ਦਾਜ ਦੀ ਧਾਰਾ
(ਮਿੰਨੀ ਕਹਾਣੀ)
"ਤੈਨੂੰ ਸਿੱਧੀ ਤਰ੍ਹਾਂ ਦੱਸ ਦਿੱਤਾ ਕਿ ਆਪਣੀ ਜਾਇਦਾਦ ਵਿੱਚ ਹਿੱਸਾ ਪਾ ਕੇ ਮੇਰੀ ਕੁੜੀ ਦੇ ਨਾਮ 'ਤੇ ਮਕਾਨ ਖਰੀਦ ਕੇ ਦੇ, ਨਹੀਂ ਤਾਂ ਮੈਂ ਤੇਰੇ, ਤੇਰੇ ਮੁੰਡੇ ਤੇ ਤੁਹਾਡੇ ਪੂਰੇ ਪਰਿਵਾਰ 'ਤੇ ਦਾਜ ਦਾ ਕੇਸ ਦਰਜ ਕਰਾ ਕੇ ਸਾਰਿਆਂ ਨੂੰ ਅੰਦਰ ਤੁੰਨਾ ਦਵਾਂਗਾ |" ਥਾਣੇ ਵਿੱਚ ਕੁੜੀ ਦਾ ਪਿਓ ਮੁੰਡੇ ਦੇ ਪਿਤਾ ਨੂੰ ਧਮਕੀ ਦਿੰਦਿਆਂ ਹੋਇਆਂ ਬੋਲਿਆ |
"ਜੇ ਮਕਾਨ ਮੈਂ ਖਰੀਦ ਕੇ ਦਵਾਂਗਾ, 10-15 ਲੱਖ ਜੇ ਮੈਂ ਆਪਣੇ ਪੱਲਿਓਂ ਪਾਵਾਂਗਾ, ਤੇ ਬਾਕੀ ਜੋ ਬਣਿਆ ਉਸਦਾ ਬੈਂਕ-ਲੋਨ ਵੀ ਮੇਰੇ ਮੁੰਡੇ ਦੇ ਹੀ ਸਿਰ ਹੋਵੇਗਾ, ਫ਼ੇਰ ਕੁੜੀ ਦੇ ਨਾਮ ਤੇ ਕਿਉਂ, ਮਕਾਨ ਮੇਰੇ ਮੁੰਡੇ ਦੇ ਨਾਮ 'ਤੇ ਹੋਵੇਗਾ | ਪਹਿਲੀ ਗੱਲ ਮਕਾਨ ਲੈਣਾ ਨਾ ਲੈਣਾ ਮੁੰਡੇ ਕੁੜੀ ਦਾ ਆਪਸੀ ਮਾਮਲਾ ਹੈ, ਮੇਰਾ ਪੈਸਾ ਦੇਣਾ ਨਾ ਦੇਣਾ ਇਹ ਮੇਰੇ ਅਤੇ ਮੇਰੇ ਮੁੰਡੇ ਦੇ ਵਿੱਚ ਦਾ ਮਾਮਲਾ ਹੈ, ਕਿਸੇ ਹੋਰ ਦਾ ਇਸ ਵਿੱਚ ਬੋਲਣ ਦਾ ਕੋਈ ਹੱਕ ਨਹੀਂ ਬਣਦਾ ! ਬਾਕੀ ਜਿਵੇਂ ਹੁਣ ਤੂੰ ਦਾਜ ਦੇ ਕੇਸਾਂ ਦਾ ਡਰਾਵਾ ਦੇ ਕੇ ਆਪਣੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦਵਾ ਰਿਹਾ ਹੈਂ ਤਾਂ ਤੇਰੇ ਵਰਗਿਆਂ ਦਾ ਕੀ ਭਰੋਸਾ ਕਿ ਕਲ ਨੂੰ ਮੇਰੀ ਅਤੇ ਮੁੰਡੇ ਦੀ ਜ਼ਿੰਦਗੀ ਭਰ ਦੀ ਕਮਾਈ ਦਾ ਬਣਿਆ ਸਾਰਾ ਕੁਝ ਹੀ ਦੱਬ ਦੇ ਧੱਕਾ ਮਾਰ ਦੇਵੇਂ | ਜੇ ਤੇਰੀ ਇੰਨੀ ਹੀ ਜ਼ਿੱਦ ਹੈ ਕਿ ਤੂੰ ਆਪਣੀ ਕੁੜੀ ਦੇ ਨਾਮ 'ਤੇ ਮਕਾਨ ਲੈਣਾ ਹੈ ਤਾਂ ਆਪਣੇ ਪੱਲਿਓਂ ਲੈ, ਤਾਂ ਕਿ ਕੱਲ ਨੂੰ ਤੂੰ ਜਾਣੇ ਤੇ ਤੇਰੀ ਕੁੜੀ ਜਾਣੇ |" ਮੁੰਡੇ ਦੇ ਪਿਤਾ ਨੇ ਸਪਸ਼ਟ ਜਵਾਬ ਦਿੱਤਾ |
"ਦੇਖੋ, ਦੇਖੋ, ਦੇਖੋ, ਥਾਣੇਦਾਰ ਸਾਹਿਬ ! ਤੁਹਾਨੂੰ ਮੈਂ ਕਿਹਾ ਸੀ ਨਾ ਇਹ ਦਹੇਜ ਮੰਗਦੇ ਨੇ ! ਦੇਖਿਆ ਹੁਣੇ ਤੁਹਾਡੇ ਸਾਹਮਣੇ ਮੇਰੇ ਕੋਲੋਂ ਦਹੇਜ ਮੰਗ ਲਿਆ | ਮੈਂ ਦਾਜ ਦੀ ਦਰਖਾਸਤ ਦਰਜ ਕਰਾਣੀ ਹੈ ਇਹਨਾਂ ਦੇ ਪੂਰੇ ਪਰਵਾਰ 'ਤੇ |" ਲਾਗੇ ਸਮਝੌਤਾ ਕਰਾਣ ਲਈ ਮੋਹਤਬਰ ਬੰਦਿਆਂ ਵਿੱਚ ਬੈਠੇ ਥਾਣੇਦਾਰ ਨੂੰ ਸੰਬੋਧਿਤ ਹੁੰਦਿਆਂ ਕੁੜੀ ਦੇ ਪਿਓ ਨੇ ਕਹਿੰਦਆਂ ਇਓਂ ਸ਼ਾਤਰ ਹਾਸਾ ਹੱਸਿਆ ਕਿ ਜਿਵੇਂ ਹੁਣ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਵੱਢਣ ਦਾ ਮੌਕਾ ਮਿਲ ਗਿਆ ਸੀ |
ਲਾਗੇ ਬੈਠਾ ਥਾਣੇਦਾਰ ਅਤੇ ਹੋਰ ਮਹੁਤਬਰ ਹੈਰਾਨ ਕਿ ਆਖ਼ਰ ਦਾਜ ਮੰਗਿਆ ਕਿਸ ਨੇ ਸੀ ? ਤੇ ਸ਼ਾਇਦ ਕਾਨੂੰਨ ਵੀ ਅਜਿਹੀ ਕਿਸੇ ਧਾਰਾ ਉੱਤੇ ਚੁੱਪ ਸੀ ਜਿੱਥੇ ਕੁੜੀ ਦੇ ਪਿਓ ਵਲੋਂ ਮੁੰਡੇ ਦੇ ਪਿਤਾ ਨੂੰ ਧਮਕਾ ਕੇ, ਝੂਠੇ ਮੁਕੱਦਮਿਆਂ ਦਾ ਡਰਾਵਾ ਦੇ ਕੇ, ਪੈਸੇ ਮੰਗੇ ਜਾਂਦੇ ਨੇ; ਸ਼ਾਇਦ ਦਾਜ ਦੀ ਧਾਰਾ ਇੱਕੋ ਪਾਸੇ ਹੀ ਬਣੀ ਲਗਦੀ ਸੀ |