ਹੈ ਤਰਸੂਲ ਤੋਂ ਖਤਰਾ ਹੈ ਤਲਵਾਰ ਤੋਂ ਖਤਰਾ
ਹੱਥ ਆਈ ਜਿਨ੍ਹਾਂ ਦੇ ਉਹਦੇ ਹੰਕਾਰ ਤੋਂ ਖਤਰਾ
ਹੁੰਦੇ ਕੋਈ ਵਿਰਲੇ ਨੇ ਰਾਖੀ ਧਰਮ ਦੀ ਕਰਦੇ
ਜੋ ਖਾਣ ਕਮਾਈਆਂ ਨੂੰ ਹੈ ਉਸ ਧਾੜ ਤੋਂ ਖਤਰਾ
ਵਾੜ ਖੇਤ ਲਈ ਹੁੰਦੀ ਹੈ ਕਿ ਖੇਤ ਸਲਾਮਤ ਰਹੇ
ਜੇ ਵਾੜ ਖੇਤ ਖਾਣ ਨੂੰ ਆਏ ਉਸ ਵਾੜ ਤੋਂ ਖਤਰਾ
ਪਾੜ ਪਾਏ ਲੋਕਾਂ ਵਿੱਚ ਅਪਣੀ ਲਾਲਸਾ ਦੇ ਲਈ
ਐਸੇ ਲੋਕਾਂ ਤੋਂ ਖਤਰਾ ਹੈ ਉਸ ਪ੍ਰਚਾਰ ਤੋਂ ਖਤਰਾ
ਮਨਸ਼ਾ ਦਿਲ ਦੀ ਮਾੜੀ ਜੇ ਦਿਲ ਵਿੱਚ ਲਕੋ ਰੱਖਣੀ
ਲੁੱਟ ਲਏ ਜੋ ਲੋਕਾਂ ਨੂੰ ਉਸ ਉਪਕਾਰ ਤੋਂ ਖਤਰਾ
ਗੱਲ ਕਰੇ ਅਨਾੜੀ ਜੇ ਉਸ ਤੋਂ ਕੁਝ ਨਹੀਂ ਹਾਸਿਲ
ਰਹਿਣਾ ਦੂਰ ਚੰਗਾ ਹੈ ਉਸ ਤਕਰਾਰ ਤੋਂ ਖਤਰਾ
ਸੱਭ ਜਾਣਦੇ ਹੋਏ ਵੀ ਅਰਥ ਦਾ ਅਨਰਥ ਕਰੇ
ਜੜ੍ਹ ਹੋਵੇ ਝਗੜੈ ਦੀ ਹੈ ਉਸ ਮਕਾਰ ਤੋਂ ਖਤਰਾ