buy naltrexone canada
buy naltrexone
from trusted pharmacy
ਜਦੋਂ ਕਦੇ ਮੈ ਪੇਕਿਆਂ ਵਲ ਕਿਸੇ ਵਿਆਹ ਤੇ ਜਾਂਦੀ ਤਾਂ ਗਿੱਧੇ ਵਿੱਚ ਕੁੜੀਆਂ ਅਕਸਰ ਹੀ ਨੂੰਹ-ਸੱਸ ਦੇ ਕੌੜੇ ਰਿਸ਼ਤੇ ਬਾਰੇ ਲੋਕ-ਬੋਲੀਆਂ ਪਾ ਕੇ ਨੱਚਦੀਆਂ, ਤਾਂ ਮੈ ਪਿਛੋਂ ਇਹ ਬੋਲੀ ਜਰੂਰ ਪਾ ਦਿੰਦੀ-
"ਪਿੱਪਲੀ ਦੀ ਠੰਢੀ-ਠੰਢੀ ਛਾਂ ਵਰਗੀ-ਮੇਰੀ ਸੱਸ ਮੈਨੂੰ ਲੱਗੇ ਮੇਰੀ ਮਾਂ ਵਰਗੀ..."
ਤਾਂ ਮੇਰੀਆਂ ਭੈਣਾਂ ਤੇ ਸਹੇਲੀਆਂ ਮੈਨੂੰ ਛੇੜਨ ਲੱਗ ਜਾਂਦੀਆਂ- 'ਭਾਈ, ਇਹਨੂੰ ਤਾਂ ਚੰਗੀ ਸੱਸ ਮਿਲੀ ਲਗਦੀ ਆ' ਅਤੇ ਨਾਲ ਹੀ ਆਪੋ-ਆਪਣੀ ਸੱਸ ਦੇ ਕਿੱਸੇ ਛੇੜ ਦੇਂਦੀਆਂ।
ਨੂੰਹ-ਸੱਸ ਦਾ ਰਿਸ਼ਤਾ ਮੁੱਢ-ਕਦੀਮਾਂ ਤੋਂ ਕੁੜੱਤਣ ਭਰਿਆ ਰਿਹਾ ਹੈ। ਪੁਰਾਣੇ ਜ਼ਮਾਨੇ ਵਿੱਚ ਸੱਸ ਆਪਣੇ ਰਾਜ ਵਿੱਚ ਨੂੰਹ ਤੇ ਪੂਰਾ ਰੋਹਬ ਰੱਖਦੀ ਤੇ ਗੱਲ-ਗੱਲ ਤੇ ਟੋਕਦੀ। ਨੂੰਹ ਨੂੰ ਆਪਣੀ ਮਰਜ਼ੀ ਦਾ ਖਾਣ-ਪਹਿਨਣ ਜਾਂ ਬਾਹਰ ਜਾਣ ਦੀ ਅਜ਼ਾਦੀ ਨਹੀਂ ਸੀ ਹੁੰਦੀ। ਸ਼ਾਇਦ ਇਹਨਾਂ ਹਾਲਾਤਾਂ ਵਿਚੋਂ ਹੀ ਕੁਝ ਲੋਕ-ਬੋਲੀਆਂ ਨੇ ਜਨਮ ਲਿਆ ਹੋਏਗਾ - ਜਿਨ੍ਹਾਂ ਰਾਹੀਂ ਨੂੰਹ ਪੇਕੇ ਆ ਕੇ ਤੀਆਂ ਜਾਂ ਵਿਆਹ-ਸ਼ਾਦੀਆਂ ਤੇ ਸੱਸ ਨੂੰ ਕੁਝ ਤਾਅਨੇ ਦੇ ਕੇ ਦਿਲ ਦੀ ਭੜਾਸ ਕੱਢ ਲੈਂਦੀ- ਜਿਵੇਂ..'ਨਿੰਮ ਦਾ ਘੜਾ ਦੇ ਘੋਟਣਾ, ਸੱਸ ਕੁੱਟਣੀ ਸੰਦੂਕਾਂ ਉਹਲੇ'
ਜਾਂ
'ਸੱਸਾਂ ਸੱਸਾਂ ਹਰ ਕੋਈ ਕਹਿੰਦਾ, ਸੱਸਾਂ ਕਿਸ ਬਣਾਈਆਂ,
ਸੱਚੇ ਸਤਿਗੁਰ ਨੇ, ਮਗਰ ਚੜੇਲਾਂ ਲਾਈਆਂ' …ਆਦਿ।
ਅਤੇ ਫੇਰ ਜਦੋਂ ਸਾਰੀ ਜ਼ਿੰਦਗੀ ਦੀ ਭਰੀ ਪੀਤੀ ਨੂੰਹ ਦੀ ਸੱਸ ਬਣਨ ਦੀ ਵਾਰੀ ਆਉਂਦੀ ਤਾਂ ਉਹ ਆਪਣੀ ਸੱਸ ਦੇ ਵਤੀਰੇ ਦਾ ਬਦਲਾ ਆਪਣੀ ਨੂੰਹ ਤੋਂ ਲੈਣ ਲੱਗ ਜਾਂਦੀ।
ਪਰ ਅੱਜ ਜ਼ਮਾਨਾ ਬਦਲ ਗਿਆ ਹੈ। ਅੱਜ ਦੀ ਔਰਤ ਪੜ੍ਹੀ ਲਿਖੀ ਹੈ- ਉਹ ਮਰਦ ਦੇ ਬਰਾਬਰ ਕਮਾਉਂਦੀ ਹੈ- ਘਰੋਂ ਬਾਹਰ ਜਾਂਦੀ ਹੈ ਤੇ ਸਮਾਜ ਵਿਚ ਵਿਚਰਦੀ ਹੈ। ਭਾਵੇਂ ਮਰਦ ਨੇ ਅਜੇ ਤੱਕ ਉਸ ਨੂੰ ਬਰਾਬਰ ਦਾ ਰੁਤਬਾ ਤਾਂ ਨਹੀ ਪ੍ਰਦਾਨ ਕੀਤਾ- ਪਰ ਕਨੂੰਨ ਉਸ ਦੇ ਹੱਕ 'ਚ ਬਣ ਗਏ ਹਨ। ਬੜੀ ਵਾਰੀ ਵੇਖਣ ਵਿੱਚ ਆਇਆ ਹੈ ਕਿ ਉਹ ਆਪਣੀ ਇਸ ਆਜ਼ਾਦੀ ਤੇ ਹੱਕ 'ਚ ਬਣੇ ਕਨੂੰਨਾਂ ਦਾ ਕਈ ਥਾਈਂ ਨਜ਼ਾਇਜ਼ ਫਾਇਦਾ ਉਠਾ ਕੇ ਉਲਟਾ ਸੱਸ ਦੀ ਸੱਸ ਬਣ ਗਈ ਹੈ। ਮੇਰੇ ਕੋਲ ਬਹੁਤ ਸਾਰੇ ਘਰਾਂ ਦੀਆਂ ਮਿਸਾਲਾਂ ਹਨ ਜਿੱਥੇ ਸੱਸਾਂ ਨੂੰਹਾਂ ਤੋਂ ਡਰਦੀਆਂ ਹਨ। ਕਈ ਘਰਾਂ ਵਿੱਚ ਤਾਂ ਅੱਜਕਲ ਨੂੰਹਾਂ ਨੇ ਆਪਣੀਆਂ ਮਨ-ਮਾਨੀਆਂ ਕਰਨ ਲਈ ਸੱਸ-ਸਹੁਰੇ ਤੇ ਝੂਠੇ ਇਲਜ਼ਾਮ ਲਾ ਕੇ ਕੇਸ ਵੀ ਕੀਤੇ ਹੋਏ ਹਨ। ਤਾਂ ਫਿਰ ਤੁਸੀਂ ਆਪ ਹੀ ਦੱਸੋ ਕਿ ਇਸ ਹਾਲਾਤ ਵਿਚ ਸੱਸ ਵਿਚਾਰੀ ਵੀ ਕਰੇ- ਤਾਂ ਕੀ ਕਰੇ?
ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਸੱਸ-ਨੂੰਹ ਦੇ ਇਸ ਰਿਸ਼ਤੇ ਵਿੱਚ ਮਿਠਾਸ ਕਿਵੇਂ ਲਿਆਂਦੀ ਜਾਏ? ਇਸ ਵਿੱਚ ਸਭ ਤੋਂ ਵੱਡਾ ਰੋਲ ਧੀ ਦੀ ਮਾਂ ਦਾ ਹੋ ਸਕਦਾ ਹੈ। ਜਦੋਂ ਧੀ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਕਸਰ ਮਾਂ ਝੱਟ ਹੀ ਕਹਿ ਦਿੰਦੀ ਹੈ- "ਜੇਕਰ ਸਹੁਰੇ ਜਾ ਕੇ ਇਵੇਂ ਕੀਤਾ ਤਾਂ ਤੇਰੀ ਸੱਸ ਤੈਨੂੰ ਪਤਾ ਦੱਸੂ"- ਸੋ ਇਸ ਤਰਾਂ ਬੱਚੀ ਦੇ ਮਨ ਵਿਚ ਸੱਸ ਪ੍ਰਤੀ ਨਫਰਤ ਦਾ ਬੀਜ ਮੁੱਢ ਤੋਂ ਹੀ ਬੀਜ ਦਿੱਤਾ ਜਾਂਦਾ ਹੈ। ਇਸ ਦੇ ਉਲਟ ਜੇਕਰ ਮਾਂ ਜਵਾਨ ਹੋ ਰਹੀ ਧੀ ਨੂੰ ਇਹ ਸਮਝਾਵੇ ਕਿ- "ਜਦੋਂ ਤੂੰ ਵਿਆਹ ਕਰਵਾ ਕੇ ਦੂਸਰੇ ਘਰ ਜਾਏਂਗੀ ਤਾਂ ਉਥੇ ਵੀ ਮੇਰੇ ਵਰਗੀ ਤੇਰੀ ਇਕ ਮਾਂ ਹੋਏਗੀ, ਤੂੰ ਉਸ ਨੂੰ ਮੇਰੇ ਵਾਂਗ ਹੀ ਪਿਆਰ ਕਰਨਾ ਹੈ, ਉਸ ਦਾ ਪੂਰਾ ਆਦਰ-ਮਾਣ ਕਰਨਾ ਹੈ, ਉਸ ਮਾਂ ਨੇ ਪਾਲ -ਪੋਸ ਕੇ, ਜਵਾਨ ਕਰਕੇ, ਪੜ੍ਹਾ- ਲਿਖਾ ਕੇ ਆਪਣਾ ਪੁੱਤਰ ਤੈਨੂੰ ਸੌਪਣਾ ਹੈ, ਜੇਕਰ ਉਹ ਮਾਂ ਕਿਸੇ ਗੱਲ ਤੋਂ ਟੋਕੇ ਤਾਂ ਗੁੱਸਾ ਨਹੀਂ ਕਰਨਾਂ, ਮੈ ਵੀ ਤਾਂ ਤੈਨੂੰ ਸਮਝਾਉਣ ਲਈ ਬਹੁਤ ਵਾਰੀ ਟੋਕਦੀ ਹੀ ਹਾਂ ਨਾ, ਪਤੀ ਦਾ ਪਰਿਵਾਰ ਹੀ ਤੇਰਾ ਆਪਣਾ ਅਸਲੀ ਪਰਿਵਾਰ ਹੋਏਗਾ, ਤੂੰ ਉਸ ਘਰ ਦੀ ਇੱਜ਼ਤ ਬਣ ਕੇ ਜਾਣਾ ਹੈ ਅਤੇ ਤੂੰ ਇਸ ਪਰਿਵਾਰ ਤੋਂ ਉਸ ਪਰਿਵਾਰ ਨੂੰ ਹਮੇਸ਼ਾ ਵੱਧ ਤਰਜੀਹ ਦੇਣੀ ਹੈ- ਆਦਿ- ਆਦਿ..." ਤਾਂ ਇਸ ਤਰਾਂ ਇਕ ਤਾਂ ਧੀ ਦੇ ਮਨ ਚੋਂ ਸੱਸ ਦਾ ਡਰ ਵੀ ਨਿੱਕਲ ਜਾਏਗਾ ਤੇ ਦੂਸਰਾ ਉਸ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾਂ ਵੀ ਪੈਦਾ ਹੋਏਗੀ ਅਤੇ ਉਹ ਚਾਂਈ-ਚਾਂਈ ਸਭ ਨੂੰ ਅਪਣਾ ਲਵੇਗੀ।
ਸੱਸਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਇਕ ਲੜਕੀ ਆਪਣਾ ਸਾਰਾ ਪਰਿਵਾਰ - ਭੈਣ-ਭਰਾ, ਮਾਂ-ਬਾਪ- ਛੱਡ ਕੇ ਇਕ ਦਮ ਨਵੇਂ ਮਹੌਲ ਵਿੱਚ ਆਈ ਹੈ, ਸੋ ਉਸ ਨੂੰ ਵੱਧ ਪਿਆਰ ਦੀ ਜ਼ਰੂਰਤ ਹੈ ਤੇ ਫਿਰ ਉਸ ਨੂੰ ਪਰਿਵਾਰ ਵਿੱਚ ਐਡਜਸਟ ਹੋਣ ਵਿੱਚ ਕੁਝ ਕੁ ਵਕਤ ਤਾਂ ਲਗੇਗਾ ਹੀ ਨਾ। ਉਸ ਲਈ ਸਭ ਕੁਝ ਵੱਖਰਾ ਹੈ, ਉਹ ਹੌਲੀ -ਹੌਲੀ ਨਵੇਂ ਪਰਿਵਾਰ ਦੇ ਤੌਰ-ਤਰੀਕੇ ਸਮਝ ਜਾਏਗੀ। ਜੇਕਰ ਉਸ ਕੋਲੋਂ ਕੋਈ ਗਲਤੀ ਵੀ ਹੋ ਜਾਵੇ ਤਾਂ ਸੱਸ ਨੂੰ ਸੋਚਣਾ ਚਾਹੀਦਾ ਹੈ ਕਿ- ਕੀ ਉਸ ਦੀ ਆਪਣੀ ਧੀ ਨੇ ਕਦੇ ਕੋਈ ਗਲਤੀ ਨਹੀਂ ਸੀ ਕੀਤੀ? ਤੇ ਫਿਰ ਜਿਵੇਂ ਉਸ ਨੂੰ ਸਮਝਾਉਂਦੀ ਸੀ ਉਵੇਂ ਹੀ ਨੂੰਹ ਨੂੰ ਵੀ ਸਮਝਾ ਲਵੇ। ਅੱਜਕਲ ਕੁੜੀਆਂ ਉੱਚੀ ਸਿੱਖਿਆ ਪ੍ਰਾਪਤ ਕਰਨ ਲਈ ਜਿਆਦਾ ਤਰ ਹੋਸਟਲਾਂ ਜਾਂ ਪੀ.ਜੀ. ਵਿੱਚ ਰਹਿੰਦੀਆ ਹਨ, ਇਸ ਲਈ ਉਹ ਰਸੋਈ ਸਿੱਖਿਆ ਤੋਂ ਅਕਸਰ ਵਾਂਝੀਆਂ ਰਹਿ ਜਾਂਦੀਆਂ ਹਨ, ਪਰ ਉਹਨਾਂ ਦੇ ਦਿਮਾਗ ਕੰਪਿਊਟਰ ਵਾਂਗ ਚਲਦੇ ਹਨ। ਸੋ ਜੇਕਰ ਉਹ ਘਰੇਲੂ ਕੰਮਾਂ ਵਿੱਚ ਮਾਹਰ ਨਾ ਵੀ ਹੋਣ ਤਾਂ ਸੱਸ ਉਸ ਨੂੰ ਸਹਿਯੋਗ ਦੇ ਕੇ ਧੀਆਂ ਵਾਂਗ ਹੀ ਸਾਰਾ ਕੰਮ ਸਿਖਾ ਸਕਦੀ ਹੈ- ਉਹ ਬਾਹਰ ਦੇ ਕੰਮਾਂ ਵਿੱਚ ਨਿਪੁੰਨ ਵੀ ਤਾਂ ਹੈ ਨਾ- ਨੌਕਰੀ ਕਰ ਕੇ ਘਰ ਦੀ ਆਮਦਨ ਵਿੱਚ ਵਾਧਾ ਵੀ ਤਾਂ ਕਰ ਰਹੀ ਹੈ - ਜਿਉਂ-ਜਿਉਂ ਘਰ ਦੀ ਜਿੰਮੇਵਾਰੀ ਪਏਗੀ ਤਾਂ ਆਪੇ ਹੌਲੀ ਹੌਲੀ ਸਿੱਖ ਜਾਏਗੀ- ਮਾਂ ਦੇ ਘਰੋਂ ਟਿਫਨ ਥੋੜ੍ਹਾ ਮੰਗਵਾਏਗੀ?
ਅੱਜਕਲ ਕੁੜੀਆਂ ਆਜ਼ਾਦੀ ਪਸੰਦ ਕਰਦੀਆਂ ਹਨ। ਸੋ ਸੱਸ ਨੂੰ ਚਾਹੀਦਾ ਹੈ ਕਿ ਉਹ ਮੀਆਂ-ਬੀਵੀ ਦੇ ਕਿਧਰੇ ਜਾਣ-ਆਉਣ ਤੇ ਇਤਰਾਜ਼ ਜ਼ਾਹਰ ਨਾ ਕਰੇ, ਸਗੋਂ ਆਪ ਹੀ ਸ਼ੁਰੂ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਇਕੱਠੇ ਬਿਤਾਉਂਣ ਦੇਵੇ ਤਾਂ ਕਿ ਉਹ ਇਕ ਦੂਜੇ ਨੂੰ ਪੂਰੀ ਤਰਾਂ ਸਮਝ ਲੈਣ। ਨੂੰਹ ਦੇ ਰਿਸ਼ਤੇਦਾਰਾਂ ਦਾ ਪੂਰਾ ਮਾਣ ਕਰੇ, ਨੂੰਹ ਤੇ ਧੀ ਵਿੱਚ ਜਰਾ ਵੀ ਫ਼ਰਕ ਨਾਂ ਕਰੇ। ਜੇਕਰ ਮੀਆਂ-ਬੀਵੀ ਦੀ ਕਿਸੇ ਗੱਲ ਤੇ ਬਹਿਸ ਹੋ ਜਾਵੇ ਤਾਂ ਨੂੰਹ ਦਾ ਪੱਖ ਲਵੇ- ਪੁੱਤਰ ਦਾ ਪੱਖ ਪੂਰ ਕੇ ਨੂੰਹ ਦੇ ਮਨ ਵਿੱਚ ਨਫਰਤ ਦਾ ਬੀਜ ਨਾ ਬੀਜੇ। ਜੇਕਰ ਸੱਸ ਆਪਣੀ ਨੂੰਹ ਨੂੰ ਪੁੱਤਰ ਤੋਂ ਵੱਧ ਪਿਆਰ ਕਰੇ ਤਾਂ ਕੋਈ ਕਾਰਣ ਨਹੀਂ ਕਿ ਨੂੰਹ ਉਸ ਨੂੰ ਬਣਦਾ ਸਤਿਕਾਰ ਨਾ ਦੇਵੇ।
ਨੂੰਹ ਸੱਸ ਦੇ ਰਿਸ਼ਤੇ ਨੂੰ ਕੌੜਾ-ਮਿੱਠਾ ਬਨਾਉਂਣ ਵਿੱਚ ਮੋਬਾਇਲ ਕਲਚਰ ਦਾ ਬੜਾ ਵੱਡਾ ਰੋਲ ਹੈ। ਇਸ ਕਲਚਰ ਨੇ ਪਰਿਵਾਰਾਂ ਵਿੱਚ ਤਰੇੜਾਂ ਵਧਾ ਦਿੱਤੀਆਂ ਹਨ। ਮਾਪਿਆਂ ਦੀ ਲਾਡਲੀ ਜਦੋਂ ਸਹੁਰੇ ਘਰ ਜਾਂਦੀ ਹੈ ਤਾਂ ਮਾਂ ਵੀ ਲਾਡ ਨਾਲ ਕਹਿ ਦੇਂਦੀ ਹੈ- "ਧੀਏ, ਸਾਨੂੰ ਹਰ ਰੋਜ਼ ਫੋਨ ਕਰਕੇ ਸਹੁਰਿਆਂ ਦਾ ਹਾਲ ਦੱਸਦੀ ਰਹੀਂ"- ਤੇ ਮੋਬਾਇਲ ਤਾਂ ਹਰੇਕ ਲੜਕੀ ਕੋਲ ਹੁੰਦਾ ਹੀ ਹੈ- ਜੋ ਸਹੁਰਿਆਂ ਦੀ ਹਰ ਛੋਟੀ-ਵੱਡੀ ਗੱਲ ਪੇਕਿਆਂ ਤੱਕ ਪੁਚਾਈ ਜਾਂਦਾ ਹੈ ਅਤੇ ਫਿਰ ਹਰ ਰੋਜ਼ ਮਾਂ ਵੀ ਯੋਗ ਮਸ਼ਵਰਾ ਦੇਣੋਂ ਰਹਿ ਨਹੀਂ ਸਕਦੀ ਵਿਚਾਰੀ। ਉਹ ਭੁੱਲ ਜਾਂਦੀ ਹੈ ਕਿ ਉਸ ਨੂੰ ਵਿਆਹ ਤੋਂ ਬਾਅਦ ਧੀ ਦੇ ਸਹੁਰੇ ਘਰ ਵਿੱਚ ਦਖਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਇਹ ਉਸ ਦੀ ਧੀ ਦੇ ਹਿੱਤ ਵਿੱਚ ਹੈ। ਛੋਟੀ-ਛੋਟੀ ਨੋਕ -ਝੋਕ ਹਰ ਘਰ ਵਿੱਚ ਹੁੰਦੀ ਹੈ- ਉਸ ਨੂੰ ਪਹਾੜ ਬਣਾ ਦਿੱਤਾ ਜਾਂਦਾ ਹੈ ਅਤੇ ਉਹ ਸਹੁਰੇ ਪਰਿਵਾਰ ਵਿੱਚ ਐਡਜਸਟ ਹੋਣ ਦੀ ਬਜਾਏ, ਮਾਂ ਦੀ ਗਲਤ ਸਿੱਖਿਆ ਕਾਰਨ ਆਪਣਾ ਘਰ ਆਪਣੇ ਹੱਥੀਂ ਉਜਾੜ ਬੈਠਦੀ ਹੈ। ਲੜਕੀ ਨੂੰ ਹਮੇਸ਼ਾ ਇਹ ਦਿਮਾਗ ਵਿੱਚ ਰੱਖਣਾ ਚਾਹੀਦਾ ਹੈ ਕਿ ਵਿਆਹੀ ਲੜਕੀ ਦੀ ਪੇਕੇ ਘਰ ਵਿੱਚ ਉਹ ਇੱਜ਼ਤ ਨਹੀਂ ਹੁੰਦੀ ਜੋ ਸਹੁਰੇ ਘਰ ਹੁੰਦੀ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕਈ ਲੜਕੀਆਂ ਦੋਹਾਂ ਪਰਿਵਾਰਾਂ ਤੋਂ ਨਿਰਾਸ਼ ਹੋ ਕੇ ਇਕੱਲ ਦਾ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ ਅਤੇ ਸਾਰੀ ਉਮਰ ਲਈ ਪਰਿਵਾਰ ਦੇ ਸੁੱਖ ਤੋਂ ਵਾਂਝੀਆਂ ਹੋ ਜਾਂਦੀਆਂ ਹਨ।
ਹਰ ਲੜਕੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਹੁਰਾ ਪਰਿਵਾਰ ਉਸ ਦਾ ਆਪਣਾ ਪਰਿਵਾਰ ਹੈ। ਇਸ ਲਈ ਉਹ ਸੱਸ-ਸਹੁਰੇ ਨੂੰ ਮਾਂ-ਬਾਪ ਦਾ ਦਰਜਾ ਦੇਵੇ ਅਤੇ ਪਤੀ ਦੇ ਭੈਣ-ਭਰਾਵਾਂ ਨੂੰ ਆਪਣੇ ਸਮਝੇ ਅਤੇ ਹਰ ਦੁੱਖ -ਸੁੱਖ ਵਿੱਚ ਪਰਿਵਾਰ ਦਾ ਸਾਥ ਦੇਵੇ। ਘਰ ਦਾ ਹਰ ਮਸਲਾ ਮੀਆਂ-ਬੀਵੀ ਖ਼ੁਦ ਹਲ ਕਰਨ, ਇਕ ਦੂਜੇ ਤੇ ਪੂਰਾ ਭਰੋਸਾ ਕਰਨ, ਹਰ ਗੱਲ ਵਿੱਚ ਆਪਣੀ ਮਾਂ ਦੀ ਸਲਾਹ ਨਾ ਲਏ। ਛੋਟੀ-ਛੋਟੀ ਗੱਲ ਵਿੱਚ ਆਪਣੀ ਈਗੋ ਨਾ ਦਿਖਾਵੇ, ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਾ ਮੋੜੇ ਸਗੋਂ ਨਿਭਾਉਣ ਵਿੱਚ ਖੁਸ਼ੀ ਮਹਿਸੂਸ ਕਰੇ। ਇਹ ਗੱਲ ਵੀ ਆਪਣੇ ਦਿਮਾਗ ਵਿੱਚ ਪੱਕੀ ਬਿਠਾ ਲਵੇ- ਕਿ ਉਸ ਦਾ ਪਤੀ, ਪਰਿਵਾਰ ਰੂਪੀ ਦਰੱਖਤ ਦਾ ਹੀ ਇਕ ਹਿੱਸਾ ਹੈ, ਇਕ ਟਾਹਣੀ ਹੈ- ਤੇ ਉਹ ਵੀ ਉਸ ਦਰੱਖਤ ਦੀ ਨਵੀਂ ਸ਼ਾਖ ਵਜੋਂ ਉਸ ਪਰਿਵਾਰ ਵਿੱਚ ਆਈ ਹੈ ਅਤੇ ਜੇਕਰ ਉਹ ਆਪਣੇ ਪਤੀ ਨੂੰ ਉਸ ਦਰੱਖਤ ਨਾਲੋਂ ਕੱਟ ਦੇਵੇਗੀ ਤਾਂ ਉਸ ਦੇ ਜ਼ਖਮਾਂ ਦਾ ਦਰਦ ਉਸ ਨੂੰ ਵੀ ਹੋਏਗਾ- ਤੇ ਫਿਰ ਉਹ ਟਾਹਣੀ ਭਲਾ ਕਿੰਨਾ ਕੁ ਚਿਰ ਹਰੀ ਰਹਿ ਸਕੇਗੀ? ਤੇ ਫਿਰ ਉਸ ਟਾਹਣੀ ਤੇ ਹੀ ਤਾਂ ਉਸ ਦੇ ਬੱਚੇ ਫੁੱਲਾਂ ਤੇ ਫਲਾਂ ਦੇ ਰੂਪ ਵਿੱਚ ਆਉਣੇ ਹਨ- ਤੇ ਕੀ ਜੜ੍ਹ ਤੋਂ ਬਿਨਾਂ ਉਹ ਟਹਿਕ ਸਕਣਗੇ?
ਨੂੰਹ- ਸੱਸ ਦੇ ਰਿਸ਼ਤੇ ਵਿੱਚ ਮਿਠਾਸ ਲਿਆਉਣ ਲਈ ਮਰਦਾਂ ਦੇ ਰੋਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ। ਮੇਰੀ ਮੁਰਾਦ ਸਹੁਰਾ ਅਤੇ ਪਤੀ ਦੋਹਾਂ ਤੋਂ ਹੈ। ਜੇਕਰ ਸੱਸ ਲੋੜ ਤੋਂ ਜਿਆਦਾ ਟੋਕਾ- ਟਾਕੀ ਕਰਦੀ ਹੈ ਤਾਂ ਸਹੁਰਾ ਉਸ ਨੂੰ ਸਮਝਾਵੇ, ਪਰ ਜੇਕਰ ਨੂੰਹ ਦੀ ਜ਼ਿਆਦਤੀ ਹੈ ਤਾਂ ਉਸ ਦਾ ਪਤੀ ਉਸ ਨੂੰ ਗਲਤੀ ਦਾ ਅਹਿਸਾਸ ਕਰਾਵੇ। ਵੈਸੇ ਬਹੁਤੇ ਘਰਾਂ ਵਿੱਚ, ਨੂੰਹ ਸੱਸ ਦੀ ਲੜਾਈ ਵਿੱਚ, ਪਤੀ ਦੀ ਹਾਲਤ ਤਾਂ ਦੋ ਪੁੜਾਂ ਵਿਚਾਲੇ ਪਿਸਣ ਵਾਲੀ ਹੋ ਜਾਂਦੀ ਹੈ। ਪਰ ਉਸ ਨੂੰ ਵਿਆਹ ਤੋਂ ਬਾਅਦ, ਇਕ ਦਮ ਪਤਨੀ ਵੱਲ ਉਲਾਰ ਹੋ ਕੇ, ਮਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਪਤਨੀ ਨੂੰ ਪਿਆਰ ਵੀ ਦੇਵੇ ਪਰ ਨਾਲ ਹੀ ਮਾਂ ਨੂੰ ਵੀ ਬਣਦਾ ਸਤਿਕਾਰ ਦੇਵੇ। ਦੋਹਾਂ ਵਿੱਚ ਸੰਤੁਲਨ ਰੱਖ ਕੇ ਹੀ, ਉਹ ਪਰਿਵਾਰਕ ਖੁਸ਼ੀਆਂ ਬਰਕਰਾਰ ਰੱਖ ਸਕਦਾ ਹੈ।
ਮੁੱਕਦੀ ਗੱਲ ਤਾਂ ਇਹ ਹੈ ਕਿ ਮਾਵਾਂ ਧੀਆਂ ਨੂੰ ਸਹੁਰੇ ਪਰਿਵਾਰ ਵਿੱਚ ਐਡਜਸਟ ਹੋਣ ਦੀ ਸਿਖਿਆ ਦੇਣ, ਸੱਸ ਵੀ ਨੂੰਹ ਨੂੰ ਧੀਆਂ ਵਾਲਾ ਪਿਆਰ ਦੇਕੇ ਅਪਣਾਵੇ, ਮਰਦ ਵੀ ਬੀਵੀ ਅਤੇ ਮਾਂ ਦੋਹਾਂ ਨੂੰ ਬਣਦਾ ਸਤਿਕਾਰ ਦੇਵੇ, ਪਰ ਨੂੰਹ ਵੀ ਆਪਣੀ ਅਜ਼ਾਦੀ ਅਤੇ ਆਪਣੇ ਹੱਕ 'ਚ ਬਣੇ ਕਨੂੰਨਾਂ ਦਾ ਨਜ਼ਾਇਜ਼ ਫਾਇਦਾ ਨਾ ਉਠਾਵੇ, ਸਹੁਰੇ ਪਰਿਵਾਰ ਦਾ ਪੂਰਾ ਸਤਿਕਾਰ ਕਰੇ ਅਤੇ ਜਿਸ ਬਾਗ ਦੀ ਸ਼ਾਨ ਵਧਾਉਣ ਲਈ ਉਹ ਆਈ ਹੈ- ਉਸ ਵਿੱਚ ਆਪਣੇ ਗੁਣਾਂ ਦੀ ਖੁਸ਼ਬੂ ਫੈਲਾ ਕੇ ਉਸ ਦੀ ਸ਼ਾਨ ਨੂੰ ਚਾਰ-ਚੰਨ ਲਾਉਣ ਵਿੱਚ ਕੋਈ ਕਸਰ ਨਾ ਛੱਡੇ, ਤੇ ਫੇਰ ਜਿਥੇ ਨੂੰਹ-ਸੱਸ ਦਾ ਰਿਸ਼ਤਾ, ਮਾਵਾਂ-ਧੀਆਂ ਵਾਲਾ ਹੋ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਉਸ ਪਰਿਵਾਰ ਵਿੱਚੋਂ ਸਵਰਗਾਂ ਜਿਹਾ ਅਨੰਦ ਮਹਿਸੂਸ ਨਾ ਹੋਵੇ ਅਤੇ ਫਿਰ ਉਸ ਘਰ ਦੀ ਨੂੰਹ ਦੇ ਮੂੰਹੋਂ ਆਪ ਮੁਹਾਰ ਹੇ ਨਿੱਕਲੇਗਾ-
"ਪਿੱਪਲੀ ਦੀ ਠੰਡੀ-ਠੰਡੀ ਛਾਂ ਵਰਗੀ
ਮੇਰੀ ਸੱਸ ਮੈਨੂੰ ਲੱਗੇ ਮੇਰੀ ਮਾਂ ਵਰਗੀ।"