ਲੱਲੂ ਸਰ !.... ਤੇ ਕੰਮ ਦੀਆਂ ਗੱਲਾਂ (ਲੇਖ )

ਹਰਦੇਵ ਚੌਹਾਨ   

Email: hardevchauhan@yahoo.co.in
Phone: +91 172 2220096
Cell: +91 94171 78894
Address: 996 ਸੈਕਟਰ 70
ਮੁਹਾਲੀ India 160062
ਹਰਦੇਵ ਚੌਹਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੋ ਦਹਾਕੇ ਪਹਿਲਾਂ, ਮਿਡਲ ਸਕੂਲ ਬਲਟਾਣੇ 'ਚ ਪੜ੍ਹਾਇਆ ਸੀ। ਜੋ ਕਹੀਦਾ ਸੀ ਬੱਚੇ ਕਰਦੇ ਸਨ। ਸਵੇਰੇ ਸਕੂਲੇ ਪੁੱਜਣ ਤੋਂ ਪਹਿਲਾਂ ਬੱਚੇ ਗੇਟ 'ਚ ਖੜ੍ਹੇ ਉਡੀਕਦੇ ਹੁੰਦੇ ਸਨ। ਪੰਖੜੀਆਂ, ਪ੍ਰਾਇਮਰੀ ਸਿੱਖਿਆ ਅਤੇ ਅਖਬਾਰਾਂ ਦੇ ਮੈਗਜ਼ੀਨ ਲੈ ਕੇ ਉਹ ਏਨੇ ਖੁਸ਼ ਹੁੰਦੇ ਸਨ, ਜਿਵੇਂ ਕੋਈ ਬੇਸ਼ਕੀਮਤੀ ਤੋਹਫਾ ਮਿਲ ਗਿਆ ਹੋਵੇ....।

ਵਿਚ-ਵਿਚਾਲੇ ਡਾਇਰੈਕਟੋਰੇਟ ਵਿਖੇ ਪ੍ਰਸ਼ਾਸਕੀ ਸੇਵਾ ਨਿਭਾਉਂਦਿਆਂ ਸੇਵਾਮੁਕਤੀ ਤੋਂ ਛੇ ਕੁ ਮਹੀਨੇ ਪਹਿਲਾਂ ਬਤੌਰ ਪੰਜਾਬੀ ਲੈਕਚਰਾਰ ਪਦ-ਉਨਤੀ ਹੋ ਗਈ ਹੈ। ਬੜਾ ਚਾਅ ਚੜ੍ਹਿਆ ਕਿ ਰੁਟੀਨ ਜਿਹੇ ਦਫ਼ਤਰੀ ਕਾਰ ਵਿਹਾਰ ਤੋਂ ਛੁਟਕਾਰਾ ਮਿਲੇਗਾ। ਨਵੇਂ ਬਾਲ ਹੋਣਗੇ.... ਨਵੀਆਂ ਗੱਲਾਂ-ਬਾਤਾਂ ਤੇ ਨਵੀਆਂ ਬਾਲ ਕਹਾਣੀਆਂ ਲਈ ਵਿਸ਼ਾ ਵਸਤੂ ਮਿਲੇਗਾ.... ਗਿਆਰਵੀਂ, ਬਾਰਵੀਂ ਦੇ ਸਿਆਣੇ ਵਿਦਿਆਰਥੀ, ਜੋ ਕਹਾਂਗਾ, ਮੰਨ ਲੈਣਗੇ.... ਧਿਆਨ ਨਾਲ ਸੁਣ ਲੈਣਗੇ ਤੇ ਸਿੱਖਦੇ-ਸਿਖਾਉਂਦੇ ਉਹ ਲੇਖਕ ਬਣ ਜਾਣਗੇ.... ਜਿਵੇਂ ਪਹਿਲੇ ਸਕੂਲਾਂ 'ਚ ਹੁੰਦਾ ਰਿਹਾ ਸੀ....

ਲਓ ਜੀ! ਰਸਮੀ ਹੁਕਮ ਲੈ ਕੇ ਨਵੇਂ ਸਕੂਲ ਵਿਚ ਜਾ ਹਾਜ਼ਰ ਹੋਏ। ਗਿਆਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀਆਂ ਰਚਨਾਵਾਂ ਵਾਲੇ ਰਸਾਲੇ, ਅਖ਼ਬਾਰੀ ਮੈਗਜ਼ੀਨ ਤੇ ਪੁਸਤਕਾਂ ਦੀ ਜਾਣਕਾਰੀ ਦਿੱਤੀ। ਬਾਲਾਂ ਨੂੰ ਸਿੱਖਿਆ ਦੇਣ ਵਾਲਾ ਨਾਵਲ 'ਉਡਣ ਖਟੋਲਾ' ਵੀ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡਿਆ ਸੀ।

ਗਿਆਰਵੀਂ ਦਾ ਇਕ ਬੱਚਾ, ਪਹਿਲੇ ਦਿਨ ਗੱਲਾਂ ਕਰਨੋਂ ਨਹੀਂ ਸੀ ਹਟ ਰਿਹਾ.... ਉਸਦੇ ਸਲੀਕੇ ਨਾਲ ਵਾਹੇ ਫੰਡਿਆਂ 'ਚ ਥੋੜ੍ਹੀ ਖਿਝ ਨਾਲ ਪਟੋਕੀ ਮਾਰਦਿਆਂ ਉਸਨੂੰ ਧਿਆਨ ਨਾਲ ਸੁਣਨ ਲਈ ਕਿਹਾ ਸੀ। ਚੁੱਪ ਤਾਂ ਉਹ ਕਰ ਗਿਆ ਪਰ ਅੱਧੀ ਛੁੱਟੀ ਵੇਲੇ ਜੋ ਕੁਝ ਹੋਇਆ, ਸੁਣ, ਸਮਝ ਕੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ ਸੀ.....

ਨਵੇਂ ਪ੍ਰਿੰਸੀਪਲ ਸਾਹਿਬ ਨੇ ਦਫ਼ਤਰ 'ਚ ਬੁਲਾਇਆ ਸੀ। ਆਖਦੇ ਸਨ ਕਿ ਗਿਆਰਵੀਂ ਜਮਾਤ, ਪਹਿਲੇ ਪ੍ਰਿੰਸੀਪਲ ਨੇ ਵਿਗਾੜੀ ਹੋਈ ਹੈ। ਉਹ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਵਿਰੁੱਧ ਉਕਸਾਉਂਦੇ ਰਹਿੰਦੇ ਸੀ.... ਬੱਚੇ ਬੜੇ ਚਾਂਭਲੇ ਹੋਏ ਨੇ.... ਲੱਗਦੀ ਵਾਹੇ, ਏਨ੍ਹਾਂ ਨੂੰ ਝਿੜਕਿਓ, ਮਾਰਿਓ ਨਾ.... ਹੁਣੇ ਹੁਣੇ ਇਕ ਬੱਚਾ ਮੇਰੇ ਕੋਲ ਰੋਂਦਾ-ਕੁਰਲਾਉਂਦਾ ਸ਼ਿਕਾਇਤ ਲਾ ਕੇ ਗਿਆ ਹੈ ਕਿ ਪੰਜਾਬੀ ਵਾਲੇ ਨਵੇਂ ਸਰ ਨੇ ਚਪੇੜਾਂ ਮਾਰੀਆਂ ਹਨ..... ਉਨ੍ਹਾਂ ਨੂੰ ਸਕੂਲੋਂ ਤਬਦੀਲ ਕਰ ਦਿਓ... ਪ੍ਰਿੰਸੀਪਲ ਸਾਹਬ ਦੀ ਸੁਣ ਧਿਆਨ, ਪਿੱਛੇ ਗਿਆਰਵੀਂ ਜਮਾਤ 'ਚ ਚਲਾ ਗਿਆ। ਸ਼ਿਕਾਇਤ ਲਾਉਣ ਵਾਲਾ ਬੱਚਾ ਯਾਦ ਆਇਆ.... ਉਹੀਓ ਬੱਚਾ ਸੀ ਜਿਸਨੇ 'ਉਡਣ-ਖਟੋਲਾ' ਨਾਵਲ ਪੜ੍ਹਿਆ ਸੀ.... ਨਾਵਲ ਵਿਚੋਂ ਗੁਰੂਆਂ ਦੇ ਆਖੇ 'ਚ ਰਹਿਣ ਵਾਲੀ ਸਿੱਖਿਆ ਲੈਣ ਦੀ ਥਾਂ ਉਹੀਓ ਬੱਚਾ ਨਵੇਂ ਗੁਰੂ ਨੂੰ ਸਕੂਲੋਂ ਕਢਵਾਉਣ ਲਈ ਪ੍ਰਿੰਸੀਪਲ ਸਾਹਿਬ ਨੂੰ ਸ਼ਿਕਾਇਤ ਲਾਉਣ ਤੁਰ ਗਿਆ ਸੀ.... ਨੇਰ੍ਹ ਸਾਂਈ ਦਾ...

ਉਹੀਓ ਬੱਚਾ, ਪ੍ਰਿੰਸੀਪਲ ਸਾਹਿਬ ਦੇ ਦਫ਼ਤਰੋਂ ਬਾਹਰ, ਮੁਰਝਾਇਆ ਹੋਇਆ ਮਿਲ ਗਿਆ। ਉਸਨੂੰ ਜੱਫੀ 'ਚ ਲੈਂਦਿਆਂ ਪੁੱਛਿਆ ਸੀ, 'ਬੇਟੇ! 'ਉਡਣ ਖਟੋਲੇ' ਵਿਚ, ਤੇਰੇ ਵਰਗੇ ਸ਼ਰਾਰਤੀ ਬੱਚੇ ਨੂੰ ਗੁਰੂ ਜੀ ਬੇਗਾਨੇ ਗ੍ਰਹਿਆਂ ਦੇ ਲੋਕਾਂ ਤੋਂ ਬਚਾਉਂਦੇ ਹਨ ਤੇ ਤੂੰ ਉਹੀਓ ਨਾਵਲ ਪੜ੍ਹ ਕੇ ਗੁਰੂ ਜੀ ਨੂੰ ਸਕੂਲੋਂ ਕਢਵਾਉਣ ਲਈ ਅਜਿਹਾ ਕਦਮ ਕਿਉਂ ਚੁੱਕ ਲਿਆ?... ਕੀ ਗੁਰੂ ਜੀ ਨੇ ਆਪਣੇ ਚੇਲੇ ਨੂੰ ਬਚਾ ਕੇ ਗਲਤੀ ਕੀਤੀ ਸੀ?' ਪ੍ਰਸ਼ਨ ਸੁਣ, ਉਹ ਮੁੰਡਾ ਜਾਰੋ-ਜਾਰ ਰੋ ਪਿਆ। ਕੁਝ ਦੇਰ ਬਾਅਦ ਚੁੱਪ ਹੋਇਆ ਤੇ ਗੋਡੀਂ ਹੱਥ ਲਾਉਂਦਾ ਕਹਿਣ ਲੱਗਾ.... 'ਸਰ! ਭੁੱਲ ਹੋ ਗਈ.... ਇਸ ਵਾਰੀ ਮਾਫ ਕਰ ਦਿਓ....'

ਛੋਟੀਆਂ ਜਮਾਤਾਂ ਦੇ ਵਿਦਿਆਰਥੀ ਸੁਣ ਲੈਂਦੇ ਹਨ, ਜਰ ਲੈਂਦੇ ਹਨ ਤੇ ਕਹਿਣਾ ਮੰਨ ਲੈਂਦੇ ਹਨ। ਵੱਡੀਆਂ ਜਮਾਤਾਂ ਦੇ ਵਿਦਿਆਰਥੀ ਜੇ ਸਮਝਾਏ ਨਾ ਜਾਣ ਤਾਂ ਉਹ ਹੱਥੋਂ ਖਿਸਕ-ਖਿਸਕ ਜਾਂਦੇ ਹਨ। ਸ਼ਰਾਰਤਾਂ ਕਰਦੇ ਹਨ.... ਮੈਡਮਾਂ ਦੇ ਘਰਾਂ ਦੇ ਪਤੇ ਪੁੱਛਦੇ ਹਨ... ਮੰਦਰ ਰੂਪੀ ਸਕੂਲਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜਦੇ ਹਨ... ਉਨ੍ਹਾਂ ਨਾਲ ਭਾਵੁਕ ਸਾਂਝ, ਪਰਿਵਾਰਕ ਸਾਂਝ ਤੇ ਮਾਨਸਿਕ ਸਾਂਝ ਬਣਾਉਣੀ ਵੇਲੇ ਦੀ ਲੋੜ ਹੁੰਦੀ ਏ.... ਇਹ ਗੱਲਾਂ, ਮੈਨੂੰ ਨਵੇਂ ਸਕੂਲ 'ਚ ਜਾ ਕੇ ਇਕ-ਦੋ ਦਿਨਾਂ 'ਚ ਸਮਝ ਆ ਗਈਆਂ ਸਨ....

ਪ੍ਰਾਰਥਨਾ ਵੇਲੇ ਭਾਸ਼ਣ ਦੇਂਦਿਆਂ ਵਿਦਿਆਰਥੀਆਂ ਨੂੰ ਦੱਸਿਆ ਸੀ- 'ਸਕੂਲ ਸਾਡਾ ਬਾਗ ਹੁੰਦਾ ਹੈ। ਬੱਚੇ ਇਸ ਬਾਗ ਦੇ ਫੁੱਲ ਹੁੰਦੇ ਹਨ। ਪ੍ਰਿੰਸੀਪਲ ਸਾਹਿਬ ਬਾਗ ਦੇ ਵੱਡੇ ਮਾਲੀ ਹੁੰਦੇ ਹਨ। ਉਨ੍ਹਾਂ ਦੀ ਦੇਖ-ਰੇਖ ਵਿਚ ਅਸੀਂ ਛੋਟੇ-ਛੋਟੇ ਮਾਲੀ ਤੁਹਾਨੂੰ ਸਿੱਖਿਆ ਅਤੇ ਗਿਆਨ ਰੂਪੀ ਪਾਣੀ ਦੇਂਦੇ ਹਾਂ ਤਾਂ ਜੋ ਤੁਸੀਂ ਵੰਨ-ਸੁਵੰਨੇ ਰੰਗਾਂ ਵਿਚ ਖਿੜੋ, ਮਹਿਕੋ.... ਚੱਜ-ਆਚਾਰ ਦੀਆਂ ਖੁਸ਼ਬੋਈਆਂ ਵੰਡੋਂ ਤੇ ਆਰ-ਪਰਿਵਾਰ ਸਮੇਤ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੋ....

ਭਾਸ਼ਣ ਦੇ ਅਖੀਰ 'ਚ ਇਕ ਕਹਾਣੀ ਵੀ ਸੁਣਾਈ ਸੀ। ਗੁਰੂ ਤੇ ਚੇਲਿਆਂ ਦੀ ਕਹਾਣੀ ਸੀ। ਤਿੰਨ ਚੇਲੇ ਹੁੰਦੇ ਹਨ। ਸਿੱਖਿਆ ਪ੍ਰਾਪਤ ਕਰਕੇ ਉਨ੍ਹਾਂ ਨੇ ਘਰੋਂ ਘਰੀਂ ਜਾਣਾ ਹੁੰਦਾ ਹੈ। ਗੁਰੂ ਜੀ ਉਨ੍ਹਾਂ ਨੂੰ ਤੜਕੇ-ਸਵੇਰੇ, ਵਾਰੀ ਵਾਰੀ ਕੁਟੀਆ 'ਚ ਮਿਲਣ ਦਾ ਕਹਿ ਕੇ ਸੌਂ ਜਾਂਦੇ ਹਨ।

ਘਰੀਂ ਜਾਣ ਦੇ ਚਾਅ 'ਚ ਚੇਲੇ ਪਲ-ਪਲ, ਛਿਣ-ਛਿਣ ਗਿਣਦੇ ਰਾਤ ਬਿਤਾਉਂਦੇ ਹਨ। ਪਹਿਲਾ ਚੇਲਾ ਸਵੇਰ ਹੋਣ ਤੋਂ ਪਹਿਲਾਂ ਦੁੜੰਗੇ ਮਾਰਦਾ ਗੁਰੂ ਜੀ ਦੀ ਕੁਟੀਆ 'ਚ ਜਾ ਪੁੱਜਦਾ ਹੈ। ਉਹ ਅੱਗੇ, ਪਿੱਛੇ, ਕੁਝ ਨਹੀਂ ਵੇਖਦਾ। ਦੂਸਰਾ ਚੇਲਾ, ਕੁਟੀਆ 'ਚ ਜਾਂਦਿਆਂ, ਹੇਠਾਂ ਪਏ ਕੁਝ ਕੰਡੇ ਵੇਖਦਾ ਹੈ ਤੇ ਉਨ੍ਹਾਂ ਤੋਂ ਬਚਦਾ-ਬਚਾਉਂਦਾ ਕੁਟੀਆ 'ਚ ਜਾ ਪੁੱਜਦਾ ਹੈ। ਤੀਸਰੇ ਚੇਲੇ ਦੀ ਸੁਣੋ। ਕੁਟੀਆ 'ਚ ਜਾਂਦਿਆਂ ਉਸ ਦਾ ਧਿਆਨ ਇਕ ਕੰਡੇ 'ਤੇ ਪੈ ਜਾਂਦਾ ਹੈ। ਉਹ ਕੰਡਾ ਚੁੱਕ, ਦੂਰ ਟੋਏ 'ਚ ਸੁੱਟ ਆਉਂਦਾ ਹੈ। ਅੱਗੇ ਉਸਨੂੰ ਇਕ ਨਹੀਂ, ਕਈ ਕੰਡੇ ਦਿਸਦੇ ਹਨ। ਉਹ ਵਾਰੀ-ਵਾਰੀ ਸਾਰੇ ਕੰਡੇ ਚੁਗਦਾ ਹੈ ਤੇ ਦੂਰ ਟੋਏ 'ਚ ਸਮੇਟ ਆਉਂਦਾ ਹੈ.... ਗੁਰੂ ਜੀ, ਅੰਦਰ ਕੁਟੀਆ 'ਚ ਸਾਰਾ ਕੁਝ ਵੇਖ ਰਹੇ ਹੁੰਦੇ ਹਨ। ਪ੍ਰੀਖਿਆ ਲੈ ਰਹੇ ਹੁੰਦੇ ਹਨ। ਉਹ ਤੀਸਰੇ ਚੇਲੇ ਨੂੰ ਗਲਵਕੜੀ ਪਾਉਂਦੇ ਹਨ ਤੇ ਨਿੱਘੀ ਵਿਦਾਇਗੀ ਦਿੰਦੇ ਹਨ..... ਪਹਿਲੇ ਦੋਵੇਂ ਚੇਲਿਆਂ ਨੂੰ ਫਿਰ ਤੋਂ ਸਿੱਖਿਆ ਲੈਣੀ ਪੈਂਦੀ ਹੈ..... ਉਨ੍ਹਾਂ ਦੀ ਸਿੱਖਿਆ ਅਧੂਰੀ ਰਹਿ ਗਈ ਸੀ ਨਾ....

ਪ੍ਰਾਰਥਨਾ ਤੋਂ ਬਾਅਦ ਜਮਾਤਾਂ ਲੱਗ ਗਈਆਂ ਸਨ। ਅੱਧੀ ਛੁੱਟੀ ਵੇਲੇ ਸ਼ਰਾਰਤੀ ਵਿਦਿਆਰਥੀਆਂ ਵਾਲੀ ਜਮਾਤ ਦੇ ਕੁਝ ਵਿਦਿਆਰਥੀਆਂ ਨੇ ਦੁਆਲੇ ਝੁਰਮਟ ਪਾ ਲਿਆ ਸੀ....

'ਸਰ! ਪਹਿਲੇ ਦੋ ਚੇਲਿਆਂ ਨੂੰ ਦੁਬਾਰਾ ਕਿਉਂ ਸਿੱਖਿਆ ਲੈਣੀ ਪਈ?' ਇਕ ਵਿਦਿਆਰਥੀ ਨੇ ਪੁੱਛਿਆ ਸੀ।

'ਸਰ! ਤੀਜੇ ਵਿਦਿਆਰਥੀ ਨੂੰ ਕੰਡੇ ਸਾਫ ਕਰਨ ਕਰਕੇ ਘਰ ਜਾਣ ਦੀ ਆਗਿਆ ਮਿਲੀ ਸੀ ਨਾ....' ਦੂਜੇ ਵਿਦਿਆਰਥੀ ਨੇ ਕਹਾਣੀ ਦਾ ਹੱਲ ਸੁਲਝਾਉਂਦਿਆਂ ਕਿਹਾ ਸੀ....

'ਸਰ! ਲੱਗਾ ਤਾਂ ਤੁਸੀਂ ਲੱਲੂ ਜੀ.... ਪਰ ਗੱਲਾਂ ਬੜੀਆਂ ਕੰਮ ਦੀਆਂ ਦੱਸਾ ਜੀ.... ਇਵੇਂ ਸਾਨੂੰ ਕੋਈ ਨਹੀਂ ਪੜ੍ਹਾਵਾ ਜੀ....'' ਝੁਰਮਟ 'ਚ ਖੜ੍ਹੇ ਲੰਮੇ-ਉੱਚੇ ਂਿÂਕ ਹੋਰ ਸ਼ਰਾਰਤੀ ਵਿਦਿਆਰਥੀ ਨੇ ਕਿਹਾ ਸੀ।