ਕਿਊਬਾ ਵਿਚ ਸੱਤ ਦਿਨ - ਭਾਗ 6 (ਸਫ਼ਰਨਾਮਾ )

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਿਕਸ਼ੇ ਤੇ ਚੜ੍ਹ ਕੇ ਕਿਊਬਾ ਦਾ ਇਕ ਹੋਰ ਪਾਸਾ ਵੇਖਣਾ
 
      ਸ਼ਾਮ ਪੈਣ ਤੋਂ ਪਹਿਲਾਂ ਜਦ ਅਸੀਂ ਰਿਕਸ਼ਾ ਕਰ ਕੇ ਰੀਜ਼ੋਰਟ ਤੋਂ ਬਾਹਰ ਦਾ ਕਿਊਬਾ ਵੇਖਣ ਲਈ ਨਿਕਲੇ ਤਾਂ ਮੌਸਮ ਕਾਫੀ ਗਰਮ ਸੀ। ਰੀਜ਼ੋਰਟ ਤੋਂ ਬਾਹਰ ਜਾਂਦੀ ਵਡੀ ਸੜਕ ਤੇ ਰਿਕਸ਼ੇ ਵਾਲਾ ਓਸੇ ਥਾਂ ਤੇ ਖੜ੍ਹਾ ਸੀ ਜਿਥੇ ਇਕ ਦਿਨ ਪਹਿਲਾਂ ਉਹ ਸਾਨੂੰ ਮਿਲਿਆ ਸੀ। ਓਸ ਨੂੰ ਕੱਲ ਵਾਂਗ ਹੀ ਦੋ ਘੰਟਿਆਂ ਵਾਸਤੇ ਰਿਕਸ਼ੇ ਤੇ ਚੜ੍ਹ ਕੇ ਸੈਰ ਕਰਨ ਜਾਣ ਲਈ ਕਿਹਾ ਤਾਂ ਉਸ ਨੂੰ ਸਾਡੀ ਕੋਈ ਗੱਲ ਸਮਝ ਨਹੀਂ ਆ ਰਹੀ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਸਾਨੂੰ ਬਿਲਕੁਲ ਹੀ ਪਹਿਚਾਣ ਨਹੀਂ ਰਿਹਾ ਸੀ। ਰਿਕਸ਼ਾ ਵੀ ਬਿਲਕੁਲ ਕੱਲ ਵਰਗਾ ਤੇ ਮੁੰਡਾ ਵੀ ਹੂ ਬਹੁ ਹਰ ਪਖੋਂ ਭਾਵ ਕੱਦ ਕਾਠ ਅਤੇ ਉਮਰ ਦੇ ਪਖੋਂ ਉਹੀ ਸੀ ਪਰ ਉਹ ਕੱਲ ਵਾਲੀ ਕੋਈ ਵੀ ਗੱਲ ਨਹੀਂ ਸਮਝ ਰਿਹਾ ਸੀ। ਕੁਝ ਚਿਰ ਦੀ ਸਿਰ ਖਪਾਈ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚ ਗਏ ਕਿ ਇਹ ਮੁੰਡਾ ਕੱਲ ਵਾਲਾ ਨਹੀਂ ਸੀ ਪਰ ਇਸਦੀ ਸ਼ਕਲ ਬਿਲਕੁਲ ਕੱਲ ਵਾਲੇ ਮੁੰਡੇ ਨਾਲ ਸੌ ਪ੍ਰਤੀ ਸ਼ਤ ਮਿਲਦੀ ਸੀ। ਜਿਵੇਂ ਕਿਵੇਂ ਵੀ ਭਾਸ਼ਾ ਦੀ ਸਮਝ ਨਾ ਹੁੰਦਿਆਂ ਵੀ ਉਹਦੇ ਰਿਕਸ਼ੇ ਵਿਚ ਬੈਠ ਕੇ ਉਹਨੂੰ ਅਸੀਂ ਟੋਰ ਲਿਆ ਤੇ ਕੋਕੋ ਬੀਚ ਵਾਲੇ ਰਸਤੇ ਪਾ ਲਿਆ। ਦੋ ਦਿਨ ਪਹਿਲਾਂ ਅਸੀਂ ਤਾਂਗਿਆਂ ਅਤੇ ਸਾਈਕਲਾਂ ਉਤੇ ਚੜ੍ਹ ਕੇ ਕੋਕੋ ਬੀਚ ਗਏ ਸਾਂ ਜਿਥੇ ਇਕ ਤਿੰਨ ਮੰਜਲ਼ੀ ਬਿਲਡਿੰਗ ਤੋਂ ਅਗੇ ਕੋਕੋ ਬੀਚ ਨੂੰ ਕੱਚਾ ਰਸਤਾ ਮੁੜ ਜਾਂਦਾ ਸੀ ਪਰ ਅਸੀਂ ਓਸ ਕੱਚੇ ਰਸਤੇ ਨਾ ਪਏ ਅਤੇ ਬਿਲਿਡੰਗ ਦੇ ਆਖਰੀ ਹਿੱਸੇ ਕੋਲ ਪਹੁੰਚ ਕੇ ਰਿਕਸ਼ਾ ਖਬੇ ਪਾਸੇ ਵੱਲ ਪੈਂਦੇ ਪਿੰਡਾਂ ਵੱਲ ਮੋੜ ਲਿਆ। ਜਿਥੋਂ ਤਕ ਅਸੀਂ ਜਾ ਸਕਦੇ ਸਾਂ ਅਸੀਂ ਰਿਕਸ਼ਾ ਲੈ ਗਏ ਪਰ ਅਗੇ ਜਾ ਕੇ ਪਾਣੀ ਆ ਗਿਆ। ਇਸ ਲਈ  ਓਸ ਤੋਂ ਅਗੇ ਜਾਣਾ ਮੁਸ਼ਕਲ ਸੀ। ਮੈਂ ਵੇਖਣਾ ਚਹੁੰਦਾ ਸਾਂ ਕਿ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ। ਪਾਣੀ ਆਣ ਤੋਂ ਪਹਿਲਾਂ ਕਈ ਥਾਈਂ ਸੱਜੇ ਪਾਸੇ ਛੱਪਰ ਪਏ ਹੋਏ ਸਨ ਜਿਨ੍ਹਾਂ ਹੇਠਾਂ ਘੋੜ੍ਹੇ ਬੰਨ੍ਹੇ ਹੋਏ ਸਨ। ਕਿਧਰੇ ਕਿਧਰੇ ਟਰੈਕਟਰ ਵੀ ਖੜ੍ਹੇ ਸਨ ਅਤੇ ਕੁਝ ਘਰਾਂ ਅਗੇ ਅਤੇ ਪਾਸੇ ਬਣੇ ਵਾੜਿਆਂ ਵਿਚ ਥੋੜ੍ਹੀਆਂ ਥੋੜ੍ਹੀਆਂ ਸਬਜ਼ੀਆਂ ਵੀਜੀਆਂ ਹੋਈਆਂ ਸਨ ਜਿਨ੍ਹਾਂ ਵਿਚ ਟਮਾਟਰਾਂ ਦੇ ਬੂਟੇ ਦਿਸ ਰਹੇ ਸਨ। ਕਿਧਰੇ ਕਿਧਰੇ ਕੇਲੇ, ਮੱਕੀ ਜਾਂ ਕਮਾਦ ਦੇ ਕੁਝ ਬੂਟੇ ਦਿਸਦੇ ਸਨ ਪਰ ਠੁਕ ਨਾਲ ਕੁਝ ਪਤਾ ਨਹੀਂ ਲਗਦਾ ਸੀ ਕਿ ਇਥੇ ਕਿਹੜੀ ਫਸਲ ਹੁੰਦੀ ਸੀ ਜਿਵੇਂ ਪੰਜਾਬ ਵਿਚ ਹੋਣ ਵਾਲੀਆਂ ਜਾ ਹੁੰਦੀਆਂ ਫਸਲਾਂ ਦਾ ਸਾਨੂੰ ਸਾਰਾ ਪਤਾ ਹੁੰਦਾ ਹੈ। ਕਾਫੀ ਮੁੰਡੇ ਕੁੜੀਆਂ ਘਰਾਂ ਦੇ ਬਾਹਰ ਜਾਂ ਲਾਗੇ ਖੇਡਦੇ ਦਿਸਦੇ ਸਨ ਪਰ ਪਕੀ ਮੇਨ ਸੜਕ ਤੇ ਜਿਥੇ ਬੱਸ ਆ ਕੇ ਰੁਕਦੀ ਸੀ, ਓਥੇ ਹਰ ਅਡੇ ਉਤੇ ਸਵਾਰੀਆਂ ਦੀ ਭੀੜ ਸੀ। ਹਨੇਰਾ ਹੋ ਰਿਹਾ ਸੀ ਤੇ ਮਛਰ ਲੜਨਾ ਸ਼ੁਰੂ ਹੋ ਗਿਆ ਸੀ। ਸਾਡੀਆਂ  ਲੱਤਾਂ ਵੀ ਨੰਗੀਆਂ ਸਨ ਅਤੇ ਸ਼ਾਟਸ ਪਾਏ ਹੋਣ ਕਰ ਕੇ ਮੱਛਰ ਨੂੰ ਲੱਤਾਂ ਜਾਂ ਬਾਹਵਾਂ ਤੇ ਲੜਨ ਲਈ ਕੋਈ ਮੁਸ਼ਕਲ ਪੇਸ਼ ਨਹੀਂ ਹੋ ਰਹੀ ਸੀ। ਘੋੜਿਆਂ ਦੇ ਵਾੜੇ ਤੇ ਪਏ ਸਾਜ਼ ਬਾਜ਼ ਤੋਂ ਪਤਾ ਲਗਦਾ ਸੀ ਕਿ ਇਹਨਾਂ ਪਿੰਡਾਂ ਵਿਚ ਲੋਕ ਘੋੜੇ ਰਖਦੇ ਸਨ ਪਰ ਇਹ ਘੋੜੇ ਕਿਸ ਕੰਮ ਆਉਂਦੇ ਸਨ, ਇਹ ਪਤਾ ਨਹੀਂ ਲਗਦਾ ਸੀ। ਕਿਸੇ ਘਰ ਅਗੇ ਕਾਰ ਘੱਟ ਹੀ ਦਿਸਦੀ ਸੀ ਅਤੇ ਜੇ ਕੋਈ ਕਾਰ ਦਿਸਦੀ ਸੀ ਤਾਂ ਛੋਟੀ ਰੂਸੀ ਲਾਡਾ ਕਾਰ ਵਰਗੀ ਸੀ। ਜਿਸ ਤਰ੍ਹਾਂ ਦੀਆਂ ਫੀਅਟ ਕਾਰਾਂ ਕੁਝ ਦਹਾਕੇ ਪਹਿਲਾਂ ਪੰਜਾਬ ਜਾਂ ਹਿੰਦੋਸਤਾਨ ਵਿਚ ਆਮ ਹੁੰਦੀਆਂ ਸਨ। ਕਮਿਉਨਿਸਟ ਕੰਟਰੀ ਕਿਊਬਾ ਦੇ ਜਨ ਜੀਵਨ ਦਾ ਅਸਲ ਪਤਾ ਤਾਂ ਇਥੋਂ ਦੀ ਸਪੈਨਿਸ਼ ਭਾਸ਼ਾ ਆਉਣ ਨਾਲ ਹੀ ਲੱਗ ਸਕਦਾ ਸੀ। ਦੂਜਾ ਤਰੀਕਾ ਇਹ ਸੀ ਕਿ ਕਿ ਇਥੇ ਇਹਨਾਂ ਲੋਕਾਂ ਵਿਚ ਇਹਨਾਂ ਵਰਗੇ ਹੋ ਕੇ ਹੀ ਕੁਝ ਮਹੀਨੇ ਜਾਂ ਸਾਲ ਰਿਹਾ ਜਾਵੇ ਅਤੇ ਇਹਨਾਂ ਵਿਚ ਵਿਚਰ ਕੇ ਅਸਲ ਜੀਵਨ ਅਤੇ ਕਾਰ ਵਿਹਾਰ ਦਾ ਪਤਾ ਲਾਇਆ ਜਾਵੇ। ਤਿੰਨ ਦਿਨ ਰੀਜ਼ੋਰਟ ਵਿਚੋਂ ਬਾਹਰ ਆਉਣ ਤੇ ਪੁਲਸ ਦਾ ਵਰਦੀਧਾਰੀ ਕੋਈ ਬੰਦਾ ਨਜ਼ਰ ਨਹੀਂ ਸੀ ਆਇਆ ਜਿਵੇਂ ਭਾਰਤ ਅਤੇ ਪਾਕਿਸਤਾਨ ਵਿਚ ਹਥਿਆਰਬੰਦ ਪੁਲਸ ਆਮ ਲੋਕਾਂ ਨਾਲੋਂ ਵੀ ਵਧ ਦਿਖਾਈ ਦੇਂਦੀ ਹੈ। ਇਥੋਂ ਤਕ ਕਿ ਨਾਰਥ ਅਮਰੀਕਾ ਵਿਚ ਵੀ ਪੁਲਸ ਦੀਆਂ ਗਡੀਆਂ ਹਰ ਪੰਜ ਸੱਤ ਮਿੰਟਾਂ ਬਾਅਦ ਸੜਕਾਂ ਤੇ ਭੱਜੀਆਂ ਫਿਰਦੀਆਂ ਦਿਸ ਪੈਂਦੀਆਂ ਹਨ। ਜਿਵੇਂ ਡਰ ਪਾਇਆ ਗਿਆ ਸੀ ਕਿ ਕਿਊਬਾ ਵਿਚ ਪੁਲਸ ਬਹੁਤ ਮਾੜੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਦਿਸਣ ਵਿਚ ਨਹੀਂ ਸੀ ਆਈ।


         ਰਸਤੇ ਵਿਚ ਵਖ ਵਖ ਪਿੰਡਾਂ ਵਿਚੋਂ ਲੰਘਦਿਆਂ ਹੋਇਆਂ ਆਂਦਿਆਂ ਜਾਂਦਿਆਂ ਸੜਕਾਂ ਤੇ ਖੜ੍ਹੇ ਲੋਕਾਂ ਵਿਚੋਂ ਕਿਸੇ ਨੇ ਸਾਡੇ ਨਾਲ ਕੋਈ ਗੱਲ ਬਾਤ ਜਾਂ ਡਾਇਲਾਗ ਨਹੀਂ ਕੀਤਾ। ਨਾ ਹੀ ਪੰਜਾਬ ਦੀ ਪ੍ਰਾਹੁਣਚਾਰੀ ਵਾਂਗ ਕਿਸੇ ਨੇ ਬਾਂਹੋਂ ਫੜ ਕੇ ਕਿਹਾ ਕਿ ਆਓ ਸਾਡੇ ਘਰ ਚਾਹ ਦਾ ਕੱਪ ਪੀ ਕੇ ਜਾਇਓ। ਇਕ ਪਿੰਡ ਵਿਚ ਇਕ ਔਰਤ ਘਰ ਦੇ ਬਾਹਰ ਬੈਠੀ ਹੋਈ ਵੇਖੀ ਜਿਸ ਦੇ ਲਾਗੇ ਉਹਦੇ ਨਿਆਣੇ ਖੇਡ ਰਹੇ ਸਨ। ਪਹਿਲਾਂ ਤਾਂ ਮੇਰਾ ਜੀ ਕੀਤਾ ਕਿ ਇਸ ਨਾਲ ਗੱਲ ਕੀਤੀ ਜਾਵੇ ਪਰ ਕੀ ਗੱਲ ਕੀਤੀ ਜਾਵੇ ਤੇ ਗੱਲ ਕਿਥੋਂ ਤੇ ਕਿਵੇਂ ਸ਼ੁਰੂ ਕੀਤੀ ਜਾਵੇ, ਇਸਦਾ ਕੋਈ ਸਿਰਾ ਹਥ ਨਹੀਂ ਆ ਰਿਹਾ ਸੀ। ਗਲਤੀ ਇਹ ਹੋਈ ਕਿ ਜੋ ਕਪੜੇ ਲੋਕਾਂ ਨੂੰ ਵੰਡਣ ਲਈ ਲਿਆਂਦੇ ਸਨ, ਜੇਕਰ ਉਹ ਕਪੜੇ ਇਸ ਵੇਲੇ ਕੋਲ ਹੁੰਦੇ ਤਾਂ ਕਪੜੇ ਦੇਣ ਦੇ ਬਹਾਨੇ ਕੋਈ ਨਾ ਕੋਈ ਗੱਲ ਹੋ ਸਕਦੀ ਸੀ ਜਾਂ ਗੱਲ ਸ਼ੁਰੂ ਕਰਨ ਦਾ ਬਹਾਨਾ ਤਾਂ ਬਣ ਹੀ ਜਾਂਦਾ ਸੀ। ਫਿਰ ਵੀ ਭਾਸ਼ਾ ਦੀ ਸਮਝ ਨਾ ਹੋਣੀ ਬੜੀ ਵਡੀ ਔਕੜ ਤੇ ਰੁਕਾਵਟ ਸੀ। ਗੱਲ ਤਾਂ ਇਸ ਦੇਸ਼ ਦੇ ਲੋਕਾਂ ਦੇ ਮਨਾਂ ਵਿਚ ਦਾਖਲ ਹੋਣ ਦੀ ਸੀ। ਕਮਿਉਨਿਸਟ ਦੇਸ਼ ਹੋਣ ਕਾਰਨ ਇਹਨਾਂ ਦਾ ਜੀਵਨ ਢਾਂਚਾ ਕੀ ਸੀ, ਆਰਥਕਤਾ ਕਿਵੇਂ ਚਲਦੀ ਸੀ? ਘਰ ਬਾਰ ਦਾ ਖਰਚਾ ਕਿਥੋਂ ਆਉਂਦਾ ਸੀ। ਇਸਦਾ ਪਤਾ ਨਹੀਂ ਲੱਗ ਰਿਹਾ ਸੀ। ਅਮਰੀਕਾ ਅਤੇ ਕੈਨੇਡਾ ਵਰਗੇ ਅਮੀਰ ਦੇਸ਼ਾਂ ਦੇ ਐਨ ਕੰਢੇ ਭਾਵ ਦੋ ਤਿੰਨ ਘੰਟਿਆਂ ਦੀ ਹਵਾਈ ਉਡਾਣ ਭਰ ਕੇ ਇਸ ਤਰ੍ਹਾਂ ਦੇ ਗਰੀਬ ਦੇਸ਼ ਹੋਣ ਦਾ ਕੀ ਮਤਲਬ ਸੀ? ਜਦ ਕਿ ਇਹ ਬੈਲਟ ਤਾਂ ਅਮੀਰ ਦੇਸ਼ਾਂ ਦੀ ਸੀ। ਇਹ ਤਾਂ ਦਿਸ ਹੀ ਰਿਹਾ ਸੀ ਕਿ ਦੇਸ਼ ਵਿਚ ਗਰੀਬੀ ਸੀ। ਫਿਰ ਇਹ ਲੋਕ ਗੁਜ਼ਾਰਾ ਕਿਵੇਂ ਕਰਦੇ ਸਨ। ਸਰਕਾਰੀ ਨੌਕਰੀਆਂ, ਖੇਤੀਬਾੜੀ ਜਾਂ ਪਰਾਈਵੇਟ ਕੰਮ ਕਾਰ ਕਿਸ ਤਰ੍ਹਾਂ ਦੇ ਸਨ। ਵਾਹ ਤਾਂ ਹੁਣ ਤਕ ਸਿਰਫ ਰੀਜ਼ੋਰਟ ਵਿਚ ਕੰਮ ਕਰਨ ਵਾਲੇ ਸਟਾਫ ਨਾਲ ਹੀ ਪਿਆ ਸੀ ਜੋ 20 ਪੀਸੋ ਮਹੀਨੇ ਦੀ ਤਨਖਾਹ ਤੋਂ ਕਿਤੇ ਵੱਧ ਰੋਜ਼ ਦਾ ਟਿੱਪ ਬਣਾ ਲੈਂਦੇ ਸਨ। ਇਹਨਾਂ ਦਾ ਕੰਮ ਤਾਂ ਟਿੱਪ ਮਿਲਣ ਨਾਲ ਵਧੀਆ ਚੱਲ ਰਿਹਾ ਸੀ। ਰਿਕਸ਼ੇ ਵਾਲਾ ਮੁੰਡਾ ਵੀ ਸਾਡੇ ਲਈ ਗੁੰਗਾ ਤੇ ਬੋਲਾ ਸੀ ਤੇ ਪੰਜਾਬੀ ਦੇ ਓਸ ਮਸ਼ਹੂਰ ਮੁਹਾਵਰੇ ਵਾਂਗ ਹੀ ਸੀ ਜਿਥੇ ਅੰਨ੍ਹੀ ਨੂੰ ਬੋਲਾ ਘਸੀਟ ਰਿਹਾ ਸੀ।
         ਜਦ ਅਸੀਂ ਵਾਪਸ ਰੀਜ਼ੋਰਟ ਵਿਚ ਆਏ ਤਾਂ ਹਨੇਰਾ ਹੋ ਚੁਕਾ ਸੀ। ਜਿਸਮ  ਤੇ ਜਿਥੇ ਜਿਥੇ ਮਛਰ ਲੜਿਆ ਸੀ, ਓਥੇ ਬੜੀ ਖਾਰਿਸ਼ ਹੋਣ ਲੱਗ ਪਈ ਸੀ। ਇਹਤਿਹਾਤਨ ਅਸੀਂ ਇੰਡੀਆ ਵਾਲੀ ਮਛਰ ਲੜਨ ਤੇ ਮਲਣ   ਓਡੋਮਾਸ ਕਰੀਮ ਨਾਲ ਲੈ ਗਏ ਸਾਂ ਪਰ ਉਸਦੇ ਮਲਣ ਨਾਲ ਖਾਰਸ਼ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ। ਬਾਰ ਚੋਂ ਦਾਰੂ ਲੈ ਕੇ ਵੀ ਮਛਰ ਲੜਨ ਵਾਲੀ ਥਾਂ ਤੇ ਲਗਾਈ ਪਰ ਫਿਰ ਵੀ ਕੋਈ ਫਰਕ ਨਾ ਪਿਆ। ਪਤਾ ਨਹੀਂ ਇਹ ਕਿਸ ਕਿਸਮ ਦਾ ਜ਼ਹਿਰੀਲਾ ਮਛਰ ਸੀ। ਹਾਰ ਕੇ ਇਸਦਾ ਇਲਾਜ ਇਹੀ ਲਭਿਆ ਕਿ ਫਰੀ ਦੀ ਦਾਰੂ ਹੋਰ ਪੀਤੀ ਜਾਵੇ ਤੇ ਮਛਰ ਲੜਨ ਦੀ ਖਾਰਸ਼ ਮੂੰ ਭੁਲਿਆ ਜਾਵੇ। ਦਾਰੂ ਦੇ ਨਸ਼ੇ ਨਾਲ ਮਛਰ ਲੜਨ ਦੀ ਖਾਰਸ਼ ਆਪੇ ਮਠੀ ਪੈ ਜਾਵੇਗੀ। ਜੋ ਅਗਲਾ ਦਿਨ ਚੜ੍ਹਨਾ ਸੀ, ਸਾਡੀ ਵਕੇਸ਼ਨ ਦਾ ਉਹ ਆਖਰੀ ਦਿਨ ਅਤੇ ਆਖਰੀ ਰਾਤ ਹੋਣੀ ਸੀ। ਇਸ ਲਈ ਸਮੇਂ ਦਾ ਵਧ ਤੋਂ ਵਧ ਸਵਾਦ ਅਤੇ ਨਸ਼ਾ ਮੈਂ ਆਪਣੇ ਅੰਦਰ ਬਾਹਰ ਭਰ ਲੈਣਾ ਚਹੁੰਦਾ ਸਾਂ। ਸਭ ਤੋਂ ਵਧੀਆ ਤੇ ਅਨੋਖੀ ਗੱਲ ਇਹ ਸੀ ਕਿ ਕਿਤੇ ਕੋਈ ਫੋਨ ਨਹੀਂ ਵੱਜ ਰਿਹਾ ਸੀ। ਸਿਰਫ ਕਮਰਿਆਂ ਦੇ ਅੰਦਰ ਇੰਟਰਕਾਮ ਫੋਨ ਸਨ ਜਿਥੇ ਨਾ ਕੋਈ ਫੋਨ ਆਉਂਦਾ ਸੀ ਅਤੇ ਨਾ ਜਾਂਦਾ ਸੀ। ਹਾਂ ਬੈਂਕ ਮੈਨੇਜਰ ਜੋਸੇ ਕੋਲ ਇੰਟਰਕਾਮ ਫੋਨ ਵੇਖਿਆ ਸੀ ਜਾਂ ਫਿਰ ਰੀਸੈਪਸ਼ਨ ਤੇ ਫੋਨ ਵੇਖੇ ਸਨ। ਦਸ ਡਾਲਰ ਦਾ ਕਾਰਡ ਖਰੀਦ ਕੇ ਫੋਨ ਨਾ ਮਿਲਣ ਦਾ ਵੇਰਵਾ ਮੈਂ ਪਿਛੇ ਲਿਖ ਹੀ ਆਇਆ ਹਾਂ। ਇਸ ਰਾਤ ਨੂੰ ਹੋਰ ਮਜ਼ੇਦਾਰ ਕਿਵੇਂ ਬਣਾਇਆ ਜਾਵੇ, ਸਿਵਾਏ ਫਰੀ ਦੀ ਦਾਰੂ ਪੀਣ ਦੇ ਹੋਰ ਕੋਈ ਰਾਹ ਨਹੀਂ ਦਿਸ ਰਿਹਾ ਸੀ। ਚੜ੍ਹਨ ਵਾਲੀ ਸਵੇਰੇ ਅਤੇ ਵੇਕੇਸ਼ਨ ਦਾ ਆਖਰੀ ਦਿਨ ਹੋਣ ਤੇ ਸਾਮਾਨ ਬੰਨ੍ਹਣਾ, ਰੀਜ਼ੋਰਟ ਦਾ ਹਿਸਾਬ ਕਿਤਾਬ ਕਰਨਾ ਤੇ ਵਾਪਸ ਜਾਣ ਦੀ ਤਿਆਰੀ ਕਰਨੀ ਸੀ। ਸ਼ਰਾਬ ਦੇ ਗਲਾਸ ਭਰਵਾ ਕੇ ਪ੍ਰਿੰਸੀਪਲ ਸਾਹਿਬ ਤੇ ਮੈਂ ਆਪਣੇ ਕਮਰੇ ਵਿਚ ਆ ਗਏ। ਇਕੋ ਡੀਕੇ ਹਲਕ ਅੰਦਰ ਸੁਟ ਕੇ ਬੈੱਡ ਤੇ ਲੇਟ ਗਏ ਜਿਥੇ ਪ੍ਰਿੰਸੀਪਲ ਸਾਹਿਬ ਕੁਝ ਚਿਰ ਬਾਅਦ ਉਹ ਡੂੰਘੀ ਨੀਂਦ ਦੀ ਗੋਦ ਵਿਚ ਜਾ ਬਿਰਾਜੇ। ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਕਮਰਾ ਬੰਦ ਕਰ ਕੇ ਹੌਲੀ ਹੌਲੀ ਪੂਲ ਤੇ ਆ ਕੇ ਇਕ ਕੁਰਸੀ ਤੇ ਬੈਠ ਗਿਆ। ਸ਼ਰਾਬ ਦੇ ਨਸ਼ੇ ਵਿਚ ਪੂਲ ਦਾ ਨੀਲਾ ਪਾਣੀ, ਚਮਕਦੀਆਂ ਰੋਸ਼ਨੀਆਂ ਅਤੇ ਨਾਰੀਅਲ ਦੇ ਰੁੱਖ ਬਹੁਤ ਖੂਬਸੂਰਤ ਦਿਖਾਈ ਦੇ ਰਹੇ ਸਨ। ਪੂਲ ਤੋਂ ਥੋੜ੍ਹਾ ਪਰ੍ਹਾਂ ਹਨੇਰੇ ਵਿਚ ਸਮੁੰਦਰ ਦਾ ਪਾਣੀ ਲਹਿਰਾਂ ਪੈਦਾ ਕਰਦਾ ਆਪਣਾ ਕਾਰਜ ਓਸੇ ਤਰ੍ਹਾਂ ਨਿਭਾ ਰਿਹਾ ਸੀ ਜੋ ਸਦੀਆਂ ਤੋਂ ਓਹਦੇ ਮਥੇ ਲਿਖਿਆ ਹੋਇਆ ਸੀ। ਮੈਂ ਵੇਕੇਸ਼ਨ ਤੇ ਆਇਆ ਸਾਂ। ਸਮੁੰਦਰ ਦਾ ਕੰਢਾ, ਕਾਫੀ ਹੱਦ ਤਕ ਇੱਕਲ ਤੇ ਹਨੇਰਾ ਪਰ ਮਨ ਸ਼ਾਂਤ ਕਿਉਂ ਨਹੀਂ ਸੀ। ਮੈਂ ਆਪਣੀ ਚੱਪਲ ਲਾਹ ਕੇ ਪਾਸੇ ਰੱਖ ਦਿਤੀ  ਤੇ ਰੇਤ ਵਿਚ ਆਪਣੇ ਪੈਰ ਦਬਾ ਦਿਤੇ ਪਰ ਪੈਰਾਂ ਵਿਚੋਂ ਅਜੇ ਵੀ ਸੇਕ ਨਿਕਲ ਰਿਹਾ ਸੀ। ਜੀ ਕਰੇ ਕਿ ਉਠ ਕੇ ਨੰਗੇ ਪੈਰੀਂ ਸਮੁੰਦਰ ਦੇ ਪਾਣੀ ਵਿਚ ਪੈਰਾਂ ਨੂੰ ਗਿੱਲੇ ਕਰ ਕੇ ਠੰਢੇ ਕਰਾਂ ਪਰ ਛੱਲਾਂ ਤੋਂ ਡਰਦਾ ਮੈਂ ਸਮੁੰਦਰ ਵੱਲ ਨਾ ਗਿਆ। ਕਿਤੇ ਸਮੁੰਦਰ ਦੀ ਛੱਲ ਮੈਨੂੰ ਘੇਰ ਕੇ ਅੰਦਰ ਸੁੱਟ ਲਵੇ ਤੇ ਫਿਰ--, ਫਿਰ ਕੁਝ ਦੇਰ ਹਨੇਰੇ ਵਿਚ ਸਮੁੰਦਰ ਨੂੰ ਘੂਰਦਾ ਫਿਰ ਪੂਲ ਤੇ ਆ ਗਿਆ ਅਤੇ ਆਪਣੇ ਪੈਰਾਂ ਨੂੰ ਪੂਲ ਦੇ ਪਾਣੀ ਨਾਲ ਠੰਢਾ ਕੀਤਾ। ਮੈਂ ਪੂਲ ਕੰਢੇ ਆਪਣੇ ਪੈਰਾਂ ਅਤੇ ਆਪਣੇ ਦਿਮਾਗ ਨੂੰ ਠੰਡਾ ਕਰ ਰਿਹਾ ਸਾਂ ਅਤੇ ਪ੍ਰਿੰਸੀਪਲ ਸਾਹਿਬ ਕਮਰੇ ਅੰਦਰ ਸੌਂ ਰਹੇ ਸਨ। ਸ਼ਰਾਬ ਦੀ ਜ਼ਿਆਦਾ ਵਰਤੋਂ ਨੇ ਉਹਨਾਂ ਦੀ ਪਾਚਣ ਸ਼ਕਤੀ ਖੋਹ ਲਈ ਸੀ ਤੇ ਉਹ ਕੁਝ ਖਾ ਨਹੀਂ ਰਹੇ ਸਨ। ਇਹ ਉਹਨਾਂ ਲਈ ਕਿਸੇ ਤਰ੍ਹਾਂ ਵੀ ਠੀਕ ਨਹੀਂ ਸੀ। ਮੈਂ ਕੀ ਕਰ ਸਕਦਾ ਸਾਂ। ਇਕ ਸੱਚੇ ਤੇ ਸੁਹਿਰਦ ਦੋਸਤ ਵਾਂਗ ਉਹਨਾਂ ਦਾ ਪੂਰੀ ਤਰ੍ਹਾਂ ਖਿਆਲ ਰੱਖ ਕੇ ਆਪਣਾ ਫਰਜ਼ ਪੂਰਾ ਕਰ ਰਿਹਾ ਸਾਂ। ਉਹ ਤਾਂ ਸ਼ਾਟ ਲਾਉਂਦੇ ਅਤੇ ਸੌਂ ਜਾਂਦੇ ਸਨ ਪਰ ਮੈਨੂੰ ਤਾਂ ਨਾ ਪੀ ਕੇ ਨੀਂਦ ਆਉਂਦੀ ਸੀ ਅਤੇ ਨਾ, ਨਾ ਪੀ ਕੇ ਵੀ। ਮੇਰੀ ਮਾਨਿਸਿਕ ਬੇਚੈਨੀ ਦੂਰ ਕਰਨ ਲਈ ਸ਼ਰਾਬ ਨੇ ਹਥਿਆਰ ਸੁਟ ਦਿਤੇ ਹਨ। ਪੈ ਰਹੀ ਰਾਤ ਵਿਚ ਹੋਰ ਕਿੰਨਾਂ ਕੁ ਚਿਰ ਸਮੁੰਦਰ ਜਾਂ ਬੀਚ ਦੇ ਕੰਢੇ ਬੈਠਿਆ ਜਾ ਸਕਦਾ ਸੀ। ਆਖਰ ਫਿਰ ਵਾਪਸ ਬਾਰ ਵਿਚ ਆ ਕੇ ਹੋਰ ਡਰਿੰਕ ਲਈ ਤੇ ਲਆਨ ਵਿਚ ਬੈਠ ਕੇ ਉਸਦੇ ਘੁੱਟ ਭਰਨ ਲੱਗਾ। ਅਸਲੀਅਤ ਜ਼ਾਹਰ ਹੋਣ ਲੱਗ ਪਈ ਸੀ ਕਿ ਫਰੀ ਦੀ ਸ਼ਰਾਬ ਬੇਕਾਰ ਸੀ। ਛੇਤੀ ਚੜ੍ਹ ਕੇ ਛੇਤੀ ਲਹਿ ਜਾਂਦੀ ਸੀ। ਸ਼ਾਇਦ ਰੀਜ਼ੋਰਟ ਵਾਲਿਆਂ ਦੀ ਇਹੀ ਪਾਲੀਸੀ ਸੀ। ਮੈਂ ਕਿਸੇ ਨੂੰ ਓਥੇ ਸ਼ਰਾਬੀ ਹੋ ਕੇ ਡਿਗਦਿਆਂ ਜਾਂ ਕਮਲੇ ਹੁੰਦਿਆਂ ਨਹੀਂ ਵੇਖਿਆ ਸੀ। ਕਿਸੇ ਹਦ ਤਕ ਇਹ ਚੰਗੀ ਗੱਲ ਵੀ ਸੀ। ਕਾਫੀ ਦੇਰ ਤਕ ਮੈਂ ਬਾਰ ਦੇ ਬਾਹਰ ਲਾਅਨ ਵਿਚ ਲੱਗੀਆਂ ਕੁਰਸੀਆਂ ਤੇ ਬੈਠਾ ਉਤਸਵ ਵਿਚ ਇਕਾਂਤ ਦਾ ਨਜ਼ਾਰਾ ਲੈਂਦਾ ਰਿਹਾ। ਬਾਹਰ ਲਾਨ ਵਿਚ ਬੈਠੇ ਹੋਰ ਲੋਕ ਜੋ ਪੀ ਰਹੇ ਸਨ, ਉਹਨਾਂ ਨਾਲ ਉਹਨਾਂ ਦੇ ਪਰਵਾਰ ਆਦਿ ਦੇ ਲੋਕ ਸਨ। ਸਿਰਫ ਮੈਂ ਹੀ ਇਕੱਲਾ ਸਾਂ। ਮੇਰਾ ਪਰਵਾਰ ਤਾਂ ਨਾਲ ਆਇਆ ਸੀ ਪਰ ਉਹ ਆਪੋ ਆਪਣੇ ਕਮਰਿਆਂ ਵਿਚ ਜਾ ਚੁਕੇ ਸਨ। ਉਹਨਾਂ ਦੇ ਕਮਰੇ ਵੀ ਸਾਡੇ ਕਮਰੇ ਤੋਂ ਦੂਰ ਸਨ। ਬਾਹਰ ਲਾਨ ਵਿਚ ਬੈਠਿਆਂ ਸਮਾਂ ਬੀਤ ਰਿਹਾ ਸੀ ਅਤੇ ਅਰਧ ਚੇਤਨ ਅਵਸਥਾ ਵਿਚ ਓਦੋਂ ਹੀ ਪਤਾ ਲੱਗਾ ਜਦ ਮੇਰੇ ਪਿਆਰੇ ਗਰੈਂਡਸਨ ਨੇ ਕਿਹਾ ਕਿ ਗਰੈਂਡਪਾ ਡਿਨਰ ਦਾ ਵਕਤ ਹੋ ਗਿਆ ਹੈ, ਕਿਚਨ ਬੰਦ ਨਾ ਹੋ ਜਾਵੇ, ਜਾ ਕੇ ਡਿਨਰ ਕਰ ਲਵੋ।
             ਡਿਨਰ ਕਰਦਿਆਂ ਬਾਰਟੈਂਡਰ ਕੁੜੀ ਨੇ ਆ ਕੇ ਮੇਰੇ ਕੋਲੋਂ ਪੁਛਿਆ ਕਿ ਕੀ ਮੈਨੂੰ ਵਾਈਨ ਜਾਂ ਬੀਅਰ ਚਾਹੀਦੀ ਹੈ। ਮੈਂ ਇਸ ਤੋਂ ਪਹਿਲਾਂ ਹਾਰਡ ਸਕਾਚ ਦੇ ਕੁਝ ਪੈਗ ਆਪਣੇ ਹਲਕ ਅੰਦਰ ਸੁਟ ਚੁੱਕਾ ਸਾਂ ਤੇ ਮਿਕਸ ਨਹੀਂ ਕਰਨਾ ਚਹੁੰਦਾ ਸਾਂ। ਮੈਂ ਉਸ ਨੂੰ ਕਿਹਾ ਕਿ ਜੇ ਹੋ ਸਕਦਾ ਹੈ ਤਾਂ ਉਹ ਮੇਰੇ ਲਈ ਆਲ ਚਾਇਸ ਸਕਾਚ ਦਾ ਇਕ ਡਬਲ ਪੈਗ ਬਾਰ ਵਿਚੋਂ ਲੈ ਆਵੇ। ਉਹ ਬਾਰ ਵਿਚ ਗਈ ਤੇ ਕੁਝ ਮਿੰਟਾਂ ਬਾਅਦ ਹੀ ਮੇਰੇ ਲਈ ਸਕਾਚ ਦਾ ਗਲਾਸ ਭਰਵਾ ਕੇ ਲੈ ਆਈ। ਮੈਂ ਉਸ ਨੂੰ ਇਕ ਪੀਸੋ ਟਿਪ ਦਿਤਾ ਤੇ ਉਸ ਮੁਸਕਰਾ ਕੇ ਮੇਰਾ ਥੈਂਕਿਊ ਕੀਤਾ। ਬੜੇ ਮਜ਼ੇ ਨਾਲ ਮੈਂ ਡਿਨਰ ਕੀਤਾ ਜਿਸ ਵਿਚ ਤਲੀ ਹੋਈ ਟਰਾਊਟ ਫਿਸ਼, ਬਰੈਡ ਐਂਡ ਬਟਰ, ਜੂਸ ਦਾ ਗਲਾਸ, ਓਲਾਈਵ ਆਚਾਰ, ਰੋਸਟਡ ਚਿਕਨ ਤੋਂ ਇਲਾਵਾ ਗਰੇਵੀ ਵਾਲਾ ਗੋਟ ਮੀਟ ਅਤੇ ਕਈ ਕੁਝ ਹੋਰ ਸ਼ਾਮਲ ਸੀ। ਬੰਦਾ ਕਿੰਨਾ ਕੁ ਖਾ ਸਕਦਾ ਹੈ। ਇਥੇ ਤਾਂ ਖਾਣ ਪੀਣ ਦਾ ਅੰਤ ਹੀ ਕੋਈ ਨਹੀਂ ਸੀ। ਜਾਣ ਲਗਿਆਂ ਮੈਂ ਪ੍ਰਿੰ: ਸਾਹਿਬ ਲਈ ਖਾਣਾ ਪੈਕ ਕਰਵਾ ਲਿਆ। ਜਦ ਕਮਰੇ ਦਾ ਲਾਕ ਖੋਲ੍ਹ ਕੇ ਮੈਂ ਅੰਦਰ ਗਿਆ ਤਾਂ ਉਹ ਸੁਤੇ ਪਏ ਸਨ। ਉਹਨਾਂ ਨੂੰ ਖਾਣਾ ਖਾਣ ਲਈ ਬਹੁਤ ਜ਼ੋਰ ਦਿਤਾ ਪਰ ਉਹ ਨਾ ਉਠੇ। ਰਾਤ ਦੇ ਦੇ ਦਸ ਵੱਜ ਰਹੇ ਸਨ। ਮੈਂ ਆਪਣੇ ਮਿੰਨੀ ਟੇਪ ਰੀਕਾਰਡਰ ਤੇ ਪੰਜਾਬੀ ਦੇ ਬਹੁਤ ਪੁਰਾਣੇ ਗੀਤ ਆਨ ਕਰ ਦਿਤੇ। 1949-50 ਵਿਚ ਬਣੀ ਫਿਲਮ ਲੱਛੀ ਦਾ ਗੀਤ ਵੱਜ ਰਿਹਾ ਸੀ, "ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ-ਹਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ।" ਮਨ ਪਸੰਦ ਪੁਰਾਣੇ ਗੀਤ ਦੀ ਆਵਾਜ਼ ਵਿਚ ਮੈਂ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਗਾਣੇ ਖਤਮ ਹੋਣ ਤੇ  ਟੇਪ ਆਪੇ ਬੰਦ ਹੋ ਜਾਣਾ ਸੀ ਤੇ ਪਤਾ ਨਹੀਂ ਮੈਂ ਕਦੋਂ ਨੀਂਦ ਅਤੇ ਸੁਪਨਿਆਂ ਦੀ ਵਾਦੀ ਵਿਚ ਗਵਾਚ ਗਿਆ।
           ਸਵੇਰੇ ਉਠੇ ਤਾਂ ਮਨ ਨੇ ਕਿਹਾ ਕਿ ਤੇ ਸਾਂਤਾ ਲੂਸੀਆ ਰੀਜ਼ੋਰਟ ਤੇ 28 ਦਸੰਬਰ ਦਾ ਇਹ ਸਾਡਾ ਆਖਰੀ ਦਿਨ ਸੀ। 29 ਦਸੰਬਰ ਦੀ ਸਾਡੀ ਟਰਾਂਟੋ ਨੂੰ ਵਾਪਸੀ ਸੀ। ਕਿਊਬਾ ਦੀ ਕਾਮਾਗੂਈ ਏਅਰਪੋਰਟ ਤੋਂ ਦੋ ਘੰਟੇ ਬੱਸ ਦੇ ਸਫਰ ਦੀ ਦੂਰੀ ਬਾਰੇ ਹਾਲੇ ਤਕ ਕੋਈ ਪਤਾ ਨਹੀਂ ਸੀ ਕਿ ਵਾਪਸੀ ਦਾ ਪਰੋਗਰਾਮ ਕਿਸ ਤਰ੍ਹਾਂ ਦਾ ਹੈ। 28 ਦਸੰਬਰ ਨੂੰ ਇਸ ਬੀਚ ਤੇ ਆਖਰੀ ਦਿਨ ਹੋਣ ਕਰ ਕੇ ਮੈਂ ਇਸ ਦਾ ਆਖਰੀ ਤੇ ਹੋਰ ਵਧ ਤੋਂ ਵਧ ਅਨੰਦ ਮਾਨਣਾ ਚਹੁੰਦਾ ਸਾਂ। ਵੈਸੇ ਤਾਂ ਇਸ ਛੋਟੇ ਜਹੇ ਬੀਚ ਤੇ ਸਭ ਪਾਸੇ ਤੁਰ ਫਿਰ ਕੇ ਵੇਖ ਲਿਆ ਸੀ ਅਤੇ ਹੁਣ ਇਸ ਨੂੰ ਵੇਖਣ ਵਾਲੀ ਕੋਈ ਨਵੀਂ ਗੱਲ ਬਾਕੀ ਨਹੀਂ ਰਹੀ ਸੀ। ਰਾਤ ਦਾ ਖਾਣਾ ਜੋ ਮੈਂ ਪ੍ਰਿੰਸੀਪਲ ਸਾਹਿਬ ਲਈ ਲਿਆਂਦਾ ਸੀ, ਓਸੇ ਤਰ੍ਹਾਂ ਹੀ ਪਿਆ ਸੀ। ਜਦ ਕਲੀਨਿੰਗ ਲੇਡੀ ਆਏਗੀ ਤਾਂ ਉਸ ਨੂੰ ਖਾਣ ਲਈ ਦੇ ਦਿਆਂਗੇ। ਸੋਚਦਾ ਮੈਂ ਆਰਾਮ ਨਾਲ ਨਹਾ ਧੋ ਕੇ ਬਰੇਕਫਾਸਟ ਕੀਤਾ ਜਾਵੇ, ਦੇ ਖਿਆਲ ਨਾਲ ਮੈਂ ਵਾਸ਼ਰੂਮ ਵਿਚ ਜਾ ਵੜਿਆ।
         ਪ੍ਰਿੰਸੀਪਲ ਸਾਹਿਬ ਮੇਰੇ ਨਾਲ ਬਰੇਕਫਾਸਟ ਤਟ ਵੀ ਨਾ ਗਏ। ਮਸਾਜ ਕਰਨ ਵਾਲੇ ਨਾਲ ਅਧੇ ਘੰਟੇ ਦੀ ਮਾਲਸ਼ ਕਰਾਉਣ ਦਾ ਟਾਈਮ ਪਹਿਲਾਂ ਹੀ ਨਿਸਚਿਤ ਹੋ ਚੁਕਾ ਸੀ। ਓਸ ਤੋਂ ਵਿਹਲੇ ਹੋ ਕੇ ਡਾਕਟਰ ਡਾਇਨਾ ਅਤੇ ਨਰਸ ਨੂੰ ਵੀ ਬਾਈ ਕਹਿ ਦੇਣਾ ਸੀ ਕਿ ਪਤਾ ਨਹੀਂ ਸ਼ਾਇਦ ਜ਼ਿੰਦਗੀ ਵਿਚ ਫਿਰ ਕਦੇ ਮਿਲੀਏ ਜਾਂ ਨਾ ਮਿਲੀਏ। ਸਮੁੰਦਰ ਕੰਢੇ ਮੰਗਣ ਵਾਲਿਆਂ ਨੂੰ ਸੈਲਾਨੀਆਂ ਨਾਲ ਮਿਕਸ ਅਪ ਨਾ ਹੋਣ ਤੋਂ ਰੋਕਣ ਵਾਲੇ ਸਿਕਿਓਰਟੀ ਗਾਰਡ ਨੂੰ ਕੁਝ ਕਪੜੇ ਦਾਨ ਕਰਨੇ ਸਨ। ਓਸ ਨੇ ਕਈ ਵਾਰ ਕਿਹਾ ਸੀ ਕਿ ਮੈਨੂੰ ਬਾਰ ਤੋਂ ਡਰਿੰਕ ਲਿਆ ਕੇ ਵੀ ਪਿਆਈ ਜਾਵੇ ਜਿਸ ਨਾਲ ਉਹ ਬੜਾ ਖੁਸ਼ ਹੋਵੇਗਾ। ਕੋਕੋ ਬੀਚ ਤੋਂ ਸਾਨੂੰ ਸ਼ਰਾਬ ਦੀ ਇਕ ਖਾਲੀ ਬੋਤਲ ਮਿਲ ਗਈ ਸੀ ਜਿਸ ਨੂੰ ਧੋ ਕੇ ਅਤੇ ਸਾਫ ਕਰ ਕੇ ਬਾਰ ਤੋਂ ਭਰਾ ਕੇ ਅਸੀਂ ਆਪਣੇ ਕਮਰੇ ਵਿਚ ਰੱਖੀ ਹੋਈ ਸੀ। ਪ੍ਰਿੰ: ਸਾਹਿਬ ਕਹਿਣ ਲੱਗੇ ਕਿ ਇਹ ਬੋਤਲ ਵਿਚੋਂ ਕੁਝ ਪੀ ਕੇ ਬਾਕੀ ਬੋਤਲ ਹੀ ਸਿਕਿਓਰਟੀ ਗਾਰਡ ਨੂੰ ਦੇ ਦਿਓ। ਮੈਂ ਇਹ ਬੋਤਲ ਦੇਣ ਦਾ ਅਤੇ ਹੋਰ ਕਪੜੇ ਵੰਡਣ ਦਾ ਸਾਰਾ ਕੰਮ ਬਾਅਦ ਦੋਪਹਿਰ ਨੂੰ ਕਰਨਾ ਚਹੁੰਦਾ ਸਾਂ। ਕਿਉਂਕਿ ਇਸ ਤੋਂ ਬਾਅਦ ਅਸੀਂ ਉਸ ਨੂੰ ਮਿਲਣਾ ਨਹੀਂ ਸੀ ਅਤੇ ਵਾਪਸ ਜਾਣ ਦੀ ਤਿਆਰੀ ਵਿਚ ਜੁਟ ਜਾਣਾ ਸੀ। ਦਿਨੇ ਬੇਟੇ ਦਰਸ਼ਨ ਨੇ ਦਸਿਆ ਕਿ ਸ਼ਾਮ ਤਕ ਸਾਮਾਨ ਪੈਕ ਕਰ ਲੈਣਾ ਕਿਉਂਕਿ 29 ਸਵੇਰ ਨੂੰ ਸਵੇਰੇ 6 ਵਜੇ ਚੈਕ ਇਨ ਹੋਣ ਤੋਂ ਬਾਅਦ ਬੱਸਾਂ ਵਿਚ ਚੜ੍ਹ ਕੇ ਵਾਪਸ ਏਅਰਪੋਰਟ ਨੂੰ ਚੱਲ ਪੈਣਾ ਹੈ। ਕਿਊਬਾ ਦੇ 30 ਕਨਵਰਟੇਬਲ ਪੀਸੋ ਏਅਪੋਰਟ ਦੀ ਫੀਸ ਹੈ ਅਤੇ ਸ਼ਾਮ ਤਕ ਇਹ ਡਾਲਰ ਕਨਵਰਟ ਕਰਾ ਕੇ ਪੀਸੋ ਆਪਣੇ ਕੋਲ ਤਿਆਰ ਰਖਣੇ। ਬੀਚ ਤੇ ਨਹਾਉਣ ਵਾਲੇ ਤੌਲੀਏ ਕਮਰੇ ਵਿਚ ਰੀਜ਼ੋਰਟ ਵਾਲਿਆਂ ਨੇ ਚੈੱਕ ਕਰਨੇ ਹਨ। ਗੁੰਮ ਹੋਣ ਦੀ ਸ਼ਕਲ ਵਿਚ ਉਹਨਾਂ ਦੇ ਪੈਸੇ ਭਰਨੇ ਪੈ ਜਾਣਗੇ। ਇਸ ਲਈ ਇਹ ਨੀਲੇ ਵਡੇ ਤੌਲੀਏ ਕਮਰੇ ਵਿਚ ਮੌਜੂਦ ਹੋਣੇ ਚਾਹੀਦੇ ਹਨ ਤਾਂ ਜੋ ਕਲੀਨਿੰਗ ਲੇਡੀਜ਼ ਚੈੱਕ ਕਰ ਕੇ ਰੀਸੈਪਸ਼ਨ ਨੂੰ ਦੱਸ ਦੇਣ ਕਿ ਸਭ ਅੱਛਾ ਹੈ। ਮੈਂ ਬੇਟੇ ਨੂੰ ਕਿਹਾ ਤੁਸੀਂ ਫਿਕਰ ਨਾ ਕਰੋ, ਜਿਵੇਂ ਤੁਸੀਂ ਕਿਹਾ ਹੈ, ਓਸੇ ਤਰ੍ਹਾਂ ਹੋਵੇਗਾ ਅਤੇ ਅਸੀਂ ਸਵੇਰੇ ਤੁਹਾਨੂੰ ਠੀਕ 6 ਵਜੇ ਰੀਜ਼ੋਰਟ ਦੀ ਰੀਸੈਪਸ਼ਨ ਤੇ ਬਿਲਕੁਲ ਤਿਆਰ ਮਿਲਾਂਗੇ।