ਬਚਨਾ ਫ਼ੌਜੀ ਜਦੋਂ ਫ਼ੌਜ ਵਿਚ ਮਾਰਿਆ ਗਿਆ ਤਾਂ ਦਿਉਕੀ ਉਹਦੀ ਘਰਵਾਲੀ ਦੀ ਉਮਰ ਮਸਾਂ ਤੀਹ ਸਾਲ ਸੀ। ਬਚਨੇ ਦਾ ਪਲੇਠੀ ਦਾ ਮੁੰਡਾ ਮੋਹਰਕੇ ਤਾਪ ਨਾਲ ਅਜਿਹਾ ਬੀਮਾਰ ਪਿਆ ਕਿ ਮੁੜ ਕੇ ਨਾ ਉੱਠਿਆ ਅਤੇ ਛੋਟਾ ਦਲੀਪ ਜਦੋਂ ਹੋਇਆ ਤਾਂ ਫ਼ੌਜੀ ਉਹਦਾ ਮੂੰਹ ਵੀ ਨਾ ਵੇਖ ਸਕਿਆ। ਉਹ ਆਪ ਹੀ ਟੁਰ ਗਿਆ ਕਿਸੇ ਐਸੀ ਵਾਦੀ ਵਿਚ, ਜਿਥੇ ਜੋ ਵੀ ਜਾਂਦਾ ਹੈ, ਮੁੜ ਕੇ ਆਉਣ ਦਾ ਨਾਂ ਹੀ ਨਹੀਂ ਲੈਂਦਾ, ਪਤਾ ਨਹੀਂ ਉਹ ਕਿੱਡੀ ਕੁ ਹੁਸੀਨ ਵਾਦੀ ਹੈ।
ਦਲੀਪ ਨੂੰ ਦਿਉਕੀ ਨੇ ਗਿੱਠਾਂ ਮਿਣ-ਮਿਣ ਕੇ ਪਾਲਿਆ। ਉਹਦੇ ਪਤੀ ਦੀ ਆਖ਼ਰੀ ਨਿਸ਼ਾਨੀ ਤੇ ਉਹਦੀ ਉਮਰ ਦਾ ਇਕੋ ਇਕ ਸਾਹਾਰਾ। ਪਤੀ ਦੀ ਮੌਤ ਪਿਛੋਂ ਦਿਉਕੀ ਦੇ ਸ਼ਰੀਕੇ ਵਾਲਿਆਂ ਨੇ ਉਹਦੇ ਕੋਲੋਂ ਗਿਣ-ਗਿਣ ਬਦਲੇ ਲਏ। ਕਦੀ ਜ਼ਮੀਨ ਦੀ ਵੰਡ ਦੇ, ਕਦੀ ਫ਼ਸਲ ਦੀ ਵੰਡਾਈ ਦੇ, ਕਦੀ ਮਾਮਲੇ ਤਾਰਨ ਦੇ, ਕਦੀ ਮੁਰੱਬਾਬੰਦੀ ਦੇ, ਕਦੀ ਪਿਛਲੇ ਲੈਣੇ ਦੇਣੇ ਦੇ, ਕਦੀ ਬੀ ਬੋਹੜੇ ਦੇ ਤੇ ਕਦੀ ਪਾਣੀ ਦੀ ਵਾਰੀ ਦੇ। ਆਪਣੀ ਅਸਮਤ ਦਿਉਕੀ ਨੇ ਅਨੇਕਾਂ ਵਾਰ ਆਪਣੇ ਦਿਉਰਾਂ ਜੇਠਾਂ ਤੋਂ ਬਚਾ ਕੇ ਰੱਖੀ ਤੇ ਇਹ ਬਚਾਉਂਦੀ-ਬਚਾਉਂਦੀ ਉਹ ਹੋਰ ਕਈ ਕੁਝ ਗੁਆ ਬੈਠੀ।
ਜਦੋਂ ਦਲੀਪ ਕੁਝ ਸਿਆਣਾ ਹੋਇਆ ਤੇ ਸਕੂਲ ਜਾਣ ਲੱਗਾ ਤਾਂ ਆਪਣੇ ਹਿੱਸੇ ਆਉਂਦੀ ਥੋੜ੍ਹੀ ਜਿਹੀ ਜ਼ਮੀਨ ਵਿਚ ਦਿਉਕੀ ਕਿਸੇ ਦਾ ਮਿੰਨਤ ਤਰਲਾ ਕਰ ਕੇ ਫ਼ਸਲ ਬਿਜਾ ਲੈਂਦੀ। ਫੇਰ ਸਾਰਾ-ਸਾਰਾ ਦਿਨ ਖੇਤਾਂ ਵਿਚ ਮਿੱਟੀ 'ਚ ਮਿੱਟੀ ਹੋਈ ਰਹਿੰਦੀ ਤਾਂ ਜਾ ਕੇ ਮਾਂ-ਪੁੱਤਾਂ ਨੂੰ ਰੋਟੀ ਦੀ ਬੁਰਕੀ ਨਸੀਬ ਹੁੰਦੀ। ਮੰਗਵੇਂ ਜਾਂ ਮੁੱਲ ਦੇ ਦੁੱਧ ਤੋਂ ਤੰਗ ਆ ਕੇ ਦਿਉਕੀ ਨੇ ਬਾਰੂ ਜਾਲੀ ਕੋਲੋਂ ਇਕ ਬੱਕਰੀ ਉਧਾਰ ਲੈ ਲਈ, ਜਿਸ ਨਾਲ ਦੋਹਾਂ ਮਾਂ-ਪੁੱਤਾਂ ਦੀ ਆਥਣ ਸਵੇਰ ਦੀ ਚਾਹ ਤਿਆਰ ਹੋ ਜਾਂਦੀ। ਵਰ੍ਹੇ ਦੇ ਦਾਣੇ ਖਾਣ ਨੂੰ ਉਹਨਾਂ ਦੇ ਹਿੱਸੇ ਆ ਜਾਂਦੇ। ਬੱਕਰੀ ਲਈ ਘਾਹ ਦਿਉਕੀ ਆਪ ਖੋਤ ਲਿਆਉਂਦੀ। ਸਕੂਲੋਂ ਪੜ੍ਹ ਕੇ ਦੀਪਾ ਅੱਗ ਬਾਲਣ ਲਈ ਟਿੱਬਿਆਂ 'ਚੋਂ ਬੂਈਆਂ ਪੁੱਟ ਲਿਆਉਂਦਾ ਜਾਂ ਕਿਧਰੋਂ ਸੱਕ, ਗੋਹੇ, ਮੋੜ੍ਹੀਆਂ ਆਦਿ ਚੁੱਕ ਲਿਆਉਂਦਾ। ਅੱਸੂ ਦੇ ਦਿਨਾਂ 'ਚ ਦਿਉਕੀ ਲੋਕਾਂ ਦੀਆਂ ਕਪਾਹਾਂ ਚੁਗਣ ਗਈ ਜਾਂ ਮਿਰਚਾਂ ਤੋੜਦੀ ਖੇਤਾਂ 'ਚੋਂ ਚਿੱਬੜ ਲੱਭ ਲਿਆਉਂਦੀ ਤੇ ਉਸਦੀ ਚੱਟਣੀ ਕੁੱਟ ਕੇ ਦੋਵੇਂ ਮਾਂ-ਪੁੱਤ ਰੁੱਖੀਆਂ ਰੋਟੀਆਂ ਹੀ ਖਾ ਲੈਂਦੇ। ਦਿਉਕੀ ਪੁੱਤ ਦੀਆਂ ਫ਼ੀਸਾਂ ਭਰਨ ਤੇ ਕਿਤਾਬਾਂ ਲੈਣ ਲਈ ਸ਼ਾਹਾਂ ਦੇ ਘਰੀਂ ਭਾਂਡੇ ਮਾਂਜਣ ਤੇ ਰੋਟੀ ਪਕਾਉਣ ਲੱਗ ਪਈ ਤਾਂ ਜੁ ਦਲੀਪ ਦੀ ਪੜ੍ਹਾਈ ਲਿਖਾਈ ਚਲਦੀ ਰਹੇ।
ਦਲੀਪ ਪੜ੍ਹਨ ਵਿਚ ਹੁਸ਼ਿਆਰ ਸੀ। ਹੱਡਾਂ ਪੈਰਾਂ ਦਾ ਸੁਣੱਖਾ ਤੇ ਜਿਵੇਂ ਰੋਜ਼ ਉਹਨੂੰ ਇਕ ਗਿੱਠ ਵਾਰ ਆਉਂਦਾ ਸੀ ਤੇ ਦਿਉਕੀ ਦਲੀਪ ਤੋਂ ਮਿਰਚਾਂ ਵਾਰ ਵਾਰ ਕੇ ਸੁੱਟਦੀ, ਕਿਤੇ ਪੁੱਤ ਨੂੰ ਤੇ ਉਹਦੀ ਪੜ੍ਹਾਈ ਨੂੰ ਨਜ਼ਰ ਨਾ ਲੱਗ ਜਾਵੇ। ਪਿੰਡ ਦੇ ਵੱਡੇ-ਵੱਡੇ ਘਰਾਂ ਦੇ ਮੁੰਡੇ ਪੈਂਟਾਂ ਪਾਂਦੇ, ਬੂਟ ਪਾਂਦੇ, ਜੁਰਾਬਾਂ ਪਾਂਦੇ, ਗਰਮ ਸਵੈਟਰ ਤੇ ਉੱਤੇ ਕੋਟ ਪਰ ਦਲੀਪ ਨੰਗੀਆਂ ਲੱਤਾਂ, ਨੰਗੇ ਪੈਰਾਂ ਤੇ ਕਈ ਵਾਰ ਸਿਰਫ਼ ਇਕੋ ਕਮੀਜ਼ ਵਿਚ ਠਰਦਾ, ਪਲਦਾ ਤੇ ਪੜ੍ਹਦਾ। ਉਹ ਪੜ੍ਹਾਈ 'ਚ ਉਹਨਾਂ ਨਾਲੋਂ ਹੁਸ਼ਿਆਰ ਰਹਿੰਦਾ। ਹਰ ਵਰ੍ਹੇ ਜਮਾਤ ਵਿਚੋਂ ਫ਼ਸਟ ਆਉਂਦਾ।
ਜਦੋਂ ਦਲੀਪ ਨੂੰ ਪੰਦਰ੍ਹਵਾਂ ਲੱਗਾ ਤਾਂ ਉਹ ਦਸਵੀਂ ਵਿਚ ਸੀ। ਕੱਦ ਪਿਉ ਤੇ ਗਿਆ ਸੀ, ਉੱਚਾ ਲੰਮਾ, ਪਤਲਾ, ਛੀਟਕਾ ਜਿਹਾ। ਮੁੱਛਾਂ ਵਾਲੀ ਥਾਂ ਤੇ ਕਿਧਰੇ ਕਿਧਰੇ ਕੂਲੀ ਕਾਲੋਂ ਜਿਹੀ ਫਿਰਦੀ ਜਾਪਦੀ ਤੇ ਦਿਉਕੀ ਉਹਦੇ ਵੱਲ ਵੇਖ-ਵੇਖ ਕੇ ਆਪ ਹੀ ਥੁੱਕ ਦੇਂਦੀ, ਜਿਵੇ ਉਹਦੀ ਆਪਣੀ ਹੀ ਚੰਦਰੀ ਨਜ਼ਰ ਉਹਨੂੰ ਲੱਗ ਰਹੀ ਹੋਵੇ।
ਦਸਵੀਂ ਦਾ ਨਤੀਜਾ ਨਿਕਲਿਆ ਤਾਂ ਦਲੀਪ ਸਾਰੀ ਜਮਾਤ ਵਿਚੋਂ ਅਤੇ ਆਪਣੇ ਇਲਾਕੇ ਦੇ ਸਭ ਸਕੂਲਾਂ ਵਿਚੋਂ ਫ਼ਸਟ ਆਇਆ। ਵਜ਼ੀਫ਼ੇ ਵਾਲਿਆਂ ਵਿਚ ਵੀ ਉਹਦਾ ਨਾਂ ਸੀ। ਦਿਉਕੀ ਵਿਚ ਪੁੱਤ ਨੂੰ ਹੋਰ ਪੜ੍ਹਾਉਣ ਦੀ ਹਿੰਮਤ ਨਹੀਂ ਸੀ। ਹੁਣ ਤੇ ਉਹਦੇ ਹੱਡ ਵੀ ਪਹਿਲਾਂ ਵਾਲੇ ਨਹੀਂ ਸਨ ਰਹੇ। ਨਜ਼ਰ ਵੀ ਕਮਜ਼ੋਰ ਹੋ ਗਈ ਸੀ। ਉਹ ਚਾਹੁੰਦੀ ਸੀ ਕਿਤੇ ਉਹਦਾ ਪੁੱਤਰ ਦੋ ਢਾਈ ਸੌ ਦੀ ਨੌਕਰੀ 'ਤੇ ਲੱਗ ਜਾਵੇ ਤੇ ਫੇਰ ਦਿਉਕੀ ਉਹਦਾ ਵਿਆਹ ਵੀ ਹੁੰਦਾ ਵੇਖ ਲਵੇ।
ਪਿੰਡ ਦੇ ਸਰਪੰਚ ਨੇ ਹਲਾ-ਸ਼ੇਰੀ ਦੇ ਕੇ ਦਲੀਪ ਨੂੰ ਕਾਲਜ ਦਾਖ਼ਲ ਕਰਵਾਉਣ ਲਈ ਦਿਉਕੀ ਨੂੰ ਆਖਿਆ। ਉਹਦਾ ਆਪਣਾ ਮੁੰਡਾ ਵੀ ਮੋਗੇ ਕਾਲਜ ਵਿਚ ਦਾਖ਼ਲ ਹੋਣ ਜਾ ਰਿਹਾ ਸੀ।
"ਸਾਡੇ ਗਰੀਬਾਂ ਕੋਲ ਕਾਲਜ ਪੜ੍ਹਾਉਣ ਦਾ ਖ਼ਰਚਾ ਕਿੱਥੇ? ਦਿਉਕੀ ਨੇ ਡਰ ਤੇ ਹਲੀਮੀ ਦੇ ਮਿਲੇ-ਜੁਲੇ ਭਾਵਾਂ ਵਿਚ ਮੋਹਨ ਦੇ ਬਾਪੂ ਨੂੰ ਆਖਿਆ, ਜੋ ਪਿੰਡ ਦਾ ਸਰਪੰਚ ਸੀæ
"ਦਿਉਕੀਏ…ਬੀਬੀ, ਮੁੰਡਾ ਤੇਰਾ ਲੈਕ ਆ, ਫੀਸ ਇਹਦੀ ਮੁਆਫ਼ ਹੋ ਜਾਣੀ ਏਂ, ਕਿਤਾਬਾਂ ਮੈਂ ਲੈ ਦੂੰ, ਵਜ਼ੀਫ਼ਾ ਵੀ ਇਹਨੂੰ ਮਿਲੂਗਾ। ਥੋੜ੍ਹੀ ਹੋਰ ਮਿਹਨਤ ਮਜੂਰੀ ਤੇ ਸਬਰ ਦਾ ਪੱਲਾ ਫੜ ਕੇ ਇਹਨੂੰ ਬੀæ ਏæ ਕਰਾ ਦੇ, ਕਿਸੇ ਚੰਗੀ ਨੌਕਰੀ ਤੇ ਲਗ ਜੂ, ਫਿਰ ਇਹ ਤੇਰੇ ਸਾਰੇ ਧੋਣੇ ਧੋ ਦੂਗਾ।
"ਸਰਦਾਰਾ, ਮੇਰੀ ਪੁੱਜ ਨੀ ਏਨੀ, ਕਿਤੇ ਇਹਨੂੰ ਬੱਸਾਂ 'ਚ ਈ ਕਰਾ ਦੇ। ਹੁਣ ਮੈਥੋਂ ਬੁੱਢੀ ਠੇਰੀ ਤੋਂ ਮਿਹਨਤ ਵੀ ਨਹੀਂ ਹੁੰਦੀ।"
ਵਿਚੋਂ ਦਿਉਕੀ ਦਾ ਦਿਲ ਕਰ ਰਿਹਾ ਸੀ ਕਿ ਦਲੀਪ ਨੂੰ ਹੋਰ ਪੜ੍ਹਾਵੇ, ਪਰ ਅੰਦਰ ਕੁਝ ਦਿਸਦਾ ਨਹੀਂ ਸੀ।
"ਜਿਥੇ ਮੋਹਨ ਪੜ੍ਹੂ, ਉਥੇ ਦਲੀਪ ਵੀæ" ਸਰਪੰਚ ਨੇ ਦੋ-ਟੁਕ ਫ਼ੈਸਲਾ ਸੁਣਾ ਦਿੱਤਾ। "ਮੈਂ ਪੰਚਾਇਤ ਦਾ ਹਿਸਾਬ-ਕਿਤਾਬ ਰੱਖਣ ਦੇ ਇਹਨੂੰ ਤੀਹ ਰੁਪਏ ਮਹੀਨਾ ਦੇ ਦਿਆ ਕਰੂੰਗਾ।
ਮੋਹਨ ਤੇ ਦਲੀਪ ਇਕੋ ਸਾਈਕਲ ਤੇ ਰੋਜ਼ ਕਾਲਜ ਪੜ੍ਹਨ ਜਾਣ ਲੱਗ ਪਏ। ਜਾਂਦਿਆਂ ਦਲੀਪ ਨੇ ਸਾਈਕਲ ਚਲਾਉਣਾ ਤੇ ਆਉਂਦਿਆਂ ਮੋਹਨ ਨੇ। ਇੰਜ ਕਾਲਜ ਪੜ੍ਹਦਿਆਂ ਉਹਨਾਂ ਨੂੰ ਡੇਢ ਵਰ੍ਹਾ ਬੀਤ ਗਿਆ। ਭਾਵੇਂ ਕਾਲਜ ਦੀ ਪੜ੍ਹਾਈ ਤੇ ਵਾਤਾਵਰਨ ਸਕੂਲ ਨਾਲੋਂ ਢੇਰ ਵੱਖਰਾ ਸੀ, ਪਰ ਦੋਵੇਂ ਚੰਗੇ ਨੰਬਰ ਲੈ ਕੇ ਪ੍ਰੈੱਪ ਵਿਚੋਂ ਪਾਸ ਹੋ ਗਏ। ਕਾਲਜ ਵਿਚ ਭਾਵੇਂ ਕੁੜੀਆਂ ਮੁੰਡੇ ਸਾਂਝੀਆਂ ਜਮਾਤਾਂ ਵਿਚ ਪੜ੍ਹਦੇ ਸਨ, ਫ਼ਿਲਮਾਂ, ਗੀਤਾਂ, ਧੁਨਾਂ, ਬੈਲ ਬਾਟਮ, ਫ਼ੈਸ਼ਨ ਆਦਿ ਦੀਆਂ ਗੱਲਾਂ ਹੁੰਦੀਆਂ ਤੇ ਕਈ ਮੁੰਡੇ ਪੜ੍ਹਾਈ ਦੀ ਬਿਜਾਏ ਸ਼ਹਿਰ 'ਚ ਅਵਾਰਾ-ਗਰਦੀ ਵੀ ਕਰਦੇ ਰਹਿੰਦੇ, ਪਰ ਦਲੀਪ ਤੇ ਮੋਹਨ ਆਪਣੀ ਪੜ੍ਹਾਈ 'ਚ ਹੀ ਮਗਨ ਰਹਿੰਦੇ। ਦਲੀਪ ਨੂੰ ਆਪਣੀ ਵਿਧਵਾ ਮਾਂ ਦਾ ਦੁੱਖ ਦਿਨ ਰਾਤ ਸਤਾਉਂਦਾ ਰਹਿੰਦਾ। ਉਹ ਪੜ੍ਹਾਈ ਮੁਕਾ ਕੇ ਆਪਣੀ ਮਾਂ ਦੇ ਸਾਰੇ ਕਸ਼ਟ ਕੱਟ ਦੇਣਾ ਚਾਹੁੰਦਾ ਸੀ। ਨਾਲ ਦੇ ਮੁੰਡਿਆਂ ਵੱਲ ਵੇਖ-ਵੇਖ ਕਦੀ ਉਹਦਾ ਜੀਅ ਪਿਕਚਰ ਵੇਖਣ ਨੂੰ ਕਰਦਾ, ਪਰ ਉਹ ਆਪਣੇ ਦਿਲ 'ਤੇ ਪੱਥਰ ਰੱਖ ਕੇ ਆਪਣਾ ਧਿਆਨ ਮੋਟੀਆਂ ਕਿਤਾਬਾਂ ਦੇ ਕਾਲੇ ਅੱਖਰੀ ਗਿਆਨ 'ਚ ਖੋਭ ਦਿੰਦਾ। ਉਸ ਕੋਲੋਂ ਆਪਣੇ ਘਰ ਦੀ ਹਕੀਕਤ ਭੁੱਲੀ ਹੋਈ ਨਹੀਂ ਸੀ। ਪਿਤਾ ਦਾ ਮੂੰਹ ਤਾਂ ਉਸ ਵੇਖਿਆ ਹੀ ਨਹੀਂ ਸੀ, ਮਾਂ ਹੀ ਉਸਦਾ ਸਾਰਾ ਸੰਸਾਰ ਸੀ।
ਇਕ ਦਿਨ ਲਾਲਟੈਨ ਦੇ ਮਧਮ ਚਾਨਣ 'ਚ ਦਲੀਪ ਨੇ ਮਾਂ ਨੂੰ ਆਖਿਆ, "ਮਾਂ ਸਾਰੇ ਮੁੰਡੇ ਸ਼ਹਿਰ 'ਚ ਸਿਨੇਮਾ ਵੇਖਦੇ ਆ…ਮੈਂ ਵੀ ਇਕ ਦਿਨ ਵੇਖ ਲਾਂ।"
ਮਾਂ ਨੇ ਕੋਈ ਉੱਤਰ ਨਾ ਦਿੱਤਾ। ਜਦੋਂ ਅਗਲੇ ਦਿਨ ਮੋਹਨ ਨੇ ਕਾਲਜ ਜਾਣ ਲਈ ਦਲੀਪ ਨੂੰ ਆਵਾਜ਼ ਮਾਰੀ ਤਾਂ ਦਿਉਕੀ ਨੇ ਪੁੱਛਿਆ, "ਕਿੰਨਿਆਂ ਪੈਸਿਆਂ 'ਚ ਵਿਖਾਉਂਦੇ ਆ ਖੇਲ?"
ਦਲੀਪ ਤਾਂ ਕੁਝ ਨਾ ਬੋਲਿਆ, ਪਰ ਮੋਹਨ ਕੋਲੋਂ ਬੋਲ ਪਿਆ, "ਡੂਢ ਰੁਪਏ ਦੀ ਟਿਕਟ ਆਉਂਦੀ ਆ ਘੱਟੋ ਘੱਟ, ਚਾਚੀ।" ਇਹ ਆਖ ਦੋਵੇਂ ਕਾਲਜ ਨੂੰ ਟੁਰ ਪਏ।
ਉਸ ਦਿਨ ਸ਼ਹਿਰ 'ਚ ਕੋਈ ਨਵੀਂ ਫ਼ਿਲਮ ਆਈ ਸੀ। ਸਿਨੇਮੇ ਵਾਲੇ ਟਿਕਟਾਂ ਬਲੈਕ ਵਿਚ ਵੇਚ ਰਹੇ ਸਨ। ਸ਼ਹਿਰ ਵਿਚ ਏਸ ਗੱਲ ਦਾ ਕਾਫ਼ੀ ਚਰਚਾ ਸੀ। ਸਿਨੇਮੇ ਵਾਲੇ ਪਹਿਲਾਂ ਫ਼ਸਟ ਕਲਾਸ ਦੀਆਂ ਟਿਕਟਾਂ ਵੇਚ ਕੇ ਹਾਲ ਭਰ ਲੈਂਦੇ ਤੇ ਥਰਡ ਕਲਾਸ ਦੀਆਂ ਟਿਕਟਾਂ ਹੀ ਨਾ ਵੇਚਦੇ। ਜਦੋਂ ਹਾਲ ਭਰ ਜਾਂਦਾ ਤਾਂ ਥਰਡ ਕਲਾਸ ਦੀ ਬਾਰੀ ਅੱਗੇ ਖਲੋਤੀ ਭੀੜ ਨੂੰ ਕਹਿ ਦੇਂਦੇ ਕਿ ਟਿਕਟਾਂ ਪੂਰੀਆਂ ਹੋ ਗਈਆਂ ਹਨ ਤੇ ਮਹਿੰਗੇ ਮੁੱਲ ਲਈਆਂ ਟਿਕਟਾਂ ਵਾਲਿਆਂ ਨੂੰ ਵੀ ਥਰਡ ਕਲਾਸ ਵਿਚ ਹੀ ਬਿਠਾ ਦਿੰਦੇ। ਜੇ ਕੋਈ ਦਰਸ਼ਕ ਚੂੰ-ਚਾਂ ਕਰਦਾ ਤਾਂ ਗੁੰਡਿਆਂ ਕੋਲੋਂ ਉਹਦੀ ਮੁਰੰਮਤ ਕਰਵਾ ਦਿੰਦੇ।
ਅਗਲੇ ਦਿਨ ਕਾਲਜ ਟੁਰਨ ਲੱਗਿਆਂ ਦਿਉਕੀ ਨੇ ਸ਼ਾਹਾਂ ਦੇ ਘਰੋਂ ਮੰਗਿਆਂ ਡੇਢ ਰੁਪਿਆ ਫੜਾਂਦਿਆਂ ਦਲੀਪ ਨੂੰ ਕਿਹਾ, "ਲੈ ਪੁੱਤ, ਉਹ ਖੇਲ ਵੇਖ ਆਵੀਂ," ਇਹ ਕਹਿੰਦਿਆਂ ਦਿਉਕੀ ਦੇ ਕਾਲਜੇ ਅੰਦਰ ਰੁੱਗ ਜਿਹਾ ਭਰਿਆ ਗਿਆ।
ਕਾਲਜ ਬੰਦ ਹੋਣ ਪਿਛੋਂ ਮੋਹਨ ਤੇ ਦਲੀਪ ਇਕ ਚਾਹ ਦੀ ਦੁਕਾਨ ਤੇ ਸਾਈਕਲ ਖੜ੍ਹਾ ਕਰ ਕੇ ਟਿਕਟਾਂ ਲੈਣ ਲਈ ਸਿਨੇਮੇ ਅੱਗੇ ਜਾ ਖਲੋਤੇ। ਚੁਫੇਰੇ ਭੀੜ ਈ ਭੀੜ ਤੇ ਅੰਤਾਂ ਦਾ ਰਸ਼। ਟਿਕਟਾਂ ਬਲੈਕ ਵਿਚ ਵਿਕ ਰਹੀਆਂ ਸਨ। ਕੁਝ ਲੋਕ ਬਲੈਕ ਦੇ ਵਿਰੁੱਧ ਰੌਲਾ ਪਾ ਰਹੇ ਸਨ। ਕੁਝ ਲਾਹੌਰੀਏ ਸ਼ਰਾਬ ਵਿਚ ਮਸਤ ਮੁੱਛਾਂ ਨੂੰ ਵੱਟ ਦੇ ਰਹੇ ਸਨ। ਹਾਲਾਤ ਬੜੇ ਤਣਾਓ ਭਰੇ ਸਨ। ਜਦੋਂ ਉਹਨਾਂ ਨੂੰ ਡੇਢ ਰੁਪੈ ਵਾਲੀ ਟਿਕਟ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਮੋਹਨ ਨੇ ਕਿਹਾ, "ਦਲੀਪ, ਮੇਰੇ ਕੋਲ ਪੈਸੇ ਹਨ, ਆਪਾਂ ਬਲੈਕ ਵਿਚ ਈ ਟਿਕਟਾਂ ਲੈ ਲਈਏ।"
"ਨਹੀਂ ਵੀਰ, ਵੇਖਾਂਗੇ ਤਾਂ ਡੂਢ ਵਾਲੀ 'ਚ ਈ, ਬਲੈਕ 'ਚ ਆਪਾਂ ਟਿਕਟ ਨਹੀਂ ਲੈਣੇ, ਮਾਂ ਗੁੱਸੇ ਹੋਵੇਗੀ।"
"ਫਿਰ ਛੱਡ ਪਰ੍ਹਾਂ ਦੀਪ, ਕੀ ਲੈਣਾ ਏਸ ਰੱਟੇ 'ਚੋਂ। ਚੱਲ ਚੱਲੀਏ ਪਿੰਡ ਨੂੰ।"
"ਠੀਕ ਆ, ਚੱਲ ਮੁੜੀਏ ਫਿਰ।"
ਚੁਫੇਰੇ ਭੀੜ ਵਧਦੀ ਜਾ ਰਹੀ ਸੀ। ਵਿਦਿਆਰਥੀਆਂ ਦਾ ਜਲੂਸ ਪੁਰ ਅਮਨ ਤਰੀਕੇ ਨਾਲ ਬਲੈਕ ਵਿਰੁੱਧ ਨਾਅਰੇ ਲਾ ਰਿਹਾ ਸੀ। ਪੁਲਿਸ ਦੇ ਹਥਿਆਰਬੰਦ ਦਸਤੇ ਚੰਗੇਜ਼ੀ ਅੱਖਾਂ ਨਾਲ ਲੋਕਾਂ ਨੂੰ ਘੂਰ ਰਹੇ ਸਨ। ਭੀੜ 'ਚੋਂ ਲੰਘਦੀ ਕਿਸੇ ਵੱਡੇ ਅਫ਼ਸਰ ਦੀ ਕਾਰ 'ਤੇ ਕਿਸੇ ਗੁੰਡੇ ਨੇ ਵੱਟਾ ਮਾਰਿਆ ਤਾਂ ਗਨਮੈਨ ਨੇ ਗੋਲੀ ਚਲਾ ਦਿੱਤੀ। ਫੇਰ ਪੁਲਿਸ ਵੱਲੋਂ ਅੰਨ੍ਹੇ-ਵਾਹ ਧੜਾ-ਧੜ ਆਪਣੇ ਦੇਸ਼ ਦੇ ਆਪਣੇ ਵਿਦਿਆਰਥੀਆਂ ਤੇ ਗੋਲੀ ਚੱਲਣ ਲੱਗੀ। ਕਈ ਜ਼ਖ਼ਮੀ ਹੋ ਗਏ, ਕਈ ਮਰ ਗਏ। ਅੱਥਰੂ ਗੈਸ, ਲਾਠੀਚਾਰਜ, ਡਾਂਗਾਂ, ਸੋਟੇ, ਫ਼ਾਇਰੰਗ ਤੇ ਏਸ ਦੌਰਾਨ ਭੀੜ-ਭੜੱਕੇ ਵਿਚ ਸਿਨੇਮੇ ਨੂੰ ਗਿਣੀ-ਮਿਥੀ ਸਾਜ਼ਿਸ਼ ਅਨੁਸਾਰ ਅੱਗ ਲਾ ਦਿੱਤੀ ਗਈ।
ਮੋਹਨ ਤੇ ਦਲੀਪ ਬਚ ਕੇ ਇਕ ਕੰਧ ਨਾਲ ਲੱਗੇ ਖੜੇ ਸਨ। ਕਿਸੇ ਬੰਨੇ ਭੱਜਣ ਨੂੰ ਵੀ ਥਾਂ ਨਹੀਂ ਸੀ।
ਅਚਾਨਕ ਗੋਲੀ ਮੋਹਨ ਦੇ ਲੱਗੀ ਤੇ ਉਹ ਚੁਫਾਲ ਢਹਿ ਪਿਆ। ਦਲੀਪ ਨੇ ਗੋਲੀ ਲੱਗੀ ਥਾਂ ਤੇ ਰੁਮਾਲ ਬੰਨ੍ਹ ਉਸ ਨੂੰ ਚੁੱਕ ਕੇ ਹਸਪਤਾਲ ਵੱਲ ਭੱਜਣਾ ਸ਼ੁਰੂ ਕੀਤਾ। ਜ਼ਖ਼ਮੀ ਨੂੰ ਚੁੱਕ ਕੇ ਭਜਦਿਆਂ ਵੇਖ ਕਈ ਗੋਲੀਆਂ ਦੀ ਬੁਛਾੜ ਨਾਲ ਦਲੀਪ ਆਪਣੇ ਦੋਸਤ ਸਣੇ ਸੜਕ ਤੇ ਡਿੱਗ ਪਿਆ ਤੇ ਉਹਦੇ ਹੱਥ ਵਿਚ ਘੁੱਟਿਆ ਡੇਢ ਰੁਪਿਆ ਸੜਕ ਤੇ ਡਿੱਗ ਪਿਆ, ਜੋ ਇਕ ਸਿਪਾਹੀ ਨੇ ਚੁੱਕ ਕੇ ਜੇਬ 'ਚ ਪਾ ਲਿਆ।
ਪਿੰਡ ਦਿਉਕੀ ਖੇਲ ਵੇਖ ਕੇ ਆਉਂਦੇ ਆਪਣੇ ਪੁੱਤਰ ਦੀ ਪਿੰਡ ਵਿਚ ਉਡੀਕ ਕਰ ਰਹੀ ਸੀ।