ਮੈਂ ਖਿਆ ਜੀ, ਬਾਹਰ ਜਾਣ ਤੋਂ ਪਹਿਲਾਂ ਮੇਰੀ ਛੋਟੀ ਜਿਹੀ ਗੱਲ ਸੁਣ ਕੇ ਜਾਇਓ…
ਉਏ, ਨਿਹਾਲੀਏ ਤੈਨੂੰ ਵੀਹ ਵਾਰ ਆਖਿਐ , ਬਈ, ਪਿੱਛੋਂ ਅਵਾਜ਼ ਨਹੀਂ ਮਾਰੀ ਦੀ ਹੁੰਦੀ…, ਮੈਂ ਕਿਸੇ ਜ਼ਰੂਰੀ ਕੰਮ ਚੱਲਿਆ ਸੈਂ, ਚੱਲ ਦੱਸ ਹੁਣ ਕੀ ਗੱਲ ਐ, ਤੇਰੀ ਸੁਣ ਹੀ ਜਾਵਾਂ,
ਨਰੈਂਣਿਆ, ਆਪਣਾ ਛਿੰਦਾ ਅੱਜ ਸਵੇਰੇ ਮੈਨੂੰ ਵਾਰ-ਵਾਰ ਕਹਿ ਕੇ ਗਿਆ ਸੀ ਕਿ ਮੈਂ ਬੱਸ ਤੇ ਕੰਡਕਟਰ ਲੱਗਣੈਂ….
ਹਾ…ਹਾ…ਹਾ…
ਹਾ…ਹਾ…ਹਾ…
ਪਰ ਨਰੈਣਿਆ ਇਹਦੇ 'ਚ ਹੱਸਣ ਵਾਲੀ ਕਿਹੜੀ ਗੱਲ ਐ, ਉਏ ਨਿਹਾਲੀਏ, ਅਖੇ ਮਾਤਾ ਪਰ ਪੂਤ, ਪਿਤਾ ਪਰ ਘੋੜਾ, ਬਹੁਤਾ ਨਹੀਂ, ਤਾਂ ਥੋੜਾ-ਥੋੜਾ… ਮੇਰਾ ਖੂਨ ਜਮਾਂ ਮੇਰੇ ਵਾਲੀਆਂ ਆਦਤਾਂ ਤੇ ਖਰਾ ਤਾਂ ਉਤਰ ਰਿਹਾ ਏ, ਪਰ ਉਹਨੂੰ ਸਮਝਾਵਾਂਗੇ ਕਿ ਤੂੰ ਜਿਸ ਕੰਮ ਲੱਗਿਐ, ਉਸੇ ਹੀ ਲੱਗਾ ਰਹਿ, ਹੋਰ ਨਾ ਮੇਰੇ ਵਾਲੀ ਵੀ ਉਹਦੇ ਨਾਲ ਹੋਵੇ।
ਪਰ ਨਰੈਂਣਿਆਂ, ਤੇਰੇ ਵਾਲੀ, ਉਹ ਕਿਵੇਂ…
ਨਿਹਾਲੀਏ, ਮੈਂ ਵੀ ਕੁਆਰਾ ਹੁੰਦਾ 'ਨੱਥੂਵਾਲਾ' ਵਾਲੇ ਬਰਾੜਾਂ ਦੀ ਪ੍ਰਾਈਵੇਟ ਬੱਸ ਤੇ ਕੰਡਕਟਰ ਲੱਗਾ ਸੀ ਕਿ ਪਹਿਲੇ ਦਿਨ ਹੀ ਮਾਲਕਾਂ ਦਾ ਝੁੱਗਾ ਚੌੜ ਕਰਵਾ ਆਇਆ ਸੀ। ਹੁਣ ਜਦੋਂ ਵੀ ਕਦੇ ਉਹ ਹਕੀਕਤ ਚੇਤੇ ਆਉਂਦੀ ਐ, ਤਾਂ ਹਾਸਾ ਆਪਣੇ ਆਪ ਫੁੱਟ ਫੁੱਟ ਕੇ ਬਾਹਰ ਨਿਕਲ ਆਉਂਦਾ ਏ।
ਵੇ ਮੈਨੂੰ ਵੀ ਸੁਣਾ ਦੇ, ਮੈਂ ਵੀ ਜਦੋਂ ਕਦੇ ਕੱਲੀ ਹੁੰਨੀ ਐ, ਹੱਸ ਲਿਆ ਕਰੂੰਗੀ….।
ਲੈ ਉਹ ਤੂੰ ਵੀ ਸੁਣ ਧਿਆਨ ਨਾਲ…
ਬੱਸ 'ਮੋਗੇ' ਤੋਂ ਪਿੰਡਾਂ ਵਿਚ ਦੀ ਹੁੰਦੀ ਹੋਈ ਵਾਇਆ 'ਸਮਾਲਸਰ-ਭਗਤੇ ਭਾਈ' ਜਾਣੀ ਸੀ। ਹਾੜੀ ਦੀ ਰੁੱਤ ਸੀ। ਨਿਹਾਲੀਏ ਆਪਣੇ ਪਿੰਡਾਂ ਦੇ ਲੋਕ ਤਾਂ ਹਾੜੀ 'ਚ ਲੱਗੇ ਹੋਏ ਸਨ ਤੇ ਭਈਏ ਹਾੜੀ ਵੱਢਣ ਆਈ ਜਾਂਦੇ ਸੀ। ਜਦੋਂ ਮੋਗੇ ਤੋਂ ਬੱਸ ਚੱਲੀ ਤਾਂ ਪਿੰਡਾਂ ਦੇ ਲੋਕ ਘੱਟ ਤੇ ਭਈਏ ਬੱਸ ਵਿੱਚ ਜ਼ਿਆਦਾ ਸਨ। ਇੱਕ ਭਈਆ ਟਿਕਟਾਂ ਮੰਗਦਾ ਹੋਇਆ ਕਹਿਣ ਲੱਗਾ, "ਟਾਂਗ ਕਟੇ ਜਾਣਾ ਹੈ ਪਾਂਚ ਟਿਕਟ ਦੇਦੋ, ਤਾਂ ਮੈਂ ਕਿਹਾ ਸਹੁਰੀ ਦਿਓ, ਇਹ ਪੰਜਾਬ ਐ… ਬਿਹਾਰ ਨਹੀਂ ਐ, ਸਾਡੇ ਪਿੰਡਾਂ ਦੇ ਨਾਮ ਲਵੋ, ਬਥੇਰਾ ਰੌਲਾ ਰੂਲਾ ਪਾਇਆ, ਕਦੇ ਮੈਂ ਉਨ੍ਹਾਂ ਨੂੰ ਬੱਸ ਚੋਂ ਉਤਾਰਾਂ, ਕਦੇ ਕੁਸ਼ ਤੇ ਕਦੇ ਕੁਸ਼ ਮੇਰਾ ਪਹਿਲਾ ਦਿਨ ਸੀ ਨਿਹਾਲੀਏ ਡਰਾਈਵਰ ਉਨ੍ਹਾਂ ਮਾਲਕਾਂ ਦਾ ਆਪਣਾ ਕੋਈ ਰਿਸ਼ਤੇਦਾਰ ਸੀ।
ਏਨਾ ਕਰਦੇ ਕਰਾਉਂਦੇ ਨਿਹਾਲੀਏ ਪਿੰਡ 'ਲੰਗੇਆਣਾ' ਆ ਗਿਆ ਤੇ ਭਈਏ ਸਹੁਰੀ ਦੇ ਮਾਰ ਕੇ ਛਾਲ ਦੌੜ ਗਏ, ਕਹਿੰਦੇ, ਆ ਗਿਆ ਟਾਂਗ ਕਟਾ ਬਗੈਰ ਟਿਕਟ ਤੋਂ ਹੀ ਭੱਜਗੇ।
ਨਿਹਾਲੀਏ, ਜਿਉਂ ਹੀ ਮੈਂ ਉਸਤੋਂ ਅਗਲੇ ਭਈਆਂ ਨੂੰ ਟਿਕਟ ਲੈਣ ਵਾਸਤੇ ਕਿਹਾ ਤਾਂ ਕਹਿੰਦੇ ਮੁਝ ਕੋ ੪ ਟਿਕਟ ਸਿਰ ਕਟੇ ਕੀ ਦੇ ਦੋ… ਨਿਹਾਲੀਏ ਮੈਂ ਫੇਰ ਛਿੰਛੋਪੰਜ 'ਚ ਪੈ ਗਿਆ, ਵਈ ਸਹੁਰੀ ਦੇ ਇਹ ਕਹਿੰਦੇ ਕੀ ਐ… ਤਾਂ ਮੈ ਉਨ੍ਹਾਂ ਨੂੰ ਫੇਰ ਕਿਹਾ ਕਿ ਭਾਈ ਸਾਹਿਬ ਇਹ ਪੰਜਾਬ ਐ, ਯੂ.ਪੀ. ਜਾਂ ਬਿਹਾਰ ਨਹੀਂ ਐ, ਇਧਰ ਕੋਈ ਸਿਰ ਕੱਟਿਆ ਵਾਲਾ ਨਹੀਂ ਹੈ ਨਾਲੇ ਕੰਜਰ ਦਿਓ ਜੇ ਸਿਰ ਹੀ ਕੱਟਿਆ ਗਿਆ ਤਾਂ ਬਾਕੀ ਰਹਿ ਕੀ ਗਿਆ। ਲੜਦੇ-ਝਗੜਦੇ ਨਿਹਾਲੀਏ ਜਿਉਂ ਹੀ 'ਰੋਡੇ' ਪਿੰਡ ਦੇ ਬੱਸ ਅੱਡੇ ਤੇ ਬੱਸ ਰੁਕੀ, ਤਾਂ ਪਤੰਦਰ ਬਗੈਰ ਟਿਕਟ ਕਟਵਾਏ ਤੋਂ ਉਹ ਵੀ ੪ ਜਾਣੇ ਦੌੜ ਗਏ ਮੈਂ ਰਹਿ ਗਿਆ ਅਵਾਜ਼ਾਂ ਮਾਰਦਾ……
ਅੱਗੇ ਨਿਹਾਲੀਏ ਜਦੋਂ ਮੈਂ ਵਿਚਾਲੇ ਬੈਠ ਭਈਆ ਕੋਲ ਪਹੁੰਚਿਆ ਤਾਂ ਉਹ ਕਹਿੰਦੇ ਮੁਝ ਕੋ ੧੦ ਟਿਕਟੇ ਦੁੰਬ ਕਟੇ ਕੀ ਦੀਜੀਏ, ਫੇਰ ਮੈਂ ਨਿਹਾਲੀਏ ਉਨ੍ਹਾਂ ਨਾਲ ਗਰਮ ਹੋ ਗਿਆ, ਵਈ ਸਹੁਰੀ ਦੇ, ਇਹ ਮੈਨੂੰ ਹੀ ਉੱਲੂ ਬਣਾਈ ਜਾਂਦੇ ਨੇ ਉਨ੍ਹਾਂ ਨੂੰ ਮੈਂ ਫੇਰ ਕਿਹਾ ਕਿ ਭਾਈ ਸਾਹਿਬ ਇਹ ਪੰਜਾਬ ਐ, ਨੇਪਾਲ ਨਹੀਂ ਐ, ਇਧਰ ਕੋਈ ਦੂੰਬ ਕਟਾ ਨਹੀਂ ਹੈ ਏਨੇ ਨੂੰ ਨਿਹਾਲੀਏ ਲੜਦੇ-ਝਗੜਦੇ 'ਲੰਡੇ' ਪਿੰਡ ਦਾ ਅੱਡਾ ਆ ਗਿਆ ਤਾਂ ਉਹ ਵੀ ਪਤੰਦਰ ੧੦ ਜਾਣੇਂ ਮਾਰ ਕੇ ਛਾਲਾਂ ਭੱਜ ਗਏ।
ਫੇਰ ਨਿਹਾਲੀਏ ਜਿਉਂ ਹੀ ਮੈਂ ਉਸਤੋਂ ਅੱਗੇ ਬੈਠੇ ਭਈਆਂ ਨੂੰ ਟਿਕਟ ਲੈਣ ਲਈ ਕਿਹਾ ਤਾਂ ਉਹ ਕਹਿੰਦੇ ਕਿ ਸਾਤ ਟਿਕਟੇਂ ਛੋਟੇ ਸਾਬ੍ਹ ਕਿ ਦੀਜੀਏ। ਮੈਂ ਫਿਰ ਉਹਨਾਂ ਨਾਲ ਖਹਿਬੜਨ ਲੱਗਾ ਕਿ ਇਹ ਬੱਸ ਐ, ਕੋਈ ਦਫਤਰ ਨਹੀਂ ਹੈ ਜਿੱਥੇ ਵੱਡਾ-ਛੋਟਾ ਸਾਹਿਬ ਬੈਠਾ ਹੋਵੇ। ਐਨੇ ਨੂੰ ਨਿਹਾਲੀਏ 'ਸਮਾਲਸਰ' ਸ਼ਹਿਰ ਆ ਗਿਆ ਤੇ ਪਤੰਦਰ ਕਹਿੰਦੇ ਆ ਗਿਆ ਹਮਾਰਾ ਸਟੇਸ਼ਨ। ਬੱਸ ਰੁਕਦੇ-ਰੁਕਦੇ ਪਤੰਦਰ ਬਗੈਰ ਟਿਕਟੋਂ ਛਾਲਾਂ ਮਾਰਦੇ ਭੱਜ ਗਏ।
ਅੱਗੇ ਜਦੋਂ ਬੱਸ 'ਸਮਾਲਸਰ' ਤੋਂ ਸੇਖੇ ਵਿਚਦੀ ਹੁੰਦੀ ਹੋਈ ਜਦੋਂ ਚੱਲਣ ਲੱਗੀ ਤਾਂ ਪਿੱਛੇ ਬੈਠੇ ਭਈਆ ਨੂੰ ਮੈਂ ਟਿਕਟ ਲੈਣ ਲਈ ਕਿਹਾ ਬੱਸ ਵਿਚ ਨਿਹਾਲੀਏ ਭੀੜ ਜ਼ਿਆਦਾ ਸੀ। ਭਈਏ ਮੈਨੂੰ ਕਹਿਣ ਕਿ ਅਗਲੇ ਗਾਉਂ ਦੀ ਟਿਕਟ ਦੇ… ਮੈਂ ਕਿਹਾ ਪਿੰਡ ਦਾ ਨਾਂਅ ਲੈ ਕੇ ਦੱਸੋ, ਪਰ ਭਈਏ ਪਿੰਡ ਦਾ ਨਾਂਅ ਭੁੱਲਗੇ। ਮੈਂ ਕਿਹਾ ਤੁਸੀਂ ਯਾਦ ਕਰੋ ਮੈਂ ਬਾਕੀ ਟਿਕਟਾਂ ਕੱਟ ਲਵਾਂ।
ਏਨੇ ਨੂੰ ਨਿਹਾਲੀਏ ਕਿਤੇ ਉਹਨਾਂ ਦੇ ਪਿੰਡ ਯਾਦ ਆ ਗਿਆ ਤੇ ਉਧਰੋਂ ਤਾਂ ਪਿੰਡ ਦਾ ਬੱਸ ਅੱਡਾ ਆ ਗਿਆ ਉਧਰੋਂ ਬੱਸ ਤੇਜ਼ ਸੀ ਤੇ ਉੱਤੋਂ ਕੀ ਪਤੰਦਰ ਲੱਗ ਪਏ ਰੌਲਾ ਪਾਉ ਕਿ ਕਨਿਕਟਰ ਸਾਬ੍ਹ, ਟੱਟੀ ਭਾਈ…ਟੱਟੀ ਭਾਈ…ਟੱਟੀ ਭਾਈ… ।
ਫੇਰ ਨਿਹਾਲੀਏ ਟੱਟੀ ਦਾ ਨਾਂਅ ਸੁਣਦੇ ਸਾਰ ਹੀ ਸਾਰਿਆਂ ਨੇ ਨੱਕ 'ਚ ਰੁਮਾਲ-ਚੁੰਨੀਆਂ ਥੁੰਨ ਲਈਆਂ। ਮੈਂ ਵਿਸਲ ਮਾਰੀ ਤੇ ਉਨ੍ਹਾਂ ਨੂੰ ਧੱਕਾ ਮਾਰਦਿਆਂ ਕਿਹਾ ਕਿ ਕੰਜਰੋ ਜੇ ਟੱਟੀ ਆਉਂਦੀ ਸੀ ਤਾਂ ਪਹਿਲਾਂ ਕਿਉਂ ਨਾ ਦੱਸਿਆਂ ਸਾਡੀ ਬੱਸ ਵਿੱਚ ਗੰਦ ਪਾ ਕੇ ਰੱਖ ਦਿੱਤਾ।
ਨਿਹਾਲੀਏ ਜਿਉਂ ਹੀ ਬੱਸ ਅੱਡੇ ਤੇ ਰੁਕੀ ਤਾਂ ਉਹ ਵੀ ਸਾਰੇ ਜਾਣੇ ਬਗੈਰ ਟਿਕਟ ਤੋਂ ਭੱਜ ਗਏ।
ਨਿਹਾਲੀ:- ਪਰ ਉਹ ਕਾਹਤੋਂ ਬਗੈਰ ਟਿਕਟ ਤੋਂ ਭੱਜੇ, ਨਾਲੇ ਬੱਸ ਵਿੱਚ ਟੱਟੀ ਕਰਗੇ ।
ਦਰਅਸਲ ਨਿਹਾਲੀਏ ਉਨ੍ਹਾਂ ਨੇ ਪਿੰਡ 'ਠੱਠੀ ਭਾਈ' ਉਤਰਨਾ ਸੀ ਨਾ ਕਿ ਬੱਸ ਵਿੱਚ ਉਨ੍ਹਾਂ ਦੀ ਟੱਟੀ ਨਿਕਲੀ ।
ਸੋ ਏਸ ਕਰਕੇ ਨਿਹਾਲੀਏ ਜਿੰਨੇ ਭਾਈਏ ਉਨੇ ਮੁਫਤ ਸਫਰ ਕਰ ਗਏ । ਤੇ ਡਰਾਈਵਰ ਨੇ ਸਾਰਾ ਕੁਝ ਮਾਲਕਾਂ ਨੂੰ ਦੱਸ ਦਿੱਤਾ ਤੇ ਏਥੋਂ ਵੀ ਮੇਰੀ ਫੱਟੀ ਪੋਚੀ ਗਈ…… ।