ਮਾਸਟਰ (ਕਵਿਤਾ)

ਪਰਮਜੀਤ ਵਿਰਕ   

Email: parmjitvirk4@yahoo.in
Cell: +91 81465 32075
Address:
India
ਪਰਮਜੀਤ ਵਿਰਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਤਲਬੀ ਹੋ ਗਏ ਨੇ ਪੜ੍ਹਾਉਣ ਵਾਲੇ ਮਾਸਟਰ
ਪਾੜ੍ਹੂ ਵੀ ਹੋ ਗਏ ਨੇ ਕੰਮਚੋਰ ਮਿੱਤਰੋ
ਮੁੱਕਦੀਆਂ ਜਾਂਦੀਆਂ ਸਕੂਲਾਂ 'ਚੋ  ਪੜ੍ਹਾਈਆਂ
ਹੋ ਗਿਆ ਟਿਉਸ਼ਨਾ ਦਾ ਜ਼ੋਰ ਮਿੱਤਰੋ

ਚੰਡ ਕੇ ਜੋ ਕਹੀ ਵਾਂਗ ਰੱਖਦੇ ਸੀ ਚੇਲਿਆਂ ਨੂੰ
ਖੁਦ ਹੀ ਖੁੰਢੇ ਨੇ ਅੱਜ ਹੋ ਗਏ
ਚਾਨਣ ਮੁਨਾਰਾ ਬਣ ਰਾਹ ਰੁਸ਼ਨਾਉਣ ਵਾਲੇ
ਗੁਰੂ ਨੇ ਹਨੇਰਿਆਂ 'ਚ ਖੋ ਗਏ
ਸਜ਼ਾ ਦਾ ਰਿਹਾ ਨਾ ਡਰ
ਰੌਲਾ ਪਾਉਣ ਵਾਲਿਆਂ ਨੂੰ
ਵਧਿਆ ਜਮਾਤਾਂ ਵਿੱਚ ਸ਼ੋਰ ਮਿੱਤਰੋ
ਮੁੱਕਦੀਆਂ ਜਾਂਦੀਆਂ ਸਕੂਲਾਂ 'ਚੋ ਪੜ੍ਹਾਈਆਂ
ਹੋ ਗਿਆ ਟਿਉਸ਼ਨਾ ਦਾ ਜ਼ੋਰ ਮਿੱਤਰੋ

ਗੁਰੂ ਚੇਲਿਆਂ 'ਚੋ ਤੰਦ ਸਾਂਝ ਵਾਲੀ ਟੁੱਟ ਗਈ
ਪਿਆਰ ਸਤਿਕਾਰ ਵਾਲੀ ਵਹਿੰਦੀ ਧਾਰਾ ਸੁੱਕ ਗਈ
ਲੱਸੀ,ਸਾਗ,ਛੱਲੀਆਂ ਲਿਆਉਦੇ ਸੀ ਜੋ ਚਾਵਾਂ ਨਾਲ
ਲੱਭ ਲਏ ਸਕੂਲ ਉਨ੍ਹਾਂ ਹੋਰ ਮਿੱਤਰੋ
ਮੁੱਕਦੀਆਂ ਜਾਂਦੀਆਂ ਸਕੂਲਾਂ 'ਚੋ ਪੜ੍ਹਾਈਆਂ
ਹੋ ਗਿਆ ਟਿਉਸ਼ਨਾ ਦਾ ਜ਼ੋਰ ਮਿੱਤਰੋ

ਖੇਡਣ ਲਈ ਨਾ ਮਾਪੇ ਬੱਚਿਆਂ ਨੂੰ ਛੱਡਦੇ
ਨੱਬੇ ਪ੍ਰਸੈਟਂ ਵੀ ਨੰਬਰ ਘੱਟ ਲੱਗਦੇ
ਫਿਕਰਾਂ 'ਚ ਰੁਲ ਗਿਆ ਭੋਲਾ-ਭਾਲਾ ਬਚਪਨ
ਸ਼ੁਰੂ ਜਦੋ ਦਾ ਮੁਕਾਬਲੇ ਦਾ ਦੌਰ ਮਿੱਤਰੋ
ਮੁੱਕਦੀਆਂ ਜਾਂਦੀਆਂ ਸਕੂਲਾਂ 'ਚੋ  ਪੜ੍ਹਾਈਆਂ
ਹੋ ਗਿਆ ਟਿਉਸ਼ਨਾ ਦਾ ਜ਼ੋਰ ਮਿੱਤਰੋ

ਟਿਉਸ਼ਨਾ ਵਾਲੇ ਵੀ ਪੁੱਠੇ ਚੱਕਰਾਂ 'ਚ ਪੈ ਗਏ
ਵਿਦਿਆ ਦੇ ਦਾਨੀ ਨੇ ਵਪਾਰੀ ਬਣ ਬਹਿ ਗਏ
ਚੂਸ ਗਿਆ ਰਸ ਪੈਸਾ ਜਿੰæਦਗੀ ਇਨ੍ਹਾਂ ਦੀ ਵਿਚੋ 
ਤੁਰਦੇ ਬਿਮਾਰਾਂ ਜਿਹੀ ਤੌਰ ਮਿੱਤਰੋ
ਮੁੱਕਦੀਆਂ ਜਾਂਦੀਆਂ ਸਕੂਲਾਂ 'ਚੋ ਪੜ੍ਹਾਈਆਂ
ਹੋ ਗਿਆ ਟਿਉਸ਼ਨਾ ਦਾ ਜ਼ੋਰ ਮਿੱਤਰੋ

ਮਾਡਲ ਸਕੂਲਾਂ ਨੇ ਮਚਾਈ ਅੰਨ੍ਹੀ ਲੁੱਟ ਹੈ
ਬੁੱਕ-ਬੁੱਕ ਫੀਸਾਂ ਭਰ ਕੇ ਭੀ ਬਾਪੂ ਚੁੱਪ ਹੈ
ਦੋਹੀ ਹੱਥੀ ਲੱਡੂ ਫੜੇ ਹੋਏ ਨੇ ਟਿਉਟਰਾਂ
ਖਾਂਦੇ ਨੇ ਵਿਖਾ ਕੇ ਭੋਰ-ਭੋਰ ਮਿੱਤਰੋ
ਮੁੱਕਦੀਆਂ ਜਾਂਦੀਆਂ ਸਕੂਲਾਂ 'ਚੋ ਪੜ੍ਹਾਈਆਂ
ਹੋ ਗਿਆ ਟਿਉਸ਼ਨਾ ਦਾ ਜ਼ੋਰ ਮਿੱਤਰੋ