ਡਾ. ਪਰਮਜੀਤ ਢੀਂਗਰਾ ਨਾਲ ਸਾਹਿਤਕ ਮਿਲਣੀ (ਖ਼ਬਰਸਾਰ)


ਸ੍ਰੀ ਮੁਕਤਸਰ ਸਾਹਿਬ 7 ਅਪ੍ਰੈਲ : ਲੋਕ-ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਪ੍ਰਸਿੱਧ ਆਲੋਚਕ ਅਤੇ ਸ਼ਾਇਰ ਡਾ. ਪਰਮਜੀਤ ਢੀਂਗਰਾ ਨਾਲ ਸਾਹਿਤਕ ਮਿਲਣੀ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਪ੍ਰੋ. ਸੁਖਵਿੰਦਰ ਸਿੰਘ, ਡਾ. ਪਰਮਜੀਤ ਢੀਂਗਰਾ, ਪ੍ਰੋ. ਨੱਛਤਰ ਸਿੰਘ ਖੀਵਾ, ਬਲਦੇਵ ਸਿੰਘ ਆਜ਼ਾਦ ਅਤੇ ਦਿਆਲ ਸਿੰਘ ਪਿਆਸਾ। ਸਮਾਗਮ ਦੇ ਸ਼ੁਰੂ ਵਿਚ ਸਾਹਿਤ ਸਭਾ ਵੱਲੋਂ ਮੁੱਖ ਮਹਿਮਾਨ ਡਾ. ਪਰਮਜੀਤ ਢੀਂਗਰਾ ਨੂੰ ਕਲਮ ਭੇਂਟ ਕਰਕੇ ਉਨ੍ਹਾ ਦਾ ਸਨਮਾਨ ਕੀਤਾ ਗਿਆ। ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸ਼ਿੰਦਰਪਾਲ ਸਿੰਘ, ਕਹਾਣੀਕਾਰ ਗੁਰਸੇਵਕ ਸਿੰਘ ਪੀ੍ਰਤ ਅਤੇ ਡਾ. ਬ੍ਰਹਮਵੇਦ ਸ਼ਰਮਾ ਨੇ ਡਾ. ਢੀਂਗਰਾ ਦੀ ਸਖਸ਼ੀਅਤ ਅਤੇ ਉਨ੍ਹਾਂ ਦੀ ਸ਼ਾਇਰੀ ਬਾਰੇ ਬੋਲਦਿਆਂ ਉਨ੍ਹਾਂ ਨੂੰ ਉੱਚ ਕੋਟੀ ਦੇ ਸ਼ਾਇਰ, ਬੇਬਾਕ ਆਲੋਚਕ, ਇਮਾਨਦਾਰ ਪ੍ਰਾ-ਅਧਿਆਪਕ, ਸਫ਼ਲ ਪ੍ਰਬੰਧਕ ਅਤੇ ਇੱਕ ਨੇਕ ਇਨਸਾਨ ਕਿਹਾ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ ਹੋਇਆਂ ਡਾ. ਪਰਮਜੀਤ ਢੀਂਗਰਾ ਨੇ ਕਿਹਾ ਕਿ ਉਨ੍ਹਾ ਦੇ ਪਿਤਾ ਜੀ ਵਪਾਰ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੂੰ ਵੀ ਵਪਾਰ ਵਿਚ ਪਾਉਣਾ ਚਾਹੁੰਦੇ ਸਨ ਪਰ ਮਾਤਾ ਜੀ ਅਤੇ ਪ੍ਰਿੰਸੀਪਲ ਸ੍ਰੀ ਜੁਗਿੰਦਰ ਪਾਲ ਜੀ ਨੇ ਬਚਪਨ ਵਿਚ ਹੀ ਕਿਤਾਬਾਂ ਪੜ੍ਹਨ ਦੀ ਐਸੀ ਚੇਟਕ ਲਗਾਈ ਕਿ ਉਨ੍ਹਾਂ ਨੇ ਕਿਤਾਬਾਂ ਨੂੰ ਹੀ ਆਪਣਾ ਪਰਮ-ਮਿੱਤਰ ਬਣਾ ਲਿਆ। ਡਾ. ਢੀਂਗਰਾ ਨੇ ਕਿਹਾ ਕਿ ਵਿਸ਼ਵੀਕਰਨ ਅਤੇ ਬਾਜ਼ਾਰਵਾਦ ਅੱਜ ਪੰਜਾਬੀ ਸਾਹਿਤ ਅਤੇ ਸਭਿਆਚਾਰ ਤੇ ਹਾਵੀ ਹੋ ਰਿਹਾ ਹੈ। ਸਾਡੀਆਂ ਸਾਹਿਤਕ ਅਤੇ ਸਭਿਆਚਾਰਕ ਪ੍ਰੰਪਰਾਵਾਂ ਬਹੁਤ ਹੀ ਅਮੀਰ ਹਨ। ਅੱਜ ਸਾਨੂੰ ਉਨ੍ਹਾਂ ਨੂੰ ਖੰਘਾਲਣ ਦੀ ਲੋੜ ਹੈ। ਜੇ ਅਸੀਂ ਇਨ੍ਹਾਂ ਦਾ ਸਹੀ ਢੰਗ ਨਾਲ ਅਧਿਐਨ ਕਰਾਂਗੇ ਤਾਂ ਵਿਸ਼ਵੀਕਰਨ ਦੀ ਕਾਲੀ ਬੋਲੀ ਹਨੇਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਹਾਜ਼ਰੀਨ ਦੀ ਨਜ਼ਰ ਕੀਤੀਆਂ ਜਿੰਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਪਸੰਦ ਕੀਤਾ ਗਿਆ।

ਸਮਾਗਮ  ਦੇ ਦੂਸਰੇ ਦੌਰ ਵਿਚ ਪ੍ਰੋ. ਨੱਛਤਰ ਸਿੰਘ ਖੀਵਾ, ਦਰਸ਼ਨ ਸਿੰਘ ਰਾਹੀ, ਤੀਰਥ ਸਿੰਘ ਕਮਲ, ਬਿੱਕਰ ਸਿੰਘ ਵਿਯੋਗੀ, ਮਨਪ੍ਰੀਤ ਸਿੰਘ ਬਾਮ, ਰਾਜਿੰਦਰ ਸਿੰਘ ਬਠਿੰਡਾ, ਜਸਵੀਰ ਸ਼ਰਮਾ, ਹਰਿੰਦਰਪਾਲ ਸਿੰਘ ਬੇਦੀ, ਪ੍ਰਿੰਸੀਪਲ ਬਲਜੀਤ ਕੌਰ, ਗੌਰਵ ਦੁੱਗਲ, ਬੂਟਾ ਸਿੰਘ ਵਾਕਫ਼, ਗੁਰਪ੍ਰੀਤ ਸਿੰਘ ਪੁਰਬਾ, ਦਾਤਾਰ ਸਿੰਘ, ਸਰਦੂਲ ਸਿੰਘ, ਕੇਸਰ ਸਿੰਘ ਬਾਬਾਣੀਆ, ਸ਼ਮਸੇਰ ਸਿੰਘ ਗਾਫ਼ਿਲ, ਬਲਦੇਵ ਸਿੰਘ ਆਜ਼ਾਦ, ਸਤਵਿੰਦਰ ਸਿੰਘ ਧਨੋਆ, ਬੋਹੜ ਸਿੰਘ ਮੱਲਣ, ਦਿਆਲ ਸਿੰਘ ਪਿਆਸਾ, ਡਾ. ਰਮੇਸ਼ ਰੰਗੀਲਾ, ਪਰਮਿੰਦਰ ਸਿੰਘ ਮੈਦਾਨ, ਤਿਲਕ ਰਾਜ ਕਾਹਲ, ਬਸੰਤ ਕੁਮਾਰ, ਗੁਰਮੇਲ ਸਿੰਘ, ਧੀਰਜ ਕੁਮਾਰ ਗੁਬੰਰ, ਬੀਰਬਾਲਾ ਸੱਦੀ, ਗੁਰਸੇਵਕ ਸਿੰਘ ਪ੍ਰੀਤ, ਹਰਦਰਸ਼ਨ ਨੈਬੀ, ਕਸ਼ਮੀਰੀ ਲਾਲ ਚਾਵਲਾ, ਮਹਿੰਦਰ ਵਰਮਾ ਅਤੇ ਪਰਗਟ ਸਿੰਘ ਜੰਬਰ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਲੋਕ-ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋ ਕਰਵਾਇਆ ਗਿਆ ਇਹ ਇੱਕ ਸਫ਼ਲ ਸਮਾਗਮ ਸੀ ਜਿਸ ਨੂੰ ਹਾਜ਼ਰ ਸਰੋਤਿਆਂ ਅਤੇ ਲੋਖਕਾਂ ਵੱਲੋਂ ਬੇਹੱਦ ਸਰਾਹਿਆ ਗਿਆ।


ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਡਾ. ਪਰਮਜੀਤ ਢੀਂਗਰਾ ਨੂੰ ਸਨਮਾਨਿਤ ਕਰ ਰਹੇ ਹਨ ਬੂਟਾ ਸਿੰਘ ਵਾਕਫ਼, ਪ੍ਰੋ. ਸੁਖਵਿੰਦਰ ਸਿੰਘ, ਦਿਆਲ ਸਿੰਘ ਪਿਆਸਾ, ਬਲਦੇਵ ਸਿੰਘ ਆਜ਼ਾਦ ਅਤੇ ਪ੍ਰੋ. ਨੱਛਤਰ ਸਿੰਘ ਖੀਵਾ।