ਵਿਸ਼ਵੀਕਰਨ ਦੌਰ ਦੀ ਸਮਾਜਿਕਤਾ ਦੇ ਹਕੀਕੀ ਰੰਗ ਉਘੇੜਦਾ ਕਹਾਣੀ ਸੰਗ੍ਰਿਹ: ਤਿੜਕਦੇ ਰਿਸ਼ਤੇ
ਸੰਸਾਰੀਕਰਨ ਤੇ ਉਦਾਰੀਕਰਨ ਦੀ ਤੇਜ ਰਫ਼ਤਾਰ ਆਮਦ ਤੇ ਇਸ ਦੇ ਪ੍ਰਚਾਰ ਸਾਧਨਾ ਨੇ ਸਾਡੀ ਸੋਚ, ਅਮਲ ਤੇ ਵਰਤੋਂ ਵਿਵਹਾਰ ਨੂੰ ਇਸ ਹੱਦ ਤੱਕ ਆਪਣੇ ਪ੍ਰਭਾਵ ਵਿਚ ਲੈ ਲਿਆ ਕਿ ਅਸੀਂ ਇਸਦਾ ਮਨੁੱਖ ਤੇ ਮਨੁੱਖਤਾ ਵਿਰੋਧੀ ਖਾਸਾ ਪਹਿਚਾਣਦੇ ਹੋਏ ਵੀ ਸਾਬਤ ਕਦਮੀ ਨਾਲ ਵਿਰੋਧ ਨਹੀਂ ਕਰ ਪਾ ਰਹੇ । ਬਹੁਤ ਸਾਰੇ ਲੋਕ ਤਾਂ ਆਪਣੇ ਨਾਲ ਵਾਪਰ ਇਸ ਵਰਤਾਰੇ ਨੂੰ ਸੁਚੇਤ ਪੱਧਰ ਤੇ ਪਹਿਚਾਣਦੇ ਵੀ ਨਹੀ । ਵਿਸ਼ਵੀਕਰਨ ਦੇ ਹਿਮਾਇਤੀਆਂ ਵੱਲੌਂ ਪ੍ਰਚਾਰੇ ਜਾ ਰਹੇ ਅਰਥਾਂ ਅਨੁਸਾਰ ਤਾਂ ਸਾਰੀ ਦੁਨੀਆਂ ਆਪਸ ਵਿਚ ਜੁੜ ਚੱਕੀ ਹੈ ਤੇ ਸੰਸਾਰ ਇੱਕ ਸਾਂਝੇ ਮਨੁੱਖੀ ਭਾਈਚਾਰੇ ਵੱਲ ਵੱਧ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਕੁਝ ਧਨਾਢ ਮੁਲਕਾਂ ਦੇ ਧਨਾਢ ਘਰਾਣੇ(ਕਾਰਪੋਰੇਟ ਜਗਤ) ਤੇ ਇਹਨਾਂ ਦੇ ਭਾਰਤ ਵਿਚਲੇ ਦਲਾਲ ਹੀ ਇਸ ਕਥਿਤ ਵਿਸ਼ਵ ਏਕਤਾ ਦਾ ਪ੍ਰਚਾਰ ਕਰ ਰਹੇ ਹਨ । ਜੇ ਥੋੜਾ ਗਹੁ ਨਾਲ ਵੇਖੀਏ ਤਾਂ ਇਹਨਾਂ ਪ੍ਰਚਾਰਕਾਂ ਦੇ ਸਾਰੇ ਯਤਨ ਸੰਸਾਰੀਕਰਨ ਨੂੰ ਬਜ਼ਾਰੀਕਰਨ ਦਾ ਰੂਪ ਦੇਣ ਵੱਲ ਸੇਧਤ ਹਨ। ਉਹਨਾਂ ਦਾ ਜੋਰ ਮਨੁੱਖੀ ਭਾਈਚਾਰੇ ਦੇ ਉਸਾਰ ਤੇ ਨਹੀਂ ਸਗੋਂ ਇੱਕ ਵਿਸ਼ਵ ਬਜਾਰ ਜਾ ਸਾਂਝੀ ਵਿਸ਼ਵ ਮੰਡੀ ਕਾਇਮ ਕਰਨ ਤੇ ਲੱਗ ਰਿਹਾ ਹੈ। ਇਸ ਵਿਕਸਿਤ ਹੋ ਸੰਸਾਰ ਮੰਡੀ ਦਾ ਇੱਕੋ ਇਕ ਉਦੇਸ਼ ਗਰੀਬ ਤੇ ਵਿਕਾਸਸ਼ੀਲ ਮੁਲਕਾਂ ਵਿਚ ਖਪਤ ਸਭਿਆਚਾਰ ਨੂੰ ਉਤਸ਼ਾਹਿਤ ਕਰਕੇ ਇਹਨਾਂ ਘਰਾਣਿਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ।
ਵਿਸ਼ਵੀਕਰਨ ਦੇ ਪ੍ਰਚਾਰ ਸਾਧਨਾਂ ਦੇ ਪ੍ਰਭਾਵ ਅਧੀਨ ਵੱਧੀਆਂ ਸਾਡੀਆਂ ਉਪ-ਭੋਗੀ ਜ਼ਰੂਰਤਾਂ ਨੇ ਸਾਡੀ ਜੀਵਨ ਜਾਂਚ ਦੀ ਦਸ਼ਾ ਤੇ ਦਿਸ਼ਾ ਹੀ ਬਦਲ ਦਿੱਤੀ ਹੈ। ਪੂੰਜੀ ਤੇ ਇਸ ਦੀ ਖਰੀਦ ਸ਼ਕਤੀ ਦੇ ਦਾਇਰੇ ਵਿਚ ਆਉਣ ਵਾਲੀਆਂ ਸਾਡੀਆਂ ਉਪ ਭੋਗੀ ਲੋੜਾਂ ਦੀ ਪ੍ਰਾਪਤੀ ਲਈ ਜ਼ਾਰੀ ਅੰਧਾਂ ਧੁੰਦ ਤੇ ਅੰਤਹੀਣ ਦੌੜ ਵਿਚ ਸ਼ਾਮਿਲ ਹੋ ਕੇ ਅਸੀਂ ਨਾਂ ਕੇਵਲ ਆਪਣੇ ਜੀਵਨ ਦੀ ਅਸਲ ਤੇ ਲੋਕਾਇਤੀ ਪਹਿਚਾਣ ਗੁਆਉਂਦੇ ਜਾ ਰਹੇ ਹਾਂ ਸਗੋਂ ਸਮਾਜ ਦੇ ਦੂਜੇ ਲੋਕਾਂ ਦੇ ਕੰਮ ਆਉਣ ਲਈ ਪ੍ਰੇਰਣ ਵਾਲੇ ਆਪਣੇ ਮਨੁੱਖੀ ਖਾਸੇ ਨਾਲੋਂ ਵੀ ਟੁੱਟਦੇ ਜਾ ਰਹੇ ਹਾਂ। ਆਧੁਨਿਕ ਵਿਸ਼ਵੀ ਮਨੁੱਖ ਆਪਣੇ ਥੋੜੇ ਜਿਹੇ ਆਰਥਿਕ ਲਾਭ ਲਈ ਦੂਜੇ ਦਾ ਵੱਡੇ ਤੋਂ ਵੱਡਾ ਨੁਕਸਾਨ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਜੀਵਨ ਦੀ ਸਹਿਜ ਤੇ ਸਦਭਾਵੀ ਧਾਰਾ ਨਾਲੋਂ ਟੁੱਟ ਕੇ ਉਪ- ਭੋਗੀ ਵਿਸਵੀ ਸਭਿਆਚਾਰ ਨਾਲ ਜੁੜਣ ਦੀ ਪ੍ਰੀਕ੍ਰਿਆ ਨੇ ਸਮਾਜ ਸਮਾਜਿਕਤਾ ਤੇ ਸਮਾਜਿਕ ਫਰਜ਼ਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਭੰਗ ਦਿੱਤਾ ਹੈ। ਇਸ ਸਮੁੱਚੇ ਵਰਤਾਰੇ ਨੂੰ ਸਮਝਣ ਤੇ ਸਮਝਾਉਣ ਦੀ ਲੋੜ ਸਮਾਜ ਦੇ ਚੇਤੰਨ ਤੇ ਜਾਗਰੂਕ ਕਹੇ ਜਾਂਦੇ ਲੇਖਕ ਵਰਗ ਲਈ ਵੀ ਵੱਡੀ ਚਨੌਤੀ ਬਣੀ ਹੋਈ ਹੈ। ਹੋਰ ਸਾਹਿਤ ਵਿਧਾਵਾਂ ਵਾਂਗ ਪੰਜਾਬੀ ਕਹਾਣੀ ਵਿਧਾ ਨੇ ਨਾਂ ਕੇਵਲ ਇਸ ਚਨੌਤੀ ਨੂੰ ਸਵਿਕਾਰਿਆ ਹੈ ਸਗੋਂ ਇਸ ਵਰਤਾਰੇ ਨੂੰ ਆਪਣੇ ਅਨੁਭਵ ਤੇ ਅਭਿਵਿਅਕਤੀ ਦਾ ਮੁੱਖ ਵਿਸ਼ਾ ਵੀ ਬਣਾ ਲਿਆ ਹੈ । ਪਿਛਲੇ ਦੋ ਤਿੰਨ ਦਹਾਕਿਆ ਦੌਰਾਨ ਲਿੱਖੀਆਂ ਗਈਆਂ ਪੰਜਾਬੀ ਭਾਸ਼ਾ ਦੀਆਂ 90 ਫੀਸਦੀ ਕਹਾਣੀਆਂ ਸਾਂਝੀਵਾਲਤਾ ਦੇ ਅਧਾਰ ਵਾਲੀ ਪੁਰਾਣੀ ਸਮਾਜਿਕਤਾ ਤੇ ਵਿਸ਼ਵੀ ਯੁਗ ਦੇ ਨਵੀ ਵਿਆਕਤੀਵਾਦੀ ਸੋਚ ਦੇ ਤਣਾੳ ਤੇ ਟਕਰਾੳ ਵਿਚੋਂ ਉਪਜੇ ਅੰਤਰ ਦਵੰਦ ਨੂੰ ਪੇਸ਼ ਕਰਨ ਵੱਲ ਰੁਚਿੱਤ ਵਿਖਾਈ ਦੇਂਦੀਆਂ ਹਨ ।
ਸਾਹਿਤ ਪੱਤਰ 'ਕਲਾਕਾਰ ਸਾਹਿਤਕ' ਵੱਲੋਂ ਕਰਵਾਏ ਜਾਂਦੇ ਸਲਾਨਾ ਨਰਾਇਣ ਸਿੰਘ ਭੱਠਲ ਯਾਦਗਾਰੀ ਕਹਾਣੀ ਮੁਕਾਬਲੇ ਦੀ ਪ੍ਰੀਕ੍ਰਿਆ ਵਿਚੋਂ ਵਿੱਚੋ ਲੰਘ ਕੇ ਆਈਆਂ ਕਹਾਣੀਆਂ ਨਾਲ ਸਬੰਧਤ ਕੰਵਰਜੀਤ ਭੱਠਲ ਵੱਲੋ ਸੰਪਾਦਿਤ ਹੱਥਲਾ ਕਹਾਣੀ ਸੰਗ੍ਰਿਹ 'ਤਿੜਕਦੇ ਰਿਸ਼ਤੇ' ਵੀ ਵਿਸ਼ਵੀ ਦੌਰ ਵਿਚ ਵਿਕਸਿਤ ਹੋ ਰਹੀ ਨਵ -ਸਮਾਜਿਕਤਾ ਵੱਲੌਂ ਸਮਾਜਿਕ ਤੇ ਪਰਿਵਾਰਕ ਰਿਸ਼ਤਿਆ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਬਾਰੇ ਭਾਵ ਪੂਰਤ ਜ਼ਾਇਜ਼ਾ ਪੇਸ਼ ਕਰਦਾ ਹੈ। ਭਾਵੇਂ ਇਸ ਪੁਸਤਕ ਵਿਚ 'ਤਿੜਕਦੇ ਰਿਸ਼ਤੇ' ਨਾਂ ਦੀ ਕੋਈ ਵੀ ਕਹਾਣੀ ਸ਼ਾਮਿਲ ਨਹੀਂ ਹੈ ਪਰ ਸੰਗ੍ਰਿਹ ਦੀਆਂ ਸਾਰੀਆਂ ਕਹਾਣੀਆਂ ਵਿੱਚੋਂ ਆਧੁਨਿਕ ਮਨੁੱਖ ਦੀ ਨਿੱਜ਼ ਪ੍ਰਸਤ ਸੋਚ ਕਾਰਨ ਤਿੜਕ ਰਹੇ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੀ ਹੂਕ ਵਰਗੀ ਅਵਾਜ਼ ਨੂੰ ਸੁਣਿਆ ਜਾ ਸਕਦਾ ਹੈ। ਇਸ ਤਰਾਂ ਪੁਸਤਕ ਦਾ ਟਾਈਟਲ ਸਿਰਲੇਖ ਇਸ ਦੇ ਸੰਪਾਦਨ ਦੀ ਮੂਲ ਭਾਵਨਾ ਨਾਲ ਪੂਰਾ ਇੰਨਸਾਫ਼ ਕਰਦਾ ਹੈ । ਪੁਸਤਕ ਦਾ ਸਮਰਪਣ ਵੀ ਇਸ ਮੂਲ ਭਾਵਨਾਂ ਅਨੁਸਾਰ ਹੀ ਉਹਨਾਂ ਅਣਹੋਇਆ ਦੇ ਨਾ ਕੀਤਾ ਗਿਆ ਹੈ ਜਿਹਨਾ ਨੂੰ ਨਾ ਤਾਂ ਰਿਸ਼ਤਿਆ ਦੀ ਪਹਿਚਾਣ ਰਹੀ ਹੇ ਤੇ ਨਾ ਹੀ ਕਦਰ। ਇਸ ਪੁਸਤਕ ਵਿਚਲੇ ਵਧੇਰੇ ਕਹਾਣੀਕਾਰ ਨੌਜਵਾਨ ਪੀੜ•ੀ ਦੀ ਪ੍ਰਤੀਨਿਧਤਾ ਕਰਦੇ ਹਨ ਇਸ ਲਈ ਸਮਾਜਿਕ ਰਿਸ਼ਤਿਆਂ ਬਾਰੇ ਇਹਨਾ ਦਾ ਅਨੁਭਵ ਵੀ ਤੀਜੀ ਪੀੜੀ ਦੇ ਕਹਾਣੀ ਕਾਰਾਂ ਨਾਲੋਂ ਨਵਾਂ ਤੇ ਨਿਵੇਕਲਾ ਹੈ।
ਇਸ ਸੰਗ੍ਰਿਹ ਦੀਆ ਕਹਾਣੀਆਂ ਸੰਸਾਰ ਦੇ ਸਾਂਝੇ ਬਜਾਰ ਵਲੋਂ ਸਾਡੇ ਸਮਾਜਿਕ ਰਿਸ਼ਤਿਆਂ ਵਿਚ ਕੀਤੀ ਜਾ ਰਹੀ ਸਿੱਧੀ ਦਖਲਅੰਦਾਜ਼ੀ ਦੇ ਘਾਤਕ ਨਤਿਜਿਆਂ ਨੂੰ ਬਹੁਤ ਸਜੀਵ ਰੂਪ ਵਿਚ ਰੂਪਮਾਨ ਕਰਦੀਆ ਹਨ । ਡਾ: ਕੁਲਬੀਰ ਕੌਰ ਦੀ ਕਹਾਣੀ 'ਮ੍ਰਿਤ ਲੋਕ' ਦਾ ਮੁੱਖ ਪਾਤਰ ਅਮਰ ਜਦੋਂ ਆਪਣੀ ਪਤਨੀ ਨਿਸ਼ਾ ਦੀਆ ਇੱਛਾਵਾਂ ਤੇ ਉਪਭੋਗੀ ਜ਼ਰੂਰਤਾ ਨੂੰ ਪੂਰਾ ਨਹੀਂ ਕਰ ਸਕਦਾ ਤਾਂ ਪਤੀ ਪਤਨੀ ਦੇ ਰਿਸ਼ਤੇ ਵਿਚ ਪੂਰੀ ਖਟਾਸ ਆ ਜਾਂਦੀ ਹੈ। ਕਹਾਣੀ ਸਮਾਜ, ਸਮਾਜਿਕਤਾ ਤੇ ਸਮਾਜੀ ਕਦਰਾਂ ਕੀਮਤਾਂ 'ਤੇ ਬਜ਼ਾਰ ਦੇ ਵੱਧ ਰਹੇ ਪ੍ਰਭਾਵ ਨੂੰ ਇਹਨਾਂ ਭਾਵਪੂਰਤ ਵਿਚ ਸ਼ਬਦਾਂ ਵਿਚ ਬਿਆਨਦੀ ਹੈ-
”ਬਜ਼ਾਰ ਵੱਧ ਰਿਹਾ ਹੈ,ਪਰ ਖਪਤਕਾਰ ਉਸ ਦਾ ਸਾਥ ਦੇਣ ਤੋਂ ਅਸਮਰੱਥ ਹੈ । ਇਸ ਮਸ਼ਿਨੀ ਪ੍ਰਤਿਭਾ ਨੇ ਉਸ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਸੀ। ਇਕ ਉੱਚ ਦਾ ਰੁਤਬਾ ਵਿੱਖਾ ਕੇ ਮੁੜ ਭੁੰਜੇ ਲਿਆ ਕੇ ਖੜ•ਾ ਕਰ ਦਿੱਤਾ ਸੀ।ਨਿਸ਼ਾ ਰਾਮ ਨਾਲ ਬਣਵਾਸ ਕੱਟਣ ਵਾਲੀ ਸੀਤਾ ਨਹੀਂ ਉਹ ਤਾਂ ਅਯਾਸ ਬਜ਼ਾਰ ਵਿਚ ਗੁੱਡੀਆਂ ਉਡਾਉਣ ਵਾਲੀ ਔਰਤ ਹੈ”।
ਡਾ: ਕਰਮਜੀਤ ਸਿੰਘ ਨਡਾਲਾ ਦੀ ਕਹਾਣੀ 'ਚੱਕਰਵਿਊ' ਅਨੁਸਾਰ ਅਜੋਕੇ ਯੁਗ ਵਿਚ ਪਰਿਵਾਰਕ ਰਿਸ਼ਤੇ ਵੀ ਏਨੇ ਗੁੰਝਲਦਾਰ ਤੇ ਜਟਿਲ ਬਣ ਗਏ ਹਨ ਕਿ ਹਰ ਸੰਵੇਦਨਸ਼ੀਲ ਵਿਅਕਤੀ ਆਪਣੇ ਆਪ ਨੂੰ ਇਹਨਾਂ ਰਿਸ਼ਤਿਆਂ ਦੇ ਚੱਕਰਵਿਊ ਵਿਚ ਫੱਸਿਆ ਮਹਿਸੂਸ ਕਰਦਾ ਹੈ। ਇਸ ਕਹਾਣੀ ਵਿਚਲਾ ਡਾਕਟਰ ਪਤੀ ਆਪਣੀ ਝਗੜਾਲੂ ਤੇ ਚਿੜਚਿੜੇ ਸੁਭਾਅ ਦੀ ਪਤਨੀ ਨਾਲ ਰਿਸ਼ਤਾ ਬਣਾਈ ਰੱਖਣ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪਰ ਪਤਨੀ ਦੀ ਹਾਊਮੇ ਤੇ ਨਾ- ਸਮਝੀ ਕਾਰਨ ਉਸ ਦੀਆਂ ਸਾਰੀਆਂ ਕੋਸ਼ਿਸ਼ਾ ਉਲਟ ਨਤੀਜਾ ਹੀ ਦੇਂਦੀਆਂ ਹਨ ।ਉਹ ਨਾਂ ਤਾਂ ਆਪਣੀ ਪਤਨੀ ਦਾ ਪਿਆਰ ਹੀ ਹਾਸਿਲ ਕਰ ਪਾਉਂਦਾ ਹੈ ਤੇ ਨਾ ਹੀ ਉਸ ਤੋਂ ਛੁਟਕਾਰਾ ਹਾਸਿਲ ਕਰ ਸਕਦਾ ਹੈ । ਕਹਾਣੀ ਦੇ ਵਿਸਲੇਸ਼ਣੀ ਮੱਤ ਅਨੁਸਾਰ ਦਵੰਦਾ ਤੇ ਦੁਬਿਧਾਵਾਂ ਵਿਚ ਉਲਝੇ ਪਰਿਵਾਰਕ ਰਿਸ਼ਤੇ ਹੀ ਸਾਡੀ ਆਜੋਕੀ ਸਮਾਜਿਕਤਾ ਦਾ ਮੂੰਹ ਬੋਲਦਾ ਸੱਚ ਹਨ।
ਗੁਰਮੀਤ ਪਨਾਗ(ਕੈਂਨੇਡਾ) ਦੀ ਕਹਾਣੀ 'ਜਿਨਾਂ ਦੇ ਰੂਪ ਨੇ ਸੋਹਣੇ' ਇਸ ਸੱਚ ਦਾ ਖੁਲਾਸਾ ਕਰਦੀ ਹੈ ਕਿ ਵਿਸ਼ਵੀਕਰਨ ਦੇ ਦੌਰ ਵਿਚ ਸਾਡੇ ਸਮਾਜਿਕ ਰਿਸ਼ਤੇ ਨਿੱਜ਼ੀ ਮੁਨਾਫੇ ਤੇ ਸਵੈ ਹਿੱਤਾਂ ਲਈ ਵਰਤੇ ਜਾਣ ਵਾਲੀ ਵਸਤੂ ਬਣਦੇ ਜਾ ਰਹੇ ਹਨ । ਕਹਾਣੀ ਅਨੁਸਾਰ ਵਿਦੇਸ਼ ਵਿਚ ਜਾ ਕੇ ਅਮੀਰ ਬਨਣ ਸਬੰਧੀ ਭਾਰਤੀਆਂ ਦੀ ਵੱਧ ਰਹੀ ਲਾਲਸਾ ਨੇ ਸਾਡੀਆ ਧੀਆਂ ਭੈਣਾ ਨੂੰ ਇੱਕ ਅਜਿਹੀ ਪੌੜੀ ਦਾ ਰੂਪ ਦੇ ਦਿੱਤਾ ਹੈ ਜਿਸ ਤੇ ਚੜ• ਕੇ ਮਾਤਾ ਪਿਤਾ ਜਾਂ ਭਰਾ ਵਿਦੇਸ਼ੀ ਧਰਤੀ ਤੇ ਪੈਰ ਟਿਕਾਉਣ ਦੀ ਕੋਸ਼ਿਸ ਵਿਚ ਰਹਿੰਦੇ ਹਨ। ਵਿਦੇਸ਼ੀ ਡਾਲਰਾਂ ਦੇ ਲਾਲਚ ਵਿਚ ਅੰਨ•ੇ ਹੋਏ ਲੋਕਾਂ ਦੀ ਮੁਨਾਫੇ ਖੋਰ ਮਾਨਸਿਕਤਾ ਨੂੰ ਕਹਾਣੀ ਇਹਨਾ ਸ਼ਬਦਾਂ ਨਾਲ ਉਘੇੜਦੀ ਹੈ-
“ ਦੀਦੀ ਕਿਹੜਾ ਭੜੂਆ ਪਤਾ ਕਰਦੈ ਪਿਛੋਕੜਾਂ ਦਾ, ਨਾਲੇ ਦਿਮਾਗੀ ਨੁਕਸ਼ਾ ਦਾ, ਜਦੋਂ ਕੈਨੇਡਾ ਆਲੀ ਪੂਛ ਲਗੀ ਹੁੰਦੀ ਹੈ ਤਾਂ ਨੇਰੀ ਆ ਜਾਂਦੀ ਆ ਜਾਂਦੀ ਐ ਅੱਖਾਂ ਮੂਹਰੇ” ।
“ ਪੁੱਤ ਅਜੰਟ ਤਾਂ ਚਾਲੀ ਚਾਲੀ ਲੱਖ ਮੰਗਦੇ ਨੇ ਇਕ ਬੰਦੇ ਨੂੰ ਬਾਹਰ ਕੱਢਣ ਦਾ , ਜੇ ਤੂੰ ਅੜ ਗਈ ਤਾਂ ਆਪਣੇ ਲੁੰਗ ਲਾਣੇ ਦਾ ਕੀ ਬਣੂ, ਚਲ ਮੇਰੀ ਬੀਬੀ ਧੀ ਮੂੰਹ ਹੱਥ ਧੋ ਲੈ ਤੇ ਕਪੜੇ ਬਦਲ ਲੈ” ।
ਰਿਸ਼ਤਿਆ ਦੀ ਵਰਤੋਂ ਸਬੰਧੀ ਵੱਧ ਰਹੇ ਸਵਾਰਥ ਦੀ ਸਿਖਰਲੀ ਉਦਾਹਰਣ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਵਿਦੇਸ਼ ਵਿਚ ਸੈਟ ਹੋਣ ਤੋਂ ਬਾਦ ਮਾਪੇ ਤੇ ਭੈਣ ਭਰਾ ਉਹਨਾਂ ਖਾਤਰ ਮਾਨਸਿਕ ਸੰਤਾਪ ਝਲ ਰਹੀ ਧੀ ਨੂੰ ਉਸ ਦੇ ਹਾਲ ਤੇ ਛੱਡ ਕੇ ਆਪ ਕਿਨਾਰਾ ਕਰ ਲੈਂਦੈ ਹਨ। ਕਹਾਣੀ ਦੀ ਮੁੱਖ ਪਾਤਰ ਸ਼ਰਨ ਮਾਪਿਆਂ ਦੀ ਖੁਸ਼ੀ ਲਈ ਵਿਦੇਸ਼ੀ ਅਧੇੜ ਤੇ ਦਿਮਾਗੀ ਤੌਰ ਤੇ ਨੁਕਸਦਾਰ ਲਾੜੇ ਨਾਲ ਵਿਆਹ ਕਰਵਾ ਕੇ ਅਜਿਹਾ ਸੰਤਾਪ ਭੋਗ ਰਹੀ ਹੈ ਪਰ ਮਾਪਿਆ ਤੇ ਭੈਣ ਭਰਾਵਾਂ ਵਿਚੋ ਕੋਈ ਵੀ ਉਸ ਦੇ ਦੁੱਖਾਂ ਦਾ ਸਾਂਝੀ ਨਹੀ ਬਣਦਾ।
ਸੰਗ੍ਰਿਹ ਵਿਚਲੀਆਂ ਕਹਾਣੀਆਂ ਇਸ ਵਿਸ਼ਲੇਸਣੀ ਸਿੱਟੇ ਨੂੰ ਵਿਸ਼ੇਸ਼ ਤੋਰ ਤੇ ਉਭਾਰਦੀਆਂ ਹਨ ਕਿ ਵਿਸ਼ਵੀਕਰਨ ਦੀ ਲਹਿਰ ਨੇ ਪੂਰਬੀ ਤੇ ਪੱਛਮੀ ਸਭਿਆਚਾਰਾਂ ਵਿਚਕਾਰ ਜਿਹੜੀ ਨੇੜਤਾ ਪੈਦਾ ਕੀਤੀ ਹੈ, ਉਸ ਸਾਡੇ ਸਮਾਜਿਕ ਰਿਸ਼ਤਿਆਂ ਦੀ ਨੈਤਿਕ ਤੇ ਸਦਾਚਾਰਕ ਮਰਿਆਦਾ ਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਹੈ। ਸੰਗ੍ਰਿਹ ਵਿਚ ਸ਼ਾਮਿਲ ਅੰਜਨਾਂ ਸ਼ਿਵਦੀਪ ਦੀ ਕਹਾਣੀ'ਠਹਿਰੀ ਹੋਈ ਚਪੇੜ' ਅਨੁਸਾਰ ਸੰਚਾਰ ਤੇ ਸੂਚਨਾਂ ਦੇ ਖੇਤਰ ਵਿਚ ਆਈ ਵਿਸਵ ਕ੍ਰਾਂਤੀ ਨੇ ਸਾਡੀ ਸੋਚ ਦਾ ਇਸ ਹੱਦ ਤੱਕ ਪੱਛਮੀਕਰਨ ਕਰ ਦਿੱਤਾ ਹੈ ਕਿ ਇੱਕ ਜੁਆਨ ਹੋ ਰਹੀ ਧੀ ਤੇ ਉਸਦਾ ਪਿਉ 'ਮੈਂ ਹੂੰ ਟੂ ਸੈਕਸੀ” ਵਰਗੇ ਅਸ਼ਲੀਲ ਗੀਤ 'ਤੇ ਸ਼ਰੇ ਆਮ ਨੱਚ ਸਕਦੇ ਹਨ ।ਕਹਾਣੀ ਵੱਲੋਂ ਦਿੱਤੀ ਚਿਤਾਵਨੀ ਅਨੁਸਾਰ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਵਿਚ ਆਈ ਸਦਾਚਾਰਕ ਗਿਰਾਵਟ ਇਸ ਪੜਾਅ ਤੱਕ ਪਹੁੰਚ ਗਈ ਹੈ ਕਿ ਫਿਲਮਾਂ ਤੇ ਟੀ.ਵੀ ਪ੍ਰੌਗਰਾਮਾਂ ਵਿਚ ਵੇਖੀਆਂ ਰੇਪ ਦੀ ਘਟਨਾਵਾਂ ਸਾਡੇ ਬੱਚਿਆਂ ਦੀਆ ਖੇਡਾਂ ਦਾ ਬਣਦੀਆਂ ਜਾ ਰਹੀਆ ਹਨ । ਪੱਛਮੀ ਤਰਜ਼ ਦੀ ਸਮਾਜਿਕਤਾ ਅਨੁਸਾਰ ਢੱਲ ਚੁੱਕੀ ਕਿਸ਼ੋਰ ਪੀੜ•ੀ ਦੀ ਮੂੰਹ ਜ਼ੋਰੀ ਅੱਗੇ ਬੇਵੱਸ ਹੋਏ ਮਾਪਿਆਂ ਦੀ ਮਾਨਸਿਕ ਛਟ- ਪਟਾਹਟ ਨੂੰ ਰੂਪਮਾਨ ਕਰਕੇ ਇਹ ਕਹਾਣੀ ਔਲਾਦ ਤੇ ਮਾਪਿਆ ਵਿਚਕਾਰ ਵੱਧ ਰਹੀ ਭਾਵਨਾਤਮਕ ਦੂਰੀ ਨੂੰ ਵੀ ਚੰਗੀ ਤਰਾਂ ਰੂਪਮਾਨ ਕਰ ਜਾਂਦੀ ਹੈ।
ਬਲਜਿੰਦਰ ਅੱਛਣਪੁਰੀਆ ਦੀ ਕਹਾਣੀ' ਹਸ਼ਰ' ਪਛਮ ਦੀ ਬਜਾਇ ਪੂਰਬੀ ਰਹਿਤਲ ਤੋਂ ਸਦਾਚਾਰਕ ਊਰਜ਼ਾ ਪ੍ਰਾਪਤ ਕਰਨ ਵਾਲੇ ਰਿਸ਼ਤਿਆਂ ਦਾ ਪੱਖ ਪੂਰਦੀ ਹੈ। ਕਹਾਣੀ ਅਨੁਸਾਰ ਸਮਾਜਿਕ ਪ੍ਰਵਾਨਗੀ ਤੋਂ ਬਾਹਰ ਜਾ ਕੇ ਜੋੜੇ ਰਿਸ਼ਤੇ ਜਿੱਥੇ ਮਾਨਸਿਕ ਸਕੂਨ ਤੋਂ ਰਹਿਤ ਹੁੰਦੇ ਹਨ ਇੱਥੇ ਇਹਨਾ ਦਾ ਹਸ਼ਰ ਵੀ ਬਹੁਤ ਮਾੜਾ ਹੁੰਦਾ ਹੈ। ਕਹਾਣੀ ਵਿਚ਼ਲੀ ਬਚਨੀ ਤੇ ਮੰਗਲ ਵਿਚਕਾਰ ਜੁੜੇ ਰਿਸ਼ਤੇ ਨੂੰ ਵੀ ਅਜਿਹਾ ਹੀ ਦੁਖਾਂਤ ਭੋਗਣਾ ਪੈਂਦਾ ਹੈ । ਕਹਾਣੀ ਇਹ ਵਰਜਿਤ ਜੋੜਣ ਲਈ ਕੇਵਲ ਮੰਗਲ ਤੇ ਬਚਨੀ ਨੂੰ ਹੀ ਦੋਸ਼ੀ ਕਰਾਰ ਨਹੀਂ ਦੇਂਦੀ ਸਗੋ ਸਾਡੀ ਸਮਾਜਿਕ ਤੇ ਆਰਥਿਕ ਵਿਵਸਥਾ ਨੂੰ ਵੀ ਇਸ ਗੰਭੀਰ ਸੁਆਲ ਦੇ ਰੂ-ਬਰੂ ਕਰਦੀ ਹੈ ਕਿ ਬਚਨੀ ਵਰਗੀਆਂ ਭਰ ਜੁਆਨ ਕੁੜੀਆਂ ਨੂੰ ਆਪਣਾ ਹਾਣ –ਪ੍ਰਵਾਨ ਕਿਉਂ ਨਹੀਂ ਮਿਲਦਾ ਜਾਂ ਮੰਗਲ ਵਰਗੇ ਘੱਟ ਜ਼ਮੀਨ ਦੀ ਮਾਲਕੀ ਵਾਲੇ ਦਰਸ਼ਨੀ ਜੁਆਨ ਛੜੇ ਕਿਉਂ ਰਹਿ ਜਾਂਦੇ ਹਨ?
ਪੂੰਜੀਵਾਦੀ ਚੇਤਨਾ ਗ੍ਰਹਿਣ ਕਰ ਚੁੱਕੀ ਪੇਂਡੂ ਸਮਾਜਿਕਤਾ ਜਦੋਂ ਵਿਸ਼ਵੀ ਕਰਨ ਦੇ ਅਜੋਕੇ ਦੌਰ ਵਿਚ ਨਵ -ਪੂੰਜੀਵਾਦੀ ਸੋਚ ਵੱਲ ਵੱਧ ਰਹੀ ਹੈ ਤਾਂ ਪੇਂਡੂ ਸਮਾਜਿਕ ਸਦਭਾਵਨਾ ਦੇ ਟੁੱਟਣ ਦਾ ਸਿਲਸਲਾ ਵੀ ਹੋਰ ਤੇਜ ਹੋ ਗਿਆ ਹੈ। ਇਸ ਸਦੰਰਭ ਵਿਚ ਲਿੱਖੀ ਮਲਕੀਤ ਸਿੰਘ ਬਿਲਿੰਗ ਦੀ ਕਹਾਣੀ'ਸਿਵੇ ਦਾ ਸੇਕ' ਅਨੁਸਾਰ ਪੇਂਡੂ ਸਮਾਜਿਕ ਸਭਿਆਚਾਰ ਵੀ ਹੁਣ ਮੋਹ , ਪਿਆਰ ਹਮਦਰਦੀ, ਸਾਦਗੀ ਤੇ ਸਮਰਪਣ ਦੇ ਰਵਾਇਤੀ ਭਾਵ ਬੋਧ ਨਾਲੋ ਟੁੱਟ ਕੇ ਵਿਅਕਤੀਗਤ ਖੁਦਗ਼ਰਜ਼ੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਇਸ ਕਹਾਣੀ ਵਿਚਲੇ ਪੰਜ ਪੁੱਤਰਾਂ ਦੇ ਬਾਪੂ ਦੀ ਮੌਤ ਤੋਂ ਬਾਦ ਉਸ ਦੀ ਅਰਥੀ ਨੂੰ ਕੇਵਲ ਇਕ ਪੁੱਤਰ ਦਾ ਹੀ ਮੋਢਾ ਨਸੀਬ ਹੁੰਦਾ ਹੈ । ਉਸ ਦਾ ਇਕ ਪੁੱਤਰ ਪਿਛਲੇ ਸਮੇ ਦੇ ਪੰਜਾਬ ਸੰਕਟ ਦੀ ਭੇਟ ਚੜ• ਜਾਂਦਾ ਹੈ ਤਾਂ ਤਿੰਨ ਹੋਰ ਪੁੱਤਰ ਪੈਸੇ ਦੀ ਹਵਸ ਦੀ ਭੇਟ ਚੜ• ਕੇ ਪਿਉ- ਪੁੱਤ ਦੇ ਰਿਸ਼ਤੇ ਦੀ ਅਹਿਮੀਅਤ ਭੁੱਲ ਜਾਦੇ ਹਨ । ਪੰਜਵਾਂ ਪੁੱਤਰ ਭਾਵੇ ਬਾਪੂ ਵੱਲੋਂ ਪਰਿਵਾਰ ਲਈ ਘਾਲੀ ਘਾਲਣਾ ਨੂੰ ਸੁਚੇਤ ਤੌਰ ਤੇ ਪਹਿਚਾਣਦਾ ਹੈ ਪਰ ਆਪਣੀ ਪਤਨੀ ਤੇ ਭਰਜਾਈ ਵੱਲੋਂ ਬਾਪੂ ਨੂੰ ਵਾਰੋ ਵਾਰੀ ਇਕ ਇਕ ਮਹੀਨਾ ਕੋਲ ਰੱਖਣ ਸਬੰਧੀ ਕੀਤੇ ਫੈਸਲੇ 'ਤੇ ਆਪਣਾ ਵਿਰੋਧ ਦਰਜ਼ ਨਾ ਕਰਵਾ ਕੇ ਉਹ ਵੀ ਇਸ ਰਿਸ਼ਤੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਠੀਕ ਤਰਾਂ ਨਿਭਾਅ ਨਹੀਂ ਪਾਉਂਦਾ।
ਜਸਪਾਲ ਮਾਨਖੇੜਾ ਦੀ ਕਹਾਣੀ 'ਕਾਹਦੇ ਵਾਸਤੇ' ਰਿਸ਼ਤਿਆਂ ਦੀ ਆੜ ਵਿਚ ਕੀਤੇ ਜਾਣ ਵਾਲੀ ਸਵਾਰਥ ਪੂਰਤੀ ਨੂੰ ਆਪਣਾ ਕੇਂਦਰੀ ਨੁਕਤਾ ਬਣਾਉਂਦੀ ਹੈ। ਕਹਾਣੀ ਵਿਚਲੇ ਸਕੂਲ ਮਾਸਟਰ ਦੀ ਸੱਤ ਕਿਲੇ ਜ਼ਮੀਨ ਸ਼ਹਿਰੀ ਖੇਤਰ ਨਾਲ ਲੱਗਦੀ ਹੋਣ ਕਾਰਨ ਉਸ ਦਾ ਕੁੜਮ ਸਰਦਾਰ ਗੁਰਨਾਮ ਸਿੰਘ ਤੇ ਜੁਆਈ ਜੀਤਇੰਦਰ ਸਿੰਘ ਇਹ ਜ਼ਮੀਨ ਹਥਿਆਉਣ ਲਈ ਕਈ ਤਰਾਂ ਦੇ ਹੱਥਕੰਡੇ ਅਪਣਾਉਂਦੇ ਹਨ । ਗੁਰਨਾਮ ਸਿੰਘ ਕਦੇਂ ਮਾਸਟਰ ਦੀ ਛੋਟੀ ਧੀ ਦਾ ਰਿਸ਼ਤਾ ਆਪਣੇ ਬਿਗੜੈਲ ਮੁੰਡੇ ਪ੍ਰੀਤਇੰਦਰ ਨਾਲ ਕਰਕੇ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਤਾਂ ਕਦੇ ਤਾਂ ਕਦੇ ਆਪਣੇ ਪੋਤੇ ਦੇ ਨਾਂ ਤੇ ਬਣਾਈ ਜਾਣ ਵਾਲੀ ਫੈਕਟਰੀ ਲਈ ਇਹ ਜ਼ਮੀਨ ਦਿੱਤੇ ਜਾਣ ਦੀ ਮੰਗ ਕਰਦਾ ਹੈ । ਲੇਖਕ ਇਸ ਸਥਿਤੀ ਵਿਚ ਆਪਣੀ ਸਿਰਜਨਾਤਮਕ ਦਖ਼ਲ ਅੰਦਾਜ਼ੀ ਕਰਦਿਆਂ ਮਾਸਟਰ ਦੀ ਸਮਾਜਿਕ ਤੋਰ ਤੇ ਜਾਗਰੂਕ ਧੀ ਜੋਤੀ ਰਾਹੀਂ ਇਸ ਜ਼ਮੀਨ ਤੇ ਇੱਕ ਮਿਸ਼ਨਰੀ ਉਦੇਸ਼ ਨਾਲ ਜੁੜਿਆ ਵਿਦਿਅਕ ਅਦਾਰਾ ਸਥਾਪਿਤ ਕਰਨ ਦਾ ਸੁਝਾਅ ਪੇਸ ਕਰਕੇ ਲਾਲਚੀ ਪਿਉ- ਪੁੱਤਾਂ ਦੇ ਮਨਸੂਬਿਆਂ ਨੂੰ ਮਾਤ ਦੇਣ ਦਾ ਰਾਹ ਅਪਣਾਉਂਦਾ ਹੈ। ਇਸ ਤਰਾਂ ਇਹ ਕਹਾਣੀ ਸਮੇਂ ਤੇ ਸਥਿਤੀ ਅਨੁਸਾਰ ਅਨੁਸਾਰ ਕਿਸਾਨੀ ਦੀ ਨੌਜਵਾਨ ਪੀੜ•ੀ ਵਿਚ ਵੱਧ ਰਹੀ ਸਮਾਜਿਕ ਚੇਤਨਾਂ ਦੀ ਨਿਸ਼ਾਨਦੇਹੀ ਵੀ ਕਰ ਜਾਦੀ ਹੈ ।
ਮਹਿੰਦਰ ਸਿੰਘ ਤਤਲਾ ਦੀ ਕਹਾਣੀ 'ਦਲਦਲ'ਪੇਂਡੂ ਧਨਾਢ ਸ਼੍ਰੇਣੀ ਵੱਲੌਂ ਦਰਮਿਆਨੀ ਤੇ ਛੋਟੀ ਕਿਸਾਨੀ ਨੂੰ ਭੂਮੀਹੀਣ ਬਣਾਉਣ ਲਈ ਵਰਤੇ ਜਾਣ ਵਾਲੇ ਪੈਂਤੜਿਆਂ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਦੀ ਹੈ ।ਕਹਾਣੀ ਵਿਚਲਾ ਧਨਾਢ ਜੈਲਦਾਰ ਛੋਟੇ ਕਿਸਾਨ ਜੀਤੇ ਤੇ ਉਸਦੇ ਭਰਾ ਖੜਕ ਸਿੰਘ ਵਿਚਕਾਰ ਦੁਸਮਣੀ ਦਾ ਮਾਹੌਲ ਪੈਦਾ ਕਰਕੇ ਉਸ ਦੀ ਸਾਰੀ ਜ਼ਮੀਨ ਤੇ ਕਬਜ਼ਾ ਕਰਨ ਵਿਚ ਸਫਲ ਹੋ ਜਾਂਦਾ ਹੈ। ਕਹਾਣੀ ਜਿੱਥੇ ਛੋਟੇ ਕਿਸਾਨਾਂ ਨੂੰ ਆਪਣੀ ਹੋ ਰਹੀ ਲੁੱਟ ਪ੍ਰਤੀ ਸੁਚੇਤ ਕਰਦੀ ਹੈ ਉਥੇ ਉਸ ਨੂੰ ਖੂਨ ਦੇ ਰਿਸ਼ਤਿਆ ਦੀ ਅਹਿਮੀਅਤ ਵੀ ਸਮਝਾ ਜਾਦੀ ਹੈ।
ਕਹਾਣੀ ਇਸ ਰਵਾਇਤੀ ਪਰ ਕਿਰਤੀ ਜਮਾਤ ਲਈ ਅਤਿਅੰਤ ਉਪਯੋਗੀ ਲੋਕ ਧਾਰਨਾਂ ਨੂੰ ਵਿਸ਼ੇਸ਼ ਤੌਰ ਤੇ ਬਲ ਪ੍ਰਦਾਨ ਕਰਦੀ ਹੈ ਕਿ ਭੱਜੀਆਂ ਬਾਹਾਂ ਆਖਿਰ ਗਲ ਨੂੰ ਆਉਂਦੀਆ ਹਨ। ਜਦੋਂ ਜੈਲਦਾਰ ਦੀਆ ਚਾਲਾਂ ਦਾ ਸਿਕਾਰ ਹੋਇਆ ਜੀਤਾ ਆਪਣੇ ਨੌ-ਜਵਾਨ ਪੁੱਤਰ ਦੀ ਬਿਮਾਰੀ ਦਾ ਇਲਾਜ਼ ਕਵਵਾਉਣ ਤੋਂ ਅਸਮਰੱਥ ਹੋ ਜਾਦਾ ਹੈ ਤਾਂ ਉਸ ਦੀ ਮੱਦਦ ਲਈ ਉਸ ਦਾ ਉਹ ਭਰਾ ਹੀ ਬਹੁੜਦਾ ਹੈ ਜਿਸ ਨਾਲ ਉਹ ਸਾਰੀ ਉਮਰ ਵਧੀਕੀਆਂ ਕਰਦਾ ਰਿਹਾ ਹੈ ਤੇ ਦੁਸਮਣ ਵੀ ਸਮਝਦਾ ਰਿਹਾ ਹੈ।
ਅਮਨਦੀਪ ਢਿੱਲੋਂ ਦੀ ਕਹਾਣੀ 'ਪੈੜਾਂ' ਸੰਸਾਰੀਕਰਨ ਤੇ ਉਦਾਰੀਕਰਨ ਦੀਆ ਨੀਤੀਆਂ ਵੱਲੋਂ ਪੰਜਾਬ ਦੀ ਆਰਥਿਕਤਾ ਨੂੰ ਲਾਈ ਜਾ ਰਹੀ ਢਾਅ ਬਾਰੇ ਬਹੁ-ਪ੍ਰਤੀ ਸੰਵਾਦ ਸਿਰਜਦੀ ਹੈ ।ਕਹਾਣੀ ਅਨੁਸਾਰ ਇਸ ਦੌਰ ਦੀ ਮਸ਼ੀਨੀ ਤਰਜ਼ ਦੀ ਖੇਤੀਬਾੜੀ ਨੇ ਕਿਸਾਨੀ ਦੇ ਲਾਗਤ ਖਰਚੇ ਏਨੇ ਵਧਾ ਦਿੱਤੇ ਹਨ ਕਿ ਖੇਤੀਬਾੜੀ ਦਾ ਧੰਧਾ ਕਿਸਾਨਾਂ ਲਈ ਬਹੁਤ ਘਾਟੇਵੰਦਾ ਸੌਦਾ ਸਾਬਿਤ ਹੋ ਰਿਹਾ ਹੈ । ਕਹਾਣੀ ਦਾ ਮੁੱਖ ਪਾਤਰ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਸੁੱਖਕਰਮ ਵੀ ਭਵਿੱਖ ਵਿਚ ਉਸ ਵਾਂਗ ਹੀ ਕਰਜ਼ਾ ਵਸੂਲਣ ਆਏ ਬੈਂਕ ਅਧਿਕਾਰੀਆਂ ਤੋਂ ਮੂੰਹ ਛੁਪਾਉਂਦਾ ਫਿਰੇ । ਉਸ ਆਪਣੇ ਪੁੱਤਰ ਦਾ ਭਵਿੱਖ ਕਿਸਾਨੀ ਦੀ ਬਜ਼ਾਇ ਮੁਲਾਜ਼ਮਤ ਵਿੱਚੋਂ ਤਲਾਸ਼ਦਾ ਹੈ ਪਰ ਕਹਾਣੀ ਇਸ ਸਮਸਿੱਆ ਦਾ ਸਮਾਧਾਨ ਉਸ ਦੇ ਪੁੱਤਰ ਵੱਲੋਂ ਬੋਲੇ ਇਸ ਭਾਵਪੂਰਤ ਵਾਕ ਵਿਚੋਂ ਤਲਾਸ਼ਦੀ ਹੈ-
“ ਪਾਪਾ ਜੀ ਮੈ ਹੋਮ ਵਰਕ ਕਰਕੇ ਤਾਂ ਤੁਹਾਡੇ ਨਾਲ ਖੇਤਾਂ ਵਿਚ ਕੰਮ ਕਰਵਾ ਦੀਆ ਕਰਾਂ”।
ਇਸ ਤਰਾਂ ਕਹਾਣੀ ਸਹਿਜੇ ਹੀ ਆਪਣੇ ਪਾਠਕਾ ਨੂੰ ਇਸ ਨਿਰਨਾਇਕ ਸਿੱਟੇ ਤੱਕ ਲੈ ਜਾਂਦੀ ਹੈ ਖੇਤਾਂ ਵਿਚ ਕੀਤੀ ਮਿਹਨਤ ਤੇ ਸਕੂਲਾ ਕਾਲਜ਼ਾ ਵਿਚੋ ਪ੍ਰਾਪਤ ਕੀਤਾ ਗਿਆਨ ਮਿਲ ਕੇ ਹੀ ਕਿਸਾਨੀ ਦਾ ਭਵਿੱਖ ਸੁਆਰ ਸਕਦਾ ਹੈ। ਇਸ ਸੋਚ 'ਤੇ ਅਪੜ ਕੇ ਹੀ ਕਹਾਣੀ ਵਿਚਲੇ ਕਿਸਾਨ ਨੂੰ ਮਹਿਸੂਸ ਹੁੰਦਾ ਹੈ ਕਿ ਉਸਾਦ ਪੁੱਤਰ ਦੀਆਂ ਨਿਕੀਆਂ ਨਿਕੀਆਂ ਪੈੜਾਂ ਉਸ ਦੇ ਸ਼ਾਨਦਾਰ ਭਵਿੱਖ ਵੱਧ ਰਹੀਆਂ ਹਨ ।
ਸੰਗ੍ਰਿਹ ਦੀਆ ਕਹਾਣੀਆਂ ਕੇਵਲ ਤਿੜਕ ਰਹੇ ਸਮਾਜਿਕ ਰਿਸ਼ਤਿਆ ਦਾਸਤਾਨ ਹੀ ਪੇਸ਼ ਨਹੀਂ ਕਰਦੀਆ ਸਗੋਂ ਇਹਨਾਂ ਰਿਸ਼ਤਿਆ ਦੀ ਹੰਢਣਸਾਰਤਾ ਵਧਾਉਣ ਸਬੰਧੀ ਵੀ ਯਥਾ ਸੰਭਵ ਕੋਸ਼ਿਸ਼ ਕਰਦੀਆਂ ਹਨ। ਸਿਮਰਜੀਤ ਕੌਰ ਬਰਾੜ ਦੀ ਕਹਾਣੀ 'ਕਸ਼ਮਕਸ਼' ਰਿਸ਼ਤਿਆਂ ਦਾ ਨਿੱਘ ਤੇ ਨਿਰੰਤਰ ਯੋਗਤਾ ਬਰਕਰਾਰ ਰੱਖਣ ਦੇ ਉਦੇਸ਼ ਨਾਲ ਇਹਨਾਂ ਪ੍ਰਤੀ ਵਿਵਹਾਰਕ ਦ੍ਰਿਸ਼ਟੀਕੋਨ ਅਪਣਾਏ ਜਾਣ ਦੀ ਲੋੜ 'ਤੇ ਜ਼ੋਰ ਦੇਂਦੀ ਹੈ।ਕਹਾਣੀ ਦੀ ਮੁੱਖ ਪਾਤਰ ਸੁਖਮਣ ਪਹਿਲੋਂ ਰਿਸ਼ਤਿਆਂ ਦੀ ਸਵਾਰਥੀ ਪ੍ਰਵਿਰਤੀ ਤੋ ਘਬਰਾ ਕੇ ਇਹਨਾਂ ਪ੍ਰਤੀ ਮੋਹ-ਭੰਗਤਾ ਦੀ ਸਥਿਤੀ ਤੱਕ ਪਹੁੰਚ ਜਾਂਦੀ ਹੈ ਤੇ ਸਾਰੀ ਉਮਰ ਵਿਆਹ ਨਾ ਕਰਾਉਣ ਦਾ ਭਾਵੁਕ ਫੈਸਲਾ ਲੈ ਲੈਂਦੀ ਹੈ। ਜਦੋਂ ਉਸ ਨੂੰ ਇੱਕਲਤਾ ਦਾ ਤੀਬਰ ਅਹਿਸਾਸ ਹੁੰਦਾ ਹੈ ਤਾਂ ਉਹ ਆਪਣੇ ਹਮ ਜਮਾਤੀ ਰਹੇ ਪ੍ਰਤੀਕ ਦੀ ਚਾਹਤ ਨੂੰ ਵੀ ਮਹਿਸੂਸ ਕਰਨ ਲੱਗਦੀ ਹੈ। ਆਖਰ ਇਸ ਕਸ਼ਮਕਸ਼ ਵਿੱਚੋਂ ਨਿਕਲਦਿਆਂ ਉਹ 38 ਸਾਲ ਦੀ ਉਮਰ ਵਿਚ ਆਪਣੇ ਦਫ਼ਤਰ ਦੇ ਸਹਿਯੋਗੀ ਵੱਲੋਂ ਮਿਲੀ ਜੀਵਨ ਸਾਥ ਨਿਭਾਉਣ ਦੀ ਪੇਸਕਸ਼ ਨੂੰ ਸਵੀਕਾਰ ਕੇ ਆਪਣੇ ਜੀਵਨ ਦੀ ਗਤੀਸ਼ੀਲਤਾ ਬਰਕਰਾਰ ਰੱਖਣ ਸਬੰਧੀ ਸਾਰਥਕ ਰਾਹ ਚੁਣਦੀ ਹੈ।
ਅਜੋਕੇ ਸਮਾਜ ਤੇ ਇਸ ਦੀ ਸਮਾਜਿਕਤਾ ਨੂੰ ਮਨੁੱਖੀ ਕਦਰਾਂ ਕੀਮਤਾਂ ਦੇ ਅਨੁਸਾਰੀ ਬਣਾਉਣ ਲਈ ਜ਼ਰੂਰੀ ਹੈ ਕਿ ਸਮਾਜ ਵਿਚ ਦੂਹਰੀ ਗੁਲਾਮੀ ਭੋਗ ਰਹੀ ਔਰਤ ਜਮਾਤ ਨੂੰ ਉਸ ਦੇ ਮਨੁੱਖੀ ਹੱਕਾ ਤੇ ਹਿੱਤਾ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਸਦੰਰਭ ਵਿਚ ਲਿੱਖੀ ਸੁਆਮੀ ਸਰਬਜੀਤ ਦੀ ਕਹਾਣੀ 'ਜੁਗਨੂੰ ਖੁਦਕਸ਼ੀ ਨਹੀ ਕਰਨਗੇ' ਔਰਤ ਦੀ ਵੇਦਨਾ ਤੇ ਸੰਵੇਦਨਾ ਨੂੰ ਉਸ ਦੀ ਸੰਘਰਸ਼ ਤੇ ਸ਼ਕਤੀ ਵਿਚ ਪਰਿਵਰਤਿਤ ਕਰਨ ਸਬੰਧੀ ਮੱਹਤਵ ਪੂਰਨ ਭੂਮਿਕਾ ਨਿਭਾਉਂਦੀ ਹੈ । ਭਾਵੇਂ ਇਸ ਕਹਾਣੀ ਵਿਚਲਾ ਘਟਣਾਕ੍ਰਮ ਜਗੀਰਦਾਰੀ ਤੇ ਰਜਵਾੜਾਸਾਹੀ ਦੌਰ ਵਿਚ ਨਾਰੀ ਦੇ ਜਿਨਸੀ ਸੋਸ਼ਨ ਨੂੰ ਸਮਾਜਿਕ ਪ੍ਰਵਾਨਗੀ ਦੇਣ ਵਾਲੀ ਦੇਵਦਾਸੀ ਪਰੰਪਰਾ ਨਾਲ ਸਬੰਧਤ ਹੈ ਪਰ ਆਧੁਨਿਕ ਸਮੇ ਦੀ ਪ੍ਰਸੰਗਿਕਤਾ ਵਿਚ ਵਿਚ ਵਿਚ ਵੀ ਇਸ ਵਿਸ਼ਾ ਪੁਰਾਣਾ ਨਹੀ ਲੱਗਦਾ। ਨਵੇਂ ਯੁਗ ਵਿਚ ਵੀ ਪੁਰਸ਼ ਨੇ ਔਰਤ ਨੂੰ ਭੋਗ ਦੀ ਵਸਤੂ ਬਣਾਈ ਰੱਖਣ ਸਬੰਧੀ ਨਵੇ ਬਹਾਨੇ, ਨਵੇਂ ਹੱਥਕੰਡੇ ਤੇ ਨਵੇਂ ਤੇ ਨਵੇਂ ਤੌਰ ਤਰੀਕੇ ਤਲਾਸ਼ ਕਰਕੇ ਦੇਵਦਾਸੀ ਪਰੰਪਰਾ ਨੂੰ ਜਿਉਂਦਾ ਰੱਖਿਆ ਹੋਇਆ ਹੈ। ਕਹਾਣੀ ਦੀ ਨਾਇਕ ਪਾਤਰ ਵਿਧੂ ਉਹਨਾਂ ਔਰਤਾਂ ਦੀ ਪ੍ਰਤੀਨਿਧਤਾ ਕਰਦੀ ਹੈ ਜਿਹੜੀਆਂ ਦੇਵਦਾਸੀ ਪ੍ਰਥਾ ਦੇ ਪੁਰਾਣੇ ਜਾਂ ਨਵੇਂ ਰੂਪ ਵਿਰੁੱਧ ਸਮੇ ਸਮੇ ਤੇ ਅਵਾਜ਼ ਬਲੁੰਦ ਕਰਦੀਆਂ ਰਹੀਆਂ ਹਨ।
ਜਗਮੀਤ ਸਿੰਘ ਪੰਧੇਰ ਦੀ ਕਹਾਣੀ 'ਹਿਸਾਬ ਕਿਤਾਬ' ਪੁਰਸ਼ ਪ੍ਰਧਾਨ ਸਮਾਜ ਨਾਲ ਔਰਤ ਦੇ ਜਬਰੀ ਦਬਾਏ ਜਾ ਰਹੇ ਹੱਕਾਂ ਦਾ ਹਿਸਾਬ ਕਰਦੀ ਹੈ। ਕਹਾਣੀ ਵਿਚਲਾ ਮਾਸਟਰ ਹਰਨੇਕ ਆਪਣੇ ਜੀਵਨ ਦਾ ਹਰ ਫੈਸਲਾ ਆਪਣੇ ਨਿੱਜ਼ੀ ਨਫੇ- ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਲੈਂਦਾ ਹੈ । ਨੇੜਲੇ ਸਕੂਲ ਪੜਾਉਂਦੀ ਪ੍ਰਤਿਭਾਵਾਨ ਅਧਿਆਪਕਾ ਜਸਵੀਰ ਨਾਲ ਵਿਆਹ ਕਰਵਾਉਣ ਦੀ ਗੱਲ ਵੀ ਉਸਦੇ ਅਜਿਹੇ ਹਿਸਾਬੀ ਕਿਤਾਬੀ ਸਮੀਕਰਨਾਂ ਅਨੁਸਾਰ ਫਿਟ ਬੈਠਦੀ ਹੈ। ਪਰ ਛੇਤੀ ਹੀ ਉਸ ਨੂੰ ਅਹਿਸਾਸ ਹੋ ਜਾਦਾ ਹੈ ਕਿ ਬਾ-ਰੁਜ਼ਗਾਰ ਪਤਨੀ ਨੂੰ ਕੇਵਲ ਪੈਸੇ ਕਮਾਉਣ ਵਾਲੀ ਮਸ਼ੀਨ ਨਹੀਂ ਸਮਝਿਆ ਜਾ ਸਕਦਾ ।
ਪਤਨੀ ਦੇ ਇਹ ਦ੍ਰਿੜਤਾ ਭਰੇ ਬੋਲ” ਉਸ ਦੇ ਸਾਰੇ ਹਿਸਾਬ ਕਿਤਾਬ ਨੂੰ ਗੜਬੜਾ ਦੇਂਦੇ ਹਨ,”ਜਿੱਦਣ ਦੀ ਮੈਂ ਆਈ ਹਾਂ ,ਥੋਡੇ ਤਾਂ ਹਿਸਾਬ ਕਿਤਾਬ ਈ ਨਹੀਂ ਮੁਕਦੇ, ਨਾ ਦਿਨੇਂ ਨਾ ਰਾਤ ਨੂੰ। ਹੁਣ----ਹੁਣ ਮੇਰਾ ਫੈਸਲਾ ਵੀ ਸੁਣ ਲੋ। ਪਹਿਲੀ ਤਾਰੀਖ ਨੂੰ ਮੈਂ ਇਕ ਨਹੀ ਸਗੋਂ ਦੋ ਸਾਈਕਲ ਲਊਂਗੀ। ਇਕ ਮੇਰੇ ਵਾਸਤੇ ਤੇ ਦੂਜਾ ਰਾਜੂ ਵਾਸਤੇ ।ਜੇ ਉਸ ਨੂੰ ਹੋਰ ਲੋੜ ਪਊਗੀ ਤਾਂ ਉਹ ਵੀ ਪੂਰਾ ਕਰੂੰਗੀ। ਮੈਂ ਤਾਂ ਆਪਣਾ ਹਿਸਾਬ ਕਿਤਾਬ ਲਾ ਲਿਆ , ਤੁਸੀ ਲਾ ਲਿਉ।“ ਉਸ ਨੂੰ ਅਹਿਸਾਸ ਕਰਵਾ ਦੇਂਦੇ ਹਨ ਕਿ ਪਤਨੀ ਨੂੰ ਹੋਰ ਦਬਾਏ ਜਾਣ ਦੀ ਸੂਰਤ ਵਿਚ ਉਹ ਖੁੱਲੀ ਬਗਾਵਤ ਦਾ ਰਾਹ ਵੀ ਅਖਿਤਿਆਰ ਕਰ ਸਕਦੀ ਹੈ।
ਵੱਖਰੇ ਵਿਸ਼ੇ ਤੇ ਲਿੱਖੀ ਐਸ. ਬਲਜਿੰਦਰ ਦੀ ਕਹਾਣੀ 'ਨੇਮ ਪਲੇਟ' ਜਗੀਰ ਦਾਰੀ ਦੌਰ ਦੇ ਜਾਤੀ ਪਾਤੀ ਸੰਸਕਾਰਾਂ ਵੱਲੋਂ ਸਾਡੀ ਸਮਾਜਿਕ ਸਾਂਝ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦਾ ਜ਼ਾਇਜ਼ਾ ਪੇਸ਼ ਕਰਦੀ ਹੈ। ਕਹਾਣੀ ਜਿੱਥੇ ਜਾਤ ਪਾਤ ਰਹਿਤ ਸਮਾਜ ਦੀ ਸਿਰਜਣਾ ਦੀ ਗੱਲ ਕਰਦੀ ਹੇ ਉੱਥੇ ਜਾਤੀ ਉਤਪੀੜਣ ਦੇ ਸ਼ਿਕਾਰ ਲੋਕਾਂ ਅੰਦਰ ਇਸ ਚੇਤਨਾ ਦਾ ਵੀ ਸੰਚਾਰ ਕਰਦੀ ਹੈ ਕਿ ਭਾਈਚਾਰਕ ਸਾਂਝ ਹੀ ਮਨੁੱਖ ਨੂੰ ਅਸਲ ਮਾਨਸਿਕ ਸਕੂਨ ਦੇ ਸਕਦੀ ਹੈ। ਕਹਾਣੀ ਵਿਚਲੇ ਸੁਰਜੀਤ ਚੰਦ ਅੰਦਰਲੀ ਹੀਣ ਭਾਵਨਾ ਉਸ ਨੂੰ ਆਪਣੇ ਨਾਂ ਪਿੱਛੇ ਸ਼ਰਮਾ ਲਿੱਖਣ ਲਈ ਪ੍ਰੇਰਿਤ ਕਰਦੀ ਹੈ ਪਰ ਇਸ ਤਰਾਂ ਕਰਕੇ ਉਹ ਆਪਣਾ ਪਹਿਲਾਂ ਵਾਲਾ ਸੁੱਖ- ਚੈਨ ਵੀ ਗੁਆ ਬੈਠਦਾ ਹੈ । ਉਸ ਨੂੰ ਆਪਣੇ ਗੁਆਚੇ ਮਾਨਸਿਕ ਸਕੂਨ ਦੀ ਪ੍ਰਾਪਤੀ ਤੱਦ ਹੀ ਹੁੰਦੀ ਹੈ ਜਦੋਂ ਉਹ ਆਪਣੇ ਘਰ ਅੱਗੇ ਟੰਗੀ ਆਪਣੀ ਨੇਮ ਪਲੇਟ ਤੋਂ ਸ਼ਰਮਾ ਸ਼ਬਦ ਕੱਟ ਕੇ ਮੁੜ ਆਪਣੇ ਭਾਈਚਾਰੇ ਨਾਲ ਮਿਲ ਬੈਠਣ ਦਾ ਰਹ ਤਲਾਸ਼ ਲੈਂਦਾ ਹੈ।
ਤੇਜਿੰਦਰ ਫਰਵਾਹੀ ਦੀ ਕਹਾਣੀ 'ਚਿੱਟੀ ਮਿੱਟੀ ਲਾਲ ਲਹੂ' ਸੰਸਾਰ ਏਕਤਾ ਤੇ ਵਿਸ਼ਵ ਸਮਾਜਿਕਤਾ ਕਾਇਮ ਕੀਤੇ ਜਾਣ ਦੀਆ ਹਕੀਕੀ ਸੰਭਾਵਨਾਵਾ ਤਲਾਸ਼ਦੀ ਹੈ। ਕਹਾਣੀ ਵਿਚ ਵੱਖ ਵੱਖ ਮੁਲਕਾਂ ਤੇ ਵੱਖ ਵੱਖ ਕੌਮਾਂ ਦੇ ਲੋਕ ਨਾ ਕੇਵਲ ਇਕ ਭੂਗੋਲਿਕ ਪ੍ਰੌਜੈਕਟ ਨਾਲ ਜੁੜ ਕੇ ਆਪਸੀ ਸਾਂਝ ਦੀ ਕੜੀ ਨੂੰ ਮਜਬੂਤ ਕਰਦੇ ਹਨ ਸਗੋਂ ਉਹ ਇਕ ਦੂਜੇ ਦੇ ਮੁਲਕ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਦੀ ਤੀਬਰ ਜਗਿਆਸਾ ਵੀ ਰੱਖਦੇ ਹਨ।ਇਸ ਤਰਾਂ ਇਹ ਕਹਾਣੀ ਵਿਸ਼ਵੀ ਇਕਤਾ ਦੇ ਮਨੁੱਖ ਤੇ ਮਨੁੱਖਤਾ ਉਪਯੋਗੀ ਮਾਡਲ ਨੂੰ ਪੇਸ਼ ਕਰਕੇ ਕਾਰਪੋਰੇਟ ਜਗਤ ਵੱਲੋਂ ਪ੍ਰਚਾਰੀ ਜਾ ਰਹੀ ਕਥਿਤ ਵਿਸ਼ਵੀ ਸਾਂਝ ਦਾ ਸਫ਼ਲ ਪ੍ਰਤੀਉੱਤਰ ਸਿਰਜਦੀ ਹੈ।
ਇਸ ਸੰਗ੍ਰਿਹ ਰਾਹੀਂ ਪੇਸ਼ ਹੋਈਆਂ ਮਨੋ -ਸਮਾਜਿਕ ਸੱਮਸਿਆਵਾਂ ਸਾਡੀਆ ਜਾਣੀਆਂ ਪਹਿਚਾਣੀਆਂ ਹਨ ਪਰ ਇਹਨਾਂ ਦਾ ਸਮਾਧਾਨ ਸਬੰਧਤ ਲੇਖਕਾਂ ਨੇ ਆਪਣੇ ਆਪਣੇ ਵਿਚਾਰਧਾਰਕ ਨਜ਼ਰੀਏ ਤੇ ਬੁੱਧੀ ਵਿਵੇਕ ਨਾਲ ਕਰਨ ਦੀ ਕੋਸ਼ਿਸ ਕੀਤੀ ਹੈ। ਇਸ ਸਾਰੇ ਕਹਾਣੀਕਾਰ ਸਮਜਿਕ ਵਿਕਾਸ ਤੇ ਜੀਵਨ ਗਤੀ ਵਿੱਚ ਬਾਧਕ ਮਿੱਥਾ ਤੇ ਮਾਨਤਵਾਂ ਨੂੰ ਤੋੜਦੇ ਵੀ ਹਨ ਤੇ ਲੋੜ ਪੈਣ 'ਤੇ ਲੋਕ ਹਿੱਤਾਂ ਦੇ ਅਨੂਕੂਲ ਨਵੀਆਂ ਸਥਾਪਨਾਵਾਂ ਵੀ ਕਾਇਮ ਕਰਦੇ ਹਨ। ਇਹ ਕਹਾਣੀਆ ਨਵੀ ਕਹਾਣੀ ਦੀ ਕਲਾਤਮਿਕ ਲੋੜਾਂ ਨਾਲ ਵੀ ਇੰਨਸਾਫ ਕਰਦੀਆਂ ਹਨ ਤੇ ਆਪਣੇ ਲੋਕ ਧਰਾਈ ਸੁਹਜ ਨੂੰ ਵੀ ਆਂਚ ਨਹੀਂ ਆਉਣ ਦੇਂਦੀਆਂ। ਕਹਾਣੀਆ ਮੁਕਬਲੇ ਤੇ ਸੰਪਾਦਨ ਦੀ ਕਠਿਨ ਪ੍ਰੀਕ੍ਰਿਆ ਵਿਚੋ ਲੰਘ ਕੇ ਆਈਆ ਹਨ ਇਸ ਲਈ 'ਚੱਕਰਵਿਊ' ਵਰਗੀ ਇਕ ਅੱਧ ਕਹਾਣੀ ਨੂੰ ਛੱਡ ਕੇ ਇਹਨਾਂ ਦਾ ਸੰਗਠਨਾਤਮਕ ਢਾਂਚਾ ਕੱਸਵਾ ਹੀ ਰਿਹਾ ਹੈ।
ਸੰਗ੍ਰਿਹ ਦੀਆਂ ਕਹਾਣੀਆ ਦੇ ਪਾਤਰਾਂ ਦੀ ਵਾਰਤਾਲਾਪੀ ਭਾਸ਼ਾ ਉਹਨਾਂ ਧੀਆ ਅੰਤਰਦੰਵਦੀ ਮਨੋ-ਸਥਿਤੀਆ ਦਾ ਸਜੀਵ ਵਰਨਣ ਪੇਸ਼ ਕਰਨ ਵਿਚ ਸਫ਼ਲ ਰਹੀ ਹੈ। ਨਰਾਇਣ ਸਿੰਘ ਭੱਠਲ ਕਹਾਣੀ ਮੁਕਾਬਲੇ ਦੇ ਜੱਜ ਸਹਿਬਾਨ ਤੇ ਪੁਸਤਕ ਦਾ ਸੰਪਾਦਕ ਇਸ ਗੱਲੋਂ ਪ੍ਰਸ਼ੰਸ਼ਾ ਦੇ ਹੱਕਦਾਰ ਹਨ ਕਿ ਅਜਿਹੀ ਕੋਈ ਵੀ ਕਹਾਣੀ ਇਸ ਪੁਸਤਕ ਵਿਚ ਸਥਾਨ ਨਹੀ ਪਾ ਸਕੀ ਜਿਹੜੀ ਸਮਾਜ ਵੱਲੋਂ ਵਰਜਿਤ ਰਿਸ਼ਤਿਆ ਨੂੰ ਉਤਸ਼ਾਹਿਤ ਕਰਦਿਆਂ ਰਿਸ਼ਤਿਆਂ ਦੀ ਮਰਿਆਦਾ ਨੂੰ ਜਾਣ ਬੁਝ ਕੇ ਭੰਗ ਕਰਦੀ ਹੋਵੇ। ਜਦੋਂ ਕਿ ਅਜਿਹੀਆ ਕਹਾਣੀਆਂ ਧੜਾਧੜ ਲਿੱਖੀਆਂ ਵੀ ਜਾ ਰਹੀਆ ਹਨ ਤੇ ਵਿਸ਼ਵੀ ਮਾਰਕੀਟ ਵਿਚ ਵਿੱਕ ਵੀ ਰਹੀਆ ਹਨ । ਕੁਲ ਮਿਲਾ ਕੇ ਇਹ ਸੰਗ੍ਰਿਹ ਨਵੀਂ ਪੰਜਾਬੀ ਕਹਾਣੀ ਖੇਤਰ ਦੀ ਇਕ ਮੁੱਲਵਾਨ ਪ੍ਰਾਪਤੀ ਹੋ ਨਿਬੜਿਆ ਹੈ।