ਕਾਲੇ ਬੱਦਲ-ਸੁਨਹਿਰੀ ਕਿੰਗਰੇ (ਪਿਛਲ ਝਾਤ )

ਗੁਰਮਿੰਦਰ ਸਿੱਧੂ (ਡਾ.)   

Email: gurmindersidhu13@gmail.com
Cell: +1 604 763 1658
Address:
ਸਰੀ British Columbia Canada
ਗੁਰਮਿੰਦਰ ਸਿੱਧੂ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਡਰ ਆਪਾਂ ਸਾਰਿਆਂ ਨੂੰ ਹੈ ਕਿ ਸਾਡੀ ਮਾਂ-ਬੋਲੀ  ਪੰਜਾਬੀ ਦਾ ਵਜੂਦ ਕਿਤੇ ਸੱਚੀਂ-ਮੁੱਚੀਂ ਨਾ ਮਿਟ ਜਾਵੇ..ਦੂਜੀਆਂ ਬੋਲੀਆਂ, ਵਿਸ਼ੇਸ਼ ਕਰਕੇ ਅੰਗਰੇਜ਼ੀ ਅਤੇ ਹਿੰਦੀ ਦੇ  ਕਾਲੇ-ਬੋਲੇ ਬੱਦਲ ਕਿਤੇ ਇਹਦੇ ਅੱਖਰਾਂ ਨੂੰ ਬਿਲਕੁਲ ਹੀ ਨਾ ਧੋ ਦੇਣ..ਆਪਣੇ-ਆਪ ਨੂੰ ਆਧੁਨਿਕ ਦਿਖਾਉਣ ਦੀ ਅੰਨ੍ਹੀ-ਦੌੜ ਵਿੱਚ ਆਪਣੇ ਵਿਰਸੇ ਨੂੰ ਭੁੱਲ ਰਹੇ ਪੰਜਾਬੀ ਕਿਤੇ ਹਕੀਕਤ ਵਿੱਚ ਹੀ ਕੱਖਾਂ ਵਾਂਗ ਨਾ ਰੁਲ ਜਾਣ..ਤੇ ਇਹ ਡਰ ਸੱਚਾ ਵੀ ਹੈ, ਯੂਨੈਸਕੋ ਨੇ  ਵੀ ਸੁਚੇਤ ਕੀਤਾ ਹੈ ਇਸ ਖਤਰੇ ਬਾਰੇ, ਪਰ ਕਿਤੇ ਕਿਤੇ ਕੋਈ ਉਮੀਦ ਦੀ ਕਿਰਨ ਵੀ ਹੈ ,ਜੋ ਚਿੰਤਾ ਦੇ ਹਨ੍ਹੇਰੇ ਵਿੱਚ ਡੁੱਬੇ ਪੰਜਾਬੀ -ਪਿਆਰਿਆਂ ਨੂੰ ਲੋਅ ਦੀ ਲੱਪ ਬਖਸ਼ਦੀ ਹੈ।ਇੰਜ ਹੀ ਹੋਇਆ ਜਦੋਂ ਅਸੀਂ ਇਸ ਵਾਰ ਕੈਨੇਡਾ ਗਏ । 
 ਦਿੱਲੀ ਹਵਾਈ-ਅੱਡੇ 'ਤੇ ਤਾਂ ਬੜਾ ਕੁਰੱਖਤ ਜਿਹਾ ਵਤੀਰਾ ਸੀ,
                  “ ਇਧਰ ਸੇ ਮੱਤ ਗੁਜ਼ਰੀਏ..ਅਰੇ ਸਰਦਾਰ ਜੀ ! ਕਿਆ ਕਰਤੇ ਹੈਂ..ਜਲਦੀ ਕੀਜੀਏ ”
                  “ ਇਸ ਬੈਗ ਮੇਂ ਕਿਆ ਹੈ..ੳਪਨ ਦਿਸ ..ਹਰੀ ਅਪ..”
                    “ ਪਾਨੀ ਕੀ ਬੋਤਲ ਕਿਉਂ ਲਾਈ ਹੈਂ ? ਥਰੋ ਇਟ ਅਵੇ..” ਵਗੈਰਾ..ਵਗੈਰਾ..ਮੁਸਕੁਰਾਹਟ ਦਾ ਕਿਤੇ ਨਾਮ-ਨਿਸ਼ਾਨ ਨਹੀਂ..ਖਿਝੇ ਹੋਏ..ਬੱਧੇ-ਰੁੱਧੇ.. ਤਿਊੜੀਆਂ ਵਾਲੇ ਮੱਥਿਆਂ ਨਾਲ ਕੰਮ ਕਰਦੇ ਕਰਮਚਾਰੀ..ਮੈਂ ਉਹਨਾਂ ਦੇ ਸਾਹਮਣੇ ਹੀ ਸਾਰਾ ਪਾਣੀ ਗਟਾ-ਗਟ ਪੀ ਲਿਆ ਤੇ ਖਾਲੀ ਬੋਤਲ ਪਰਸ ਵਿੱਚ ਪਾ ਲਈ।
                     ਖੈਰ..ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਵਿੱਚ ਦਾਖਿਲ ਹੁੰਦਿਆਂ ਹੀ ਏਅਰ-ਹੋਸਟੈਸਾਂ ਦੀ ਸ਼ਹਿਦ-ਗੁੰਨ੍ਹੀ ਆਓ-ਭਗਤ ਨੇ ਸਾਰੀ ਕੁੜਿੱਤਣ ਖੋਰ ਦਿੱਤੀ.. ਜਹਾਜ਼ ਦੀਆਂ ਹਵਾ ਵਿੱਚ ਉਡਾਰੀਆਂ ਨੇ ਜਿਵੇਂ ਸਾਨੂੰ ਵੀ ਖੰਭ ਲਗਾ  ਦਿੱਤੇ .. ਹੁਣ ਅਸੀਂ ਬੱਦਲਾਂ ਦੇ ਫੰਭਿਆਂ ਉਪਰੋਂ ਉੱਡ ਰਹੇ ਸਾਂ..ਫੰਭੇ..ਜਿਵੇਂ ਕਿਸੇ ਨੇ ਦੁੱਧ-ਚਿੱਟੀ ਰੂੰ ਪਿੰਜ ਕੇ ਏਧਰ-ੳਧਰ ਖਿਲਾਰ ਦਿੱਤੀ ਹੋਵੇ..ਜਿਵੇਂ ਕੁਝ ਹੀ ਪਲਾਂ ਨੂੰ ਕੁਦਰਤ ਰਾਣੀ ਨੇ ਪੂਣੀਆਂ ਵੱਟ ਕੇ ਕੱਤਣ ਲੱਗ ਪੈਣਾ ਹੋਵੇ..ਅਜੀਬ ਜਿਹਾ ਤਲਿਸਮ,ਇਹ ਵੀ ਪਤਾ ਨਾ ਲੱਗੇ ਕਿਸ ਦਿਸ਼ਾ ਵੱਲ ਜਾ ਰਹੇ ਹਾਂ..ਜਿਵੇਂ ਦਿਸ਼ਾਵਾਂ ਦਾ ਵਜੂਦ ਹੀ ਮਿਟ ਗਿਆ ਹੋਵੇ..ਦੂਰ ਕਿਤੇ ਚੜ੍ਹਦਾ ਸੂਰਜ ਅੰਬਰ ਦੇ ਬਨੇਰੇ ਉੱਤੇ ਗੁਲਾਬੀ ਪੋਚਾ ਫੇਰ ਰਿਹਾ..ਕਿਤੇ-ਕਿਤੇ ਹੇਠਾਂ ਚਟਾਨਾਂ ਦੀ ਸੁਰਮਈ ਚਾਦਰ..ਕਿਤੇ ਕਿਤੇ ਖੇਤ ਨਿੱਕੀਆਂ-ਵੱਡੀਆਂ ਹਰੀਆਂ-ਹਰੀਆਂ ਟੁਕੜੀਆਂ ਬਣੇ ਹੋਏ,ਕਿਤੇ ਕਿਤੇ ਬਰੀਕ ਜਿਹੀਆਂ ਸੜਕਾਂ ਜਾਂ ਨਦੀਆਂ ਕੋਹਾਂ ਲੰਮੇ ਨਾਗ ਵਾਂਗ ਵਲ ਖਾਂਦੀਆਂ..ਆਪਣਾ ਹੀ ਰੋਮਾਂਚ..ਜਹਾਜ਼ ਵੱਖੀ ਬਦਲਦਾ ਹੋਇਆ ਡੋਲਦਾ ਤਾਂ ਅਸੀਂ ਆਪਣੀਆਂ ਪੇਟੀਆਂ ਕਸਦੇ ਇੱਕ-ਦੂਜੇ ਵੱਲ ਦੇਖ ਕੇ ਹੱਸ ਪੈਂਦੇ..ਸੁਰਗ ਦੇ ਝੂਟੇ ਏਸੇ ਨੂੰ ਕਹਿੰਦੇ ਹੋਣਗੇ ਤੇ ਇਹ ਝੂਟੇ ਲੈਂਦੇ-ਲੈਂਦੇ ਅਸੀਂ ਲੰਡਨ ਦੇ ' ਹੀਥਰੋ ਹਵਾਈ-ਅੱਡੇ ' ਉੱਤੇ ਉੱਤਰ ਗਏ।
               ਇੱਥੇ ਫਿਰ ਉਹੀ ਭਾਜੜ,ਇਕੱਠੇ ਹੀ ਕਈ ਜਹਾਜ਼ ਉੱਤਰੇ ਸਨ,ਭੀੜ ਦਾ ਅੰਤ ਕੋਈ ਨਾ,ਸਭ ਨੂੰ ਆਪਣੇ-ਆਪਣੇ ਟਰਮੀਨਲ 'ਤੇ ਪਹੁੰਚਣ ਦੀ ਕਾਹਲੀ, ਐਸਕੇਲੇਟਰਾਂ ਰਾਹੀਂ ਕਦੀ ਉੱਪਰ ਕਦੀ ਥੱਲੇ,ਕਦੀ ਇਹ ਤਲ ਕਦੀ ਉਹ ਤਲ,ਫਿਰ ਆਪਣੇ ਟਰਮੀਨਲ ਤੱਕ ਲਿਜਾਣ ਵਾਲੀ ਗੱਡੀ ਦੀ ਸਵਾਰੀ, ਮਸਾਂ ਕਿਤੇ ਟਿਕਾਣੇ 'ਤੇ ਉੱਪੜੇ। ਦੁਬਾਰਾ ਸੁਰੱਖਿਆ-ਨਿਗਰਾਨੀ, ਦੁਬਾਰਾ ਸਮਾਨ ਦੀ ਫੋਲਾ-ਫਾਲੀ,ਜਦੋਂ ਵਿਹਲੇ ਹੋਏ ਤਾਂ ਮਨ ਕਾਫੀ ਉੱਖੜਿਆ ਜਿਹਾ ਸੀ..ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਅਸੀਂ ਜਿਵੇਂ ਕਿਸੇ ਹੋਰ ਹੀ ਜਹਾਨ ਵਿੱਚ ਡਿੱਕ-ਡੋਲੇ ਖਾ ਰਹੇ  ਸਾਂ....ਸਾਰੇ ਪਾਸੇ ਵੰਨ-ਸੁਵੰਨੇ ਯਾਤਰੀ..ਗੋਰੇ,ਕਾਲੇ,ਭੂਰੇ, ਕਣਕ-ਵੰਨੇ ..ਅੱਧ-ਨੰਗੇ,ਅੱਧ-ਕੱਜੇ,ਵੱਖੋ-ਵੱਖ ਬੋਲੀਆਂ,ਵੱਖੋ-ਵੱਖ ਲਿਬਾਸ.. ਜੀਨਜ਼,ਫਰਾਕਾਂ, ਬੁਰਕੇ, ਸੂਟ-ਸਲਵਾਰਾਂ ਪਹਿਨੀ ਧਰਤੀ ਦੀਆਂ ਧੀਆਂ ਟੱਪ-ਟੱਪ ਕਰਦੀਆਂ ਫਿਰ ਰਹੀਆਂ.ਲਾਲ-ਗੁਲਾਬੀ ਸਕਰਟਾਂ ਏਧਰ-ਓਧਰ ਲਹਿਰਾ ਰਹੀਆਂ..ਕੋਟ-ਪੈਂਟਾਂ,ਕੁਰਤੇ-ਪਜਾਮਿਆਂ ,ਟੋਪੀਆਂ,ਪੱਗਾਂ, ਸਫਾ-ਚੱਟ ਸਿਰਾਂ ਤੇ ਵਾਲਾਂ ਦੇ ਅਜੀਬੋ-ਗਰੀਬ ਨਮੂਨਿਆਂ ਵਾਲੇ ਆਦਮ ਦੇ ਪੁੱਤ ਇਧਰ-ਉਧਰ ਟਹਿਲ ਰਹੇ..ਬਹੁ-ਰੰਗੀ ਖੂਬਸੂਰਤ ਦੁਨੀਆਂ ਤੇ ਅਸੀਂ ਇਸ ਮੇਲੇ ਵਿੱਚ ਗੁਆਚੇ ਜਿਹੇ ਦੋ ਅਣਭੋਲ ਇਨਸਾਨ.. ਏਥੇ ਪੰਜਾਬੀ ਤਾਂ ਕੀ,ਆਪਣੇ ਮੁਲਕ ਦਾ ਹੀ ਕੋਈ ਮਿਲ ਜਾਵੇ ਤਾਂ ਭੋਰਾ ਰਾਹਤ ਮਿਲੇ ..ਇੱਕ ਕੋਨੇ ਵਿੱਚ ਦੋ ਖਾਲੀ ਕੁਰਸੀਆਂ ਦੇਖ ਕੇ ਬੈਠ ਗਏ ..ਅਚਾਨਕ ਆਂਦਰਾਂ ਨੂੰ ਖੋਹ ਜਿਹੀ ਪਈ ਤਾਂ ਘਰੋਂ ਲਿਆਂਦੇ ਪਰੌਂਠਿਆਂ ਤੇ ਗੋਭੀ ਦੀ ਸਬਜ਼ੀ ਦਾ ਚੇਤਾ ਆ ਗਿਆ..ਬੱਸ ਫੇਰ ਕੀ ਸੀ..ਇਹੋ ਜਿਹਾ ਰੱਜ ਤਾਂ ਪਹਿਲਾਂ ਕਦੀ ਵੀ ਨਹੀਂ ਸੀ ਆਇਆ..ਸੱਚ! ਇਹਨੂੰ ਕਹਿੰਦੇ ਨੇ ਰੂਹ ਦੀ ਤ੍ਰਿਪਤੀ..ਪਰ ਪਾਣੀ? ਉਹ ਤਾਂ ਕਿਤੇ ਦਿਸ ਹੀ ਨਹੀਂ ਸੀ ਰਿਹਾ ..ਸਾਹਮਣੇ ਦੁਕਾਨਾਂ ਤੇ ਕੋਕ,ਪੈਪਸੀ,ਕੌਫੀ,ਚਾਹ ਆਦਿ ਵਿਕ ਰਹੇ ਸਨ..
“ ਮੈਂ ਲੱਭਦੀ ਹਾਂ ਕਿਧਰੇ ਪਾਣੀ..” ਮੈਂ ਪਰਸ ਵਿੱਚੋਂ ਖਾਲੀ ਬੋਤਲ ਕੱਢ ਕੇ ਤੁਰ ਪਈ।ਅਕਸਰ ਹਵਾਈ-ਅੱਡਿਆਂ 'ਤੇ ਪਾਣੀ ਦੀਆਂ ਟੂਟੀਆਂ ਮਿਲ ਜਾਂਦੀਆਂ ਨੇ,ਪਰ ਏਥੇ ਤਾਂ ਕਿਧਰੇ ਵੀ ਕੋਈ ਨਹੀਂ ਸੀ..ਪੀਜ਼ੇ, ਬਰਗਰ, ਸੈਂਡਵਿੱਚ ਖਾਂਦੇ ਲੋਕਾਂ ਦੇ ਕੋਲ ਕੋਲ ਦੀ ਮੈਂ ਕਾਫੀ ਦੂਰ ਤੱਕ ਨਿੱਕਲ ਗਈ।ਵਾਸ਼ਰੂਮ ਤਾਂ ਕਈ ਜਗਾਹ ਸਨ,ਪਰ ਉਹਨਾਂ ਦੇ ਬਾਹਰ ਕਿਤੇ ਪੀਣ ਵਾਲੇ ਪਾਣੀ ਦੀ ਟੂਟੀ ਨਹੀਂ ਸੀ।
“ ਕਿਤੇ ਆਪਣੀ ਜਗਾਹ ਹੀ ਨਾ ਭੁੱਲ ਜਾਵਾਂ..! ”ਅਚਾਨਕ ਘਬਰਾ ਕੇ ਮੈਂ ਪਿੱਛੇ ਵੱਲ ਪਰਤ ਪਈ..ਤਾਂਹੀਉਂ ਖਬਰ ਇੱਕ ਪਾਸੇ ਭਾਰਤੀ ਜਾਪਦਾ ਜੋੜਾ ਪਾਰਦਰਸ਼ੀ ਗਲਾਸਾਂ ਵਿੱਚ ਪਾਣੀ ਪੀਂਦਾ ਦਿਸਿਆ। ਮੈਂ ਆਅ ਦੇਖਿਆ ਨਾ ਤਾਅ,ਸਿੱਧਾ ਉਹਨਾਂ ਕੋਲ ਜਾ ਵੱਜੀ, “ ਐਕਸਕਿਊਜ਼ ਮੀ ! ਆਪ ਨੇ ਯੇ ਪਾਨੀ ਕਹਾਂ ਸੇ ਲੀਆ ? ”
“ ਯੇ ਜੋ ਭਾਈ ਸਾਹਿਬ ਹੈਂ ਨਾ ..ਫਾਰਨ ਐਕਸਚੇਂਜ ਵਾਲੇ, ਯੇ ਇੰਡੀਆ ਸੇ ਹੈਂ, ਇਨਹੋਂ ਨੇ ਦੀਆ ”  
ਸਾਂਵਲੀ-ਸਲੋਨੀ ਸੁਆਣੀ ਫਿਰੋਜ਼ੀ  ਬਨਾਰਸੀ ਸਾੜ੍ਹੀ ਦਾ ਪੱਲਾ ਸੁਆਰਦੀ ਬੋਲੀ।
ਮੈਂ ਹਸਰਤ ਜਿਹੀ ਨਾਲ ਕਾਊਂਟਰ 'ਤੇ ਮੁਸਕੁਰਾ ਰਹੇ  ਅਧਖੜ ਜਿਹੇ ਆਦਮੀ ਵੱਲ ਝਾਕੀ।
“ ਆਪ ਨੂੰ ਚਾਹੀਦੈ ਪਾਨੀ ? .....ਪੰਜਾਬ ਸੇ ?"
" ਹਾਂ ਜੀ ..ਆਪ ਵੀ ...? " ਮੈਂ ਤਾਂ ਹੈਰਾਨੀ ਨਾਲ ਉੱਛਲ ਹੀ ਪਈ ,ਜੋਸ਼ ਵਿੱਚ ਮੇਰੀ ਆਵਾਜ਼ ਵੀ ਉੱਚੀ ਹੋ ਗਈ
"  ਜੀ ਨਹੀਂ ਫਰੀਦਾਬਾਦ ਤੋਂ.. ਦਿੱਲੀ   ਦੇ ਪਾਸ...  ਮੇਰੀ   ਬਹਿਨ ਦੀ ਮੈਰਿਜ ਹੋਈ ਹੈ ਪੰਜਾਬ...  ਹੁਸ਼ਿਆਰਪੁਰ..  ਕੁਛ ਕੁਛ ਬੋਲ ਲੈਨੇ ਹਾਂ ਪੰਜਾਬੀ "
" ਬਹੁਤ ਵਧੀਆ ਬੋਲਦੇ ਓ ਜੀ..ਵਾਹ.. . ਸੋਚਿਆ ਨਹੀਂ ਸੀ  ਕੋਈ ਮਿਲੂਗਾ ਇਸਤਰ੍ਹਾਂ..ਇਹ ਤਾਂ ਲਾਟਰੀ ਨਿੱਕਲ ਆਈ ..."
"  ਏਥੇ ਬਹੁਤ  ਨੇ ਜੀ ...ਸਾਊਥਹਾਲ ਤਾਂ  ਮਾਨੋਂ ਪੰਜਾਬ ਹੈ "
 ਉਹ ਉੱਠ ਕੇ ਅੰਦਰ ਗਿਆ ਤੇ ਉਹੋ-ਜਿਹੇ ਗਲਾਸ ਵਿੱਚ ਪਾਣੀ ਭਰ ਲਿਆਇਆ।
“ ਲਾਓ ! ਆਪ ਦੀ ਬੋਤਲ ਵੀ ਭਰ ਦਿਆਂ... ਏਥੇ ਤਾਂ  ਜੂਸ ਪੀਂਦੇ ਨੇ ਜਾਂ ਕੋਕ..  ਪਾਨੀ-ਵਾਨੀ ਨੂੰ ਕੌਣ ਪੁੱਛਦਾ..ਮੈਂ  ਅਪਨੇ ਲਈ ਲਿਆ ਕੇ ਰੱਖਨਾਂ ." 
 ਮੈਨੂੰ ਲੱਗਿਆ ਇਹਨੇ ਸੱਚਮੁੱਚ ਹਿੰਦੁਸਤਾਨ ਦੀ ਛਬੀਲ ਲਾਈ ਹੋਈ ਹੈ।
"ਮੈਂ ਤੁਹਾਨੂੰ ਦੱਸ ਨੀ ਸਕਦੀ ਮੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ ...ਇਹ ਹੁੰਦੈ ਆਪਣਾ ਦੇਸ਼ ਆਪਣੇ ਲੋਕ .” ਭਰੀ ਹੋਈ ਬੋਤਲ ਫੜਦੀ ਮੈਂ  ਉਸ ਜੋੜੇ ਵੱਲ ਦੇਖਦੀ ਬੋਲੀ, ਉਹ ਦੋਵੇਂ ਖਾਲੀ ਗਲਾਸ ਫੜੀ ਸ਼ਾਇਦ ਸਾਡੀ ਗੱਲਬਾਤ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ।
“..ਹਿੰਦੁਸਤਾਨ ਜ਼ਿੰਦਾਬਾਦ..” ਜਜ਼ਬਾਤ ਦੀ ਟੀਸੀ ਤੋਂ ਮੈਨੂੰ ਬੱਸ ਇਹੋ ਔੜਿਆ।
 “..ਹਿੰਦੁਸਤਾਨ ਜ਼ਿੰਦਾਬਾਦ..” ਉਹ ਤਿੰਨੇ ਇਕੱਠੇ ਬੋਲੇ।
                                       ਕੋਲੋਂ ਲੰਘਦੇ ਦੋ ਪਾਈਲਟਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਹੱਸਦੇ ਹੋਏ ਅੱਗੇ ਵਧ ਗਏ।
ਭਰੀ-ਭਰੀ,ਆਪਣੇ ਪੱਬਾਂ ਨੂੰ  ਛਣਕਾਉਂਦੀ ਹੋਈ ਮੈਂ ਬਲਦੇਵ ਤੱਕ ਪਹੁੰਚੀ,
  “ਕੀ ਹੋਇਐ ਬਈ? ਹਾਸਾ ਬੜਾ ਡੁੱਲ੍ਹ-ਡੁੱਲ੍ਹ ਪੈ ਰਿਹੈ..”
 “ਮੈਂ ਤਾਂ ਜਿਵੇਂ ਤਾਜ-ਮਹਿਲ ਖੱਟ ਕੇ ਲਿਆਈ ਆਂ ਇਸ ਗਲਾਸ ਵਿੱਚ”
“ਮੈਨੂੰ ਤਾਂ ਲੱਗਿਆ ਤੂੰ ਗੁਆਚ ਗਈ,ਏਨਾ ਚਿਰ ਹੋ ਗਿਆ ਗਈ ਨੂੰ”
“ ਗੁਆਚ ਤਾਂ ਗਈ ਸੀ ਪਰ  ਦੇਸ਼ ਨੇ ਮੈਨੂੰ ਲੱਭ ਲਿਆ”
      ਸਾਰੀ ਵਾਰਤਾ ਸੁਣਦਿਆਂ ਉਹਨੇ ਕਿਸੇ ਮੋਹ-ਮਾਣ ਵਿੱਚ ਗੜੁੱਚ ਹੋ ਕੇ ਮੇਰਾ ਹੱਥ ਘੁੱਟ ਲਿਆ ।
                                    --------------------------------
 
" ਹੁਣ ਸੁਆਦ ਤਾਂ ਐ, ਜੇ ਆਪਾਂ ਚਾਚਾ ਜੀ ਨੂੰ ਫੋਨ ਕਰ ਲਈਏ..ਉਹਨਾਂ ਦੇ ਐਨੀ ਨੇੜਿਉਂ ਲੰਘ ਰਹੇ ਹਾਂ ”
 “ ਤੇ ਕਰ ਲੈ !ਆਹ ਨੇੜੇ ਕਿੰਨੇ ਫੋਨ ਲਟਕਦੇ ਨੇ..ਆਪਣੇ ਕੋਲ ਯੂ.ਕੇ ਦੀ ਭਾਨ ਵੀ ਹੈਗੀ ਐ ”
      ਮੈਂ ਉੱਠ ਕੇ ਫੋਨਾਂ ਵੱਲ ਗਈ ਤੇ ਹੱਥ-ਪੈਰ ਜਿਹੇ ਮਾਰ ਕੇ ਮੁੜ ਆਈ,
 “ਮੈਨੂੰ ਤਾਂ ਸਮਝ ਨੀ ਲੱਗਦੀ, ਏਥੋਂ ਕਿਹੜਾ ਕੋਡ ਲੱਗੂਗਾ?ਮੇਰੇ ਕੋਲ ਤਾਂ ਇੰਡੀਆ ਤੋਂ ਕਰਨ ਵਾਲਾ ਨੰਬਰ ਈ ਐ..”
“ ਪੁੱਛ ਲੈ ਯਾਰ ਕਿਸੇ ਤੋਂ..ਔਹ ਦੇਖ ! ਰੈਸਟੋਰੈਂਟ ਵਿੱਚ ਟਰੇ ਚੁੱਕੀ ਫਿਰਦੀ ਕੁੜੀ ਆਪਣੇ ਵੱਲ ਦੀ ਲੱਗਦੀ ਐ......ਉਹਦੇ ਤੋਂ ਪੁੱਛ ਲੈ ”
                   ਬੇਗਾਨੀ ਦੁਨੀਆਂ ਵਿੱਚ ਜਾ ਕੇ ਆਪਣੇ ਵਰਗਿਆਂ ਤੋਂ ਸਹਾਇਤਾ ਦੀ ਉਮੀਦ ਕਿੰਨੀ ਗੂੜ੍ਹੀ ਹੋ ਜਾਂਦੀ ਹੈ, ਇਹ ਮੇਰੇ ਵਰਗੀ ਸਥਿਤੀ ਵਿੱਚ ਪੈਣ ਵਾਲੇ ਹੀ ਜਾਣ ਸਕਦੇ ਨੇ,ਤੇ ਫਿਰ ਸਾਡੀ ਇਹ ਉਮੀਦ ਖੁਰੀ ਵੀ ਤਾਂ ਨਹੀਂ।  ਪਰ ਝਿਜਕ ਜਿਹੀ ਤਾਂ ਸੀ ਹੀ, 
“ ਖਬ੍ਹਰਾ ਕਿਤੋਂ ਹੋਰ ਦੀ ਹੋਵੇ ..ਖੌਰੇ  ਅਗਲੀ ਗੁੱਸਾ ਈ  ਕਰੇ..”
                          ਥੋੜ੍ਹੀ ਹੀ ਦੂਰੀ 'ਤੇ ਵਸਦੇ ਆਪਣੇ ਚਾਚਾ ਜੀ ਨਾਲ ਗੱਲ ਕਰਨ ਤੋਂ ਬੇਵੱਸ ਮੈਂ ਰੋਣਹਾਕੀ ਹੋਈ ਖੜ੍ਹੀ ਸਾਂ ।
“ ਮਿੰਦਰ! ਐਵੇਂ ਦਿਲ ਨਾ ਛੱਡ..ਤੂੰ ਅੰਗਰੇਜ਼ੀ ਨੂੰ ਮੂੰਹ ਮਾਰ ਈ ਲੈਨੀ ਐਂ..ਚੱਲ ਸ਼ੇਰ ਬਣ..”
                ਬਲਦੇਵ ਨੇ ਮੈਨੂੰ ਥਾਪੀ ਜਿਹੀ ਦੇ ਕੇ ਉਧਰ ਨੂੰ ਤੋਰ ਦਿੱਤਾ।ਮੈਂ ਇੱਕ ਮੇਜ਼ ਤੋਂ ਕੌਫੀ ਦੇ ਕੱਪ ਚੁੱਕ ਰਹੀ ਲਾਲ ਚਾਰਖਾਨੇਦਾਰ ਐਪਰਨ ਵਾਲੀ ਉਸ ਮੁਟਿਆਰ ਕੋਲ ਜਾ ਖੜ੍ਹੀ,
“ ਐਕਸਕਿਊਜ਼ ਮੀ..ਕੈਨ ਯੂ ਹੈਲਪ ਮੀ ਪਲੀਜ਼..?”
“ ਓ ਸ਼ੁਅਰ ! ਤੇ ਆਂਟੀ ਜੀ! ਮੈਂ ਪੰਜਾਬੀ ਬੋਲ ਲੈਨੀ ਆਂ..”
                  ਸਿਓ ਵਰਗੀਆਂ ਗੱਲ੍ਹਾਂ ਵਾਲੇ ਚਿਹਰੇ 'ਤੇ ਮੁਸਕੁਰਾਹਟ ਖਿੜ ਗਈ । ਮੇਰੀ ਫੁਲਕਾਰੀ ਵਾਲੀ ਚੁੰਨੀ ਨੇ ਉਸ ਅੰਦਰ ਪੰਜਾਬੀ ਸਾਂਝ ਜਗਾ ਦਿੱਤੀ ਸੀ।
“ ਅਰੇ ਵਾਹ ! ਇਹ ਤਾਂ ਕਮਾਲ ਈ ਹੋ ਗਿਆ..” ਮੈਂ ਅੰਗਰੇਜ਼ੀ ਦਾ ਨਕਾਬ ਵਗਾਹ ਕੇ ਪਰ੍ਹਾਂ ਮਾਰਿਆ।
“ ਬੇਟਾ ! ਮੇਰੇ ਚਾਚਾ ਜੀ ਬਰਮਿੰਘਮ ਰਹਿੰਦੇ ਨੇ,ਮੇਅਰ ਰਹੇ ਨੇ ਉਥੋਂ ਦੇ,ਉਹਨਾਂ ਨੂੰ ਫੋਨ ਕਿਵੇਂ ਹੋ ਸਕਦੈ ?..ਇਹ ਨੰਬਰ ਐ ਉਹਨਾਂ ਦਾ.” ਮੈਂ ਮੋਬਾਈਲ 'ਤੇ ਨੰਬਰ ਕੱਢ ਕੇ ਉਹਦੇ ਅੱਗੇ ਕਰ ਦਿੱਤਾ..।
“ਟਰਾਈ ਕਰ ਲੈਨੇ ਆਂ ਆਂਟੀ ਜੀ ! ਵੈਸੇ ਮੈਨੂੰ ਬਾਹਲੀ ਨੌਲਿਜ ਨੀ..” ਉਹਨੇ ਕਈ ਵਾਰ ਨੰਬਰ ਮਿਲਾਇਆ, ਜੇਬ੍ਹ ਵਿੱਚੋਂ ਆਪਣਾ ਫੋਨ ਕੱਢ ਕੇ ਵੀ ਕੋਸ਼ਿਸ਼ ਕੀਤੀ,ਫਿਰ ਬੋਲੀ,
“ ਸੌਰੀ ਆਂਟੀ ਜੀ, ੳਸ ਸਾਈਡ ਕਦੇ ਫੋਨ ਨੀ ਕੀਤਾ ਮੈਂ..ੳਹ ਪਰ੍ਹੇ ਹੈਲਪਲਾਈਨ ਵਾਲੇ ਬੈਠੇ ਨੇ,ਉਹ ਜ਼ਰੂਰ ਦੱਸ ਦੇਣਗੇ, ਵੈਰੀ ਸੌਰੀ ਆਂਟੀ ਜੀ !..”
“ਕੋਈ ਗੱਲ ਨੀ ਬਿਟੀਆ ! ਮੈਂ ਉਥੇ ਕੋਸ਼ਿਸ਼ ਕਰਦੀ ਹਾਂ..ਪਰ ਤੈਨੂੰ ਪੰਜਾਬੀ ਬੋਲਦੀ ਸੁਣ ਕੇ ਬਹੁਤ ਚੰਗਾ ਲੱਗਿਐ.. ਸ਼ਾਬਾਸ਼..ਜਿਉਂਦੀ-ਵਸਦੀ ਰਹਿ” ਮੈਂ ਉਹਦੇ ਮੋਢੇ 'ਤੇ ਹਲਕੀ ਜਿਹੀ ਥਪਕੀ ਦੇ ਕੇ ਬਲਦੇਵ ਵੱਲ ਆ ਗਈ।
“  ਚਲੋ ਉਠੋ ! ੳਧਰ ਹੈਲਪਲਾਈਨ ਵਾਲੇ ਬੈਠੇ ਨੇ,ਉਹਨਾਂ ਨੂੰ ਪੁੱਛਦੇ ਆਂ..”
ਕਾਊਂਟਰ 'ਤੇ ਚਾਰ ਜਣੇ ਬੈਠੇ ਸਨ, ਮੈਂ ਫਿਰ ਜੱਕੋ-ਤੱਕੀ ਵਿੱਚ ਪੈ ਗਈ,
 “  ਕਿਹਦੇ ਵੱਲ ਜਾਵਾਂ? ਪਤਾ ਨਹੀਂ ਉਹ ਕੀ ਕਹਿਣ? ਕੀ ਸਮਝਣ..ਕੋਈ ਹੋਰ ਗੜਬੜ ਈ ਨਾ ਹੋ 'ਜੇ .ਇਹਨਾਂ ਅੰਗਰੇਜ਼ਾਂ ਦਾ ਵੀ ਕੀ ਭਰੋਸਾ...ਮਨਾਂ ! ਰਹਿਣ ਈ ਦਿਆਂ ?”
ਇਹੋ ਜਿਹਾ ਤੌਖਲਾ ਵਿਦੇਸ਼ੀ ਹਵਾਈ ਅੱਡਿਆਂ 'ਤੇ ਅਕਸਰ ਹੋ ਜਾਂਦੈ..ਕਿਉਂਕਿ ਸੁਣਿਆ ਹੈ ਕਿ ਕਦੀ-ਕਦੀ ਅਰਥਾਂ ਦੇ ਅਨੱਰਥ ਹੋ ਜਾਂਦੇ ਨੇ..ਐਵੇਂ ' ਜਾਂਦੀਏ ਬਲਾਏ ! ਦੁਪਹਿਰਾ ਕੱਟ ਜਾਹ ' ....ਏਨਾ ਕੀ ਥੁੜਿਆ ਪਿਐ ਚਾਚਾ ਜੀ ਨੂੰ ਫੋਨ ਕੀਤੇ ਬਿਨਾਂ? ਕੈਨੇਡਾ ਪਹੁੰਚ ਕੇ ਦੱਸ ਦਿਆਂਗੀ ਕਿ ਅਸੀਂ ਤੁਹਾਡੇ ਨੇੜਿਉਂ ਲੰਘੇ ਸੀ ”
ਪਿੱਛੇ ਭਉਣ ਲਈ ਪੱਬ ਚੁੱਕਿਆ ਹੀ ਸੀ ਕਿ ਵਾਜ ਆਈ,
 “ਸਾਸਰੀ ਕਾਲ ਆਂਟੀ ਜੀ ! ਏਧਰ ਆ ਜਾਓ..”
“ਸਤਿ ਸ੍ਰੀ ਆਕਾਲ ਬੇਟਾ! ਮੈਂ ਸੋਚ ਈ ਰਹੀ ਸੀ ਕਿੱਧਰ ਜਾਵਾਂ..ਸ਼ੁਕਰ ਐ ਤੁਸੀਂ ਬੁਲਾ ਲਿਆ..”
“ਸੇਵਾ ਦੱਸੋ ਆਂਟੀ ਜੀ !” ਮੈਂ ਆਪਣੀ ਸਮੱਸਿਆ ਦੱਸ ਕੇ ਫੋਨ-ਨੰਬਰ ਉਹਦੇ ਅੱਗੇ ਕਰ ਦਿੱਤਾ।ਉਹਨੇ ਫੌਰਨ ਆਪਣਾ ਆਈਫੋਨ ਕੱਢਿਆ ਤੇ ਨੰਬਰ ਮਿਲਾ ਕੇ ਬੋਲਿਆ, “ਲਓ ! ਗੱਲ ਕਰੋ ”
“ ਅਰੇ ਵਾਹ ! ਅੱਗੋਂ ਤਾਂ ਮੇਰੇ ਚਾਚਾ ਜੀ ਬੋਲ ਰਹੇ ਸਨ ”
            ਇਸ ਖੁਸ਼ੀ,ਇਸ ਸਕੂਨ ਨੂੰ ਉਹੀ ਮਹਿਸੂਸ ਕਰ ਸਕਦੇ ਨੇ, ਜਿਹਨਾਂ ਦੇ ਆਪਣੇ ਦੂਰ-ਦੁਰਾਡੀਆਂ ਧਰਤੀਆਂ ਤੇ ਜਾ ਕੇ ਵਸ ਗਏ ਨੇ ..ਉਹ ਆਪਣੇ, ਜਿਹਨਾਂ ਦੀ ਇੱਕ ਝਲਕ ਜਾਂ ਇੱਕ ਬੋਲ ਸਿਰ ਤੋਂ ਅੱਡੀਆਂ ਤੱਕ ਤਰੰਗਾਂ ਛੇੜ ਦਿੰਦਾ ਹੈ।ਫਿਰ ਇਹ ਤਾਂ ਮੇਰੇ ਉਹ ਚਾਚਾ ਜੀ ਸਨ,ਜਿਹਨਾਂ ਨੇ ਮੈਨੂੰ ਬਚਪਨ ਵਿੱਚ ਖਿਡਾਇਆ ਸੀ,ਪੜ੍ਹਾਈ-ਲਿਖਾਈ ਵਿੱਚ ਮੱਦਦ ਕੀਤੀ ਸੀ..ਮੇਰੇ ਅੱਵਲ ਆਉਣ'ਤੇ ਮੈਨੂੰ ਮੋਢਿਆਂ 'ਤੇ ਚੁੱਕ ਕੇ ਪਿੰਡ ਵਿੱਚ ਗੇੜਾ ਦਿੱਤਾ ਸੀ।  ਉਹ ਦਸਵੀਂ ਜਮਾਤ ਤੱਕ ਮੇਰੀ ਕੱਚੀ ਵਰੇਸ ਦਾ ਬਹੁਤ ਹੀ ਹੁਸੀਨ ਤੇ ਮੋਹਵੰਤਾ ਹਿੱਸਾ ਰਹੇ ਸਨ..ਫਿਰ ਰੋਜ਼ੀ-ਰੋਟੀ ਦੀ ਹਨ੍ਹੇਰੀ ਉਹਨਾਂ ਨੂੰ ਉਡਾ ਕੇ ਵਲੈਤ ਲੈ ਗਈ ਸੀ।ਹਾਲ-ਚਾਲ ਪੁੱਛ ਦੱਸ ਕੇ ਮੈਂ ਫੋਨ ਬਲਦੇਵ ਵੱਲ ਕੀਤਾ,
“ਛੇਤੀ ਮੁਕਾ ਲਿਓ! ਇਹਨਾਂ ਨੂੰ ਪੈਸੇ ਪੈਂਦੇ ਹੋਣਗੇ ”
“ਅੰਕਲ ਜੀ!ਤੁਸੀਂ ਕਰੋ 'ਰਾਮ ਨਾਲ ਗੱਲ-ਬਾਤ..ਕੋਈ ਟੈਂਸ਼ਨ ਨੀ ਪੈਸਿਆਂ ਦਾ..ਡੌਂਟ ਵਰੀ ”
“ਵਾਹ ਬੇਟਾ! ” ਮੈਂ ਉਸ ਬਾਂਕੇ ਜਵਾਨ ਤੋਂ ਬਲਿਹਾਰੀ ਜਾ ਰਹੀ ਸਾਂ।
“ਤੁਸੀਂ ਕਿੱਧਰੋਂ ਆਏ ਓ ਉਧਰ ਪੰਜਾਬ ਤੋਂ?..”ਮੈਂ ਅਪਣੱਤ ਦਾ ਸਾਕ ਗੰਢਣਾ ਚਾਹਿਆ।
“ਮੈਂ ਤਾਂ ਏਧਰੇ ਈ ਜੰਮਿਆ-ਪਲਿਆ ਵਾਂ..ਮੇਰੇ ਮੌਮ-ਡੈਡ ਆਏ ਸੀ ਬੜੇ ਸਾਲ ਪਹਿਲਾਂ..ਫਗਵਾੜੇ ਕੰਨੀਉਂ..”
“ਏਧਰ ਜੰਮੇ ਓ..ਏਧਰ ਪੜ੍ਹੇ ਓ..ਫਿਰ ਵੀ ਏਨੀ ਠੇਠ ਪੰਜਾਬੀ ਬੋਲ ਲੈਂਦੇ ਓ..”
“ਘਰ ਵਿੱਚ ਤਾਂ ਏਹੋ ਚੱਲਦੀ ਐ ਜੀ ! ਨਾਲੇ ਪੰਜਾਬੀ ਹੈ ਈ ਏਨੀ ਸਵੀਟ..”
 ਉਹ ਜਿਵੇਂ ਛਾਤੀ ਚੌੜੀ ਕਰਕੇ ਬੋਲਿਆ। ਛਾਤੀ ਤਾਂ ਮੇਰੀ ਵੀ ਚੌੜੀ ਹੋ ਗਈ।
“ ਧੰਨ ਨੇ ਤੇਰੇ ਮਾਂ-ਬਾਪ..”
“ ਮੇਰੇ ਦਾਦਾ-ਦਾਦੀ ਵੀ,  ਉਹਨੀ ਬਹੁਤ ਕੁਝ ਸਿਖਾਇਐ ਸਾਨੂੰ..”
   ਬਲਦੇਵ ਗੱਲ-ਬਾਤ ਮੁਕਾ ਕੇ ਉਹਦਾ ਆਈਫੋਨ ਹੱਥ ਵਿੱਚ ਲਈ ਖੜ੍ਹਾ ਸੀ,ਬੋਲਿਆ,
 “ ਅਸ਼ਕੇ ਬੇਟਾ ਤੁਹਾਡੇ ਸਾਰਿਆਂ ਦੇ..”
“ ਹੋਰ ਸੇਵਾ ਦੱਸੋ ਜੀ..”
“ਬੱਸ ਬੇਟਾ! ਵਾਹਿਗੁਰੂ ਰਾਜੀ ਰੱਖੇ ..ਰੰਗੀਂ ਵਸੋ.. ਅੱਜ ਤੁਸੀਂ ਸਾਡੇ ਕਾਲਜੇ ਠੰਢ ਪਾਈ ਐ..ਦਿਲ ਖੁਸ਼ ਹੋ ਗਿਐ ਤੁਹਾਨੂੰ ਮਿਲ ਕੇ..ਏਵੇਂ ਈ ਬੋਲਦੇ-ਵਰਤਦੇ ਰਿਹੋ ਪੰਜਾਬੀ..”
ਉਹਨੇ ਦੋਵੇਂ ਹੱਥ ਜੋੜ ਕੇ ਸਿਰ ਨਿਵਾ ਲਿਆ।ਅਸੀਂ ਦੁੱਗਣੇ-ਚੌਗਣੇ ਹੋਏ ਆਪਣੀ ਸੀਟ ਵੱਲ ਆ ਗਏ।
                                         ---------------
                                                                           ਅਜੇ ਕੁਰਸੀਆਂ ਨੂੰ ਢੋਅ ਲਾਈ ਹੀ ਸੀ ਕਿ ਜਹਾਜ਼ 'ਤੇ ਚੜ੍ਹਨ ਦਾ ਐਲਾਨ ਹੋ ਗਿਆ।ਟੋਰਾਂਟੋ ਨੂੰ ਉੱਡਣ ਵਾਲਾ ਜਹਾਜ਼ ਬਾਹਰ ਲੱਗਿਆ ਸੀ..ਇੱਕ ਲੰਬੀ ਪਾਲ  ਸ਼ੀਸ਼ੇ ਦੇ ਮੋਕਲੇ ਜਿਹੇ ਬੂਹੇ ਵੱਲ ਨੂੰ ਤੁਰੀ ਜਾ ਰਹੀ ਸੀ..ਬਲਦੇਵ ਤੇ ਮੇਰੇ ਵਿਚਾਲੇ ਕਈ ਯਾਤਰੀ ਆ ਗਏ ਸਨ।ਮੈਂ ਆਪਣਾ ਬਿਨਾਂ ਪਹੀਆਂ ਵਾਲਾ ਭਾਰਾ ਬੈਗ ਘੜੀਸ-ਘੜੀਸ ਤੁਰ ਰਹੀ ਸਾਂ।ਵਾਰ-ਵਾਰ ਮੋਢੇ ਤੋਂ ਪਰਸ ਹੇਠਾਂ ਵੱਲ ਨੂੰ ਪਲਮ ਜਾਂਦਾ ਤਾਂ  ਵਿੱਚੇ  ਉਹਨੂੰ ਸੰਭਾਲਦੀ।
“ਆਂਟੀ ਜੀ ! ਕੀ ਮੈਂ ਹੈਲਪ ਕਰ ਸਕਦੀ ਹਾਂ..?”  ਇੱਕ ਘੁੰਗਰਾਲੇ ਵਾਲਾਂ ਵਾਲੀ ਸੁਨੱਖੀ ਜਿਹੀ ਕੁੜੀ ਨੇ ਬੈਗ ਦਾ ਇੱਕ ਹੈਂਡਲ ਫੜ ਲਿਆ,
“ਨਹੀਂ ਬੇਟਾ! ਥੈਂਕਸ..ਮੈਂ ਕਰ ਲਊਂਗੀ..”
“ਓ ਛੱਡੋ ਆਂਟੀ ਜੀ ! ਲੈਟ ਮੀ ਹੈਲਪ..”
                     ਉਹ ਇੱਕ ਹੱਥ ਮੇਰੇ ਬੈਗ ਨੂੰ ਪਾਈ,ਦੂਜੇ ਨਾਲ ਆਪਣਾ ਛੋਟਾ ਸੂਟ-ਕੇਸ ਰ੍ਹੇੜਦੀ ਤੁਰ ਪਈ।ਜਹਾਜ਼ ਕੋਲ ਜਾ ਕੇ ਤਾਂ ਉਹਨੇ ਮੇਰਾ ਬੈਗ ਮੋਢੇ 'ਤੇ ਲਟਕਾ ਲਿਆ ਤੇ ਧੰਮ-ਧੰਮ ਪੌੜੀਆਂ ਚੜ੍ਹਨ ਲੱਗੀ , ਮੈਨੂੰ ਸੀਟ 'ਤੇ ਬਿਠਾ ਕੇ ਹੀ ਗਈ।
“ ਤੈਨੂੰ ਯਾਰ ਬੜੇ ਮੱਦਦਗਾਰ ਮਿਲ ਜਾਂਦੇ ਐ ਇਹੋ ਜਿਹੇ..”  ਬੈਗ ਉੱਪਰਲੇ ਕੈਬਿਨ ਵਿੱਚ ਟਿਕਾਉਂਦਾ ਬਲਦੇਵ ਬੋਲਿਆ।
“ ਆਪੋ-ਆਪਣੀ ਕਿਸਮਤ ਐ..ਉਦਾਂ ਇੱਕ ਵਾਰ ਚਿੱਟੇ ਚੌਲ ਵੀ ਪੁੰਨ ਕੀਤੇ ਸੀ ” ਮੈਂ ਸ਼ਰਾਰਤ ਨਾਲ ਹੱਸੀ।
                                             --------
ਅਸੀਂ ਫਿਰ ਹਵਾ ਵਿੱਚ ਤਾਰੀਆਂ ਲਾ ਰਹੇ ਸਾਂ..ਹੇਠਾਂ ਨੀਲਾ ਸਮੁੰਦਰ ਜਲਵੇ ਦਿਖਾ ਰਿਹਾ ਸੀ,ਕਦੇ ਹਰਾ ਹੋ ਜਾਂਦਾ,ਕਦੇ ਕਾਲਾ ਤੇ ਕਦੇ ਬੱਦਲਾਂ ਦਾ ਢੱਕਣ ਉਹਨੂੰ ਬਿਲਕੁਲ ਹੀ ਬੱਗਾ ਕਰ ਦਿੰਦਾ..ਟੋਰਾਂਟੋ ਹਵਾਈ ਅੱਡੇ ਉੱਤੇ ਤਾਂ ਮੈਂ ਆਪ ਹੀ ਪੰਜਾਬੀ ਦਿੱਖ ਵਾਲੇ ਚਿਹਰੇ ਲੱਭ ਰਹੀ ਸਾਂ..ਸਾਰਾ ਸਮਾਨ ਦੁਬਾਰਾ ਚੈਕ-ਇਨ ਹੋਣਾ ਸੀ..ਚਾਰ ਸੂਟ-ਕੇਸ ਤੇ ਦੋ ਬੈਗ ਰੇੜ੍ਹਦੇ ਹੋਏ ਅਸੀਂ ਟਰਾਲੀ ਭਾਲਣ ਲੱਗੇ..ਉਸ ਕੋਨੇ ਵੱਲ ਗਏ ਤਾਂ ਅੱਗੇ ਇੱਕ ਘਿਓ-ਕਪੂਰੀ ਪਗੜੀ ਵਾਲਾ ਬਜ਼ੁਰਗ ਖੜੋਤਾ ਸੀ,ਸਾਨੂੰ ਦੇਖਦਿਆਂ ਹੀ ਬੋਲਿਆ ,
 “ਵਾਹਿਗੁਰੂ ਜੀ ਕੀ ਫਤਹਿ ਭਾਅ ਜੀ ! ਮੈਨੂੰ ਲੱਗਦਾ ਤੁਸੀਂ ਟਰਾਲੀ ਲੈਣੀ ਐ..”
“ ਹਾਂ ਜੀ ! ਵਾਹਿਗੁਰੂ ਜੀ ਕੀ ਫਤਹਿ..”
“ ਭਾਨ ਐ  ਥੋਡੇ ਕੋਲ ? ”
“ ਹਾਂ ਜੀ ! ਆਹ ਲਓ.ਕਿੰਨੇ ਚਾਹੀਦੇ ਨੇ ?.”ਬਲਦੇਵ ਨੇ ਡਾਲਰਾਂ ਦੇ ਸਿੱਕੇ ਕੱਢ ਕੇ ਤਲੀ 'ਤੇ ਖਿਲਾਰ ਲਏ।
“ਬੱਸ ਆਹ..” ਉਹਨੇ ਇੱਕ ਡਾਲਰ ਦਾ ਸਿੱਕਾ ਚੁੱਕ ਕੇ ਮਸ਼ੀਨ ਵਿੱਚ ਪਾਇਆ ਤੇ ਟਰਾਲੀ ਬਾਹਰ ਆ ਗਈ।
“ਲਓ ਜੀ ! ਰੱਖੋ ਸਮਾਨ..” ਉਹਨੇ ਦੋਵੇਂ ਹੱਥ ਜੋੜ ਲਏ।
ਅਸੀਂ ਵੀ ਹੱਥ ਜੋੜ ਕੇ ਫਤਹਿ ਬੁਲਾਉਂਦੇ ਹੋਏ ਆਪਣਾ ਸਮਾਨ ਲੱਦਣ ਲੱਗੇ। ਕੈਨੇਡਾ ਦੀ ਜ਼ਮੀਨ 'ਤੇ ਪੱਬ ਧਰਦਿਆਂ ਹੀ ਸਾਡੇ ਸਾਹਾਂ ਵਿੱਚ ਪਤਾਸੇ ਘੁਲ ਗਏ ਸਨ।
                                      ----------------
                     ਹੁਣ ਬੇਟੀ ਦੇ ਸ਼ਹਿਰ ਲੰਡਨ- ਉਂਟਾਰੀਓ ਨੂੰ ਜਾਣ ਵਾਲੇ ਘਰੇਲੂ ਜਹਾਜ਼ ਲਈ ਬੋਰਡਿੰਗ-ਪਾਸ ਲੈਣਾ ਸੀ। ਇੱਕ ਕਾਊਂਟਰ ਸਾਹਵੇਂ ਕਾਫੀ ਲੰਬੀ ਕਤਾਰ ਲੱਗੀ ਹੋਈ ਸੀ। ਬਹੁਤੀ ਵਾਰ ਹਵਾਈ ਅੱਡਿਆਂ 'ਤੇ ਦੂਜਿਆਂ ਨੂੰ ਦੇਖ-ਦੇਖ ਕੇ ਹੀ ਰਹਿਨੁਮਾਈ ਮਿਲ ਜਾਂਦੀ ਹੈ..
“ ਇਥੋਂ ਹੀ ਮਿਲਦਾ ਹੋਣੈ ਪਾਸ..” ਬਲਦੇਵ ਕਤਾਰ ਵਿੱਚ ਖੜ੍ਹਾ ਹੋ ਗਿਆ। ਕਾਊਂਟਰ ਦੇ ਆਲੇ-ਦਵਾਲੇ ਕਾਲੇ ਰਿਬਨ ਨਾਲ ਵਲਗਣ ਕੀਤੀ ਹੋਈ ਸੀ..ਮੈਂ ਇਧਰ-ਉਧਰ ਟਹਿਲਣ ਲੱਗ ਪਈ। ਉਥੇ ਕੰਮ ਕਰਦੀਆਂ ਕਾਲੇ ਕੋਟਾਂ ਵਾਲੀਆਂ ਦੋ ਔਰਤਾਂ  ਵਿੱਚੋਂ ਇੱਕ ਉੱਠੀ ਤੇ ਰਿਬਨ ਦੇ ਉਸ ਪਾਰ ਖੜ੍ਹ ਕੇ ਮੇਰੇ ਵੱਲ ਨੂੰ ੳਕੜੀ।
“ ਮੈਨੂੰ ਲੱਗਦਾ ਤੁਸੀਂ ਪੰਜਾਬੀ ਬੋਲ ਲੈਂਦੇ ਓ..ਹੈ ਨਾ? ” ਇਸ ਵਾਰ ਮੈਂ ਕਿਸੇ ਵਿਸ਼ਵਾਸ਼ ਅਧੀਨ,ਅੰਗਰੇਜ਼ੀ ਨਹੀਂ, ਸਿੱਧਾ ਪੰਜਾਬੀ ਵਿੱਚ ਬੋਲੀ।
“ ਤੇ ਹੋਰ ਮੈਂ ਏਧਰ ਤੁਹਾਡੇ ਵੱਲ ਕਿਉਂ ਆਈ ਆਂ?...ਦੱਸੋ ਕੀ ਪ੍ਰਾਬਲਮ ਐ..?”
“ ਪ੍ਰਾਬਲਮ ਤਾਂ ਕੋਈ ਨਹੀਂ ਜੀ ! ਬੱਸ ਵਕਤ ਗੁਜ਼ਾਰ ਰਹੀ ਹਾਂ..ਮੇਰੇ ਪਤੀ ਉਧਰ ਲਾਈਨ ਵਿੱਚ ਖੜ੍ਹੇ ਨੇ ਬੋਰਡਿੰਗ-ਪਾਸ ਲੈਣ ਲਈ..”
“ ਤੁਸੀਂ ਸਕਿਉਰਿਟੀ ਚੈਕ-ਅਪ ਕਰਵਾ ਆਏ ਓ..?”
“ਨਹੀਂ ਤਾਂ..ਉਹ ਕਿਤੇ ਹੋਰ ਹੋਣੈ ?”
“  ਹਾਂ  ਭੈਣੇਂ ! ਤੁਸੀਂ ਪਹਿਲਾਂ  ਨੀਚੇ  ਤਿੰਨ  ਨੰਬਰ  ਫਲੋਰ 'ਤੇ  ਜਾਓ  ਤੇ  ਸਮਾਨ  ਉੱਤੇ  ਸਕਿਉਰਿਟੀ  ਟੈਗ  ਲਗਵਾ  ਕੇ ਆਓ..”
“ ਥੈਂਕਯੂ ਸੋ ਮੱਚ ! ਸਾਡਾ ਕਿੰਨਾ ਵਕਤ ਖਰਾਬ ਹੋਣਾ ਸੀ..ਏਨੇ ਨੂੰ ਭਾਵੇਂ ਫਲਾਈਟ ਈ ਮਿਸ ਹੋ ਜਾਂਦੀ..ਇਹ ਤਾਂ ਤੁਹਾਡੇ ਪੰਜਾਬੀ ਹੋਣ ਨੇ ਕਮਾਲ ਕਰ 'ਤਾ ”
“ ਲੈ..ਤੇ ਹੋਰ ਕੀ ਭੈਣੇਂ!..ਸੱਚੀਂ ਦੱਸਾਂ ਏਥੇ ਇੰਗਲਸ਼ ਬੋਲ-ਬੋਲ ਕੇ ਮੂੰਹ ਦੁਖਣ ਲੱਗ ਜਾਂਦੈ..ਤੁਹਾਨੂੰ ਪੰਜਾਬੀ ਸੂਟ ਪਾਇਆਂ ਦੇਖ ਕੇ ਮੈਂ ਕਿਹਾ ਸ਼ੁਕਰ ਐ ਕੋਈ...............”
           ਉਹ ਉਮਰ ਵਿੱਚ ਮੈਥੋਂ ਕਾਫੀ ਛੋਟੀ ਲੱਗਦੀ ਸੀ, ਸ਼ਾਇਦ 'ਭੈਣ' ਸੰਬੋਧਨ ਉਹਦੇ ਆਪਣੀ ਹੀ  ਅੰਮਾ-ਜਾਈ ਦੇ ਵਿਗੋਚੇ ਦਾ ਧਰਵਾਸ ਬਣ ਰਿਹਾ ਸੀ,ਇਸ ਲਈ ਮੈਂ ਵੀ ਉਸੇ ਸਾਕ ਦਾ ਪੱਲਾ ਫੜ ਲਿਆ।
 “ਸ਼ੁਕਰ ਤਾਂ ਭੈਣ  ਰੱਬ ਦਾ ਐ !..ਜਿਹੜਾ ਏਦਾਂ ਮਿਲਾ ਦਿੰਦੈ..ਬੱਸ ਤੁਸੀਂ ਆਪਣਾ ਪੰਜਾਬੀ ਸੁਭਾਅ ਨਾ ਛੱਡਿਓ..”
“ਨਾ ਭੈਣੇਂ !..ਇਹ ਕਿਵੇਂ ਹੋ ਸਕਦੈ.. ਤੁਸੀਂ ਉਹ ਸਾਹਮਣਿਓ ਐਲੀਵੇਟਰ ਲੈਕੇ ਨੀਚੇ ਚਲੇ ਜਾਓ.. ਓ.ਕੇ ਬਾਇ..”
ਉਹ ਇੱਕ ਦਰਵਾਜ਼ੇ ਜਿਹੇ ਵੱਲ ਇਸ਼ਾਰਾ ਕਰਕੇ ਝਬਦੇ ਆਪਣੀ ਸੀਟ 'ਤੇ ਚਲੀ ਗਈ।
ਮੈਂ ਕਾਫੀ ਅੱਗੇ ਚਲੇ ਗਏ ਬਲਦੇਵ ਨੂੰ ਲਾਈਨ ਵਿੱਚੋਂ ਬਾਹਰ ਨਿੱਕਲਣ ਦਾ ਇਸ਼ਾਰਾ ਕੀਤਾ,
“  ਬਚ 'ਗੇ ਅੱਜ ਤਾਂ..ਨਹੀਂ ਖਬ੍ਹਰੇ ਕਿੰਨੇ ਖੱਜਲ-ਖਰਾਬ ਹੋਣਾ ਸੀ..ਪਹਿਲਾਂ ਨੀਚੇ ਸਕਿਉਰਿਟੀ ਲਈ ਜਾਣਾ ਪੈਣੇ.. ਉਸ ਪੰਜਾਬਣ ਨੇ ਦੱਸਿਐ ” ਮੈਂ ਉਹਦੇ ਵੱਲ ਇਸ਼ਾਰਾ ਕਰਕੇ ਮੁਸਕੁਰਾਈ..ਉਹਨੇ ਵੀ ਦੂਰੋਂ ਹੱਥ ਹਿਲਾਉਂਦਿਆਂ ਮੁਸਕੁਰਾਹਟ ਦੇ ਮੋਤੀ ਬਿਖੇਰ ਦਿੱਤੇ।
                                        --------------
ਸਭ ਕੁਝ ਛੇਤੀ ਹੀ ਨਿੱਬੜ ਗਿਆ..ਹੁਣ ਅਸੀਂ ਆਪਣੀ ਬੇਟੀ ਕੋਲ ਪਹੁੰਚਣ ਲਈ ਉਤਾਵਲੇ ਸਾਂ.. ਜਹਾਜ਼ ਦੀ ਉਡਾਣ ਵਿੱਚ ਅਜੇ ਵਕਤ ਸੀ..ਬਲਦੇਵ ਬੈਗਾਂ ਕੋਲ ਬਹਿ ਕੇ ਅਖਬਾਰ ਪੜ੍ਹਨ ਲੱਗ ਪਿਆ..ਮੈਂ ਉੱਠ ਕੇ ਭਾਂਤ-ਭਾਂਤ ਦੀਆਂ ਹੱਟੀਆਂ ਵੱਲ ਨਜ਼ਰ ਮਾਰਨ ਲੱਗੀ.. ਏਥੇ ਮਿਲੀ ਅਪਣੱਤ ਨਾਲ ਹੌਲੀ-ਫੁੱਲ ਹੋਈ ਮੈਂ ਤਿਲ੍ਹਕਣੇ ਫਰਸ਼ਾਂ 'ਤੇ ਅਵਾਰਗੀ ਕਰ ਰਹੀ ਸਾਂ..ਸਾਹਮਣਿਉਂ ਆਉਂਦੇ ਸੰਦਲੀ ਪੱਗ ਵਾਲੇ ਗੱਭਰੂ ਨੂੰ ਬੇਵਜ੍ਹਾ ਹੀ ਪੁੱਛ ਲਿਆ,
 “ਬੇਟਾ ! ਵਾਸ਼ਰੂਮ ਕਿੱਧਰ ਨੇ ?” ਹਾਲਾਂ ਕਿ ਮੈਂ ਦਿਸ਼ਾ-ਨਿਰਦੇਸ਼ ਦੇਖ ਲਏ ਸਨ ਤੇ ਉਸ ਤਰਫ ਹੀ ਜਾ ਰਹੀ ਸਾਂ।
“ਚਲੋ ! ਮੈਂ ਛੱਡ ਕੇ ਆਉਨਾਂ..” ਉਹ ਮੇਰੇ ਨਾਲ ਚੱਲਣ ਲਈ ਪਿੱਛੇ ਨੂੰ ਮੁੜ ਪਿਆ।
“ਨਹੀਂ ਬੇਟਾ! ਮੈਂ ਚਲੀ ਜਾਊਂਗੀ..”
“ਉਹ ਕੋਈ ਨੀ ਆਂਟੀ ਜੀ ! ਇੱਕ ਮਿੰਟ ਲੱਗਦੈ..ਆਹ ਦੇਖੋ ! ਅਈਧਰ..”
     ਏਨਾ ਆਪਣਾ-ਪਣ?..ਏਨੀ ਕੰਮ ਆਉਣ ਦੀ ਭਾਵਨਾ..? ਜਿਵੇਂ ਹਰ ਪੰਜਾਬੀ ਸਾਡੀ ਮੱਦਦ ਲਈ ਪੱਬਾਂ-ਭਾਰ ਸੀ।
                               ----------------