ਗੋਹਾ ਕੂੜਾ ਕਰਨ ਵਾਲੇ (ਕਹਾਣੀ)

ਕਰਮਜੀਤ ਸਿੰਘ ਔਜਲਾ   

Email: sewalehar@yahoo.co.in
Phone: +91 161 2311473
Cell: +91 92165-05850
Address: 9516 ਜੋਸ਼ੀ ਨਗਰ, ਹੈਬੋਵਾਲ ਰੋਡ
ਲੁਧਿਆਣਾ India 141001
ਕਰਮਜੀਤ ਸਿੰਘ ਔਜਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੁਲਾਈ ਦਾ ਪਹਿਲਾ ਹਫ਼ਤਾ ਸੀ। ਮੇਰਾ ਮਿੱਤਰ ਮੈਨੂੰ ਸੈਕਟਰ-34 ਤੋਂ ਆਪਣੇ ਸਕੂਟਰ 'ਤੇ ਚੰਡੀਗੜ੍ਹ ਦੇ ਬੱਸ ਅੱਡੇ 'ਤੇ ਪਹੁੰਚਾ ਗਿਆ ਸੀ। ਰੁੱਤ ਦੀ ਗਰਮੀ ਤਾਂ ਹੈ ਹੀ ਸੀ ਉਸ ਦੇ ਨਾਲ ਇੱਕ ਦਿਨ ਪਹਿਲਾਂ ਹੋਈ ਬਰਸਾਤ ਕਾਰਨ ਹੁੱਮਸ ਜਿਵੇਂ ਬੰਦੇ ਨੂੰ ਨਿਚੋੜ-ਨਿਚੋੜ ਕੇ ਪਸੀਨਾ ਵਗਾ ਰਿਹਾ ਹੋਵੇ। ਇਹੋ ਹੀ ਜੀਅ ਕਰਦਾ ਸੀ ਕਿ ਕਿਤੇ ਕੋਈ ਠੰਡਾ ਥਾਂ ਮਿਲੇ ਅਤੇ ਕੋਈ ਠੰਡੀ ਚੀਜ਼ ਪੀਣ ਨੂੰ ਮਿਲੇ। ਇਹ ਸਭ ਕੁਝ ਉਸ ਦਿਨ ਮੇਰੇ ਲਈ ਦੁਰਲੱਭ ਤਾਂ ਨਹੀਂ ਸੀ ਪਰ ਇਹ ਪ੍ਰਾਪਤ ਹੋਣ ਲਈ ਮੈਨੂੰ ਘੱਟੋ-ਘੱਟ ਪੌਣਾ ਘੰਟਾ ਇੰਤਜ਼ਾਰ ਕਰਨਾ ਪੈਣਾ ਸੀ। ਚੰਡੀਗੜ੍ਹ ਤੋਂ ਲੁਧਿਆਣੇ ਜਾਣ ਵਾਲੀ ਏ.ਸੀ. ਡੀਲਕਸ ਬੱਸ ਵਿੱਚ ਮੇਰੀ ਸੀਟ ਬੁੱਕ ਸੀ। ਸਫਰ ਤਾਂ ਮੇਰਾ ਸੁਖਾਵਾਂ ਹੀ ਹੋਣਾ ਸੀ ਪਰ ਪੌਣੇ ਘੰਟੇ ਦੀ ਉਡੀਂਕ ਹੋਰ ਦੁੱਖਦਾਈ ਲੱਗ ਰਹੀ ਸੀ। ਮੇਰੇ ਕੋਲ ਇੱਕ ਛੋਟਾ ਜਿਹਾ ਬੈਗ ਸੀ ਜਿਸ ਦੀਆਂ ਤਣੀਆਂ ਤੋਂ ਦੋਵੇਂ ਕੰਮ ਲਏ ਜਾ ਸਕਦੇ ਸਨ ਭਾਵੇਂ ਮੈਂ ਉਸ ਬੈਗ ਨੂੰ ਮੋਢੇ ਤੇ ਲਟਕਾ ਲਵਾਂ ਜਾਂ ਹੱਥ ਵਿੱਚ ਫੜ੍ਹ ਲਵਾਂ। ਇਸ ਉਡੀਕ ਦੇ ਸਮੇਂ ਵਿੱਚ ਮੇਰੇ ਕੋਲ ਕਰਨ ਲਈ ਕੋਈ ਕੰਮ ਤਾਂ ਹੈ ਨਹੀਂ ਸੀ। ਉਹੋ ਜਿਹੀ ਹੁੱਸੜ ਵਾਲੇ ਦਿਨ ਕੁਝ ਪੜ੍ਹਨ ਨੂੰ ਜੀਅ ਵੀ ਨਹੀਂ ਸੀ ਕਰ ਸਕਦਾ। ਆਸ-ਪਾਸ ਜੇ ਮੈਂ ਕੁਝ ਦੇਖਣ ਦਾ ਯਤਨ ਕਰਦਾ ਤਾਂ ਉਸ ਵਿੱਚ ਵੀ ਮੇਰੀ ਰੁਚੀ ਨਾ ਟਿਕਦੀ। ਚੰਡੀਗੜ੍ਹ ਦੇ ਬੱਸ ਅੱਡੇ ਉੱਤੇ ਕਈ ਖੂਬਸੂਰਤ ਔਰਤਾਂ ਸਨ। ਉਹ ਵੀ ਗਰਮੀ ਤੋਂ ਪਰੇਸ਼ਾਨ ਹੋਈਆਂ ਦੁਖਦਾਈ ਉਡੀਕ ਦਾ ਸ਼ਿਕਾਰ ਸਨ। ਮੈਨੂੰ ਉਹਨਾਂ ਦਾ ਗੋਰਾ ਰੰਗ ਅਤੇ ਸਰੀਰਿਕ ਖੂਬਸੂਰਤੀ ਇਵੇਂ ਲੱਗੀ ਜਿਵੇਂ ਗਰਮੀ ਅਤੇ ਹੁਮਸ ਨੇ ਉਹਨਾਂ ਦਾ ਸਾਰਾ ਹੀ ਆਕਰਸ਼ਣ ਖ਼ਤਮ ਕਰ ਕੇ ਉਹਨਾਂ ਨੂੰ ਇੱਕ ਮੁਰਝਾਏ ਹੋਏ ਫੁੱਲ ਵਾਂਗ ਬਣਾ ਦਿੱਤਾ ਹੋਵੇ। ਉਹਨਾਂ ਪਰੇਸ਼ਾਨ ਅਤੇ ਮੁਰਝਾਏ ਹੋਏ ਫੁੱਲਾਂ ਵੱਲ ਦੇਖਣ ਨੂੰ ਮੇਰਾ ਬਿਲਕੁਲ ਹੀ ਚਿੱਤ ਨਾ ਹੋਇਆ। ਹੁਣ ਤੱਕ ਦੱਸ-ਬਾਰਾਂ ਮਿੰਟ ਬੀਤ ਚੁੱਕੇ ਸਨ ਅਤੇ ਅਜੇ ਵੀ ਅੱਧੇ ਘੰਟੇ ਤੋਂ ਵੱਧ ਦੁਖਦਾਈ ਉਡੀਕ ਸੀ।
ਮੇਰਾ ਧਿਆਨ ਬੱਸ ਅੱਡੇ ਦੀ ਨੁੱਕਰ ਵੱਲ ਗਿਆ। ਉੱਥੇ ਇੱਕ ਸਟਾਲ 'ਤੇ ਲੋਕ ਧੜਾਧੜ ਕੋਕ ਅਤੇ ਪੈਪਸੀ ਆਦਿ ਪੀ ਰਹੇ ਸਨ। ਮੇਰੇ ਪੈਰ ਵੀ ਸੁਤੇਸੁੱਧ ਉਸ ਪਾਸੇ ਨੂੰ ਚੱਲ ਪਏ ਅਤੇ ਮੈਂ ਉਸ ਸਟਾਲ ਦੇ ਕਾਊਂਟਰ 'ਤੇ ਜਾ ਖੜ੍ਹਾ ਹੋਇਆ। ਸਟਾਲ ਦੇ ਸੇਲਜ਼ ਬੁਆਏ ਨੇ ਮੇਰੇ ਵੱਲ ਪੁੱਛਣ ਵਾਲੀਆਂ ਨਜ਼ਰਾਂ ਨਾਲ ਤੱਕਿਆ ਤਾਂ ਮੈਂ ਉਹਦੇ ਬੋਲੇ ਬਗੈਰ ਹੀ ਕਹਿ ਦਿੱਤਾ, "ਇੱਕ ਕੋਕ ਠੰਡੀ ਹੋਵੇ।" "ਲਉ ਜੀ!" ਉਸ ਮੁੰਡੇ ਨੇ ਫਰੀਜ਼ਰ ਵਿੱਚੋਂ ਇੱਕ ਬੋਤਲ ਕੱਢ ਕੇ ਚਾਬੀ ਨਾਲ ਉਹਦਾ ਢੱਕਣ ਖੋਲ੍ਹ ਕੇ ਮੇਰੇ ਵੱਲ ਵਧਾ ਦਿੱਤਾ। ਮੈਂ ਕੋਕ ਦੀ ਬੋਤਲ ਫੜੀ ਤਾਂ ਮੈਨੂੰ ਤਸਲੀ ਹੋਈ ਕਿ ਉਹ ਮੇਰੀ ਇੱਛਾ ਅਨੁਸਾਰ ਐਨ ਠੰਡੀ ਸੀ। ਮੈਂ ਬੋਤਲ ਦਾ ਮੂੰਹ ਆਪਣੇ ਮੂੰਹ ਨੂੰ ਲਾ ਲਿਆ ਅਤੇ ਹੌਲੀ-ਹੌਲੀ ਨਿੱਕੇ ਨਿੱਕੇ ਘੁੱਟ ਭਰਨੇ ਸ਼ੁਰੂ ਕਰ ਦਿੱਤੇ। ਮੈਂ ਵੱਧ ਤੋਂ ਵੱਧ ਸਮਾਂ ਲਾਉਣਾ ਚਾਹੁੰਦਾ ਸੀ ਤਾਂ ਕਿ ਬਾਕੀ ਦੇ ਅੱਧੇ ਘੰਟੇ ਵਿੱਚੋਂ ਘੱਟੋ-ਘੱਟ ਮੈਂ ਪੌਣਾ ਕੁ ਟਾਈਮ ਤਾਂ ਇੱਥੇ ਬਿਤਾ ਹੀ ਲਵਾਂ। ਇੱਥੇ ਖੜੇ ਹੋਣ ਨਾਲ ਟਾਈਮ ਬਿਤਾਉਣਾ ਆਸਾਨ ਸੀ ਕਿਉਂਕਿ ਇਸ ਕੋਲਡ ਡ੍ਰਿੰਕ ਦੇ ਸਟਾਲ ਦੇ ਦੋਵੇਂ ਪਾਸੇ ਅੋਸੀਲੇਟਿੰਗ ਪੱਖੇ ਲੱਗੇ ਹੋਏ ਸਨ ਜਿਨ੍ਹਾਂ ਦੀ ਹਵਾ ਉਸ ਰੁੱਤ ਦੀ ਗਰਮੀ ਦੇ ਕਸ਼ਟ ਤੋਂ ਲਗਭਗ ਛੁੱਟਕਾਰਾ ਹੀ ਦੁਆ ਰਹੀ ਸੀ। ਇਸ ਤੋਂ ਛੁੱਟ ਉਥੋਂ ਆਸ-ਪਾਸ ਦਾ ਨਜ਼ਾਰਾ, ਲੋਕਾਂ ਦਾ ਆਉਣਾ ਜਾਣਾ ਬੱਸ ਕੰਡਕਟਰਾਂ ਦੀਆਂ ਅਵਾਜ਼ਾਂ ਅੰਮ੍ਰਿਤਸਰ, ਪਟਿਆਲਾ, ਗੁੜਗਾਂਵ, ਸ਼ਿਮਲਾ ਸੰਗਰੂਰ ਆਦਿ ਵੀ ਕੁਝ-ਕੁਝ ਮਨੋਰੰਜਨ ਵਰਗਾ ਕਰ ਰਹੀਆਂ ਸਨ। ਮੈਂ ਆਪ ਕੁਝ ਸੁਖਾਵੇਂ ਥਾਂ 'ਤੇ ਠੰਡੀ ਅਤੇ ਮਿੱਠੀ ਕੋਕ ਪੀ ਰਿਹਾ ਸੀ। ਮੇਰੇ ਮੋਢੇ ਤੋਂ ਕਾਲਾ ਬੈਗ ਜਿਸਦਾ ਸਮਾਨ ਸਮੇਤ ਭਾਰ ਦੋ ਕਿਲੋ ਵੀ ਨਹੀਂ ਸੀ, ਲਟਕ ਰਿਹਾ ਸੀ। ਮੈਂ ਆਪਣੇ ਆਪ ਨੂੰ ਕਾਫੀ ਆਰਾਮਦਾਇਕ ਮਹਿਸੂਸ ਕੀਤਾ ਪਰ ਉਡੀਕ ਮੈਨੂੰ ਆਪਣੇ-ਆਪ ਨੂੰ ਏ.ਸੀ. ਬੱਸ ਵਿੱਚ ਆਪਣੀ ਆਰਾਮਦਾਇਕ ਸੀਟ ਉਤੇ ਬੈਠਣ ਦੀ ਹੀ ਸੀ। ਤਾਂ ਹੀ ਉੱਥੇ ਤਿੰਨ ਬੰਦੇ ਆਏ। ਉਹਨਾਂ ਤਿੰਨਾਂ ਨੇ ਪੱਗਾਂ ਚਿੱਟੇ ਰੰਗ ਦੀਆਂ ਬੰਨੀਆਂ ਸਨ ਪਰ ਉਹਨਾਂ ਦੇ ਕੁੜਤੇ ਪਜ਼ਾਮੇ ਵੱਖੋ-ਵੱਖਰੇ ਰੰਗਾਂ ਅਤੇ ਕੱਪੜੇ ਦੇ ਸਨ। ਉਹਨਾਂ ਵਿਚੋਂ ਇੱਕ ਮੁਖਤਿਆਰ ਜਿਹੇ ਬੰਦੇ ਨੇ, ਜਿਹੜਾ ਸ਼ਰੀਰੋਂ ਵੀ ਭਾਰਾ ਸੀ ਅਤੇ ਉਹਦੀ ਆਵਾਜ਼ ਵਿੱਚ ਚੌਧਰ ਅਤੇ ਵਡਿਆਈ ਦਾ ਅੰਦਾਜ਼ ਸੀ ਨੇ ਸਟਾਲ ਉੱਤੇ ਖੜੇ ਸੇਲਜ਼-ਬੁਆਏ ਵੱਲ ਵੇਖਿਆ।
"ਕਾਕਾ! ਤਿੰਨ ਕੋਕੇ-ਕੋਲੇ ਦੇ ਠੰਡੇ ਹੋਣ।"
ਕੋਲਡ-ਡਿੰ੍ਰਕ ਸਟਾਲ ਵਾਲੇ ਮੁੰਡੇ ਨੇ ਝਟ ਹੀ ਤਿੰਨ ਬੋਤਲਾਂ ਖੋਲ੍ਹ ਕੇ ਉਹਨਾਂ ਅੱਗੇ ਰੱਖ ਦਿੱਤੀਆਂ ਅਤੇ ਉਸ ਮੁਖਤਿਆਰ ਜਿਹੇ ਬੰਦੇ ਨੇ ਇੱਕ-ਇੱਕ ਬੋਤਲ ਆਪਣੇ ਸਾਥੀਆਂ ਵੱਲ ਵਧਾਈ ਅਤੇ ਕਿਹਾ, "ਲਉ ਜੀ ਛਕੋ। ਅੱਜ ਤਾਂ ਗਰਮੀ ਜਾਨ ਹੀ ਕੱਢਣ ਡਹੀ ਆ।" ਇਹ ਕਹਿ ਕੇ ਉਸ ਨੇ ਆਪ ਵੀ ਇੱਕ ਬੋਤਲ ਫੜੀ ਅਤੇ ਆਪਣੇ ਮੂੰਹ ਨੂੰ ਲਾ ਕੇ ਸਿਰ ਤਾਂਹ ਚੁੱਕਿਆ ਜਿਵੇਂ ਕਿ ਉਹ ਬੋਤਲ ਵਿਚਲਾ ਪਦਾਰਥ ਆਪਣੇ ਸੰਘ ਵਿੱਚ ਉਲੱਦਣਾ ਚਾਹੁੰਦਾ ਹੋਵੇ। ਮੈਨੂੰ ਉਹਦੀ ਇਹ ਹਰਕਤ ਉੱਜਡਾਂ ਵਰਗੀ ਲੱਗੀ ਅਤੇ ਨਾਲ ਹੀ ਇੱਕ ਤਮਾਸ਼ਾ ਵੀ ਦੇਖਣ ਨੂੰ ਮਿਲ ਗਿਆ। ਕੋਕ ਦੀ ਬੋਤਲ ਨੂੰ ਝਟਕਾ ਲੱਗਣ ਨਾਲ ਝੱਗ ਪੈਂਦਾ ਹੋ ਗਈ ਸੀ ਅਤੇ ਜਦੋਂ ਉਸ ਨੇ ਬੋਤਲ ਮੂੰਹ ਨਾਲੋਂ ਹਟਾਈ ਤਾਂ ਕੁਝ ਕੋਕ ਗੈਸ ਕਾਰਨ ਬਾਹਰ ਵੀ ਉਛਲ ਗਈ। ਨਾਲ ਹੀ ਉਹਦੇ ਮੂੰਹ ਵਿੱਚ ਕੋਕ ਦੀ ਵੱਡੀ ਘੁੱਟ ਕਾਰਨ ਉਸ ਨੂੰ ਲੰਘਾਉਣ ਵਿੱਚ ਮੁਸ਼ਕਿਲ ਹੋਈ ਅਤੇ ਉਹ ਖਊਂ-ਖਊਂ ਕਰਕੇ ਖੰਘਣ ਲੱਗ ਪਿਆ। ਮੈਨੂੰ ਉਹ ਬੰਦਾ ਚੰਗੇ ਕੱਪੜਿਆਂ ਵਿੱਚ ਵੀ ਅਨਪੜ੍ਹ ਜਾਂ ਉੱਜਡ ਹੀ ਲੱਗਾ ਪਰ ਮੇਰਾ ਅੰਦਾਜ਼ਾ ਗਲਤ ਨਿਕਲਿਆ। ਜਿਸ ਦਾ ਕਾਰਨ ਅੱਗੇ ਦਿੱਤੇ ਗਏ ਵਾਕ ਦਾ ਸੁਣੇ ਜਾਣਾ ਸੀ। "ਤਸੀਲਦਾਰ ਸਾਹਿਬ! ਧਵਾਨੂੰ ਤਾਂ ਖੰਘ ਈ ਲੱਗ ਗਈ, ਬੋਤਲ ਬਹੁਤੀ ਠੰਡੀ ਆ ਨਾ।" ਉਹਨਾਂ ਤਿੰਨਾਂ ਵਿੱਚੋਂ ਇੱਕ ਜਣਾ ਬੋਲਿਆ ਪਰ ਉਹ ਤਹਿਸੀਲਦਾਰ ਸਾਹਿਬ ਅਜੇ ਵੀ ਆਪਣੀ ਖੰਘ ਉੱਤੇ ਕਾਬੂ ਪਾਉਣ ਦਾ ਯਤਨ ਕਰ ਰਿਹਾ ਸੀ। ਉਸ ਨੇ ਆਪਣੀ ਕੋਕ ਦੀ ਬੋਤਲ ਕਾਊਂਟਰ 'ਤੇ ਰੱਖ ਦਿੱਤੀ ਸੀ। ਕੁੜਤੇ ਦੀ ਜੇਬ ਵਿੱਚੋਂ ਰੁਮਾਲ ਕੱਢ ਕੇ ਉਸ ਨੂੰ ਆਪਣਾ ਮੂੰਹ ਅਤੇ ਦਾੜ੍ਹੀ-ਮੁੱਛਾਂ ਵੀ ਸਾਫ਼ ਕਰਨੀਆਂ ਪਈਆਂ ਸਨ। ਮੇਰਾ ਧਿਆਨ ਉਹਨਾਂ ਉੱਤੇ ਹੀ ਟਿਕ ਗਿਆ ਸੀ। ਮੈਂ ਵੀ ਆਪਣੀ ਕੋਕ ਅੱਧੀ ਕੁ ਮੁਕਾ ਚੁੱਕਾ ਸੀ ਪਰ ਇਹਨਾਂ ਤਿੰਨਾਂ ਸੱਜਣਾਂ ਨੇ ਆਪਣੀਆਂ ਬੋਤਲਾਂ ਮੁਕਾਉਣ ਵਿੱਚ ਬਹੁਤ ਹੀ ਚੁਸਤੀ ਵਿਖਾਈ ਸੀ। ਇਹ ਤਿੰਨੇ ਹੀ ੫੫-੬੦ ਸਾਲ ਦੀ ਉਮਰ ਦੇ ਸਨ। ਸਿਹਤ ਸਾਰਿਆਂ ਦੀ ਚੰਗੀ ਸੀ। ਤਹਿਸੀਲਦਾਰ ਤੋਂ ਬਗੈਰ ਦੂਜੇ ਦੋਵੇਂ ਸੱਜਣ ਵੀ ਮੈਨੂੰ ਸਾਬਕਾ ਸਰਕਾਰੀ ਮੁਲਾਜਮ ਲੱਗੇ। "ਬੱਸ ਖ਼ਬਰੇ ਕਦੋਂ ਕੁ ਨੂੰ ਲੱਗਣੀ ਆ" ਉਹਨਾਂ ਵਿੱਚੋਂ ਇੱਕ ਜਣੇ ਨੇ ਤਹਿਸੀਲਦਾਰ ਸਾਹਿਬ ਨੂੰ ਪੁੱਛਿਆ।
"ਲੱਗਣ ਵਿੱਚ ਤਾਂ ਅਜੇ ਵੀਹ ਕੁ ਮਿੰਟ ਹੈਗੇ ਈ ਆ। ਨਾਲੇ ਬੱਸਾ ਕਿਹੜੀਆਂ ਟੈਮ ਸਿਰ ਲੱਗਦੀਆਂ। ਚਲੋਂ ਆਪਾਂ ਉਹ ਪਿਛਲੇ ਪਾਸੇ ਡੀਪੂ 'ਚ ਚਲਦੇ ਆਂ। ਉੱਥੇ ਜਾ ਕੇ ਹੁਣੇ ਈ ਬਿਠਾ ਦਿੰਨਾਂ ਤਵਾਨੂੰ ਤੁਹਾਡੀਆਂ ਸੀਟਾਂ 'ਤੇ।" ਇਸ ਤੋਂ ਸਪਸ਼ਟ ਹੋ ਗਿਆ ਕਿ ਇਹ ਚੌਧਰੀ ਮਾਰਕਾ ਬੰਦਾ ਦੂਜੇ ਦੋਆ ਨੂੰ ਬੱਸ 'ਤੇ ਚੜ੍ਹਾ ਕੇ ਵਿਦਾ ਕਰਨ ਹੀ ਆਇਆ ਸੀ। ਉਹ ਉਥੋਂ ਚਲੇ ਗਏ ਅਤੇ ਮੈਂ ਉਥੇ ਖੜ੍ਹਾ ਆਪਣੀ ਕੋਕ ਦੀ ਬੋਤਲ ਨੂੰ ਚੁੰਘਣ ਵਾਂਗ ਰੁਝਿਆ ਰਿਹਾ। ਕੁੱਝ ਟਾਈਮ ਹੋਰ ਬੀਤਿਆ। ਮੇਰੀ ਕੋਕ ਦੀ ਬੋਤਲ ਖਾਲੀ ਹੋ ਚੁਕੀ ਸੀ। ਇਸ ਦੌਰਾਨ ਕਈ ਬੰਦੇ ਆਏ ਅਤੇ ਆਪਣੀਆਂ ਬੋਤਲਾਂ ਗਟ-ਗਟ ਕਰਕੇ ਖਾਲੀ ਕਰਕੇ ਚਲੇ ਗਏ ਸਨ। ਮੈਂ ਤਾਂ ਵੀਹ ਕੁ ਮਿੰਟ ਬਿਤਾ ਕੇ ਇਵੇਂ ਮਹਿਸੂਸ ਕੀਤਾ ਜਿਵੇਂ ਕੋਈ ਔਖਾ ਕੰਮ ਅੱਧ ਪਚੱਧਾ ਮੁਕਾ ਲਿਆ ਹੋਵੇ। ਫਿਰ ਮੈਂ ਕੁਝ ਸਮਾਂ ਇੱਕ ਬੁੱਕ-ਸਟਾਲ 'ਤੇ ਲਾਇਆ ਜਿੱਥੇ ਰੰਗ-ਬਰੰਗੇ ਟਾਈਟਲਾਂ ਵਾਲੇ ਅੰਗਰੇਜੀ ਮੈਗਜ਼ੀਨਾਂ ਉਤੇ ਚੰਚਲ ਚਿਹਰੇ ਅਤੇ ਅੱਧ-ਨੰਗੀਆਂ ਤਸਵੀਰਾਂ ਨਾਲ ਭਰਪੂਰ ਅੰਗ-ਪ੍ਰਦਰਸ਼ਨ ਹੋ ਰਿਹਾ ਸੀ। ਤਾਂ ਹੀ ਮੈਂ ਦੇਖਿਆ ਕਿ ਜਿਸ ਬੱਸ 'ਤੇ ਮੈਂ ਜਾਣਾ ਸੀ ਉਹ ਨਿਰਧਾਰਿਤ ਸਟੈਂਡ ਨੰ.18 ਉੱਤੇ ਆਉਣ ਲੱਗੀ। ਮੇਰੇ ਵਰਗੇ ਹੋਰ ਕਈ ਉਡੀਕਣ ਵਾਲਿਆਂ ਨੇ ਤਾਂ ਜਿਵੇਂ ਉਸ ਬੱਸ ਉੱਤੇ ਹਮਲਾ ਹੀ ਕਰ ਦਿੱਤਾ ਹੋਵੇ। ਮੈਂ ਕੋਈ ਕਾਹਲੀ ਨਾ ਵਿਖਾਈ। ਕਿਉਂਕਿ ਸੀਟ ਤਾਂ ਰਿਜ਼ਰਵ ਸੀ ਕਿਹੜੀ ਕਿਸੇ ਨੇ ਮੱਲ ਲੈਣੀ ਸੀ ਨਾਲ ਹੀ ਬੱਸ ਚਲਣ ਵਿੱਚ ਪੂਰੇ ਪੰਜ ਮਿੰਟ ਬਾਕੀ ਸਨ। ਮੈਂ ਹੌਲੀ-ਹੌਲੀ ਚਲ ਕੇ ਬੱਸ ਦੀ ਪਿਛਲੀ ਖਿੜਕੀ ਰਾਹੀਂ ਅੰਦਰ ਦਾਖਿਲ ਹੋਇਆ। ਮੇਰੀ ਸੀਟ ਨੰ.੧੫ ਖੱਬੇ ਪਾਸੇ ਦੀ ਤਿੰਨ ਸੀਟਾਂ ਦੇ ਜੁੱਟ 'ਚੋਂ ਸੱਜੇ ਪਾਸੇ ਵਾਲੀ ਸੀ। ਮੈਂ ਉੱਥੇ ਪਹੁੰਚਾ ਤਾਂ ਦੇਖਿਆ ਕਿ ਮੇਰੀ ਸੀਟ ਉੱਤੇ ਉਹ ਹੀ ਚੌਧਰੀ ਮਾਰਕਾ ਬੰਦਾ ਬੈਠਾ ਸੀ ਅਤੇ ਉਹ ਆਪਣੇ ਨਾਲ ਦੇ ਉਹਨਾਂ ਹੀ ਬੰਦਿਆਂ ਨਾਲ ਗੱਲਾਂ ਕਰ ਰਿਹਾ ਸੀ। ਜੋ ਦੋ ਨਾਲ ਵਾਲੀਆਂ ਸੀਟਾਂ ਉੱਤੇ ਬੈਠੇ ਸਨ।
"ਸਰਦਾਰ ਸਾਹਿਬ! ਇਹ ਸੀਟ ਮੇਰੀ ਹੈ।" ਮੈਂ ਉਸ ਆਦਮੀ ਨੂੰ ਕਿਹਾ। "ਤੇਰੀ ਈ ਹੋਉ ਬਈ, ਜਦੋਂ ਬੱਸ ਚੱਲੇਗੀ। ਤੂੰ ਬੈਠ ਜਾਈਂ, ਮੈਂ ਉੱਠ ਜਊਂਗਾ।" ਮੈਨੂੰ ਉਸ ਬੰਦੇ ਦੀ ਜੋਰਾਵਰੀ ਅਤੇ ਗੁਸਤਾਖੀ ਉਤੇ ਬੜਾ ਗੁੱਸਾ ਆਇਆ। ਨਾਲ ਹੀ ਮੈਨੂੰ ਇਹ ਵੀ ਅਹਿਸਾਸ ਹੋਇਆ। ਜੇ ਇਹ ਰਿਟਾਇਰਡ ਤਹਿਸੀਲਦਾਰ ਹੈ ਤਾਂ ਕੀ ਹੋਇਆ? ਮੈਂ ਵੀ ਤਾਂ ਰੈਵੀਨਿਊ ਆਫੀਸਰ ਹਾਂ ਜਿਹਨੂੰ ਕਈ ਤਹਿਸੀਲਦਾਰ ਸਲਾਮਾਂ ਕਰਦੇ ਹਨ। ਮੈਂ ਆਪਣੇ ਗੁੱਸੇ ਨੂੰ ਖੁਲੀ ਛੁੱਟੀ ਦੇਣੀ ਚਾਹੀ ਪਰ ਉਸੇ ਵਕਤ ਮੈਨੂੰ ਕਿਸੇ ਦੀ ਆਵਾਜ਼ ਸੁਣੀ। "ਸਤਿ ਸ੍ਰੀ ਅਕਾਲ! ਚੋਪੜਾ ਸਾਹਿਬ ਤੁਸੀਂ ਇੱਥੇ ਕਿਉਂ ਖੜ੍ਹੇ ਜੇ।" ਇਹ ਮੇਰੇ ਦਫ਼ਤਰ ਦਾ ਹਰੀ ਪ੍ਰਸਾਦ ਕਾਨੂਗੋਅ ਸੀ। ਉਹ ਮੇਰੇ ਕੋਲ ਆ ਗਿਆ ਅਤੇ ਉਸ ਨੇ ਉਸ ਚੌਧਰੀ ਮਾਰਕੇ ਬੰਦੇ ਨੂੰ ਪਛਾਣ ਲਿਆ ਸੀ।
"ਦੀਦਾਰ ਸਿਆਂ! ਤੂੰ ਬੈਠਾਂ ਤੇ ਸਾਹਿਬ ਖੜ੍ਹੇ ਆ। ਇਹ ਚੋਪੜਾ ਸਾਹਿਬ ਆ। ਲੁਧਿਆਣੇ ਦੇ ਮਾਲ ਆਫ਼ੀਸਰ।" ਇਹ ਸੁਣਦਿਆਂ ਹੀ ਉਸ ਬੰਦੇ ਦੀ ਤਾਂ ਸਾਰੀ ਫੂਕ ਨਿਕਲ ਗਈ ਅਤੇ ਉਹ ਇੱਕ ਭਿੱਜੀ ਬਿੱਲੀ ਵਾਂਗ ਬੜੀ ਫੁਰਤੀ ਨਾਲ ਆਪਣੀ ਸੀਟ ਤੋਂ ਉਠਿਆ।
"ਸਾਹਿਬ! ਬੇਧਿਆਨੀ ਵਿੱਚ ਗਲਤੀ ਹੋ ਗਈ। ਅਸਲ ਵਿੱਚ ਮੈਨੂੰ ਰਟੈਰ ਹੋਏ ਨੂੰ ਸੱਤ ਸਾਲ ਹੋ ਗਏ ਆ। ਲਓ ਜੀ! ਬੈਠੋ ਜੀ, ਬੈਠੋ ਜੀ!" ਉਸ ਨੇ ਖੜੇ ਹੋ ਕੇ ਸੀਟ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ। "ਸਾਹਿਬ! ਅਸਲ ਵਿੱਚ ਇਹ ਮੇਰੇ ਰਿਸ਼ਤੇਦਾਰ ਆ ਤੇ ਅੱਜ ਇਹਨਾਂ ਦੀ ਲੜਕੀ ਦਾ ਰਿਸ਼ਤਾ ਅਤੇ ਵਿਆਹ ਦੀ ਤਰੀਕ ਪੱਕੀ ਕੀਤੀ ਆ। ਜਿਸ ਕਰਕੇ ਕਈ ਗੱਲਾਂ ਕਰਨੀਆਂ ਸੀ। ਤਾਂ ਈ ਗੁਸਤਾਖੀ ਹੋਈ।" ਉਹ ਬੰਦਾ ਬੁਰੀ ਤਰ੍ਹਾਂ ਸ਼ਿੱਥਾ ਪੈ ਚੁੱਕਾ ਸੀ।
"ਕੋਈ ਗੱਲ ਨੀ ਤੁਸੀਂ ਗੱਲ-ਬਾਤ ਕਰ ਲਉ। ਕੁਝ ਮਿੰਟਾਂ ਦੀ ਹੀ ਤਾਂ ਗੱਲ ਹੈ। ਮੈਂ ਉਸ ਦੇ ਮੋਢੇ ਤੇ ਹੱਥ ਨਾਲ ਥਪਥਪਾ ਕੇ ਕਿਹਾ ਪਰ ਹੁਣ ਉਹ ਬੰਦਾ ਉੱਥੋਂ ਛੇਤੀ ਤੋਂ ਛੇਤੀ ਭੱਜਣਾ ਚਾਹੁੰਦਾ ਸੀ। ਉਸ ਨੇ ਆਪਣੇ ਦੋਹਾਂ ਰਿਸ਼ਤੇਦਾਰਾਂ ਨਾਲ ਹੱਥ ਮਿਲਾਏ ਅਤੇ ਕਿਹਾ "ਮੇਰੀਆਂ ਗੱਲਾਂ ਦਾ ਖਿਆਲ ਰੱਖੀਓ।" ਫਿਰ ਉਹ ਕੋਲ ਹੀ ਖੜ੍ਹੇ ਹਰੀ ਪ੍ਰਸਾਦ ਕਾਨੂੰਗੋਅ ਨੂੰ ਮੁਖਾਤਿਬ ਹੋਇਆ ਅਤੇ ਕਹਿਣ ਲੱਗਾ, "ਹਰੀ ਪ੍ਰਸ਼ਾਦ ਜੀ ਅੱਜ ਤੁਸੀਂ ਬੜੇ ਦਿਨਾਂ ਬਾਅਦ ਮਿਲੇ। ਕਿਵੇਂ ਆਉਣਾ ਹੋਇਆ?" 
ਦੀਦਾਰ ਸਿੰਘ ਜੀ! ਔਹ ਅਗਲੀ  ਸੀਟ 'ਤੇ ਮੇਰੇ ਧੀ ਅਤੇ ਜੁਆਈ ਬੈਠੇ ਹਨ। ਉਹ ਦੋਵੇ ਹੀ ਲੁਧਿਆਣਾ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਨੇ।" ਇਹ ਸੁਣ ਕੇ ਉਸ ਦੀਦਾਰ ਸਿੰਘ ਸਾਬਕਾ ਤਸੀਲਦਾਰ ਨੂੰ ਆਪਣਾ ਕੱਦ ਕੁਝ ਹੋਰ ਵੀ ਨੀਵਾਂ ਹੋਇਆ ਲੱਗਾ। ਹਰੀ ਪ੍ਰਸਾਦ ਨੇ ਵੀ ਆਪਣੀ ਧੀ ਜਵਾਈ ਨੂੰ ਬੱਸ ਵਿੱਚ ਬਿਠਾ ਕੇ ਮੁੜਨਾ ਸੀ। ਉਹ ਤੇ ਦੀਦਾਰ ਸਿੰਘ ਦੋਵੇਂ ਹੀ ਬੱਸ ਤੋਂ ਬਾਹਰ ਚਲੇ ਗਏ ਅਤੇ ਮੈਂ ਆਪਦੀ ਸੀਟ 'ਤੇ ਬੈਠ ਗਿਆ। ਮੇਰੇ ਖੱਬੇ ਪਾਸੇ ਬੈਠੇ ਹੋਏ ਉਹ ਦੋਵੇਂ ਆਦਮੀ ਕੁਝ ਤਨਾਓ ਵਿੱਚ ਲੱਗਦੇ ਸਨ। ਮੈਂ ਇਹ ਗੱਲ ਤਾੜ ਗਿਆ ਸੀ। ਮੈਂ ਸੁਭਾਵਕਤਾ ਲਿਆਉਣ ਲਈ ਇੱਕਦਮ ਆਪਣੇ ਖੱਬੇ ਪਾਸੇ ਬੈਠੇ ਆਦਮੀ ਨੂੰ ਪੁੱਛਿਆ, "ਸਰਦਾਰ ਸਾਹਿਬ! ਕਿੱਥੇ ਜਾਉਗੇ ਤੁਸੀਂ।"
"ਅਸੀਂ ਦੋਵੇਂ ਲੁਧਿਆਣੇ ਜਾਵਾਂਗੇ ਸਾਹਿਬ!" ਉਹ ਮਸਾਂ ਇੰਨਾਂ ਹੀ ਬੋਲ ਸਕਿਆ। ਉਹ ਫਜੂਲ ਹੀ ਸ਼ਰਮਿੰਦਗੀ ਦਾ ਅਨੁਭਵ ਕਰ ਰਿਹਾ ਸੀ। ਮੈਂ ਕੁਝ ਹੋਰ ਸੁਖਾਵਾਂ ਮਾਹੌਲ ਬਣਾਉਣਾ ਚਾਹਿਆ।" ਇਹ ਤਾਂ ਪਤਾ ਲੱਗ ਗਿਆ ਕਿ ਤੁਸੀਂ ਕੋਈ ਸ਼ਗਨਾਂ ਵਾਲਾ ਕਾਰਜ ਕਰ ਕੇ ਜਾ ਰਹੇ ਜੇ। ਤੁਹਾਡੇ ਮੁੰਡੇ ਦਾ ਰਿਸ਼ਤਾ ਇੱਥੇ ਚੰਡੀਗੜ੍ਹ ਹੀ ਪੱਕਾ ਹੋਇਆ ਏ?"
"ਹਾਂ ਜੀ! ਇੱਥੇ ਬੇਅ-ਬਿਲਡਿੰਗ ਵਿੱਚ ਅਸੀਸਟੈਂਟ ਟਰਾਂਸਪੋਰਟ ਕਮਿਸ਼ਨਰ ਦੀ ਬੇਟੀ ਨਾਲ ਰਿਸ਼ਤਾ ਹੋਇਆ ਹੈ ਤੇ ਇਹ ਜਿਹੜੇ ਦੀਦਾਰ ਸਿੰਘ ਉਠ ਕੇ ਗਏ ਆ ਇਹ ਕੁੜੀ ਦੇ ਮਾਸੜ ਆ। ਇਹਨਾਂ ਹੀ ਰਿਸ਼ਤਾ ਕਰਾਇਆ ਵਾ। ਮੇਰਾ ਮੁੰਡਾ ਫਿਰੋਜ਼ਪੁਰ ਮਾਰਕਫੈੱਡ ਵਿੱਚ ਮੈਨੇਜਰ ਹੈ। ਬੱਸ ਵਿਆਹ ਵੀ ਮਹੀਨੇ ਕੁ ਵਿਚ ਹੋ ਜਾਣਾ ਏ।" ਉਸ ਭਲੇ ਲੋਕ ਨੇ ਬਹੁਤ ਸਾਰੀ ਸੂਚਨਾ ਬਗੈਰ ਪੁੱਛਿਆਂ ਹੀ ਦੇ ਦਿੱਤੀ ਸੀ ਜਿਸ ਦੀ ਮੈਨੂੰ ਕੋਈ ਲੋੜ ਨਹੀਂ ਸੀ ਪਰ ਮੈਂ ਇਹ ਸਮਝ ਗਿਆ ਕਿ ਇਹਨਾਂ ਦੀ ਰਿਸ਼ਤੇਦਾਰੀ ਚੰਗੇ-ਚੰਗੇ ਸਰਕਾਰੀ ਅਫ਼ਸਰਾਂ ਨਾਲ ਹੈ ਅਤੇ ਇਹ ਆਪ ਵੀ ਸਾਬਕਾ ਸਰਕਰੀ ਮੁਲਾਜ਼ਮ ਹੀ ਲੱਗਦੇ ਹਨ। ਇਹਨਾਂ ਦਾ ਬੋਲਚਾਲ ਅਤੇ ਰੰਗ-ਢੰਗ ਕੋਈ ਚੰਗੇ ਸਲੀਕੇ ਵਾਲਾ ਨਾ ਹੋ ਕੇ ਕੁਝ-ਕੁਝ ਠੁੱਲਾ ਜਿਹਾ ਹੀ ਸੀ।
ਕੰਡਕਟਰ ਨੇ ਸੀਟੀ ਮਾਰੀ। ਬੱਸ ਚਲ ਪਈ। ਬੱਸ ਦਾ ਏ.ਸੀ. ਬਹੁਤ ਵਧੀਆ ਕੰਮ ਕਰ ਰਿਹਾ ਸੀ। ਅੰਦਰ ਬੈਠਿਆਂ ਨੂੰ ਅੰਦਾਜ਼ਾਂ ਹੀ ਨਹੀਂ ਸੀ ਹੋ ਸਕਦਾ ਕਿ ਬਾਹਰ ਕਿੰਨੀ ਗਰਮੀ ਹੈ?
ਮੈਂ ਠੰਡੇ ਮਾਹੌਲ ਅਤੇ ਅਰਾਮਦਾਇਕ ਸੀਟ 'ਤੇ ਢੋਹ ਲਾ ਲਈ ਅਤੇ ਮੈਂ ਸੁੱਤੇ ਹੋਣ ਦਾ ਪ੍ਰਭਾਵ ਆਪਣੇ ਨਾਲ ਵਾਲੇ ਦੋਹਾਂ ਸੱਜਣਾਂ ਉੱਤੇ ਪਾਉਣਾ ਚਾਹੁੰਦਾ ਸੀ। ਉਹ ਦੋਵੇਂ ਆਪੋ ਵਿੱਚ ਆਪਣੇ ਵੱਲੋਂ ਤਾਂ ਹੌਲੀ-ਹੌਲੀ ਗੱਲਾਂ ਕਰ ਰਹੇ ਸਨ ਪਰ ਉਹਨਾਂ ਦੀਆਂ ਹੌਲੀ-ਹੌਲੀ ਕੀਤੀਆਂ ਜਾਣ ਵਾਲੀਆਂ ਗੱਲਾਂ ਵੀ ਤੀਸਰੀ ਸੀਟ ਤੱਕ ਸਪਸ਼ਟ ਸੁਣੀਆਂ ਜਾ ਸਕਦੀਆਂ ਸਨ। ਇੱਕ ਤਾਂ ਉਹ ਮੈਨੂੰ ਸੌਂ ਗਿਆ ਸਮਝ ਰਹੇ ਸਨ ਦੂਸਰਾ ਉਹ ਆਪਣੇ ਵੱਲੋਂ ਹੌਲੀ-ਹੌਲੀ ਗੱਲਾਂ ਕਰ ਰਹੇ ਸਨ। ਇਸ ਲਈ ਬੇਫ਼ਿਕਰ ਸਨ ਕਿ ਮੈਂ ਉਹਨਾਂ ਦੀਆਂ ਗੱਲਾਂ ਨਹੀਂ ਸੁਣ ਸਕਾਂਗਾ। ਮੇਰੇ ਕੰਨ ਤਾਂ ਉਹਨਾਂ ਵੱਲ ਹੀ ਲੱਗੇ ਹੋਏ ਸਨ। ਮੇਰੇ ਕੰਨੀ ਪਰਲੇ ਆਦਮੀ ਦੀ ਗੱਲ ਬੜੀ ਸਪਸ਼ਟ ਪਈ।
"ਧਰਮ ਸਿਆਂ। ਦਦਾਰ ਸੇਂ ਦੀ ਗੱਲ ਬਿਲਕੁਲ ਠੀਕ ਆ ਹੁਣ ਆਪਣੇ ਧੀਆਂ-ਪੁੱਤ ਤੇ ਕੁੜਮ-ਚੜਮ ਸਾਰੇ ਹੀ ਸਰਕਾਰੀ ਅਫਸਰ ਲੱਗੇ ਆ। ਆਪਣੇ ਅੰਗਾਂ-ਸਾਕਾਂ ਦੇ  ਅੰਗ-ਸਾਕ ਵੀ ਹੈਗੇ ਈ ਯਾ। ਉਹ ਸਾਰੇ ਤਾਂ ਅਫ਼ਸਰ ਜਾਂ ਸਰਕਾਰੀ ਮੁਲਾਜ਼ਮ ਤਾਂ ਨਹੀਂ ਹੈਗੇ। ਉਹਨਾਂ ਵਿੱਚੋਂ ਕਈ ਜਣੇ ਜੱਟਾਂ ਦੇ ਆਥੜੀਆਂ ਕਰਦੇ ਆ ਤੇ ਉਹਨਾਂ ਦੀਆਂ ਘਰਵਾਲੀਆਂ ਜੱਟਾਂ ਦੇ ਘਰੀਂ ਗੋਹਾ-ਕੂੜਾ ਕਰਦੀਆਂ ਵਾ। ਜੇ ਰਿਸ਼ਤੇਦਾਰੀ ਦਾ ਖਿਆਲ ਕਰਕੇ ਸਾਰਿਆਂ ਨੂੰ ਹੀ ਜੰਞੇ ਜਾਣ ਦਾ ਸੱਦਾ ਦੇ ਦਿੱਤਾ ਤਾਂ ਉਹਨਾਂ ਵਿੱਚੋਂ ਇਹੇ ਗੋਹਾ ਕੂੜਾ ਕਰਨ ਵਾਲੇ ਵੀ ਆ ਜਾਣਗੇ। ਉਧਰ ਤੇਰੇ ਕੜਮਾਂ ਨੇ ਤਾਂ ਚੰਡੀਗੜ੍ਹ ਵਿਆਹ ਕਰਨਾ ਵਾ। ਉੱਥੇ ਕਈ ਵੱਡੇ-ਵੱਡੇ ਅਫ਼ਸਰ ਹੋਣਗੇ। ਜੇ ਇਧਰੋਂ ਤੰਬਾ-ਬੰਨੀਂ ਪੈਰੀਂ ਦੇਸੀ ਜੁੱਤੀ ਪਾਈ ਆਥੜੀਆਂ (ਸੀਰੀ) ਤੇ ਗੋਹਾ-ਕੂੜਾ ਕਰਨ ਵਾਲੇ ਜਾਂਞੀ ਹੋਏ। ਉਹਨਾਂ ਦਾ ਤਾਂ ਨੱਕ ਵੱਢਿਆ ਹੀ ਜਾਊ। ਨਾਲ ਆਪਣੀ ਵੀ ਦੁਰ-ਦੁਰ ਹੋ ਜਾਊਗੀ। ਇਸ ਲਈ ਭਾਈ ਵੀਰਾ ਆਪਾਂ ਨੂੰ ਹੁਣ ਬਦਲੇ ਜ਼ਮਾਨੇ ਨਾਲ ਬਦਲਣਾ ਹੀ ਪਊ। ਆਪਣੀ ਹੁਣ ਗੋਹਾ ਕੂੜਾ ਕਰਨ ਵਾਲੇ ਅਤੇ ਆਥੜੀਆਂ ਕਰਨ ਵਾਲਿਆਂ ਨਾਲ ਕੋਈ ਸਾਕਾਗਿਰੀ ਨਹੀਂ ਰਹਿੰਦੀ।ਇਨ੍ਹਾਂ ਵਿੱਚੋਂ ਆਪਾਂ ਕਿਸੇ ਨੂੰ ਵੀ ਵਿਆਹ ਤੇ ਨਹੀਂ ਸੱਦਣਾ। ਜਿਹਨੇ ਗੁੱਸੇ ਹੋਣਾ ਹੋ ਜਏ……।"
ਇਹ ਸਭ ਕੁਝ ਮੈਂ ਅੱਖਾਂ ਬੰਦ ਕਰ ਕੇ ਸੁਣ ਰਿਹਾ ਸੀ। ਇਹ ਸੁਣ ਕੇ ਮੈਨੂੰ ਲੱਗਾ ਕਿ ਦਲਿਤ ਵਰਗ ਦਾ ਲਾਭ ਉਠਾ ਕੇ ਸਰਕਾਰੀ ਅਫਸਰੀਆਂ ਅਤੇ ਮੁਲਾਜ਼ਮਤਾਂ ਹਾਸਲ ਕਰਨ ਵਾਲੇ ਦਲਿਤ ਤਾਂ ਅਸਲੀ ਗਰੀਬ ਦਲਿਤਾਂ ਲਈ ਬਾਹਮਣ ਖੱਤਰੀਆਂ ਅਤੇ ਹੋਰ ਅਮੀਰਾਂ ਵਾਂਗ ਹੀ ਹਨ। ਕੋਈ ਭਰਾਤਰੀ ਭਾਵ ਨਹੀਂ ਹੈ।