ਨਸ਼ਿਆਂ ਵਿੱਚ ਜਵਾਨੀ (ਕਵਿਤਾ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਵਿੱਚ ਮੈਦਾਨੇ ਕੁੱਦਣ ਵਾਲੇ, ਮੁੱਠ ਹੱਡੀਆਂ ਦੀ ਬਣਗੇ
ਵੈਰੀ ਅੱਗੇ ਕੀ ਹਿੱਕ ਡਹੁਣਗੇ, ਜਿਹੜੇ ਖੁਦ ਹੀ ਛਣਗੇ
ਦੇਸ਼ ਕੌਮ 'ਤੇ ਭੀੜ ਪਈ ਤੋਂ, ਕੌਣ ਦੇਊ ਕੁਰਬਾਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿੱਚ ਜਵਾਨੀ

ਦੇਖ-ਦੇਖ ਕੇ ਆਉਂਦੇ ਚੱਕਰ, ਮਨ ਪਿਆ ਗੋਤੇ ਖਾਂਦਾ
ਕੋਈ ਚਿਲਮਾਂ, ਸ਼ੀਸ਼ੀ, ਸਿਗਰਟਾਂ ਕੋਈ ਪੈੱਗ ਟਕਰਾਂਦਾ
ਗਲੀਆਂ, ਟੋਭੇ  ਰੁਲਦੀ ਫਿਰਦੀ ਚੋਬਰਾਂ ਦੀ ਭਲਵਾਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿੱਚ ਜਵਾਨੀ

ਹਰ ਪਿੰਡ ਮੋੜ ਤੇ ਖੁੱਲਿਆ ਠੇਕਾ, ਸ਼ਰੇਆਮ ਨਸ਼ੇ ਦੁਕਾਨਾਂ
ਦੇਖ ਦੁਹੱਥੜੇ ਪਿੱਟਣ ਖੜੀਆਂ, ਮਾਂਈਆਂ ਤੇ ਰੁਕਾਨਾਂ
ਘਰ ਚੋਂ ਆਟਾ, ਦਾਲਾਂ ਮੁੱਕੀਆਂ, ਹੋਗੀ ਜਿੰਦ ਦੁਆਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿੱਚ ਜਵਾਨੀ

ਮਾਪਿਆਂ ਦੀ ਜਿੰਦ ਖੇਹ ਨੇ ਕਰਦੇ, ਮਾਰਨ ਡਾਕੇ ਚੋਰੀ
ਫਿਰ ਕੋਈ ਜਦ ਰਾਹ ਨਾ ਲੱਭੇ, ਦਿਖਾਵਣ ਸੀਨਾਜੋਰੀ
ਲੱਤ ਨਸ਼ੇ ਦੀ ਹੋਵੇ ਪੂਰੀ, ਘਿਓ-ਦੁੱਧ ਚੀਜ਼ ਬੇਗਾਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿੱਚ ਜਵਾਨੀ

ਸੋਨੇ ਜਿਹੀ ਅਨਮੋਲ ਜਵਾਨੀ, ਜੇ ਏਦਾਂ ਹੀ ਰੁੜ ਗਈ
ਜਿਸ ਮੰਜ਼ਲ ਲਈ ਆਸ ਅਸਾਡੀ, ਜੇ ਰਸਤੇ ਹੀ ਖੁਰ ਗਈ
ਨਹੀਂ ਸਾਂਝਾ ਭਾਰਤ ਦੇਸ਼ ਅਸਾਡਾ, ਨਾ ਹੀ ਹਿੰਦੋਸਤਾਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿੱਚ ਜਵਾਨੀ

ਅਣਖਾਂ, ਇੱਜ਼ਤਾਂ ਪੈਰੀਂ ਰੁਲੀਆਂ, ਸ਼ਰਮ ਕਿਸੇ ਨਾ ਆਵੇ
ਸੁੱਧ-ਬੁੱਧ ਨਸ਼ਾ, ਕਬੁੱਧੂ ਕਰਦਾ, ਪੁੱਠੀ ਨਿਗ੍ਹਾ ਟਿਕਾਵੇ
ਦੋਸਤੀ, ਯਾਰੀ, ਰਿਸ਼ਤੇਦਾਰੀ ਬਣ ਗਈ ਮਹਿਜ਼ ਨਿਸ਼ਾਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆ ਵਿੱਚ ਜਵਾਨੀ

ਧਰਤ ਮਾਤਾ ਨੂੰ ਟੇਕੋ ਮੱਥਾ, ਮਾਂ ਪੰਜਾਬੀ ਨੂੰ ਸਤਿਕਾਰੋ
ਨਸ਼ਿਆਂ ਦੀ ਜਿਹੜੇ ਕਰਨ ਤਸਕਰੀ, ਦੁਸ਼ਟਾਂ ਨੂੰ ਦੁਰਕਾਰੋ
ਰੁੜ-ਪੁੜ ਕਿਧਰੇ ਵਿਸਰ ਨਾ ਜਾਏ, ਲਾਲਾਂ ਦੀ ਨਿਸ਼ਾਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿੱਚ ਜਵਾਨੀ

ਪਾਓ ਵੋਟਾਂ, ਛਕਲੋ ਭੰਗਾਂ, ਕੋਈ ਤੋਟ ਨਹੀਂ ਰਹਿਣੀ
ਇਹ ਸਿੱਖਿਆ ਹੈ ਦੇਸ਼ ਮੇਰੇ, ਲੀਡਰਾਂ ਦੇ ਮੂੰਹੋਂ ਕਹਿਣੀ
ਵੱਲ ਥੋਡੇ ਕੋਈ ਝਾਕ ਨ੍ਹੀਂ ਸਕਦਾ, ਵਰਤਣ ਬੜੀ ਸ਼ੈਤਾਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿੱਚ ਜਵਾਨੀ

'ਸਾਧੂ' ਆਖੇ ਅਵਾਜ਼ ਉਠਾਈਏ, ਨੱਥ ਨਸ਼ਿਆਂ ਨੂੰ ਮਾਰੋ
ਅਮਲ, ਅਸੂਲ ਕਰਵਾਉਣੇ ਪੂਰੇ, ਕਾਗਜ਼ੀ ਡੰਗ ਨਾ ਸਾਰੋ
ਵੇਖੋ ਗੱਭਰੂ ਡਿੱਗਦੇ_ ਢਹਿੰਦੇ, ਵਿੱਚ ਸੜਕਾਂ ਅਤੇ ਖਤਾਨੀਂ
ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿੱਚ ਜਵਾਨੀ