰ ਦਿੱਤੀ।”
ਮਈ 1927 ਵਿੱਚ ਨਿਰਦੋਸ਼ ਭਗਤ ਸਿੰਘ ਨੂੰ ਲਹੌਰ ਵਿੱਚ 1926 ਦੇ ਦੁਸਿਹਰਾ ਬੰਬ-ਕਾਂਡ ਵਿੱਚ ਸ਼ੱਕ ਦੇ ਅਧਾਰ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਅਫ਼ਸਰਾਂ ਨੇ ਉਸਨੂੰ ਇਨਕਲਾਬੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਖੁਲਾਸਾ ਕਰਨ ਦੇ ਬਦਲੇ ਵਾਅਦਾ-ਮੁਆਫ਼ ਗਵਾਹ ਬਣ ਜਾਣ ਦਾ ਲਾਲਚ ਦਿੱਤਾ। ਪ੍ਰੰਤੂ ਨਿਰਸਫ਼ਲ ਰਹਿਣ ‘ਤੇ ਉਸ ਉੱਪਰ ਕਾਕੋਰੀ ਕਾਂਡ ਤੇ ਬੰਬ ਕਾਂਡ ਦੋਹਾਂ ਦਾ ਮੁਲਜ਼ਮ ਹੋਣ ਲਈ ਮੁਕੱਦਮੇ ਚਲਾਉਣ ਦਾ ਡਰਾਵਾ ਦਿੱਤਾ ਗਿਆ। “ਉਸੇ ਦਿਨ ਤੋਂ ਕੁਝ ਪੁਲੀਸ ਅਫ਼ਸਰ ਦੋਵੇਂ ਵੇਲ਼ੇ ਰੱਬ ਦਾ ਨਾਂ ਲੈਣ ਲਈ ਮੈਨੂੰ ਪ੍ਰੇਰਣ ਲੱਗ ਪਏ। ਮੈਂ ਤਾਂ ਨਾਸਤਿਕ ਸੀ। ਮੈਂ ਆਪਣੇ-ਆਪ ਨਾਲ਼ ਫ਼ੈਸਲਾ ਕਰਨਾ ਚਹੁੰਦਾ ਸਾਂ ਕਿ ਕੀ ਮੈਂ ਅਮਨ-ਚੈਨ ਤੇ ਖੁਸ਼ੀ ਦੇ ਦਿਨਾਂ ਵਿੱਚ ਹੀ ਨਾਸਤਿਕ ਹੋਣ ਦੀ ਫੜ੍ਹ ਮਾਰ ਸਕਦਾ ਹਾਂ ਜਾਂ ਏਹੋ ਜਿਹੀ ਔਖੀ ਘੜੀ ਵਿੱਚ ਵੀ ਮੈਂ ਆਪਣੇ ਅਸੂਲਾਂ ਉੱਤੇ ਸਾਬਤ ਕਦਮ ਰਹਿ ਸਕਦਾ ਹਾਂ ਜਾਂ ਨਹੀਂ? ਬੜੀ ਸੋਚ-ਵਿਚਾਰ ਮਗਰੋਂ ਫ਼ੈਸਲਾ ਕੀਤਾ ਕਿ ਮੈਂ ਰੱਬ ਵਿੱਚ ਯਕੀਨ ਨਹੀਂ ਕਰ ਸਕਦਾ ਤੇ ਨਾ ਹੀ ਅਰਦਾਸ ਕਰ ਸਕਦਾ ਹਾਂ। ਮੈਂ ਕਦੇ ਵੀ ਅਰਦਾਸ ਨਾ ਕੀਤੀ । ਇਹ ਪਰਖ ਦੀ ਘੜੀ ਸੀ ਤੇ ਮੈਂ ਇਸ ਪਰਖ ਵਿੱਚ ਕਾਮਯਾਬ ਰਿਹਾ।”
ਭਗਤ ਸਿੰਘ ਦਾ ਇਤਰਾਜ਼ ਹੈ ਕਿ ਕੀ ਆਪਣੇ ਸੱਚੇ ਆਦਰਸ਼ ਵਿੱਚ ਮਾਣ ਹੋਣ ਨੂੰ ਅਹੰਕਾਰ ਕਿਹਾ ਜਾਣਾ ਚਾਹੀਦਾ ਹੈ? “ਤੁਸੀਂ ਪ੍ਰਚਲਿੱਤ ਵਿਸ਼ਵਾਸ ਦਾ ਵਿਰੋਧ ਕਰਕੇ ਦੇਖ ਲੳ, ਤੁਸੀਂ ਨਿਹਕਲੰਕ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ, ਕਿਸੇ ਮਹਾਂਪੁਰਖ ਦੀ ਨੁਕਤਾਚੀਨੀ ਕਰਕੇ ਵੇਖ ਲੳ ਤਾਂ ਤੁਹਾਡੀ ਦਲੀਲ ਦਾ ਜੁਆਬ ਤੁਹਾਨੂੰ ਘੁਮੰਡੀ-ਹੰਕਾਰੀ ਆਖਕੇ ਦਿੱਤਾ ਜਾਵੇਗਾ। ਇਹਦਾ ਕਾਰਨ ਮਾਨਸਿਕ ਖੜੋਤ ਹੈ। ਆਲੋਚਨਾ ਅਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ।....ਕਿਉਂਕਿ ਸਾਡੇ ਵੱਡੇ ਵਡੇਰਿਆਂ ਨੇ ਕਿਸੇ ਸਰਬਸ਼ਕਤੀਮਾਨ ਪਰਮਾਤਮਾ ਵਿੱਚ ਵਿਸ਼ਵਾਸ ਬਣਾ ਲਿਆ ਸੀ, ਇਸ ਲਈ ਕੋਈ ਵੀ ਬੰਦਾ ਜਿਹੜਾ ਉਸ ਵਿਸ਼ਵਾਸ ਤੋਂ ਮੁਨਕਰ ਹੋਣ ਦਾ ਹੌਂਸਲਾ ਕਰਦਾ ਹੈ ਉਹਨੂੰ ਹਰ ਹਾਲਤ ਵਿੱਚ ਕਾਫ਼ਰ, ਗ਼ੱਦਾਰ ਕਿਹਾ ਜਾਵੇਗਾ। ਜੇ ਉਸਦੀਆਂ ਵਜ਼ਨਦਾਰ ਦਲੀਲਾਂ ਨੂੰ ਅੱਗਿਓਂ ਕੱਟਿਆ ਨਾ ਜਾ ਸਕਦਾ ਹੋਵੇ ਅਤੇ ਸਰਬਸ਼ਕਤੀਮਾਨ ਦੀ ਕਰੋਪੀ ਵੀ ਉਸਦੀ ਜ਼ੋਰਦਾਰ ਦ੍ਰਿੜਤਾ ਨੂੰ ਡੇਗ ਨਾ ਸਕੇ ਤਾਂ ਉਸਨੂੰ ਘੁਮੰਡੀ ਗਰਦਾਨਿਆ ਜਾਵੇਗਾ ਅਤੇ ਉਸਦੀ ਦ੍ਰਿੜਤਾ ਨੂੰ ਅਹੰਕਾਰ ਆਖਿਆ ਜਾਵੇਗਾ।“
ਦੂਸਰੀ ਗ੍ਰਿਫ਼ਤਾਰੀ ਦੌਰਾਨ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਦੀ ਆਪਣੀ ਮਾਨਸਿਕ ਹਾਲਤ ਪੂਰੀ ਈਮਾਨਦਾਰੀ ਨਾਲ਼ ਕੁਝ ਇਸ ਤਰਾਂ ਬਿਆਨ ਕਰਦਾ ਹੈ: “ਮੈਨੂੰ ਪਤਾ ਹੈ ਕਿ ਹੁਣ ਦੀਆਂ ਹਾਲਤਾਂ ਵਿੱਚ ਜੇ ਮੈਂ ਆਸਤਕ ਹੁੰਦਾ ਤਾਂ ਮੇਰੀ ਜ਼ਿੰਦਗੀ ਹੁਣ ਨਾਲ਼ੋਂ ਅਸਾਨ ਹੋਣੀ ਸੀ ਅਤੇ ਮੇਰਾ ਬੋਝ ਹੁਣ ਨਾਲ਼ੋਂ ਘੱਟ ਹੋਣਾ ਸੀ। ਮੇਰਾ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ ਹਾਲਾਤ ਬਹੁਤ ਹੀ ਅਣਸੁਖਾਂਵੇ ਹੋ ਗਏ ਹਨ ਤੇ ਹਾਲਤ ਇਸ ਤੋਂ ਵੀ ਭੈੜੀ ਹੋ ਸਕਦੀ ਹੈ। ਥੋੜ੍ਹਾ ਜਿੰਨਾ ਰਹੱਸਵਾਦ ਇਸ ਹਾਲਤ ਨੂੰ ਸ਼ਾਇਰਾਨਾ ਬਣਾ ਸਕਦਾ ਹੈ। ਪਰ ਮੈਨੂੰ ਆਪਣੇ ਅੰਤ ਵਾਸਤੇ ਕਿਸੇ ਨਸ਼ੇ ਦੀ ਮਦਦ ਦੀ ਲੋੜ ਨਹੀਂ ਹੈ। ਮੈਂ ਯਥਾਰਥਵਾਦੀ ਹਾਂ। ਮੈਂ ਤਰਕ ਦੀ ਮਦਦ ਨਾਲ਼ ਇਸ ਰੁਝਾਨ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾਂ ਹਾਂ। ਮੈਂ ਇਸ ਕੋਸ਼ਿਸ਼ ਵਿੱਚ ਹਮੇਸ਼ਾ ਹੀ ਸਫਲ ਨਹੀਂ ਹੁੰਦਾ। ਪਰ ਬੰਦੇ ਦਾ ਫ਼ਰਜ਼ ਤਾਂ ਕੋਸ਼ਿਸ਼ ਕਰੀ ਜਾਣਾ ਹੁੰਦਾ ਹੈ ਕਾਮਯਾਬੀ ਮੌਕੇ ‘ਤੇ ਹਾਲਾਤ ਉੱਤੇ ਨਿਰਭਰ ਹੁੰਦੀ ਹੈ।”
ਭਗਤ ਸਿੰਘ ਦਾ ਗਿਲਾ ਹੈ ਕਿ ਹਿੰਦੋਸਤਾਨ ਦੇ ਵੱਖ ਵੱਖ ਧਰਮਾਂ ਦੇ ਬੁਨਿਆਦੀ ਸਿਧਾਂਤਾਂ ਵਿੱਚ ਵੀ ਵੱਡੇ ਮੱਤਭੇਦ ਹਨ ਪਰ ਹਰ ਕੋਈ ਆਪਣੇ ਆਪ ਨੂੰ ਦਰੁੱਸਤ ਮੰਨਦਾ ਹੈ। ਉਸਦੇ ਅਨੁਸਾਰ “ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ ਉਸਨੂੰ ਲਾਜ਼ਮੀ ਤੌਰ ‘ਤੇ ਪ੍ਰਚੱਲਤ ਵਿਸ਼ਵਾਸ਼ਾਂ ਦੀ ਇਕੱਲੀ ਇਕੱਲੀ ਗੱਲ ਦੀ ਬਾ-ਦਲੀਲ ਪੁਣਛਣ ਕਰਨੀ ਹੋਵੇਗੀ। ਹਾਂ! ਜੇ ਕੋਈ ਦਲੀਲ ਨਾਲ਼ ਕਿਸੇ ਸਿਧਾਂਤ ਜਾਂ ਫਲਸਫ਼ੇ ਵਿੱਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਸਦਾ ਵਿਸ਼ਵਾਸ ਸਰਾਹੁਣਯੋਗ ਹੈ।”
ਇਸਤੋਂ ਅੱਗੇ ਚੱਲਕੇ ਭਗਤ ਸਿੰਘ ਆਸਤਕਾਂ ਕੋਲੋਂ ਕੁਝ ਸਵਾਲ ਪੁੱਛਦਾ ਹੈ।
1. ਜੇ ਕੋਈ ਸਰਬਸ਼ਕਤੀਮਾਨ, ਸਰਬਗਿਆਤਾ ਰੱਬ ਹੈ ਤਾਂ ਉਸਨੇ ਉਹ ਧਰਤੀ ਜੋ ਦੁੱਖਾਂ-ਆਫਤਾਂ ਨਾਲ਼ ਭਰੀ ਪਈ ਹੈ, ਸਾਜੀ ਹੀ ਕਿਓਂ? ਜੇ ਇਸਦਾ ਕਾਰਨ ਉਸਦੀ
ਲੀਲਾ ਜਾਂ ਖੇਲ ਹੈ ਤਾਂ ਫਿਰ ਉਸ ਵਿੱਚ ਅਤੇ ਨੀਰੋ ਜਾਂ ਚੰਗੇਜ਼ਖਾਨ ਵਿੱਚ ਕੀ ਫ਼ਰਕ ਹੋਇਆ ਜਿਨ੍ਹਾਂ ਨੇ ਆਪਣੇ ਮਨ ਦੀ ਮੌਜ ਖ਼ਾਤਿਰ ਹਜ਼ਾਰਾਂ ਲੋਕਾਂ ਨੂੰ ਦੁਖੀ ਕੀਤਾ?
2. ਕੀ ਅੱਜ ਮਨੁੱਖ ਜਿਹੜਾ ਵੀ ਦੁੱਖ ਝੱਲ ਰਿਹਾ ਹੈ ਉਹ ਪੂਰਬਲੇ ਜਨਮ ਦੇ ਮੰਦੇ ਕਰਮਾਂ ਕਰਕੇ ਹੈ? ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਹਨ ਕੀ ਉਹ ਪਿਛਲੇ ਜਨਮ ਵਿੱਚ
ਧਰਮਾਤਮਾ ਲੋਕ ਸਨ?
3. ਜੇ ਰੱਬ ਸਰਬਸ਼ਕਤੀਮਾਨ ਹੈ ਤਾਂ ਹਰ ਕਿਸੇ ਬੰਦੇ ਨੂੰ ਕਸੂਰ ਜਾਂ ਪਾਪ ਕਰਨੋ ਵਰਜਦਾ ਕਿਓਂ ਨਹੀਂ? ਉਸਦੇ ਲਈ ਤਾਂ ਇਹ ਕੰਮ ਬੜਾ ਸੌਖਾ ਹੈ। ਉਸਨੇ ਜੰਗਬਾਜ਼ਾਂ ਨੂੰ
ਕਿਓਂ ਨਾ ਜਾਨੋਂ ਮਾਰਿਆ ਤੇ ਵੱਡੀ ਜੰਗ ਨਾਲ਼ ਮਨੁੱਖਤਾ ਉੱਪਰ ਆਈ ਪਰਲੋ ਨੂੰ ਕਿਓਂ ਨਾ ਬਚਾਇਆ?
ਇਕ ਵਾਰ ਭਗਤ ਸਿੰਘ ਦੇ ਕਰੀਬੀ ਦੋਸਤ ਨੇ ਉਸਨੂੰ ਵੰਗਾਰਿਆ ਕਿ ਦੇਖੀਂ ਆਪਣੇ ਅਖ਼ੀਰੀ ਦਿਨਾਂ ਵਿੱਚ ਤੂੰ ਰੱਬ ਨੂੰ ਮੰਨਣ ਲੱਗ ਜਾਏਂਗਾ। ਉਸਨੇ ਅੱਗੋਂ ਕਿਹਾ: “ਨਹੀਂ ਪਿਆਰੇ ਜਨਾਬ ਜੀ! ਇਸ ਤਰਾਂ ਹਰਗ਼ਿਜ਼ ਨਹੀਂ ਹੋਣ ਲੱਗਾ। ਇੰਝ ਕਰਨਾ ਮੇਰੇ ਲਈ ਬੜੀ ਘਟੀਆ ਤੇ ਪਸਤੀ ਵਾਲ਼ੀ ਗੱਲ ਹੋਵੇਗੀ। ਖੁਦਗ਼ਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ।”
ਇਹ ਜੋ 22-23 ਵਰ੍ਹਿਆਂ ਦੇ ਇਨਕਲਾਬੀ ਗੱਭਰੂ ਨੇ ਬਾ-ਦਲੀਲ ਸਵਾਲ ਸਾਡੇ ਸਾਹਮਣੇ ਰੱਖੇ ਹਨ ਉਨ੍ਹਾਂ ਨੂੰ ਅਣਗੌਲਿਆਂ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡੇ ਕੋਲ ਤਾਂ ਹੁਣ ਇਸਦੇ ਦੋ ਹੀ ਬਦਲ ਮੌਜੂਦ ਹਨ। ਜਾਂ ਤਾਂ ਉਸਦੇ ਸਵਾਲਾਂ ਦੇ ਜੁਆਬ ਦੇਣ ਲਈ ਦਲੀਲਾਂ ਸਾਮ੍ਹਣੇ ਲੈ ਕੇ ਆਈਏ ਜੋ ਕਿ ਵਿਗਿਆਨਿਕ ਤੇ ਮੰਨਣਯੋਗ ਹੋਣ। ਅਗਰ ਅਸੀਂ ਇਸ ਤਰ੍ਹਾਂ ਕਰਨ ਵਿੱਚ ਨਾਕਾਮਯਾਬ ਰਹਿੰਦੇ ਹਾਂ ਤਾਂ ਫਿਰ ਅਸੀਂ ਜੋ ਆਸਤਕ ਹੋਣ ਦੇ ਨਾਤੇ ਕਿਸੇ ਨਾ ਕਿਸੇ ਮਜ਼੍ਹਬ ਦੇ ਅਨੁਯਾਈ ਹੋਣ ਦਾ ਦਾਅਵਾ ਕਰੀ ਬੈਠੇ ਹਾਂ ਸਾਨੂੰ ਆਪਣੇ ਅਕੀਦੇ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ।
ਇਸ ਲੇਖ ਦਾ ਮਕਸਦ ਇਨਸਾਨ ਦਾ ਆਸਤਕ ਜਾਂ ਨਾਸਤਕ ਹੋਣ ਦਾ ਨਿਰਣਾ ਕਰਨ ਬਾਰੇ ਨਹੀਂ ਹੈ। ਇਹ ਸਵਾਲ ਲੇਖਕ ਦੇ ਵਿਅਕਤੀਗਤ ਜੀਵਨ ਲਈ ਵੀ ਓਨਾ ਹੀ ਚੁਣੌਤੀ ਭਰਿਆ ਹੈ ਜਿੰਨਾ ਕਿ ਪਾਠਕਾਂ ਲਈ। ਇਸਦਾ ਮਕਸਦ ਤਾਂ ਥੋੜ੍ਹੀ-ਬਹੁਤ ਵੀ ਸੁਹਿਰਦਤਾ ਰੱਖਣ ਵਾਲ਼ੀ ਨੌਜੁਆਨ ਪੀੜ੍ਹੀ ਨੂੰ ਆਪਣੇ ਜੀਵਨ ਵਿੱਚ ਬੌਧਿਕ ਵਿਚਾਰਧਾਰਾ ਨੂੰ ਅਪਨਾਉਣ ‘ਤੇ ਜ਼ੋਰ ਦੇਣਾ ਹੈ। ਕਿਸੇ ਵੀ ਸਮੱਸਿਆ ਦੇ ਹੱਲ ਲਈ ਪਹਿਲਾਂ ਸਵਾਲਾਂ ਦਾ ਉੱਠਣਾ ਜ਼ਰੂਰੀ ਹੈ। ਭਗਤ ਸਿਘ ਦਾ ਨਾਸਤਿਕ ਹੋ ਜਾਣਾ ਉਸ ਵੇਲ਼ੇ ਦੇ ਨਾਮ ਧਰੀਕ ਧਰਮਾਂ ਵੱਲੋਂ ਪੇਸ਼ ਕੀਤੀ ਗਈ ਕੱਟੜਪੰਥੀ ਤਸਵੀਰ ਅਤੇ ਉਸਦੀ ਇਸ ਵਿਸ਼ੇ ਬਾਰੇ ਤਰਕ ਦੇ ਆਧਾਰਿਤ ਖੋਜ ਦਾ ਸਿੱਟਾ ਸੀ। ਜਦੋਂਕਿ ਸਾਡੇ ਵਿੱਚੋਂ 99% ਆਸਤਿਕ ਬਿਨ੍ਹਾਂ ਕਿਸੇ ਖੋਜ-ਪੜਤਾਲ ਤੋਂ ਕੇਵਲ ਜਨਮਜ਼ਾਤ ਪ੍ਰੰਪਰਾਗਤ ਵਿਸ਼ਵਾਸ਼ਾਂ ਦੇ ਅਧਾਰ ‘ਤੇ ਆਸਤਿਕ ਹੋਣ ਦਾ ਦਾਅਵਾ ਕਰਦੇ ਹਨ। ਭਗਤ ਸਿੰਘ ਦੀ ਨਾਸਤਿਕਤਾ ਦਾ ਅਧਾਰ ਮਜ਼ਬੂਤ ਸੀ ਜਦਕਿ ਸਾਡੀ ਆਸਤਿਕਤਾ ਦਾ ਥੰਮ੍ਹ ਕਮਜ਼ੋਰ ਹੈ।
ਕਿਉਂ ਅਸੀਂ ਇਨ੍ਹਾਂ ਵਿਸ਼ਿਆ ਉੱਪਰ ਖੁੱਲ੍ਹੇ ਦਿਲ ਨਾਲ਼ ਵਿਚਾਰ ਵਟਾਂਦਰਾ ਕਰਕੇ ਕੋਈ ਸਾਰਥਿਕ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਅਜਿਹੇ ਸਵਾਲ ਕੇਵਲ ਭਗਤ ਸਿੰਘ ਦੇ ਹੀ ਨਹੀਂ ਸਗੋਂ ਸਾਡੇ ਸਾਰਿਆਂ ਦੇ ਮਨ ਵਿੱਚ ਉੱਠਣੇ ਚਾਹੀਦੇ ਹਨ ਕਿਓਂਕਿ ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਹੀ ਸਾਡੇ ਮਨੁੱਖੀ ਜੀਵਨ ਵਿੱਚ ਆੳਣ ਦਾ ਮਕਸਦ ਛੁਪਿਆ ਹੋਇਆ ਹੈ। ਨਾਸਤਿਕਤਾ ਤਾਂ ਕੀ ਆਸਤਿਕਤਾ ਦੇ ਰਾਹ ‘ਤੇ ਤੁਰਦਿਆਂ ਵੀ ਇਨ੍ਹਾਂ ਸਵਾਲਾਂ ਦੇ ਹੱਲ ਲੱਭੇ ਬਿਨਾਂ ਇੱਕ ਪੈਰ ਨਹੀਂ ਪੁੱਟਿਆ ਜਾਣਾ। ਇਸ ਲਈ ਇਸ ਵਿਸ਼ੇ ‘ਤੇ ਖੋਜ ਕਰਨੀ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਪ੍ਰੋ. ਮੋਹਣ ਸਿੰਘ ਨੇ ਵੀ ਐਸੀ ਵਿਚਾਰਧਾਰਾ ਦੀ ਹਾਮੀ ਭਰਦਿਆਂ ਲਿਖਿਆ ਹੈ:
ਰੱਬ ਇਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖਧੰਦਾ
ਖੋਲ੍ਹਣ ਲੱਗਿਆਂ ਪੇਚ ਏਸਦੇ
ਕਾਫ਼ਰ ਹੋ ਜਾਏ ਬੰਦਾ
ਕਾਫ਼ਰ ਹੋਣੋਂ ਡਰ ਨਾ ਜਾਵੀਂ
ਖੋਜੋਂ ਮੂਲ ਨਾ ਖੁੰਝੀਂ
ਲਾਈ ਲੱਗ ਮੋਮਨ ਦੇ ਨਾਲ਼ੋਂ
ਇਕ ਖੋਜੀ ਕਾਫ਼ਰ ਚੰਗਾ।