ਘਰਾਂ 'ਚੋਂ ਅਲੋਪ ਹੋ ਰਹੇ 'ਮੂੜ੍ਹੇ'
(ਸਾਡਾ ਵਿਰਸਾ )
ਪੰਜਾਬ ਦੇ ਲੋਕ-ਸੱਭਿਆਚਾਰ ਵਿੱਚ ਮੂੜ੍ਹੇ, ਬੋਹੀਏ, ਛਿੱਕੂ, ਪਟਾਰੀ ਆਦਿ ਵਸਤੂਆਂ ਰਹਿਣ-ਸਹਿਣ ਦੇ ਢੰਗ ਨਾਲ ਸਦੀਆਂ ਤੋਂ ਜੁੜੀਆਂ ਸਨ| ਪਰ ਹੁਣ ਕਈ ਵਰ੍ਹਿਆਂ ਤੋਂ ਸ਼ਹਿਰਾਂ ਅਤੇ ਪੇਂਡੂ ਘਰਾਂ ਵਿੱਚ ਇਸ ਦੀ ਥਾਂ ਕਾਰਖਾਨਿਆਂ ਵਿੱਚ ਬਣੀਆਂ ਰੰਗ-ਬਰੰਗੀਆਂ ਪਲਾਸਟਿਕ ਅਤੇ ਲੋਹੇ ਦੀਆਂ ਵਸਤੂਆਂ ਨੇ ਲੈ ਲਈ ਹੈ| ਸਣ, ਮੁੰਜ, ਦਿਬ, ਸਰਕੰਢਾ, ਕਾਹੀ ਆਦਿ ਤੋਂ ਬਣਾਈਆਂ ਜਾਣ ਵਾਲੀਆਂ ਇਹ ਵਸਤੂਆਂ ਹੁਣ ਕਿਸੇ ਵਿਰਲੇ ਟਾਂਵੇਂ ਘਰਾਂ ਅੰਦਰ ਦਿਖਾਈ ਦਿੰਦੀਆਂ ਹਨ| ਮੂੜ੍ਹਾ ਜੋ ਕਿ ਬੈਠਣ ਦੇ ਕੰਮ ਆਉਂਦਾ ਹੈ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸਣ, ਮੁੰਜ, ਦਿਬ, ਸਰਕੰਢਾ, ਕਾਹੀ ਆਦਿ ਦੇ ਬੂਟਿਆਂ ਨੂੰ ਖੇਤ 'ਚੋਂ ਕੱਟ ਕੇ ਲਿਆਇਆ ਜਾਂਦਾ ਸੀ|ਫਿਰ ਇਨ੍ਹਾਂ ਰੇਸ਼ੇਦਾਰ ਬੂਟਿਆਂ ਵਿੱਚੋਂ ਰੇਸ਼ਾ ਛਿੱਲ ਕੇ ਵੱਖਰਾ ਕਰ ਲਿਆ ਜਾਂਦਾ ਸੀ| ਫਿਰ ਇਨ੍ਹਾਂ ਰੇਸ਼ਿਆਂ ਨੂੰ ਵੱਟ ਕੇ ਇੱਕ ਪਤਲੀ ਜਿਹੀ ਰੱਸੀ ਬਣਾ ਲਈ ਜਾਂਦੀ ਸੀ| ਫਿਰ ਇਸ ਰੱਸੀ ਉੱਤੇ ਸਜਾਵਟ ਦੇਣ ਲਈ ਜਨਾਨੀਆਂ ਗੂੜ੍ਹੇ ਫਿੱਕੇ ਰੰਗ ਦੇ ਸੂਤ ਦੇ ਧਾਗੇ ਲਪੇਟ ਦਿੰਦੀਆਂ ਸਨ| ਰੰਗ-ਬਰੰਗੇ ਧਾਗੇ ਲਪੇਟਣ ਤੋਂ ਬਾਅਦ ਮੂੜ੍ਹੇ ਨੂੰ ਬਣਾਉਣ ਦਾ ਢੰਗ ਕੁੰਡਲ ਮਾਰਨਾ ਜਾਂ ਵਲ਼ ਦੇਣ ਰਾਂਹੀ ਸ਼ੁਰੂ ਹੁੰਦਾ ਹੈ|ਇਸ ਦਾ ਤਾਣਾ-ਪੇਟਾ ਵਸਤੂ ਦੇ ਆਕਾਰ ਅਨੁਸਾਰ ਛੋਟਾ-ਵੱਡਾ ਬਣਾਇਆ ਜਾਂਦਾ ਸੀ|ਹੌਲੀ-ਹੌਲੀ ਇਸ ਨੂੰ ਆਲੇ-ਦੁਆਲੇ ਨੂੰ ਵਲ਼ਦਾਰ ਢੰਗ ਨਾਲ ਵਧਾਇਆ ਜਾਂਦਾ ਸੀ ਅਤੇ ਇਸ ਪ੍ਰਕਾਰ ਲੋੜੀਂਦੇ ਆਕਾਰ ਦਾ ਰੂਪ ਦੇ ਦਿੱਤਾ ਜਾਂਦਾ ਸੀ| ਮੂੜ੍ਹੇ ਦੀ ਬਣਤਰ ਰੋਟੀਆਂ ਬਣਾਉਣ ਵਾਲੀ ਤਵੀ ਵਰਗੀ ਹੁੰਦੀ ਹੈ| ਜਿਸ ਤਰ੍ਹਾਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ| ਜਨਾਨੀਆਂ ਮੂੜ੍ਹੇ ਨੂੰ ਬੜੀ ਮਿਹਨਤ ਨਾਲ ਬਣਾਉਂਦੀਆਂ ਸਨ| ਵੰਨ ਸੁਵੰਨੇ ਡਿਜ਼ਾਇਨਾਂ ਦੇ ਮੂੜ੍ਹੇ ਦੇਖ ਮਨ ਗਦਗਦ ਹੋ ਜਾਂਦਾ| ਦੇਖਣ ਵਾਲੇ ਦੀ ਭੁੱਖ ਲਹਿ ਜਾਂਦੀਂ|

ਕਿੰਨਾ ਹੁਨਰ ਸੀ ਸਾਡੀਆਂ ਪੁਰਾਣੀਆਂ ਸਵਾਣੀਆਂ ਦੇ ਹੱਥ 'ਚ, ਦਿਨ ਭਰ ਦੇ ਕੰਮ-ਕਾਜ ਮਗਰੋਂ ਇਹੋ ਜਿਹੇ ਕੰਮ ਵੀ ਏਨੇ ਚਾਅ ਨਾਲ ਕਰਦੀਆਂ ਸਨ| ਲੋਕ-ਦਸਤਕਾਰੀ ਦੀ ਇਹ ਵਸਤੂ ਮਨੁੱਖ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਘੱਟ ਸੰਦਾਂ ਦੀ ਵਰਤੋਂ ਨਾਲ ਬਣਨ ਵਾਲੀ ਦਸਤਕਾਰੀ ਹੈ| ਪਹਿਲੇ ਸਮਿਆਂ ਵਿੱਚ ਦਹੇਜ 'ਚ ਮੂੜ੍ਹੇ ਤੇ ਹੋਰ ਨਿੱਕ-ਸੁੱਕ ਦੇਣ ਦਾ ਰਿਵਾਜ ਸੀ| ਦਰਜਨ-ਦਰਜਨ ਮੂੜ੍ਹੇ ਦਾਜ ਵਿੱਚ ਦਿੱਤੇਜਾਂਦੇ ਸਨ| ਘਰ ਆਏ ਸਾਕ-ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਬੈਠਣ ਲਈ ਮੂੜ੍ਹੇ ਦਿੱਤੇ ਜਾਂਦੇ ਸਨ| ਪਰ ਅੱਜ ਉਹ ਗੱਲਾਂ ਕਿੱਥੇ ਰਹੀਆਂ ਨੇ| ਹੁਣ ਤਾਂ ਦਹੇਜ ਵਿੱਚ ਤੇ ਘਰ ਆਏ ਮਹਿਮਾਨਾਂ ਨੂੰ ਬੈਠਣ ਲਈ ਪਲਾਸਟਿਕ ਜਾਂ ਲੋਹੇ ਦੀਆਂ ਬਣੀਆਂ ਕੁਰਸੀਆਂ ਦਿੱਤੀਆਂ ਜਾਂਦੀਆਂ ਹਨ| ਹੁਣ ਮੂੜ੍ਹੇ ਬਣਾਉਣ ਦਾ ਰਿਵਾਜ ਵੀ ਲਗਭਗ ਬੰਦ ਹੋ ਗਿਆ ਹੈ| ਮੂੜ੍ਹੇ ਬਣਾਉਣ ਦਾ ਰਿਵਾਜ ਵੀ ਲਵਭਗ ਬੰਦ ਹੋ ਗਿਆ ਹੈ| ਮੂੜ੍ਹੇ ਬਣਾਉਣ ਵਾਲੀਆਂ ਸ਼ੌਕੀਨ ਜਨਾਨੀਆਂ ਵੀ ਹੁਣ ਉਂਗਲਾਂ 'ਤੇ ਗਿਣਨ ਜੋਗੀਆਂ ਹੀ ਰਹਿ ਗਈਆਂ ਹਨ| ਮੂੜ੍ਹੇ ਹੁਣ ਕਿਸੇ ਵਿਰਲੇ ਟਾਂਵੇਂ ਘਰਾਂ ਜਾਂ ਅਜਾਇਬ ਘਰਾਂ ਅੰਦਰ ਦਿਖਾਈ ਦਿੰਦੇ ਹਨ|