ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ। ਕਹਿੰਦੇ ਨੇ ਜਿਵੇਂ-ਜਿਵੇਂ ਇਨਸਾਨ ਨੇ ਤਰੱਕੀ ਕੀਤੀ ਹੈ ਉਸ ਦੇ ਫਾਇਦੇ, ਨੁਕਸਾਨ ਨਾਲ-ਨਾਲ ਚਲਦੇ ਰਹੇ ਹਨ। ਅਲਟਰਾ ਸਾਊਂਡ ਦੀ ਤਕਨੀਕ ਦੇ ਵਿਕਸਿਤ ਹੋਣ ਨਾਲ ਬੱਚੇ ਦੇ ਗਰਭ ਦੌਰਾਨ ਵਿਕਾਸ ਦੀ ਪ੍ਰੀਕਿਰਿਆ ਨਾਲ ਤੰਦਰੁਸਤ ਬੱਚੇ ਦਾ ਜਨਮ ਹੋਵੇ। ਇਹ ਨਿਸ਼ਚਿਤ ਕਰਨਾ ਸੌਖਾ ਸੀ ਤੇ ਜੇਕਰ ਕੋਈ ਬੀਮਾਰੀ ਹੈ ਤਾਂ ਉਸ ਦਾ ਇਲਾਜ ਨਾਲ-ਨਾਲ ਚੱਲੇ ਤਾਂ ਕਿ ਇਕ ਨਿਰੋਗੀ ਸਮਾਜ ਦੀ ਰਚਨਾ ਵਿਚ ਪਲੇਠਾ ਕਦਮ ਪੁੱਟਿਆ ਜਾ ਸਕੇ। ਪਰ, ਇਸ ਦੀ ਵਰਤੋਂ ਸਿਰਫ ਮਾਦਾ ਭਰੂਣ ਨੂੰ ਲੱਭ ਕੇ ਮਾਰਨ ਲਈ ਕੀਤੀ ਜਾਣ ਲੱਗ ਪਈ; ਮਾਪੇ, 'ਕੁਮਾਪੇ' ਬਣ ਗਏ ਤੇ ਨਾਲ ਹੀ 'ਕਾਤਿਲ' ਤੇ ਜੀਵਨ ਦਾਨ ਦੇਣ ਵਾਲੇ ਬਣੇ 'ਜੱਲਾਦ'।
ਕੁੜੀਆਂ ਵੀ ਤਾਂ ਰੱਬ ਦਾ ਹੀ ਬਣਾਇਆ ਹੋਇਆ 'ਜੀਅ' ਹਨ। ਪਰ ਪਤਾ ਨਹੀਂ ਕਿਉਂ, ਸਮਾਜ ਲਈ ਸਭ ਤੋਂ ਲੋੜੀਂਦੀਆਂ ਹੋਣ ਦੇ ਬਾਵਜੂਦ ਇਹਨਾਂ ਦਾ ਤਿਰਸਕਾਰ ਯੁੱਗਾਂ-ਯੁੱਗਾਂ ਤੋਂ ਜਾਰੀ ਤੇ ਢੰਗ ਤਰੀਕਿਆਂ ਦੇ ਬਦਲਣ ਨਾਲ ਵਧਦਾ ਹੀ ਜਾ ਰਿਹਾ ਹੈ। ਇਹ ਤਿਰਸਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ, ਸਗੋਂ ਪਹਿਲਾਂ ਨਾਲੋਂ ਵੱਧ ਹੋ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਇਸ ਵਿਸ਼ੇ ਤੇ ਪਹਿਲਾਂ ਵੀ ਬਹੁਤ ਸਾਰੇ ਲੇਖਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ, ਪਰ ਇਸ ਸਭ ਦਾ ਮੂਲ ਕਾਰਣ ਕੀ ਹੈ, ਇੱਕ ਹੈ ਜਾਂ ਕਈ ਨੇ, ਮੈਂ ਵੀ ਇਸ ਦੁਖਾਂਤਕ ਪਹਿਲੂ ਤੇ ਕਲਮ ਨਾਲ ਲਿਖਦੀ ਅੰਦਰ ਤੱਕ ਕੰਬ ਜਾਂਦੀ ਹਾਂ ਜੇ ਕਰ ਮੇਰੇ ਮਾਤਾ ਪਿਤਾ ਨੇ ਵੀ ਮੈਨੂੰ ਅਲਟਰਾ ਸਾਊਂਡ ਨਾਲ ਲੱਭ ਕੇ ਮਰਵਾ ਦਿੱਤਾ ਹੁੰਦਾ? ਹੁਣ ਤਾਂ ਮੈਂ ਆਪਣੇ ਮਾਤਾ ਪਿਤਾ ਦਾ ਸ਼ੁਕਰੀਆਂ ਕੀਤੇ ਬਗ਼ੈਰ ਨਹੀਂ ਰਹਿ ਸਕਦੀ ਤੇ ਧੰਨਵਾਦ ਵੀ ਕਰਦੀ ਹਾਂ। ਇੰਨੀ ਖੂਬਸੂਰਤ ਦੁਨੀਆਂ ਮੈਨੂੰ ਦੇਖਣ ਨੂੰ ਦਿੱਤੀ। ਪਰ, ਅੱਜ ਮਾਵਾਂ ਦਾ ਜੋ ਰੂਪ ਦੇਖਣ ਨੂੰ ਮਿਲਦਾ ਹੈ ਉਹ ਅਤਿ ਨਿੰਦਣਯੋਗ ਹੈ। ਭਾਵੇਂ ਕਿ ਪਹਿਲਾਂ ਵੀ ਕੁੜੀਆ ਦਾ ਜੀਵਨ ਸੁਖਾਲਾ ਨਹੀਂ ਸੀ, ਕੁੜੀਆਂ ਜੰਮਣ ਤੇ ਮੱਥੇ ਵੱਟ ਪਾਏ ਜਾਂਦੇ ਹਨ, ਮਿਹਣੇ ਵੀ ਮਾਰੇ ਜਾਂਦੇ ਸਨ ਤੇ ਜੰਮਦੀਆਂ ਦੇ ਗਲ ਘੁੱਟਣੇ ਬੜੀ ਆਮ ਜਹੀ ਗੱਲ ਸੀ। ਜੇਕਰ ਰੱਬ ਤਰਸੀਂ ਕੋਈ ਕੁੜੀਆਂ ਨੂੰ ਨਾ ਮਾਰਦੇ ਤਾਂ ਵੀ ਮੁੰਡੇ ਤੇ ਕੁੜੀ ਦੀ ਪਰਵਰਿਸ਼ ਵਿਚ ਲਾ ਅੰਤਰ ਇਨ੍ਹਾਂ ਕੁ ਪਾ ਦਿੰਦੇ ਕਿ ਉਹ ਘਰ ਵਿਚ ਗੁਲਾਮ ਜਹੀ ਨਜ਼ਰ ਆਉਂਦੀ। ਧੀਆਂ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਹਰ ਯੁਗ ਵਿਚ ਸੰਘਰਸ਼ ਕਰਨਾ ਪਿਆ ਹੈ। ਧੀ ਦਾ ਜੰਮਣਾ ਅਜਿਹਾ ਪਾਪ ਸੀ ਜਿਸ ਦਾ ਹਰਜਾਨਾ ਉਸ ਦੀ ਮਾਂ ਮਰਨ ਤੱਕ ਭੁਗਤਦੀ ਸੀ ਤੇ ਕਈ ਤਾਂ ਜੰਮਦੀ ਧੀ ਨੂੰ ਦੁੱਧ ਵਿਚ ਡੁਬੋ ਕੇ ਮਾਰ ਦਿੰਦੇ, ਕੋਈ ਜ਼ਹਿਰ ਚਟਾ ਕੇ ਤੇ ਕੋਈ ਘੜੇ ਵਿਚ ਪਾ ਕੇ ਜ਼ਮੀਨ ਵਿਚ ਦੱਬ ਦਿੰਦੇ। ਇਸ ਦੀ ਮਿਸਾਲ ਸੀਤਾ ਮਾਤਾ ਜੀ ਹਨ ਜੋ ਰਾਜਾ ਜਨਕ ਜੀ ਨੂੰ ਹਲ ਵਾਹੁੰਦੇ ਜ਼ਮੀਨ ਵਿਚੋਂ 'ਘੜੇ ਵਿਚੋਂ' ਮਿਲੇ ਸਨ। ਹੋਰ ਵੀ ਅਣਗਿਣਤ ਅਮਾਨੁੱਖ ਤਰੀਕੇ ਹੋਣਗੇ।
ਪਰ ਇੱਥੇ ਸਵਾਲ ਇਹ ਉਠਦਾ ਹੈ ਕਿ ਕੀ ਧੀਆਂ ਰਾਤਾਂ ਨੂੰ ਉੱਠ-ਉੱਠ ਕੇ ਖਾਂਦੀਆਂ ਹਨ, ਸਿਰਫ ਬੋਝ ਹਨ, ਸਮਾਜ ਦਾ ਬੇਲੋੜਾ ਅੰਗ ਹਨ; ਜਵਾਬ ਤਾਂ ਇੱਕੋ ਹੀ ਹੈ, ਧੀਆਂ ਬਿਨਾਂ ਸਰਦਾ ਹੀ ਨਹੀਂ ਹੈ। ਉਸਦੀ ਹੋਂਦ ਭਾਵੇਂ ਕਿਸੇ ਰੂਪ ਵਿਚ ਵੀ ਹੈ, ਉਹ ਧੀ, ਨੂੰਹ, ਮਾਂ, ਪਤਨੀ ਤੇ ਇਸ ਤੋਂ ਬਣਦੇ ਅਨੇਕਾਂ ਰਿਸ਼ਤਿਆਂ ਦਾ ਮੁੱਢ ਹੈ, ਨੂੰ ਬਚਾਉਣਾ ਜਾਂ ਕਾਇਮ ਰੱਖਣਾ, ਸਗੋਂ ਸਮਾਜ ਦੇ ਸਿਰ 'ਤੇ ਬਹੁਤ ਵੱਡਾ ਅਹਿਸਾਨ ਹੈ। ਜ਼ਰੂਰਤ ਹੈ ਕਿ ਫਿਰ ਵੀ ਪਤਾ ਨਹੀਂ ਕਿਉਂ ਇੱਕ ਕਾਫਿਲਾ ਧੀਆਂ ਦੀ ਪਨੀਰੀ ਮੁਕਾਉਣ ਤੇ ਤੁੱਲਿਆ ਹੋਇਆ ਹੈ ਤੇ ਸਾਡੇ ਸਭਿਅਕ ਸਮਾਜ ਤੇ 'ਕਾਤਿਲ' ਹੋਣ ਦਾ ਕਲੰਕ ਬਣ ਚੁੱਕਾ ਹੈ। ਕਿਉਂ ਪੁਰਾਣੀਆਂ ਗ਼ਲਤ ਰਵਾਇਤਾਂ ਰੂਪ ਬਦਲ-ਬਦਲ ਕੇ ਸਾਹਮਣੇ ਆਈ ਜਾਂਦੀਆ ਹਨ। ਸਤੀ ਪ੍ਰਥਾ ਦਿੱਸਣ ਵਿਚ ਭਾਵੇਂ ਖ਼ਤਮ ਕਰ ਦਿੱਤੀ ਗਈ ਹੈ, ਪਰ ਕੀ ਅਸੀਂ ਕੁੱਖ ਵਿਚ ਧੀ ਨੂੰ ਸਤੀ ਨਹੀਂ ਕਰਦੇ ਪਏ? ਅਸੀਂ ਕਤਲ ਦੇ ਦੋਖੀ ਨੂੰ ਉਮਰ ਕੈਦ ਤਜ਼ਵੀਜ਼ ਕਰਦੇ ਹਾਂ। ਕੀ ਇਹ ਕਤਲ ਨਹੀਂ ਹੈ? ਜੋ ਹਰ ਜਣਾ ਖਣਾ ਚੰਦ ਸਿੱਕੇ ਦੇ ਕੇ ਕਰਵਾਈ ਜਾ ਰਿਹਾ ਹੈ। 'ਜ਼ਮੀਰ ਦਾ ਜੱਜ' ਵੀ ਸ਼ਾਇਦ ਦੁਨੀਆਵੀ ਜੱਜਾਂ ਵਾਂਗੂ ਇਨਸਾਫ ਵੇਚੀ ਬੈਠਾ ਤੇ ਬੇਇਨਸਾਫੀਆਂ ਕਰੀਂ ਜਾਂਦਾ ਹੈ।
ਮੈਂ ਆਪਣੀ ਮਾਂ ਕੋਲੋਂ ਕਹਾਣੀ ਸੁਣੀ ਸੀ। ਇਕ ਰਾਜਾ ਸੀ। ਉਸ ਦੀਆਂ ਸੱਤ ਰਾਜਕੁਮਾਰੀਆਂ ਸਨ। ਜਦੋਂ ਸਤਵੀਂ ਰਾਜਕੁਮਾਰੀ ਨੇ ਜਨਮ ਲਿਆ ਤਾਂ ਉਸਦੀ ਰਾਣੀ ਮਰ ਗਈ। ਰਾਜੇ ਨੇ ਦੂਜਾ ਵਿਆਹ ਕਰਵਾ ਲਿਆ। ਦੂਜੀ ਰਾਣੀ ਨੇ ਇਸ ਸ਼ਰਤ ਤੇ ਵਿਆਹ ਕਰਵਾਇਆ ਕਿ ਤੂੰ ਸੱਤਾਂ ਨੂੰ ਜੰਗਲ ਵਿਚ ਛੱਡ ਆਵੇਂਗਾ। ਰਾਜਾ ਦੂਜੀ ਰਾਣੀ ਦੇ ਆਖੇ ਲਗ ਕੇ ਸੱਤਾਂ ਰਾਜਕੁਮਾਰੀਆਂ ਨੂੰ ਜੰਗਲ ਵਿਚ ਛੱਡ ਆਇਆ। ਉੱਥੇ ਇਕ ਆਦਮਖੋਰ ਰਹਿੰਦੀ ਸੀ । ਰਾਜਕੁਮਾਰੀਆਂ ਨੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਉਸ ਨੂੰ ਹਰਾਇਆ ਤੇ ਆਦਮਖੋਰ ਨੂੰ ਖੂਹ ਵਿਚ ਸੁੱਟ ਕੇ ਉਸ ਦੇ ਘਰ ਵਿਚ ਰਹਿਣ ਲੱਗ ਪਈਆਂ----. ਕਹਾਣੀ ਸੁਣਦੇ ਕਈ ਸਵਾਲ ਦਿਲ ਵਿਚ ਆਉਂਦੇ ਹਨ ਕਿ ਮਾਂ ਤੇ ਮਮਤਾ ਦੀ ਮੂਰਤ ਹੁੰਦੀ ਹੈ ਤੇ ਪਿਓ ਵੀ। ਫਿਰ ਕਿਉਂ ਇੰਜ ਹੋਇਆ? ਰਾਜਕੁਮਾਰਾਂ ਨੂੰ ਰਾਜਕੁਮਾਰੀਆਂ ਹੀ ਨਾ ਮਿਲੀਆਂ ਤਾਂ ਕਿਵੇਂ ਚੱਲੂ। ਰਾਜਾ ਤਾਂ ਆਪਣੇ ਲਈ ਇਕ ਤੋਂ ਬਾਅਦ ਇਕ ਰਾਣੀ ਭਾਲਦਾ ਹੈ ਤੇ ਧੀ ਜੰਮੀ ਤੇ ਰਿੱਝਦਾ ਹੈ , ਦੇਸ਼ ਨਿਕਾਲਾ ਦਿੰਦਾ ਹੈ ਜਾਂ, ਪਿੰਗਲੇ ਦੇ ਲੜ ਲਾ ਦਿੰਦਾ ਹੈ। ਕਹਾਣੀਆਂ ਵੀ ਬੜਾ ਕੁਝ ਕਹਿੰਦੀਆਂ ਹਨ ਕਿ ਧੀ ਤੇ ਪੁੱਤ ਰੱਬ ਦੀ ਦਾਤ ਹਨ। ਅਣਮੁਲੀ ਸੌਗ਼ਾਤ ਹਨ। ਖੁਸ਼ੀ ਨਾਲ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਜਾ ਕੇ ਪੁੱਛੋ ਜਿਨ੍ਹਾਂ ਕੋਲ ਕੁੱਛੜ ਕੁਛ ਨਹੀਂ ਹੈ। ਉਹ ਇਸੇ ਮੂੰਹ ਨਾਲ ਕਹਿੰਦੇ ਨੇ, ਰੱਬਾ! ਬਹੁੜੀਂ ਜ਼ਰੂਰ, ਭਾਵੇਂ ਇਕ ਧੀ ਹੀ ਦੇ, ਪਰ ਦੇ ਤਾਂ ਸਹੀ। ਅੰਤਹੀਣ ਸੋਚਾਂ ਅੰਤਹੀਣ ਮਿਹਣੇ, ਜੀਵਨ ਦੀ ਪੂੰਜੀ ਬਣਦੇ ਜਾਂਦੇ ਜਿਨ੍ਹਾਂ ਦੇ ਵਿਹੜੇ ਸੱਖਣੇ ਹੁੰਦੇ ਹਨ। ਫਿਰ ਵੀ ਦੇਖਿਆ ਹੈ ਕਿ ਪਹਿਲੀ ਧੀ ਤਾਂ ਕੋਈ ਕਬੂਲ ਕਰ ਵੀ ਲਵੇ, ਪਰ ਦੂਜੀ ਨੂੰ ਤਾਂ ਅੰਤ ਮਰਨਾ ਹੀ ਪਊਗਾ। ਇਸ ਤਰ੍ਹਾਂ ਕਰਦੇ-ਕਰਦੇ ਅਸੀਂ ਸਾਰੇ ਰਿਸ਼ਤੇ, ਸਾਰੀਆਂ ਸਾਂਝਾ ਹੌਲੀ-ਹੌਲੀ ਮੁਕਾਂਦੇ ਜਾ ਰਹੇ ਹਾਂ। ਧੀ ਦੀ ਭੈਣ ਨਹੀਂ ਤਾਂ ਮਾਸੀ ਨਹੀਂ ਲੱਭਣੀ, ਭਰਾ ਦੀ ਭੈਣ ਨਹੀਂ ਤਾਂ ਭੂਆ, ਭਾਵ ਕਿ ਅਣਗਿਣਤ ਰਿਸ਼ਤੇ ਮੁਕਦੇ, ਦਮ ਤੋੜਦੇ ਨਜ਼ਰੀ ਆਉਂਦੇ ਹਨ।
ਹੀਰ-ਰਾਂਝਾ, ਸੱਸੀ-ਪੁੰਨੂੰ, ਮਿਰਜ਼ਾ-ਸਾਹਿਬਾ, ਰੋਮੀਓ-ਜੂਲੀਅਟ ਆਦਿਕ ਵਿਚੋਂ ਮਾਦਾ ਨੂੰ ਕੱਢ ਦਿੱਤਾ ਜਾਵੇ ਤਾਂ ਪਿੱਛੇ ਕੀ ਰਹਿਣਾ ਹੈ। ਬੇਰਸ ਮੁੱਕਦੀ ਸੱਭਿਅਤਾ ਤੇ ਜੀਵਨ ਦਾ ਚਲਨ ਕਿਵੇਂ ਚੱਲੂ, ਜਦ ਉਸਦਾ ਅਰਧਅੰਗ ਮਾਰ ਕੇ ਮੁਕਾ 'ਤਾ ਹੋਏਗਾ। ਕਹਿਣਾ ਹੀ ਪਊਗਾ ਕਿ ਜੇ ਧੀ ਤੋਂ ਵੱਡਾ ਕੋਈ ਦਾਨ ਨਹੀਂ ਤਾਂ ਧੀ-ਮਾਰ ਤੋਂ ਵੱਡਾ ਕੋਈ ਪਾਪ ਨਹੀਂ। ਗੁਰਬਾਣੀ ਵਿਚ ਔਰਤ ਲਈ ਮੰਦਾ ਬੋਲਣਾ ਵੀ ਵਰਜਿਤ ਹੈ, ਮਾੜਾ ਵਿਹਾਰ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਲੋਕ ਤਾਂ ਰੱਬ ਨੂੰ ਠਿੱਠ ਜਾਣਦੇ 'ਪੁੱਤਰ ਜੀ ਆਓ' ਤੇ 'ਧੀ ਮਰਵਾਓ' ਦਾ ਪੱਖ ਪੂਰਦੇ ਪਏ ਨੇ। ਕੀ ਡਾਕਟਰ, ਕੀ ਮਾਤਾ-ਪਿਤਾ, ਕੀ ਪੜ੍ਹੇ ਲਿਖੇ ਤੇ ਕੀ ਅਨਪੜ੍ਹ –ਸਭ ਇਕੋ ਰੱਸੇ ਵਿਚ ਬੰਨ੍ਹੇ ਪ੍ਰਤੀਤ ਹੁੰਦੇ ਹਨ, ਜੋ ਵੀ ਇਹ ਕਾਰਾ ਕਰਦੇ, ਕਰਵਾਉਂਦੇ ਹਨ।
ਪਿੱਛੇ ਜਿਹੇ ਖ਼ਬਰ ਪੜ੍ਹੀ ਸੀ ਕਿ ਪੰਜਾਬ ਰਿਸ਼ੀਆ-ਮੁਨੀਆਂ, ਗੁਰੂਆਂ-ਪੀਰਾਂ ਦਾ ਦੇਸ਼ ਧੀ-ਮਾਰ ਵਿਚ ਮੂਹਰੀ ਸੂਬਾ ਬਣਿਆ ਹੈ। ਇੱਥੋਂ ਦੇ ਜੋ ਲੋਕ ਬਾਹਰ ਦੇਸ਼ਾਂ ਵਿਚ ਗਏ ਹਨ, ਉਥੇ ਜਾ ਕੇ ਉਹ ਵੀ ਇਹੀ ਕੁਝ ਕਰਦੇ ਪਏ ਹਨ। ਆਤਮਾ ਚੀਕ ਚੀਕ ਕੇ ਕਹਿੰਦੀ ਹੈ ਕਿ ਹਾਏ-ਹਾਏ! ਕੀ ਲੋਹੜਾ ਪੈ ਗਿਆ? ਜੇ ਘਰੇ ਧੀ ਜੰਮ ਪਈ। ਕਿਹੜੀ ਨੱਕ ਸੀ, ਜਿਹੜੀ ਵੱਢ ਹੋ ਗਈ। ਕਿਹੜੀ ਧੀ ਹੈ, ਜੋ ਵਿਤਕਰੇ ਹੋਣ ਦੇ ਬਾਵਜੂਦ ਪਿਆਰ ਨਹੀਂ ਲੈ ਲੈਂਦੀ ਤੇ ਦੁੱਖ ਵਿਚ ਭਾਈਵਾਲ ਹੋਕੇ ਖੁਸੀਆਂ ਦੀ ਅੰਮ੍ਰਿਤ ਵਰਖਾ ਨਹੀਂ ਕਰਦੀ। ਪੁੱਤ ਤਾਂ ਮਾਂਵਾ ਨੂੰ ਹੀ ਮੱਤਾਂ ਦੇਣ ਲੱਗ ਪੈਂਦੇ ਹਨ, ਘੂਰਣ ਲੱਗ ਪੈਂਦੇ ਹਨ ਤਾਂ ਵੀ ਪੁੱਤਾਂ ਦੀ ਕੋਈ ਗੱਲ ਦਾ ਬੁਰਾ ਨਹੀਂ ਮਨਾਉਂਦੀਆਂ। ਸਰੀਰਕ ਤੇ ਮਾਨਸਿਕ ਕਸ਼ਟ ਹੱਸਦੇ-ਹੱਸਦੇ ਸਹਾਰਾ ਲੈਂਦੀਆਂ ਹਨ ਤੇ ਆਪਣੇ ਹੀ ਰੂਪ-ਧੀ 'ਤੇ ਜ਼ੋਰ ਚਲਾਉਦੀਆ, ਝਿੜਕਦੀਆਂ ਵੇਖੀਆਂ ਸੁਣੀਆਂ ਜਾ ਸਕਦੀਆਂ ਹਨ। ਪੁੱਤ ਭਾਵੇਂ ਦੁੱਖ ਤੇ ਦੁੱਖ ਦੇਣ, ਪਰ ਸਮਾਜ ਦੀ ਬਣਤਰ ਅਜਿਹੀ ਹੋ ਗਈ ਹੈ ਕਿ ਪੁੱਤਾਂ ਦੀ ਮਾਂ ਬਣਨਾ ਫ਼ਖ਼ਰ ਵਾਲੀ ਗੱਲ ਹੈ।
ਕਹਿੰਦੇ ਹਨ ਕਿ ਰੱਬ ਹਰ ਜਗ੍ਹਾ ਨਹੀਂ ਸੀ ਹੋ ਸਕਦਾ। ਇਸ ਲਈ ਉਸਨੇ ਆਪਣਾ ਰੂਪ ਦਿਖਾਵਣ ਲਈ ਮਾਂ ਬਣਾ ਦਿੱਤੀ। ਪਰ ਲੋਕਾਂ ਨੇ ਤਾਂ ਰੱਬ ਨੂੰ ਹੀ ਖਿਡੌਣਾ ਸਮਝਿਆ ਹੋਇਆ; ਫਿਰ ਔਰਤ ਕੀ------। ਉਸ ਨੂੰ ਵੀ ਭੰਨਦੇ, ਤੋੜਦੇ, ਖੇਡਦੇ ਸਹਿਜੇ ਹੀ ਵੇਖੇ ਜਾ ਸਕਦੇ ਹਨ। ਰਾਮ ਤੇ ਰਾਵਣ ਦੀ ਲੜਾਈ ਵਿਚ ਭਾਵੇਂ ਦੈਤਾਂ ਦਾ ਅੰਤ ਹੋ ਗਿਆ ਸੀ, ਪਰ ਅਸਲ ਵਿਚ ਸਾਡੇ ਅੰਦਰਲੇ ਦੈਂਤ ਅਜੇ ਜੀਊਂਦੇ ਹਨ, ਇਹ ਕਦੇ ਮਰੇ ਹੀ ਨਹੀਂ। ਜੇ ਮਰੇ ਵੀ ਹਨ ਤਾਂ ਰਕਤਬੀਜ ਵਾਂਗ ਇਕ ਤੋਂ ਅਨੇਕਾਂ ਬਣੇ ਹਨ। ਘਰ ਦੇ ਅੰਦਰ, ਘਰ ਦੇ ਬਾਹਰ, ਕਿਧਰੇ ਵੀ ਧੀਆਂ, ਔਰਤਾਂ ਸੁਰਖਿਅਤ ਨਹੀਂ ਹਨ। ਸਭ ਜਾਣਦੇ ਹਨ ਕਿ ਕਿਸੇ ਨਾ ਕਿਸੇ ਰੂਪ ਵਿਚ ਉੁਹ ਤਿਰਸਕਾਰ ਸ਼ੋਸ਼ਣ ਦੀਆਂ ਸ਼ਿਕਾਰ ਹਨ। ਵਿਆਹ ਤੋਂ ਪਹਿਲਾਂ ਉਹ "ਪਰਾਈ ਅਮਾਨਤ" ਹਨ ਤੇ ਵਿਆਹ ਤੋਂ ਬਾਅਦ "ਬਗਾਨੀ ਧੀ"। ਉਹਨਾਂ ਲਈ ਤਾਂ ਜਿਵੇਂ ਆਪਣਾ ਦੁਨੀਆਂ ਤੇ ਕੋਈ ਵਜੂਦ ਹੀ ਨਹੀਂ ਹੈ। ਮਾਂ ਪਿਓ ਨੇ ਧੀ "ਦਾਨ" ਕਰਕੇ ਪੁੰਨ ਖੱਟ ਲਿਆ, ਪਰ ਅੱਜ ਤਾਂ ਕੁੱਖ ਵਿਚ ਰਾਖੁਸੀ ਨਹੁੰਦਰਾਂ ਨਾਲ ਉਹਨਾਂ ਦਾ ਬੀਜ ਨਾਸ ਕੀਤਾ ਜਾ ਰਿਹਾ ਹੈ। ਹੁਣ ਤਾਂ ਉਹਨਾਂ ਲਈ ਕੁੱਖ ਵੀ ਸੁਰਖਿਅਤ ਨਹੀਂ ਰਹੀ। ਓਥੇ ਵੀ ਉਸ ਦੀ ਤਪੱਸਿਆ ਭੰਗ ਕਰਕੇ ਉਸਦੀ ਬਲੀ ਲੈਣ ਵਾਲੇ ਉਸ ਦੇ ਆਪਣੇ ਹੀ ਹਨ। ਉਹ ਕਿਸ ਅੱਗੇ ਪੁਕਾਰ ਕਰੇ, ਕਿਸ ਅੱਗੇ ਹਾੜੇ ਪਾਵੇ, ਕਿਸ ਅੱਗੇ ਰੋਏ! ਲੱਖ ਲਾਹਨਤ ਇਹੋ ਜਿਹੀ ਕਾਢ ਦੇ, ਜੋ ਮਾਦ-ਭਰੂਣ ਦੀ ਵੈਰੀ ਹੋ ਨਿਬੜੀ ਹੈ। ਇਹ ਸਿਲਸਿਲਾ ਹਰ ਯੁੱਗ ਦਾ ਵਰਤਾਰਾ ਹੈ। ਪੁਰਾਣੇ ਜ਼ਮਾਨੇ ਵਿਚ ਤੇ ਅੱਜ ਵੀ ਧੀਆਂ ਨੂੰ ਮਾਰ ਮੁਕਾਣ ਦਾ ਤਰੀਕਾ ਭਾਵੇਂ ਜ਼ਮਾਨੇ ਦੇ ਨਾਲ-ਨਾਲ ਤਰੱਕੀ ਕਰ ਰਿਹਾ ਹੈ, ਪਰ ਤਰੱਕੀ ਕਰਕੇ ਅਗਾਂਹ ਵਧੀਆਂ ਹੋਈਆਂ ਔਰਤਾਂ ਦਾ ਵੀ ਜੀਵਨ ਕੋਈ ਸੁਖਾਲਾ ਨਹੀਂ ਰਹਿਣ ਦਿੱਤਾ। ਸੌੜੀ ਸੋਚ ਦਾ ਪੱਖ ਪੂਰਿਆ ਹੈ। ਔਰਤ ਦਾ ਮਾਣ ਸਨਮਾਨ, ਉਸ ਦੀ ਪ੍ਰਗਤੀ, ਉਸ ਦੀ ਆਮਦਨ ਭਾਵੇਂ ਕਿੰਨੀ ਵੀ ਜ਼ਿਆਦਾ ਕਿਉਂ ਨਾ ਹੋਵੇ, ਪਰ ਨਾਲਾਇਕ ਪ੍ਰਵਿਰਤੀ ਦਾ ਇਨਸਾਨ ਉਸ ਨੂੰ ਵੀ ਗੌਰਵ ਨਹੀਂ ਸਮਝਦਾ, ਸਗੋਂ ਪੈਰ ਦੀ ਜੁੱਤੀ ਸਮਝਣਂੋ ਬਾਜ ਨਹੀਂ ਆਉਂਦਾ। ਪਰ ਸਮਾਂ ਆਪਣੀ ਚਾਲ ਤੁਰਿਆ ਜਾ ਰਿਹਾ ਹੈ ਤੇ ਚੇਤਾਵਨੀ ਦਿੰਦਾ ਹੋਇਆ ਅਗਾਊਂ ਖ਼ਬਰਦਾਰ ਕਰਦਾ ਹੈ ਕਿ ਕੰਜਕਾਂ ਪੂਜਣ ਵਾਲਿਓ, ਕੰਨਿਆਂ ਨੂੰ 'ਦੇਵੀ' ਦਾ ਦਰਜਾ ਦੇਣ ਵਾਲਿਓ! ਸੱਚੇ ਦਿਲੋਂ ਇਹਨਾਂ ਦਾ ਸਨਮਾਨ ਕਰੋ, ਇਹਨਾਂ ਦੀ ਹੋਂਦ ਨੂੰ ਵਧਣ ਫੁੱਲਣ ਦਿਓ ਤਾਂ ਹੀ ਇਹ ਸੋਹਣਾ ਸੰਸਾਰ ਬਚੇਗਾ।
ਹਵਾ ਜੋ ਜ਼ਹਿਰੀ ਜ਼ਹਿਰੀ ਹੋਈ ਲਗਦੀ ਹੈ।
ਕੁਖ ਵਿਚ ਕੋਈ ਕੰਜਕ ਮੋਈ ਲਗਦੀ ਹੈ।
ਦਾਗ਼ ਲਹੂ ਦੇ ਫਿਰ ਵੀ ਦਿੱਸਦੇ ਪਏ ਸਾਰੇ;
ਮਾਂ ਦੀ ਚੁੰਨੀ ਉਂਜ ਤਾਂ ਧੋਈ ਲਗਦੀ ਹੈ।
ਦੇਵੀ ਵਾਂਗੂ ਪੂਜਾ ਕਰੀਏ ਧੀਆਂ ਦੀ;
'ਮਹਿਕ' ਨੂੰ ਵੀ ਇਹ ਰੀਤ ਨਰੋਈ ਲਗਦੀ ਹੈ"।