ਕਿਸੇ ਵੀ ਕੀਮਤ ਤੇ ਹੌਸਲਾ ਨਾ ਛੱਡੀਂ ॥
ਬਿਨਾ ਰੱਬ ਤੋਂ ਕਿਸੇ ਅੱਗੇ ਹੱਥ ਨਾ ਅੱਡੀਂ॥
ਸਾਡੀ ਜ਼ਿੰਦਗੀ ਵਿਚ ਜੇ ਕੋਈ ਛੋਟੀ ਜਹੀ ਵੀ ਸਮੱਸਿਆ ਆ ਜਾਏ ਤਾਂ ਕਈ ਵਾਰੀ ਅਸੀਂ ਘਬਰਾ ਜਾਂਦੇ ਹਾਂ। ਹਾਏ ਤੌਬਾ ਕਰਨ ਲੱਗ ਜਾਂਦੇ ਹਾਂ। ਆਪਣੀ ਛੋਟੀ ਜਹੀ ਸਮੱਸਿਆ ਨੂੰ ਪਹਾੜ ਜਿੱਡਾ ਦੱਸ ਕੇ ਦੂਜਿਆਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਅਸੀ ਇਸ ਦੁਨੀਆ ਵਿਚ ਸਭ ਤੋਂ ਦੁਖੀ ਇਨਸਾਨ ਹੋਈਏ। ਹੋਰ ਤਾਂ ਹੋਰ ਅਸੀ ਰੱਬ ਨੂੰ ਵੀ ਉਲਾਂ੍ਹਬੇ ਦੇਣ ਲੱਗ ਪੈਂਦੇ ਹਾਂ ਅਤੇ ਆਪਣੀ ਚੰਗੀ ਭਲੀ ਕਿਸਮਤ ਨੂੰ ਵਾਰ ਵਾਰ ਕੋਸਦੇ ਹਾਂ। ਇਹ ਠੀਕ ਨਹੀਂ । ਦੁੱਖ ਸੁੱਖ ਤਾਂ ਜ਼ਿੰਦਗੀ ਦੇ ਸਿੱਕੇ ਦੇ ਦੋ ਪਾਸੇ ਹਨ। ਹਰ ਇਨਸਾਨ ਦੀ ਜ਼ਿੰਦਗੀ ਵਿਚ ਦੁੱਖ ਅਤੇ ਸੁੱਖ ਦੋਵੇਂ ਆਉਣੇ ਹੀ ਆਉਣੇ ਹਨ। ਜਿਸ ਇਨਸਾਨ ਨੇ ਦੁੱਖ ਨਹੀਂ ਦੇਖਿਆ ਉਹ ਸੁੱਖ ਦੀ ਕੀਮਤ ਨਹੀਂ ਜਾਣ ਸਕਦਾ। ਜੇ ਕਿਸੇ ਮਨੁੱਖ ਦੀ ਜ਼ਿੰਦਗੀ ਵਿਚ ਕੇਵਲ ਸੁੱਖ ਹੀ ਸੁੱਖ ਹੋਣ ਅਤੇ ਦੁੱਖ ਦਾ ਨਾਮ ਹੀ ਨਾ ਹੋਵੇ ਤਾਂ ਉਸ ਵਿਚ ਹੰਕਾਰ ਆ ਜਾਵੇਗਾ। ਦੂਜੇ ਮਨੁੱਖ ਉਸ ਨੂੰ ਕੀੜੇ ਮਕੌੜੇ ਹੀ ਨਜ਼ਰ ਆਉਣਗੇ ਪਰ ਕੁਦਰਤ ਸਭ ਨਾਲ ਇਨਸਾਫ ਕਰਦੀ ਹੈ। ਇਸੇ ਲਈ ਕਹਿੰਦੇ ਹਨ:
ਜੇ ਦੁਨੀਆ ਵਿਚ ਫਿਕਰ ਨਾ ਹੁੰਦਾ,
ਤਾਂ ਰੱਬ ਦਾ ਵੀ ਜ਼ਿਕਰ ਨਾ ਹੁੰਦਾ॥
ਮੁਸੀਬਤ ਵੇਲੇ ਹੀ ਮਨੁੱਖ ਨੂੰ ਰੱਬ ਦੀ ਯਾਦ ਆਉਂਦੀ ਹੈ ਅਤੇ ਉਸ ਨੂੰ ਨੇਕ ਕੰਮ ਕਰਨ ਦਾ ਚੇਤਾ ਆਉਂਦਾ ਹੈ। ਮੁਸੀਬਤ ਹੀ ਮਨੁੱਖ ਨੂੰ ਮਜ਼ਬੂਤ ਬਣਾਉਂਦੀ ਹੈ। ਮੁਸੀਬਤਾਂ ਹੀ ਆਮ ਆਦਮੀ ਨੂੰ ਖਾਸ ਆਦਮੀ ਬਣਾਉਂਦੀਆਂ ਹਨ।ਜ਼ਿੰਦਗੀ ਵਿਚ ਭਾਵੇਂ ਕਿੰਨੀ ਵੀ ਵੱਡੀ ਮੁਸੀਬਤ ਕਿਉਂ ਨਾ ਆ ਜਾਏ, ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਅਸੀਂ ਨਹੀਂ ਜਾਣਦੇ ਕਿ ਆਉਣ ਵਾਲਾ ਕੱਲ੍ਹ ਸਾਡੇ ਲਈ ਕਿਹੜੀ ਸੁਗਾਤ ਲੈ ਕੇ ਆਉਣ ਵਾਲਾ ਹੈ।
ਆਮ ਤੌਰ ਤੇ ਅਸੀਂ ਰੋਜ਼ਾਨਾ ਆਪਣਾ ਰੁਜ਼ਗਾਰ ਅਤੇ ਹੋਰ ਨਿੱਤ ਕਰਮ ਕਰਦੇ ਹਾਂ, ਉਪਰੰਤ ਭੋਜਨ ਕਰਦੇ ਹਾਂ ਅਤੇ ਰਾਤ ਨੂੰ ਸੌਂ ਜਾਂਦੇ ਹਾਂ। ਫਿਰ ਅਗਲੇ ਦਿਨ ਉੱਠ ਕੇ ਉਹ ਹੀ ਚੱਕਰ ਸ਼ੁਰੂ ਹੋ ਜਾਂਦਾ ਹੈ। ਇਕ ਦਿਨ ਸਾਰੀ ਜ਼ਿੰਦਗੀ ਹੱਥਾਂ ਵਿਚੋਂ ਰੇਤ ਦੀ ਤਰ੍ਹਾਂ ਨਿਕਲ ਜਾਂਦੀ ਹੈ। ਬਹੁਤੀ ਵਾਰੀ ਅਸੀਂ ਆਪਣੀ ਜ਼ਿੰਦਗੀ ਦੀ ਹੌਂਦ ਨੂੰ ਦੁਨੀਆਂ ਸਾਹਮਣੇ ਪੂਰੀ ਤਰ੍ਹਾਂ ਪ੍ਰਗਟਾ ਨਹੀਂ ਸਕਦੇ। ਜ਼ਿੰਦਗੀ ਰੂਪੀ ਹੀਰੇ ਨੂੰ ਚੰਗੀ ਤਰ੍ਹਾਂ ਚਮਕਾ ਕੇ ਜੋਹਰੀ ਕੋਲ ਪੇਸ਼ ਨਹੀਂ ਕਰ ਸਕਦੇ। ਸਾਡੇ ਮਨ ਦੀਆਂ ਉੱਚੀਆਂ ਉਡਾਰੀਆਂ ਦੀ ਖਾਹਸ਼ ਸਾਡੇ ਮਨ ਵਿਚ ਹੀ ਦੱਬ ਕੇ ਰਹਿ ਜਾਂਦੀ ਹੈ। ਅਸੀਂ ਇਸ ਦਾ ਅਸਲੀ ਕਾਰਨ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਦੂਜੇ ਪਾਸੇ ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਸਾਡੇ ਸਾਹਮਣੇ ਹੀ ਕਈ ਲੋਕ ਮਾਰਕੇ ਮਾਰ ਕੇ ਇਸ ਜ਼ਿੰਦਗੀ ਦੇ ਅਸਮਾਨ ਤੇ ਧਰੂ ਤਾਰੇ ਦੀ ਤਰ੍ਹਾਂ ਪ੍ਰਗਟ ਹੁੰਦੇ ਹਨ ਅਤੇ ਦੁਨੀਆਂ ਨੂੰ ਆਪਣੀ ਹੌਂਦ ਦਾ ਅਹਿਸਾਸ ਕਰਾਉਂਦੇ ਹਨ। ਜੇ ਅਸੀਂ ਉਨ੍ਹਾਂ ਦੀ ਹਿੰਮਤ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੇ ਗੁਣਾ ਨੂੰ ਆਪਣੀ ਜ਼ਿੰਦਗੀ ਵਿਚ ਢਾਲੀਏ ਤਾਂ ਅਸੀਂ ਵੀ ਦੁਨੀਆਂ 'ਤੇ ਚਮਕ ਸਕਦੇ ਹਾਂ।
ਹਿੰਮਤ ਵਾਲਿਆਂ ਦੇ ਹੀ ਬੇੜੇ ਪਾਰ ਹੁੰਦੇ ਹਨ। ਉਹ ਹੀ ਮੰਜ਼ਿਲਾਂ 'ਤ ਪਹੁੰਚਦੇ ਹਨ ਅਤੇ ਬੁਲੰਦੀਆਂ ਨੂੰ ਛੂਹੰਦੇ ਹਨ। ਅੱਜ ਕੱਲ੍ਹ ਸਾਡੇ ਸਾਹਮਣੇ aੁਦਮੀ ਲੋਕਾਂ ਨੇ ਜੋ ਕਾਰਨਾਮੇ ਦਿਖਾਏ ਹਨ , ਉਨ੍ਹਾਂ ਬਾਰੇ ਅਸੀਂ ਰੋਜ਼ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਅਤੇ ਟੈਲੀ-ਵਿਜ਼ਨ ਤੇ ਦੇਖਦੇ ਹਾਂ। ਉਨ੍ਹਾਂ ਦੀ ਮਿਸਾਲ ਸਾਨੂੰ ਆਪਣੇ ਸਾਹਮਣੇ ਰੱਖ ਕੇ ਜ਼ਿੰਦਗੀ ਦੀ ਸੇਧ ਲੈਣੀ ਚਾਹੀਦੀ ਹੈ।
ਹਰਿਆਣੇ ਦੇ ਇਕ ਛੋਟੇ ਜਹੇ ਪਿੰਡ ਵਿਚ ਰਹਿਣ ਵਾਲੇ ਇਕ ਮਜ਼ਦੂਰ ਦਾ ਬੇਟਾ ਵਰਿੰਦਰ ਕੁਮਾਰ ਹਾਲੀ ਆਪਣੀ ਪੜ੍ਹਾਈ ਕe ਰਿਹਾ ਹੈ। ਉਸ ਨੂੰ ਜ਼ਿੰਦਗੀ ਦੀਆਂ ਪੂਰੀਆਂ ਸਹੂਲਤਾਂ ਵੀ ਪ੍ਰਾਪਤ ਨਹੀ ਹਨ। ਉਸ ਦੀ ਕੋਈ ਸਿਫ਼ਾਰਸ਼ ਵੀ ਨਹੀਂ, ਨਾ ਹੀ ਆਰਥਕ ਖ਼ੁਸ਼ਹਾਲੀ ਹੈ ਅਤੇ ਨਾ ਹੀ ਕਿਧਰੇ ਆਉਣ ਜਾਣ ਦੇ ਪੂਰੇ ਸਾਧਨ ਉਸ ਕੋਲ ਹਨ ਪਰ ਉਹ ਆਪਣੇ ਕੰਮ ਵਿਚ ਲਗਨ ਦਾ ਪੱਕਾ ਹੈ। ਉਹ ਕੰਪਿਊਟਰ ਦੀ ਪੜਾ੍ਹਈ ਕਰ ਰਿਹਾ ਹੈ। ਉਸ ਨੇ ਇਕ ਐਂਟੀ ਹੈਕਿੰਗ ਸੋਫਟਵੇਅਰ ਤਿਆਰ ਕੀਤਾ ਹੈ ਜਿਸਨੂੰ ਉਸ ਨੇ ਅਮਰੀਕਾ ਦੀ ਮਾਈਕਰੋਸੋਫਟ ਕੰਪਨੀ ਪਾਸ ਭੇਜਿਆ ਹੈ। ਉਸ ਕੰਪਨੀ ਨੇ ਵਰਿੰੰਦਰ ਦੀ ਖੋਜ਼ ਨੂੰ ਕੇਵਲ ਪ੍ਰਵਾਨ ਹੀ ਨਹੀਂ ਕੀਤਾ ਸਗੋਂ ਉਸਦੀ ਕਾਬਲੀਅਤ ਤੋਂ ਇੰਨੀ ਪ੍ਰਭਾਵਤ ਹੋਈ ਹੈ ਕਿ ਉਸ ਨੂੰ ਆਪਣੀ ਕੰਪਨੀ ਵਿਚ ਇਕ ਕਰੌੜ, 12 ਲੱਖ ਰੁਪਏ ਸਾਲ ਦੀ ਇਕ ਵੱਡੀ ਤਨਖਾਹ ਦੀ ਪੇਸ਼ਕਸ਼ ਵੀ ਕੀਤੀ ਹੈ, ਨਾਲ ਹੀ ਦੋ ਲੱਖ ਰੁਪਏ ਸਾਈਨਿੰਗ ਰਾਸ਼ੀ ਅਤੇ 100% ਬੋਨਸ ਅਤੇ ਹੋਰ ਸੁੱਖ ਸਹੁਲਤਾਂ ਮਿਲਣਗੀਆਂ। ਇੰਨੀ ਉੱਚੀ ਨੌਕਰੀ ਨਾਲ ਕੇਵਲ ਉਸਦੀ ਆਪਣੀ ਜ਼ਿੰਦਗੀ ਹੀ ਨਹੀਂ ਬਦਲੀ ਸਗੋਂ ਉਸਨੇ ਆਪਣੇ ਸਾਰੇ ਖ਼ਾਨਦਾਨ ਨੂੰ ਵੀ ਤਾਰ ਦਿੱਤਾ ਹੈ ਅਤੇ ਆਪਣੇ ਦੇਸ਼ ਦਾ ਨਾਮ ਸਾਰੀ ਦੁਨੀਆਂ ਵਿਚ ਉੱਚਾ ਕੀਤਾ ਹੈ। ਵਰਿੰਦਰ ਦੀ ਉਡਾਣ ਇਸ ਤੋਂ ਵੀ ਉੱਚੀ ਹੈ। ਉਸ ਨੂੰ ਇੰਨੀ ਪ੍ਰਾਪਤੀ ਤੇ ਹੀ ਸਬਰ ਨਹੀਂ। ਇੰਨੀ ਉੱਚੀ ਨੌਕਰੀ ਤੇ ਪਹੁੰਚਣਾ ਉਸ ਦੀ ਜ਼ਿੰਦਗੀ ਦਾ ਇਕ ਮੀਲ ਪੱਥਰ ਤਾਂ ਹੋ ਸਕਦਾ ਹੈ ਪਰ ਮੰਜ਼ਿਲ ਨਹੀਂ। ਉਸ ਦੀ ਮੰਜ਼ਿਲ ਹਾਲੀ ਹੋਰ ਵੀ ਅੱਗੇ ਹੈ। ਉਹ ਆਈ.ਏ.ਐਸ ਅਫ਼ਸਰ ਬਣਨਾ ਚਾਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਦਿਨ ਉਹ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਵੇਗਾ।
ਔਰਤ ਅਤੇ ਮਰਦ, ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ। ਇਕ ਤੋਂ ਬਿਨਾ ਦੂਜਾ ਅਧੂਰਾ ਹੈ। ਪਹਿਲਾਂ ਔਰਤ ਨੂੰ ਨਾਜ਼ੁਕ ਅਤੇ ਮਲੂਕੜੀ ਜਿਹੀ ਹੀ ਸਮਝਿਆ ਜਾਂਦਾ ਸੀ ਅਤੇ ਉਸ ਦੀ ਗਤੀ-ਵਿਧੀ ਘਰ ਦੀ ਚਾਰ-ਦੀਵਾਰੀ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਸੀ। ਹੁਣ ਸਮਾਂ ਬਦਲ ਗਿਆ ਹੈ। ਔਰਤ ਦੀ ਹੌਂਦ ਕੇਵਲ ਘਰ ਦੀ ਚਾਰ-ਦੀਵਾਰੀ ਤੱਕ ਹੀ ਸੀਮਤ ਨਹੀਂ ਰਹੀ। ਔਰਤ ਨੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਦਗੀ ਦੇ ਮੈਦਾਨ ਵਿਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਸਾਰੇ ਸਮਾਜ ਨੂੰ ਦੱਸ ਦਿੱਤਾ ਹੈ ਕਿ ਉਹ ਕੇਵਲ ਅਬਲਾ ਨਹੀਂ ਸਗੋਂ ਸਬਲਾ ਹੈ ਅਤੇ ਕਿਸੇ ਵੀ ਪੱਖੋਂ ਪੁਰਸ਼ ਨਾਲੋਂ ਘੱਟ ਨਹੀਂ। ਔਰਤ ਨੇ ਜ਼ਿੰਦਗੀ ਦੇ ਹਰ ਮੈਦਾਨ ਵਿਚ ਆਪਣਾ ਸਿੱਕਾ ਜਮਾਇਆ ਹੈ। ਔਰਤ ਰਾਜਨੀਤੀ, ਐਡਮਨਿਸਟਰੇਸ਼ਨ ਅਤੇ ਹੋਰ ਕਿਸੇ ਵੀ ਕੰਮ ਵਿਚ ਪੁਰਸ਼ ਤੋਂ ਘੱਟ ਜਾਂ ਪਿੱਛੇ ਨਹੀਂ। ਹੋਰ ਤਾਂ ਹੋਰ ਫੌਜ ਅਤੇ ਪੁਲਿਸ ਵਰਗੇ ਸਰੀਰਕ ਤੋਰ ਤੇ ਸਖ਼ਤ ਕੰਮਾ ਵਿਚ ਜਿੱਥੇ ਪੁਰਸ਼ ਦੀ ਸਰਦਾਰੀ ਮੰਨੀ ਜਾਂਦੀ ਸੀ, ਉੱਥੇ ਵੀ ਔਰਤਾਂ ਨੇ ਆਪਣੀ ਕਾਬਲੀਅਤ ਦੇ ਜ਼ੋਹਰ ਦਿਖਾਏ ਹਨ। ਅੱਜ ਕੱਲ੍ਹ ਦੀਆਂ ਔਰਤਾਂ ਤਾਂ ਹਵਾਈ ਜਹਾਜ, ਟਰੱਕ ਅਤੇ ਬੱਸਾਂ ਵੀ ਚਲਾਉਂਦੀਆਂ ਹਨ। ਇਸ ਲਈ ਔਰਤਾਂ ਦੇ ਦਿਲ ਵਿਚ ਕਦੀ ਵੀ ਇਹ ਖਿਆਲ ਨਹੀਂ ਆਉਣਾ ਚਾਹੀਦਾ ਕਿ ਉਹ ਮਰਦ ਤੋਂ ਕਮਜ਼ੋਰ ਹਨ ਜਾਂ ਕਿਸੇ ਤੋਂ ਘੱਟ ਹਨ।ਔਰਤ ਨੂੰ ਤਾਂ ਸ਼ਕਤੀ ਦੀ ਪ੍ਰਤੀਕ ਮੰਨਿਆ ਗਿਆ ਹੈ। ਅੱਜ ਕੱਲ੍ਹ ਜੋ ਕੁੱਖਾਂ ਵਿਚ ਬਾਲੜੀਆਂ ਦੇ ਕਤਲ ਹੋ ਰਹੇ ਹਨ, ਉਹ ਇਕ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ। ਇਸ ਨੂੰ ਰੋਕਣਾ ਚਾਹੀਦਾ ਹੈ। ਜੇ ਔਰਤ (ਖਾਸ ਕਰ ਕੇ ਸੱਸਾਂ) ਇਸ ਸਮਾਜਿਕ ਬੁਰਾਈ ਦੇ ਖਿਲਾਫ ਡਟ ਜਾਵੇ ਤਾਂ ਇਹ ਲਾਹਣਤ ਜੜ੍ਹੋਂ ਖਤਮ ਹੋ ਸਕਦੀ ਹੈ। ਘਰ ਵਿਚ ਲੜਕੀ ਦੇ ਜਨਮ ਤੇ ਮੁੰਹ ਫੁਲਾ ਕੇ ਨਹੀਂ ਬੈਠ ਜਾਣਾ ਚਾਹੀਦਾ ਸਗੋਂ ਘਰ ਵਿਚ ਲੜਕੇ ਦੇ ਜਨਮ ਦੀ ਤਰ੍ਹਾਂ ਹੀ ਖੁਸ਼ੀ ਦਾ ਮਾਹੋਲ ਹੋਣਾ ਚਾਹੀਦਾ ਹੈ। ਬੱਚੀ ਨੂੰ ਚੰਗੇ ਸੰਸਕਾਰ, ਸਾਰੀਆਂ ਸੁੱਖ-ਸਹੂਲਤਾਂ ਅਤੇ ਉੱਚੀ ਵਿਦਿਆ ਦੇਣੀ ਚਾਹੀਦੀ ਹੈ ਤਾਂ ਕਿ ਉਹ ਵੱਡੀ ਹੋ ਕੇ ਸਮਾਜ ਦਾ ਨਰੋਇਆ ਅੰਗ ਬਣ ਸਕੇ ਅਤੇ ਤੁਹਾਡਾ ਨਾਮ ਰੋਸ਼ਨ ਕਰ ਸੱਕੇ।
ਜਿਨ੍ਹਾਂ ਮਨੱਖਾਂ ਨੂੰ ਪ੍ਰਮਾਤਮਾ ਨੇ ਸਰੀਰ ਦੇ ਪੂਰੇ ਅੰਗ ਦਿੱਤੇ ਹਨ ਉਨ੍ਹਾਂ ਨੂੰ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਹੱਥ, ਪੈਰ, ਨੱਕ, ਮੂੰਹ, ਕੰਨ, ਅੱਖਾਂ ਅਤੇ ਦਿਮਾਗ ਦਿੱਤਾ ਹੈ। ਇਹ ਉਹ ਦੌਲਤ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਦੌਲਤ ਅਮੁੱਲੀ ਹੈ। ਜਿਸ ਮਨੁੱਖ ਦਾ ਕੋਈ ਅੰਗ ਘੱਟ ਹੋਵੇ ਉਸ ਨੂੰ ਪੁੱਛ ਕੇ ਦੇਖੋ, ਇਕ ਅੰਗ ਦੀ ਕੀਮਤ ਕੀ ਹੈ? ਸਰੀਰ ਦੇ ਇਨ੍ਹਾਂ ਅੰਗਾਂ ਦਾ ਪ੍ਰਯੋਗ ਕਰ ਕੇ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਸਫ਼ਲਤਾ ਨਾਲ ਪੂਰਾ ਕਰ ਸਕਦੇ ਹਾਂ ਪਰ ਜੇ ਕਿਸੇ ਸਮੇਂ ਬਿਮਾਰੀ ਜਾਂ ਕਿਸੇ ਦੁਰਘੱਟਨਾ ਕਾਰਨ ਸਰੀਰ ਦਾ ਕੋਈ ਅੰਗ ਮਾਰਿਆ ਜਾਵੇ ਜਾਂ ਕੱਟਿਆ ਜਾਏ ਤਾਂ ਵੀ ਹਿਮੰਤੀ ਲੋਕ ਹੌਸਲਾ ਨਹੀਂ ਛੱਡਦੇ। ਉਹ ਜ਼ਿੰਦਗੀ ਨੂੰ ਇਕ ਚੈਲੰਜ ਸਮਝਦੇ ਹਨ। ਉਹ ਪੂਰੇ ਜੋਸ਼ ਨਾਲ ਜ਼ਿੰਦਗੀ ਦੀ ਜੰਗ ਦੇ ਮੈਦਾਨ ਵਿਚ ਨਿੱਤਰਦੇ ਹਨ ਅਤੇ ਅਪੰਗ ਹੋਣ ਦੇ ਬਾਵਜੂਦ ਵੀ ਦੁਨੀਆਂ ਨੂੰ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹਨ। ਅਜਿਹੀ ਹੀ ਇਕ ਕਹਾਣੀ ਹੈ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਝੂੰਦਾ ਤਹਿਸੀਲ ਅਮਰਗੜ੍ਹ ਦੀ ਇਕ ਲੜਕੀ ਸ਼ੁਭਰੀਤ ਕੌਰ ਦੀ। ਇਸ ਸੋਹਣੀ-ਸੁਣਖੀ ਲੜਕੀ ਨੂੰ ਸ਼ੁਰੂ ਤੋਂ ਹੀ ਡਾਂਸ ਦਾ ਸ਼ੌਕ ਸੀ। ਉਹ ਆਪਣੇ ਇਸ ਹੁਨਰ ਨਾਲ ਹੀ ਦੁਨੀਆਂ ਨੂੰ ਆਪਣੀ ਕਲਾ ਦੇ ਜ਼ੋਹਰ ਦਿਖਾਉਣਾ ਚਾਹੁੰਦੀ ਸੀ ਪਰ ਬਦਕਿਸਮਤੀ ਨਾਲ ਚਾਰ ਸਾਲ ਪਹਿਲਾਂ (੨੦੧੦) ਇਕ ਹਾਦਸੇ ਵਿਚ ਉਸ ਦੀ ਖੱਬੀ ਲੱਤ ਕੱਟੀ ਗਈ। ਸ਼ੁਭਰੀਤ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਉਹ ਅਪੰਗ ਹੋ ਕੇ ਰਹਿ ਗਈ। ਪਰ ਹਾਲੀ ਵੀ ਉਸ ਦਾ ਦਿਲ ਡਾਂਸ ਲਈ ਹੀ ਧੜਕਦਾ ਸੀ। ਜਦ ਕਿਧਰੇ ਆਸ ਪਾਸ ਤੋਂ ਸੰਗੀਤ ਦੀ ਅਵਾਜ ਆਉਂਦੀ ਤਾਂ ਉਸ ਦਾ ਦਿਲ ਮਚਲ ਉਠਦਾ। ਉਹ ਇਕ ਲੱਤ ਨਾਲ ਹੀ ਫ਼ਰਸ਼ ਤੇ ਥਿਰਕਣ ਲੱਗ ਪੈਂਦੀ। । ਉਸ ਨੇ ਹੌਸਲਾ ਨਹੀਂ ਛੱਡਿਆ। ਉਸ ਦੀ ਮਾਤਾ ਚਰਨਜੀਤ ਕੌਰ ਨੇ ਵੀ ਉਸ ਨੂੰ ਪ੍ਰੇਰਨਾ ਦਿੱਤੀ ਅਤੇ ਉਸ ਦਾ ਹੌਸਲਾ ਵਧਾਇਆ। ਉਸ ਨੇ ਇਕ ਲੱਤ ਨਾਲ ਹੀ ਮੁੜ ਤੋਂ ਡਾਂਸ ਦੀ ਪ੍ਰੈਕਟਿਸ ਸ਼ੁਰੂ ਕੀਤੀ। ਉਸ ਦੀ ਮਿਹਨਤ ਰੰਗ ਲਿਆਈ। ਹੁਣ ਉਹ ਆਪਣੇ ਸਿਰੜ ਕਾਰਨ ਵੱਡੇ ਵੱਡੇ ਪ੍ਰੋਗਰਾਮਾ ਵਿਚ ਹਿੱਸਾ ਲੈਣ ਲੱਗੀ। ਦੁਨੀਆਂ ਭਰ ਵਿਚ ਦਰਸ਼ਕ ਉਸ ਨੂੰ ਇਕ ਲੱਤ ਨਾਲ ਨੱਚਦੇ ਦੇਖ ਕੇ ਦੰਗ ਰਹਿ ਜਾਂਦੇ ਹਨ। ਬਾਹਰਲੇ ਮੁਲਕਾਂ ਵਿਚ ਉਸ ਨੂੰ ਵੱਨ ਲੈਗ ਡਾਂਸਰ (ਇਕ ਲੱਤ ਵਾਲੀ ਡਾਂਸਰ) ਨਾਲ ਜਾਣਿਆ ਜਾਂਦਾ ਹੈ। ਸ਼ੁਭਰੀਤ ਦੇ ਇਕ ਲੱਤ ਦੇ ਨਾਚ ਨੂੰ ਦੇਖ ਕੇ ਜਿੱਥੇ ਪ੍ਰੋਗਰਾਮਾ ਦੇ ਜੱਜ ਨਮ ਅੱਖਾਂ ਨਾਲ ਉਸ ਦੇ ਸੁਆਗਤ ਵਿਚ ਖੜ੍ਹੇ ਹੋ ਜਾਂਦੇ ਹਨ ਉੱਥੇ ਪ੍ਰੋਗਰਾਮ ਦੋਰਾਨ ਵਿਸ਼ੇਸ਼ ਮਹਿਮਾਨ ਵੀ ਉਸ ਦਾ ਸਾਹਸ ਦੇਖ ਕੇ ਇਕ ਲੱਤ ਉੱਤੇ ਨੱਚਣ ਦਾ ਅਸੰਭਵ ਜਿਹਾ ਯਤਨ ਕਰਦੇ ਹਨ। ਇੱਥੇ ਹੀ ਬਸ ਨਹੀਂ ਸ਼ੁਭਰੀਤ ਕੌਰ ਟੈਲੀਵਿਜ਼ਨ ਦੇ ਕਲਰ ਚੈਨਲ ਤੋਂ ਪਰਸਾਰਿਤ ਹੋ ਰਹੇ ਪ੍ਰੋਗਰਾਮ "ਇੰਡੀਆ'ਜ਼ ਗੌਟ ਟੈਲੈਂਟ" ਦੇ ਫਾਈਨਲ ਵਿਚ ਪਹੁੰਚ ਗਈ ਹੈ। ਉਸ ਦੀ ਇਸ ਪ੍ਰਾਪਤੀ ਉੱਤੇ ਸਾਨੂੰ ਮਾਣ ਹੈ। ਸਾਨੂੰ ਉਸ ਤੋਂ ਕੁਝ ਸਿਖਿਆ ਲੈਣੀ ਚਾਹੀਦੀ ਹੈ।
ਜਿਵੇਂ ਸਿਤਾਰਿਆਂ ਦੀ ਚਮਕ ਦਾ ਹਨੇਰੇ ਵਿਚ ਹੀ ਪਤਾ ਚਲਦਾ ਹੈ ਇਵੇਂ ਹੀ ਮਨੁੱਖ ਦੀ ਪ੍ਰਤਿਭਾ ਮੁਸੀਬਤ ਸਮੇਂ ਹੀ ਪ੍ਰਗਟ ਹੁੰਦੀ ਹੈ। ਮੁਸੀਬਤ ਸਮੇਂ ਕਈ ਵਾਰੀ ਇਨਸਾਨ ਐਸੇ-ਐਸੇ ਕਾਰਨਾਮੇ ਕਰ ਗੁਜ਼ਰਦਾ ਹੈ ਜਿਨਾ ਤੇ ਆਮ ਤੌਰ ਤੇ ਯਕੀਨ ਨਹੀਂ ਆਉਂਦਾ। ਮਨੁੱਖ ਦੀ ਅੰਦਰਲੀ ਸ਼ਕਤੀ ਦੇ ਛੁਪੇ ਹੋਏ ਗੁਣ ਮੁਸੀਬਤ ਸਮੇਂ ਹੀ ਪ੍ਰਗਟ ਹੁੰਦੇ ਹਨ। ਹਿੰਮਤੀ ਮਨੁੱਖ ਮੁਸੀਬਤ ਸਮੇਂ ਢਿੱਗੀ ਢਾਹ ਕੇ ਨਹੀਂ ਬੈਠ ਜਾਂਦੇ। ਉਹ ਹੌਸਲਾ ਨਹੀਂ ਛੱਡਦੇ ਅਤੇ ਮੁਸੀਬਤ ਵਿਚੋਂ ਨਿਕਲਣ ਲਈ ਪੂਰਾ ਤਾਣ ਲਾ ਦਿੰਦੇ ਹਨ। ਅੰਤ ਵਿਜਈ ਹੋ ਕੇ ਦੁਨੀਆਂ ਸਾਹਮਣੇ ਪ੍ਰਗਟ ਹੁੰਦੇ ਹਨ।ਅਜਿਹੀ ਹੀ ਇਕ ਕਹਾਣੀ ਹੈ ਪੂਨੇ ਦੇ 15 ਸਾਲ ਦੇ ਲੜਕੇ ਸਾਹਿਲ ਦੀ। ਉਹ ਕਿਸੇ ਤੋਂ ਘੱਟ ਨਹੀਂ। ਅੱਜ ਤੋਂ 5 ਸਾਲ ਪਹਿਲਾਂ (2009) ਵਿਚ ਇਕ ਹਾਦਸੇ ਵਿਚ ਉਸਦੇ ਦੋਵੇਂ ਹੱਥ ਕੱਟੇ ਗਏ। ਉਸ ਨੇ ਵੀ ਹੌਸਲਾ ਨਹੀਂ ਛੱਡਿਆ। ਉਹ ਆਪਣੀ ਸਕੂਲ ਦੀ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ। ਹੱਥਾਂ ਤੋਂ ਬਿਨਾ ਉਹ ਲਿਖ ਨਹੀਂ ਸੀ ਸਕਦਾ। ਉਸ ਨੇ ਟੈਲੀਵਿਜ਼ਨ ਤੇ ਕਿਸੇ ਨੂੰ ਪੈਰਾਂ ਨਾਲ ਪੇਂਟਿੰਗ ਕਰਦੇ ਦੇਖਿਆ। ਉਸ ਦੇ ਮਨ ਵਿਚ ਵਿਚਾਰ ਆਇਆ ਕਿ ਜੇ ਇਹ ਪੈਰਾਂ ਨਾਲ ਪੇਂਟਿੰਗ ਕਰ ਸਕਦਾ ਹੈ ਤਾਂ ਮੈਂ ਪੈਰਾਂ ਨਾਲ ਲਿਖ ਕਿਉਂ ਨਹੀਂ ਸਕਦਾ? ਉਸ ਨੇ ਪੈਰਾਂ ਦੀਆਂ ਉਂਗਲੀਆਂ ਵਿਚ ਪੈਂਨ ਅੜਾ ਕੇ ਲਿਖਣ ਦੀ ਕੋਸ਼ਿਸ਼ ਕੀਤੀ। ਹਿੰਮਤ ਨਹੀਂ ਹਾਰੀ। ਉਸਦੀ ਮਿਹਨਤ ਰੰਗ ਲਿਆਈ। ਉਹ ਆਪਣੇ ਮਕਸਦ ਵਿਚ ਕਾਮਯਾਬ ਹੋ ਗਿਆ। ਇਸ ਸਮੇਂ ਦਸਵੀਂ ਜਮਾਤ ਦੇ ਪੇਪਰ ਦੇ ਰਿਹਾ ਹੈ, ਉਹ ਵੀ ਬਿਨਾ ਕਿਸੇ ਲਿਖਣ ਵਾਲੇ ਦੀ ਮਦਦ ਤੋਂ। ਟੈਲੀਜ਼ਿਨ ਇੰਟਰਵਿਉ ਦੋਰਾਨ ਸਾਹਿਲ ਨੇ ਦੱਸਿਆ ਕਿ ਉਹ ਇੰਜੀਨਰਿੰਗ ਵਿਚ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਹੈ। ਉਸ ਦੀ ਇਹ ਖਾਹਿਸ਼ ਪੂਰਾ ਹੋਣ ਵਿਚ ਕਿਸੇ ਨੂੰ ਕੋਈ ਸ਼ੱਕ ਨਹੀਂ।
ਦੱਖਣੀ ਅਫ਼ਰੀਕਾ ਦਾ ਓਸਕਰ ਪਿਸਟੋਰੀਅਸ ਨਾਮ ਦਾ ਵਿਅਕਤੀ ਜਿਸ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਸਨ, ਉਸ ਨੇ ਲੱਤਾਂ ਥੱਲੇ ਸਟੀਲ ਦੇ ਬਲੇਡ ਲਾਏ ਹੋਏ ਸਨ ਅਤੇ ਥੱਲੇ ਲੋਹੇ ਦੇ ਬੂਟ ਫਿੱਟ ਸਨ। ਉਸ ਨੇ 2012 ਦੀਆਂ ਇੰਗਲੈਂਡ ਵਿਚ ਹੋਈਆਂ ਪੈਰਾ-ਓਲੰਪਿਕ ਦੌੜਾਂ ਵਿਚ ਭਾਗ ਲਿਆ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਬਿਨਾ ਲੱਤਾਂ ਵਾਲਾ ਵਿਅਕਤੀ ਵੀ ਓਲੰਪਿਕ ਵਿਚ ਵੀ ਦੌੜ ਸਕਦਾ ਹੈ। ਉਸ ਨੇ ਆਪਣੀ ਇੱਛਾ ਸ਼ਕਤੀ ਅਤੇ ਦ੍ਰਿੜ ਇਰਾਦੇ ਦਵਾਰਾ ਇਹ ਸਭ ਕੁਝ ਕਰ ਦਿਖਾਇਆ ਅਤੇ ੪੦੦ ਮੀਟਰ ਪੁਰਸ਼ਾਂ ਦੀ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।ਸਭ ਦਰਸ਼ਕਾਂ ਦੀ ਨਜ਼ਰ ਉਸ ਤੇ ਹੀ ਰਹੀ। ਅੱਜ ਵੀ ਉਸ ਨੂੰ ਬਲੇਡ ਮੈਨ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਅਸਾਮ ਦੇ ਰਹਿਣ ਵਾਲਾ ਮੋਹਿਤ ਬੋਡੋ 80 ਸਾਲ ਦਾ ਬਜ਼ੁਰਗ ਹੈ। ਉਸ ਦੀਆਂ ਅੱਖਾਂ ਦੀ ਰੋਸ਼ਨੀ 40 ਸਾਲ ਪਹਿਲਾਂ ਚਲੀ ਗਈ ਸੀ। ਇਕ ਇਕ ਕਰ ਕੇ ਸਾਰੇ ਸਹਾਰੇ ਛੁੱਟ ਗਏ। ਉੇਸ ਦੀ ਇਕ ਬੇਟੀ ਅਤੇ ਇਕ ਪਤਨੀ ਸੀ। ਉਹ ਵੀ ਰੱਬ ਨੂੰ ਪਿਆਰੇ ਹੋ ਗਏ। ਇਸ ਹਨੇਰੀ ਦੁਨੀਆਂ ਵਿਚ ਉਹ ਇਕੱਲਾ ਅਤੇ ਬੇਸਹਾਰਾ ਰਹਿ ਗਿਆ ਪਰ ਇਸ ਸਭ ਦੇ ਬਾਵਜੂਦ ਉਸ ਨੇ ਕਦੀ ਆਪਣੇ ਆਪ ਨੂੰ ਬੇਸਹਾਰਾ ਨਹੀਂ ਸਮਝਿਆ। ਕਿਸੇ ਅੱਗੇ ਹੱਥ ਨਹੀਂ ਅੱਡਿਆ, ਹੌਸਲਾ ਨਹੀਂ ਛੱਡਿਆ। ਕਿਸੇ ਦੂਜੇ ਉੱਤੇ ਬੋਝ ਨਹੀਂ ਬਣਿਆ। ਉਹ ਅੱਜ ਵੀ ਬਾਂਸ ਅਤੇ ਬੈਂਤ ਦੇ ਸੋਫੇ ਅਤੇ ਕੁਰਸੀਆਂ ਇੰਨੀ ਕਲਾਕਾਰੀ ਨਾਲ ਬਣਾਉਂਦਾ ਹੈ ਕਿ ਦੂਰੋਂ-ਦੂਰੋਂ ਲੋਕ ਉਸਦਾ ਬਣਿਆ ਹੋਇਆ ਫਰਨੀਚਰ ਖ੍ਰੀਦਣ ਲਈ ਆਉਂਦੇ ਹਨ। ਇਸ ਨਾਲ ਹੀ ਉਸ ਦੀ ਰੋਟੀ ਦਾ ਗੁਜ਼ਾਰਾ ਚੱਲਦਾ ਹੈ।
ਰੇਸ ਵਿਚ ਜਿੱਤਣ ਵਾਲੇ ਘੋੜੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿੱਤ ਕੀ ਚੀਜ਼ ਹੁੰਦੀ ਹੈ। ਉਹ ਤਾਂ ਆਪਣੇ ਮਾਲਿਕ ਦਵਾਰਾ ਦਿੱਤੀ ਗਈ ਤਕਲੀਫ ਕਰ ਕੇ ਹੀ ਦੌੜਦਾ ਹੈ। ਇਸ ਜ਼ਿੰਦਗੀ ਵਿਚ ਸਾਨੂੰ ਜਦ ਵੀ ਕੋਈ ਤਕਲੀਫ ਆਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਪ੍ਰਮਾਤਮਾ ਸਾਨੂੰ ਜਿਤਾਉਣਾ ਚਾਹੁੰਦਾ ਹੈ।ਹਿਮਾਚਲ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਵਿਚ ਇਕ ਬੰਦਾ ਰਹਿੰਦਾ ਹੈ, ਜਿਸਦਾ ਨਾਮ ਹੈ ਦਸਰਥ। ਉਸ ਦੀ ਪਤਨੀ ਦੀ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਨ ਕਰਕੇ ਮੌਤ ਹੋ ਗਈ ਕਿਉਂਕਿ ਇਨ੍ਹਾਂ ਦਾ ਪਿੰਡ ਡਾਕਟਰੀ ਸਹਾਇਤਾ ਲਈ ੭੫ ਕਿਲੋ ਮੀਟਰ ਤੋਂ ਵੀ ਵੱਧ ਦੂਰੀ ਤੇ ਹੈ। ਉਹ ਪਤਨੀ ਦੀ ਮੌਤ ਦੇ ਗਮ ਵਿਚ ਟੁੱਟ ਗਿਆ। ਲੋਕਾਂ ਨੇ ਉਸ ਨੂੰ ਸਮਝਾਇਆ ਕਿ ਕਿਸੇ ਇਕ ਦੇ ਜ਼ਿੰਦਗੀ ਵਿਚੋਂ ਚਲੇ ਜਾਣ ਨਾਲ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ ਪਰ ਉਸ ਦਾ ਦਿਲ ਹੀ ਜਾਣਦਾ ਸੀ ਕਿ ਲੱਖਾਂ ਲੋਕਾਂ ਦੇ ਮਿਲ ਜਾਣ ਤੇ ਵੀ ਕਿਸੇ ਇਕ ਦੀ ਕਮੀ ਪੂਰੀ ਨਹੀਂ ਹੋ ਜਾਂਦੀ। ਉਹ ਨਹੀਂ ਸੀ ਚਾਹੁੰਦਾ ਕਿ ਕਿਸੇ ਹੋਰ ਦਾ ਘਰ ਵੀ ਉਸ ਦੀ ਤਰ੍ਹਾਂ ਉਜੱੜੇ। ਇਸ ਲਈ ਉਸਨੇ ਰਸਤੇ ਵਿਚ ਆਉਂਦੇ 360 ਫੁੱਟ ਦੇ ਪਹਾੜ ਵਿਚੋਂ ਰਸਤਾ ਬਣਾਉਣਾ ਸ਼ੁਰੂ ਕੀਤਾ। ਕਈ ਲੋਕਾਂ ਨੇ ਉਸ ਨੂੰ ਉਸ ਦੇ ਇਰਾਦੇ ਤੋਂ ਡੇਗਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਸਨਕੀ ਜਾਂ ਪਾਗਲ ਤੱਕ ਵੀ ਕਿਹਾ।ਪਰ ਉਹ ਆਪਣੀ ਧੁਨ ਦਾ ਪੱਕਾ ਨਿਕਲਿਆ। ਅੰਤ ਪਹਾੜ ਵਿਚ ਰਸਤਾ ਬਣਾ ਹੀ ਦਿੱਤਾ। ਹੁਣ 75 ਕਿਲੋ ਮੀਟਰ ਦਾ ਰਾਹ ਕੇਵਲ 15 ਕਿਲੋਮੀਟਰ ਹੀ ਰਹਿ ਗਿਆ। ਇਸ ਸਭ ਨੂੰ ਕਰਨ ਵਿਚ ਉਸ ਨੂੰ 22 ਸਾਲ ਲੱਗੇ।
ਅਜਿਹੇ ਸਿਰਲੱਥ ਯੋਧਿਆਂ ਦੀਆਂ ਕਹਾਣੀਆਂ ਤਾਂ ਕਈ ਹਨ। ਇਹ ਕੋਈ ਪੁਰਾਣੀਆਂ, ਕਾਲਪਨਿਕ ਜਾਂ ਜਾਦੂ ਦੀਆਂ ਕਹਾਣੀਆ ਨਹੀਂ ਹਨ। ਇਹ ਬਿਲਕੁਲ ਸੱਚੀਆਂ ਅੱਜ ਦੀਆਂ ਕਹਾਣੀਆਂ ਹਨ। ਅਜਿਹੇ ਸਿਰਲੱਥ ਸਿਰੜੀ ਯੋਧਿਆਂ ਦੇ ਜਜ਼ਬੇ ਨੂੰ ਸਲਾਮ ਹੈ।ਸਾਨੂੰ ਕਿਸੇ ਵੱਡੀ ਖੁਸ਼ੀ ਦੀ ਖ਼ਾਤਰ ਛੋਟੀਆਂ-ਛੋਟੀਆਂ ਖ਼ੁਸ਼ੀਆਂ ਤੋਂ ਮੁੰਹ ਨਹੀਂ ਮੋੜਨਾ ਚਾਹੀਦਾ ਕਿਉਂਕਿ ਹਰ ਵੱਡਾ ਕੰਮ ਛੋਟੀ ਸ਼ੁਰੂਆਤ ਨਾਲ ਹੀ ਸ਼ੁਰੂ ਹੁੰਦਾ ਹੈ।ਜੇ ਤੁਸੀਂ ਕੋਈ ਮਹਾਨ ਕੰਮ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ, ਛੋਟੇ-ਛੋਟੇ ਕੰਮਾਂ ਨੂੰ ਹੀ ਇਕ ਵੱਖਰੇ ਅਤੇ ਮਹਾਨ ਢੰਗ ਨਾਲ ਅੰਜਾਮ ਦਿਓ ਤਾਂ ਕਿ ਉਨ੍ਹਾਂ ਵਿਚੋਂ ਹੀ ਤੁਹਾਡੀ ਛਵੀ ਦਿੱਸੇ।