ਉਕਾਬ ਉੱਡਦਾ ਗਿਆ (ਬਾਲ ਕਹਾਣੀ)
(ਕਹਾਣੀ)
ਹਰੇ ਭਰੇ ਦਰਖਤਾਂ ਦਾ ਦੂਰ ਤੱਕ ਪੱਸਰਿਆ ਜੰਗਲ, ਨਿੱਕੀਆਂ ਨੀਵੀਆਂ ਨੀਵੀਆਂ ਪਹਾੜੀਆਂ ਤੇ ਵਲ ਵਲੇਵੇਂ ਖਾਦੀ ਨਿੱਕੀ ਜਿਹੀ ਨਦੀ, ਇਸ ਇਲਾਕੇ ਦੀ ਵੱਖਰੀ ਪਹਿਚਾਣ ਸੀ।
ਇੱਥੇ ਜੰਗਲੀ ਜੀਵ ਜਾਨਵਰ ਅਤੇ ਰੰਗ ਬਰੰਗੇ ਪੰਛੀ ਵੰਨਸੁਵੰਨੀਆਂ ਬੋਲੀਆਂ ਬੋਲਦੇ। ਕਿਤੇ ਤਰਾਂ ਤਰਾਂ ਦੀ ਬਨਸਪਤੀ ਅਤੇ ਹਰੇ ਘਾਹ ਦੇ ਮੈਦਾਨ ਸਨ। ਕਦੇ ਇਸ ਇਲਾਕੇ ਵਿੱਚ ਸ਼ੇਰ ਬਾਘ ਚੀਤੇ ਆਮ ਹੋਇਆ ਕਰਦੇ ਸਨ ਪਰ ਜਿਵੇਂ ਜਿਵੇਂ ਜੰਗਲ ਦੁਆਲੇ ਮਨੁੱਖੀ ਵੱਸੋਂ ਵਧਦੀ ਗਈ ਤਾਂ ਜੰਗਲੀ ਜਾਨਵਰ ਵੀ ਕੁਝ ਵਿਰਲੇ ਪੈਣ ਲੱਗ ਪਏ।
ਇੱਕ ਦਿਨ ਜੰਗਲ ਦੇ ਇਸ ਇਲਾਕੇ ਦੇ ਪੰਛੀਆਂ ਵਿੱਚ ਖਲਬਲੀ ਜਿਹੀ ਮੱਚ ਗਈ। ਨਦੀ ਦੇ ਨੇੜਲੇ ਇੱਕ ਚੀਲ ਦੇ ਦਰਖਤ 'ਤੇ ਦੋ ਅਦਭੁੱਤ ਪੰਛੀ ਦੇ ਬੱਚੇ ਬੈਠੇ ਹੋਏ ਸਨ। ਸਭ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਇੱਕ ਬੁਲਬੁਲ ਨੇ ਵੇਖਿਆ ਤਾਂ ਉਹ ਬੜੀ ਹੈਰਾਨ ਹੋਈ। ਪੰਛੀ ਸਤਰੰਗੇ ਖੰਭਾਂ ਵਾਲੇ ਸਨ ਉਹਨਾਂ ਦੇ ਸਿਰਾਂ 'ਤੇ ਨਿੱਕੀਆਂ ਨਿੱਕੀਆਂ ਪੀਲੀਆਂ ਕਲਗੀਆਂ ਅਤੇ ਉਹਨਾਂ ਦੀਆ ਚੁੰਝਾਂ ਸੁਨਹਿਰੀ ਸਨ ਜਿਵੇਂ ਕਿਸੇ ਸੁਨਿਆਰੇ ਨੇ ਘੜ ਕੇ ਲਾਈਆਂ ਹੋਣ। ਉਹ ਚੁੱਪ ਚਾਪ ਸਹਿਮੇ ਜਿਹੇ ਬੈਠੇ ਆਲੇ ਦੁਆਲੇ ਰੌਲਾ ਪਾ ਰਹੇ ਪੰਛੀਆਂ ਤੋਂ ਡਰ ਰਹੇ ਸਨ। ਜੰਗਲ ਦੇ ਕੁਝ ਪੰਛੀਆਂ ਨੂੰ ਉੱਚਾ ਉੱਡਦੇ ਅਤੇ ਰੌਲਾ ਪਾਉਂਦੇ ਵੇਖ ਕੇ ਬਹੁਤ ਸਾਰੇ ਪੰਛੀ ਚੀਲ ਦੇ ਉਸ ਦਰਖਤ ਵੱਲ ਆਉਣੇ ਸ਼ੁਰੂ ਹੋ ਗਏ। ਦੂਰ ਦੁਰਾਡੀਆਂ ਥਾਵਾਂ ਤੋਂ ਉੱਡ ਕੇ ਆਏ ਪੰਛੀ ਅਦਭੁਤ ਪੰਛੀ ਦੇ ਬੱਚਿਆਂ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ। ਆਪਸ ਵਿੱਚ ਅਦਭੁਤ ਪੰਛੀਆਂ ਦੇ ਖੰਭਾਂ, ਚੁੰਝਾਂ ਅਤੇ ਕਲਗੀਆਂ ਦੀ ਸਿਫਤ ਕਰ ਰਹੇ ਸਨ।
"ਇਹ ਕਿੱਡੀ ਕੁ ਵੱਡੀ ਗੱਲ ਹੈ ਅੱਜਕਲ ਜਿਹੋ ਜਿਹਾ ਮਰਜੀ ਰੰਗ ਰੰਗਵਾ ਲਓ ਐਵੇ ਰੌਲਾ ਪਾਇਆ ਹੋਇਆ ਦੋ ਘੰਟਿਆ ਦਾ ææææ।" ਕਹਿਦਿਆਂ ਲੰਗੜਾ ਰਿੱਸ਼ ਲੰਗ ਮਾਰਦਾ ਨਿਵਾਣਾਂ ਵੱਲ ਤੁਰ ਗਿਆ। ਉਹ ਆਪਣੀਆਂ ਕਰਤੂਤਾਂ ਕਾਰਨ ਬਦਨਾਮ ਸੀ ਉਹਦੀ ਇਸ ਗੱਲ ਵੱਲ ਕਿਸੇ ਨੇ ਕੋਈ ਧਿਆਨ ਨਾ ਦਿੱਤਾ।
ਇੱਕ ਬਜੁਰਗ ਸਿਆਣਾ ਤੋਤਾ ਅਦਭੁਤ ਪੰਛੀਆਂ ਦੇ ਕੋਲ ਗਿਆ ਤੇ ਉਸ ਪੁੱਛਿਆ, " ਸੁਨਹਿਰੀ ਚੁੰਝਾਂ ਵਾਲੇ ਪੰਛੀਓ ਤੁਹਾਡਾ ਘਰ ਕਿੱਥੇ ਹੈ?"
"ਸਾਡਾ ਘਰ ਦੂਰ ਨਿੱਕੀਆਂ ਲੰਮੀਆਂ ਪਹਾੜੀਆਂ ਦੇ ਦੇਸ਼ ਵਿੱਚ ਹੈ। ਅਸੀਂ ਰਾਹ ਭੁੱਲ ਗਏ ਹਾਂ। ਕੋਈ ਸਾਡੀ ਮਦਦ ਕਰੋ ਸਾਨੂੰ ਸਾਡੇ ਘਰ ਪਹੁੰਚਾ ਆਓ ਤੁਹਾਡੀ ਬੜੀ ਮੇਹਰਬਾਨੀ ਹੋਵੇਗੀ।" ਉਹਨਾਂ ਚੋਂ ਇੱਕ ਪੰਛੀ ਬੋਲਿਆ। ਨਿੱਕੇ ਦੋ ਬੱਚੇ ਰੋਣ ਲੱਗ ਪਏ ਸਨ। ਸ਼ਾਇਦ ਉਹ ਕਾਵਾਂ ਦੀ ਕਾਂ ਕਾਂ ਤੋਂ ਡਰ ਰਹੇ ਸਨ।
ਸ਼ਾਮ ਦਾ ਸਮਾਂ ਸੀ ਜਦੋਂ ਬੁੱਢੇ ਸਿਆਣੇ ਤੋਤੇ ਨੇ ਕਾਵਾਂ ਨੂੰ ਚੁੱਪ ਹੋ ਜਾਣ ਲਈ ਕਿਹਾ। ਝੁੰਡਾਂ ਦੇ ਝੁੰਡ ਪੰਛੀ ਇਹ ਸਾਰਾ ਕੁਝ ਵੇਖਣ ਲਈ ਨੇੜਲੇ ਹੋਰ ਦਰਖ਼ਤਾਂ 'ਤੇ ਆਣ ਬੈਠੇ ਸਨ। ਬੁੱਢੇ ਤੋਤੇ ਨੇ ਹੌਲੀ ਹੌਲੀ ਬੋਲ ਰਹੇ ਸਾਰੇ ਪੰਛੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਪੰਛੀ ਮਿੱਤਰੋ ਸੁਣੋ! ਇਹ ਕਿਸੇ ਅਦਭੁੱਤ ਸੁੰਦਰ ਪੰਛੀ ਦੇ ਬੱਚੇ ਹਨ ਆਪਣੇ ਘਰ ਜਾਂਦੇ ਸਮੇਂ ਰਾਹ ਭੁੱਲ ਗਏ ਹਨ। ਭਟਕ ਕੇ ਸਾਡੇ ਦੇਸ਼ ਆ ਗਏ ਹਨ। ਕੋਈ ਹੈ ਜੋ ਇਹਨਾਂ ਨੂੰ ਪੂਰੀ ਹਿਫਾਜਤ ਨਾਲ ਇਹਨਾਂ ਨੂੰ ਇਹਨਾਂ ਦੇ ਘਰ ਪਹੁੰਚਾ ਦੇਵੇ?"
ਸਾਰੇ ਚੁੱਪ ਵਰਤ ਗਈ। ਇੱਕ ਕਾਣਾ ਕਾਂ ਬੋਲਿਆ, "ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ ਅਸੀਂ ਆਪੇ ਛੱਡ ਆਵਾਂਗੇ। ਜਦੋਂ ਟਾਈਮ ਲੱਗੇਗਾ।" ਦੂਰੋਂ ਨੇੜਿਓ ਝਪਟ ਮਾਰ ਕੇ ਚੂਚੇ ਲਿਆ ਕੇ ਖਾ ਜਾਣੇ ਕਾਣੇ ਕਾਂ ਲਈ ਆਮ ਗੱਲ ਸੀ।
"ਨਹੀਂ ਇਹਨਾਂ ਕਾਵਾਂ ਦਾ ਕੋਈ ਭਰੋਸਾ ਨਹੀਂ ਇਹ ਇਹਨਾਂ ਨਿੱਕੇ ਪੰਛੀਆਂ ਨੂੰ ਖਾ ਜਾਣਗੇ ਇਹਨਾਂ ਨੂੰ ਸਾਨੂੰ ਸੌਂਪ ਦਿੱਤਾ ਜਾਵੇ ਅਸੀਂ ਇਹਨਾਂ ਦੀ ਹਿਫਾਜਤ ਕਰਾਂਗੇ।" ਭੂਰੇ ਬਿੱਲੇ ਨੇ ਕਿਹਾ ਪੰਛੀਆਂ ਨੂੰ ਦੇਖ ਕੇ ਉਹਦੇ ਮੂੰਹ ਚੋ ਪਾਣੀ ਆ ਗਿਆ ਸੀ।
"ਇਹਨਾਂ ਕਾਵਾਂ ਬਿੱਲਿਆਂ ਦਾ ਕੋਈ ਯਕੀਨ ਨਹੀਂ ਅਸੀਂ ਇਹਨਾਂ ਨਾਲੋਂ ਕੁਝ ਜਿਆਦਾ ਇਮਾਨਦਾਰ ਹਾਂ। ਤੁਸੀਂ ਇਹਨਾਂ ਪੰਛੀਆਂ ਨੂੰ ਸਾਨੂੰ ਦੇ ਦਿਓ ਅਸੀਂ ਜਾਣੀਏ ਸਾਡਾ ਕੰਮ ਜਾਣੇ।" ਗਿੱਦੜ ਭੁੱਖੀਆਂ ਨਜਰਾਂ ਨਾਲ ਪੰਛੀਆਂ ਵੱਲ ਵੇਖ ਰਿਹਾ ਸੀ।
"ਨਹੀਂ ਮੈਂਨੂੰ ਇਹਨਾਂ ਸਾਰਿਆਂ ਦੀ ਨੀਤ ਖੋਟੀ ਲੱਗਦੀ ਹੈ।" ਇੱਕ ਉਕਾਬ ਬੋਲਿਆ ਤੇ ਸਾਰੇ ਪੰਛੀ ਸਹਿਮ ਗਏ। ਉਸ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, "ਇਹ ਮਾਸੂਮ ਪੰਛੀ ਹਨ ਰਸਤਾ ਭੁੱਲ ਕੇ ਇੱਧਰ ਆ ਗਏ ਹਨ ਜੇਕਰ ਇਹਨਾਂ ਦਾ ਰੱਤੀ ਭਰ ਵੀ ਕਿਸੇ ਨੁਕਸਾਨ ਕੀਤਾ ਤਾਂ ਅਸੀਂ ਸਾਰੇ ਬਦਨਾਮ ਹੋਵਾਂਗੇ। ਇਹਨਾਂ ਦੀ ਧਰਤੀ ਦੇ ਲੋਕ ਸਾਡੇ ਬਾਰੇ ਸੋਚਣਗੇ ਕਿ ਉੱਥੇ ਸਾਰੇ ਦੇ ਸਾਰੇ ਜਾਨਵਰ ਪੰਛੀ ਬੁਰੇ ਹਨ। ਅਸੀਂ ਬੁਰੇ ਨਹੀਂ ਬਣਨਾ ਚਾਹੁੰਦੇ। ਸਾਨੂੰ ਇਹਨਾਂ ਮਾਸੂਮ ਬੱਚਿਆਂ ਨੂੰ ਸਹੀ ਸਲਾਮਤ ਇਹਨਾਂ ਦੇ ਦੇਸ਼ ਛੱਡ ਕੇ ਆਉਣਾ ਚਾਹੀਦਾ ਹੈ ਤਾਂ ਕਿ ਸਾਡੀ ਧਰਤੀ ਦਾ ਗੌਰਵ ਵੀ ਕਾਇਮ ਰੱਖਿਆ ਜਾ ਸਕੇ ਅਤੇ ਇਹਨਾਂ ਮਾਸੂਮਾਂ ਦੀ ਜਾਨ ਵੀ ਬਚ ਜਾਵੇ।" ਉਕਾਬ ਨੇ ਉੱਚੀ ਧੌਣ ਕਰਕੇ ਕਿਹਾ ਤਾਂ ਸਾਰੇ ਚੁੱਪ ਵਰਤ ਗਈ।
"ਉਕਾਬ ਦੀਆਂ ਗੱਲਾਂ ਵਿੱਚ ਮੈਂਨੂੰ ਸੱਚ ਦੀ ਝਲਕ ਨਜਰ ਆਉਂਦੀ ਹੈ ਇਸ ਤੇ ਯਕੀਨ ਕੀਤਾ ਜਾ ਸਕਦਾ ਹੈ" ਇੱਕ ਨੀਲਾ ਮੋਰ ਬੋਲਿਆ।
"ਹਾਂ ਹਾਂ ਸਾਨੂੰ ਵੀ ਲੱਗਦਾ ਹੈ ਕਿ ਇਹ ਕੰਮ ਉਕਾਬ ਬੜੀ ਚੰਗੀ ਤਰਾਂ੍ਹ ਕਰ ਸਕਦਾ ਹੈ" ਕੁਝ ਹੋਰ ਪੰਛੀਆਂ ਨੇ ਵੀ ਉੱਚੀ ਆਵਾਜ ਵਿੱਚ ਮੋਰ ਦੀ ਗੱਲ ਦੀ ਹਮਾਇਤ ਕੀਤੀ।
" ਤਾਂ ਠੀਕ ਏ, ਇਹਨਾਂ ਸੁਨਹਿਰੀ ਚੁੰਝਾਂ ਵਾਲੇ ਪੰਛੀਆਂ ਨੂੰ ਨਾਲ ਲੈ ਕੇ ਅਸੀਂ ਕੱਲ੍ਹ ਨੂੰ ਤੜਕੇ ਉਡਾਰੀ ਭਰਾਂਗੇ ਜੇ ਕਿਸੇ ਨੇ ਸਾਡੇ ਨਾਲ ਜਾਣਾ ਹੈ ਤਾਂ ਉਹ ਜਾ ਸਕਦਾ ਹੈ।" ਉਕਾਬ ਬੋਲਿਆ।
ਰਾਤ ਸਾਰੇ ਪੰਛੀ ਆਪਣੇ ਆਲ੍ਹਣਿਆਂ ਨੂੰ ਪਰਤ ਗਏ। ਸਵੇਰ ਹੁੰਦਿਆਂ ਹੀ ਜਦੋਂ ਚਿੜੀਆਂ ਚੀਂ ਚੀਂ ਦੇ ਸੰਗੀਤ ਨਾਲ ਸੁਬਾ੍ਹ ਦਾ ਸਵਾਗਤ ਕਰ ਰਹੀਆਂ ਸਨ ਤਾਂ ਉਕਾਬ ਸੁਨਹਿਰੀ ਚੁੰਝਾਂ ਵਾਲੇ ਪੰਛੀਆਂ ਨੂੰ ਉਹਨਾਂ ਦੇ ਦੇਸ਼ ਲੈ ਜਾਣ ਲਈ ਆ ਗਿਆ। ਉਸ ਨੇ ਨਿੱਕੇ ਬੱਚਿਆਂ ਨੂੰ ਆਪਣੀ ਪਿੱਠ ਅਤੇ ਮਜਬੂਤ ਖੰਭਾਂ ਤੇ ਬਿਠਾ ਲਿਆ। ਇਕੱਠੇ ਹੋਏ ਪੰਛੀਆਂ ਨੇ ਉਕਾਬ ਦੀਆਂ ਅੱਖਾਂ ਵੱਲ ਦੇਖਿਆ ਉਹਦੀਆਂ ਨਜਰਾਂ ਦੂਰ ਆਪਣੀ ਮੰਜਲ ਵੱਲ ਸਨ। ਉਕਾਬ ਪਹਾੜੀ ਦੇਸ਼ ਵੱਲ ਉੱਡ ਪਿਆ ਤੇ ਉਡਦਾ ਗਿਆ। ਕਾਣਾ ਕਾਂ ਤੇ ਉਹਦੇ ਸਾਥੀ ਫੋਕੀ ਚੌਧਰ ਬਣਾਉਣ ਲਈ ਕੁਝ ਦੇਰ ਉਹਨਾਂ ਨਾਲ ਉੱਡਦੇ ਗਏ ਕੁਝ ਮੀਲ ਜਾ ਕੇ, ਕਾਂ ਕਾਂ ਕਰਦੇ ਵਾਪਸ ਆ ਗਏ। ਪਰ ਹਰੇ ਭਰੇ ਸੰਘਣੇ ਉੱਚੇ ਜੰਗਲਾਂ ਦੇ ਉਪਰ ਦੀ ਉਕਾਬ ਉੱਡਦਾ ਗਿਆ