ਗਰੀਬੀ ਦੀ ਮਾਰੀ ਬੰਤੀ ਢਿੱਡ ਨੂੰ ਝੁਲਕਾ ਦੇਣ ਲਈ ਜਿਮੀਂਦਾਰ ਪਾਖਰ ਸਿਉਂ ਦੇ ਘਰ ਗੋਹਾ-ਕੂੜਾ ਕਰਦੀ ਸੀ।ਕਦੇ ਕਦੇ ਉਹ ਆਪਣੇ ਨਾਲ ਆਪਣੀ ਧੀ ਕਸ਼ਮੀਰੋ ਨੂੰ ਵੀ ਨਾਲ ਲੈ ਜਾਂਦੀ।ਜਦੋਂ ਕਦੇ ਉਹ ਢਿੱਲੀ-ਮੱਠੀ ਹੁੰਦੀ ਤਾਂ ਉਹ ਕਸ਼ਮੀਰੋ ਦੇ ਨਾਲ ਆਪਣੀ ਛੋਟੀ ਧੀ ਵੀਰੋ ਨੂੰ ਵੀ ਭੇਜ ਦਿੰਦੀ ਤਾਂ ਕਿ ਦੋਵੇਂ ਭੈਣਾਂ ਰਲ-ਮਿਲ ਕੇ ਸਾਰਾ ਕੰਮ ਵੇਲੇ ਸਿਰ ਨਿਬੇੜ ਲੈਣ।ਇਸ ਤਰ੍ਹਾਂ ਕਸ਼ਮੀਰੋ ਅਤੇ ਵੀਰੋ ਹੱਸਦੀਆਂ-ਖੇਡਦੀਆਂ ਸਾਰਾ ਕੰਮ ਕਰਕੇ ਘਰ ਵਲ੍ਹ ਨੂੰ ਤੁਰ ਪੈਂਦੀਆਂ ਤੇ ਘਰ ਆ ਕੇ ਹੋਰ ਨਿੱਕੇ-ਮੋਟੇ ਕੰਮਾਂ ਵਿੱਚ ਰੁੱਝ ਜਾਂਦੀਆਂ।
ਕਸ਼ਮੀਰੋ ਦੀ ਉਮਰ ਕੋਈ ਚੌਦ੍ਹਾਂ ਕੂ ਵਰ੍ਹਿਆਂ ਦੀ ਸੀ ਤੇ ਵੀਰੋ ਦਸ ਕੂ ਵਰ੍ਹਿਆਂ ਦੀ।ਬੰਤੀ ਜੇ ਆਪ ਸੁਣੱਖੀ ਸੀ ਤਾਂ ਉਸਦੀਆਂ ਧੀਆਂ ਉਸ ਨਾਲੋਂ ਵੀ ਵੱਧ ਸੁਣੱਖੀਆਂ ਸਨ।ਜਦੋਂ ਵੀ ਬੰਤੀ ਕਸ਼ਮੀਰੋ ਨੂੰ ਨਾਲ ਲੈ ਕੇ ਪਾਖਰ ਸਿਉਂ ਦੇ ਘਰ ਕੰਮ ਕਰਨ ਲਈ ਜਾਂਦੀ ਤਾਂ ਉਸਦੇ ਜਵਾਨ ਪੁੱਤ ਨਿੰਦਰ ਦੀ ਨਜ਼ਰ ਕਸ਼ਮੀਰੋ ਦਾ ਹੀ ਪਿੱਛਾ ਕਰਦੀ ਰਹਿੰਦੀ ਤੇ ਉਹ ਆਨੇ-ਬਹਾਨੇ ਘਰ ਵਿੱਚ ਕਸ਼ਮੀਰੋ ਦੇ ਆਲੇ-ਦੁਆਲੇ ਘੁੰਮਦਾ ਹੋਇਆ ਮਸ਼ਕਰੀਆਂ ਕਰਦਾ ਰਹਿੰਦਾ ਪਰ ਕਸ਼ਮੀਰੋ ਦੀ ਤਵੱਜੋਂ ਕੰਮ ਵਿਚ ਹੀ ਰਹਿੰਦੀ ਤੇ ਉਹ ਕਦੇ ਉਸ ਵੱਲ੍ਹ ਅੱਖ ਚੁੱਕ ਕੇ ਵੇਖਦੀ ਵੀ ਨਾ।ਕਸ਼ਮੀਰੋ ਦੀ ਆਪਣੇ ਪ੍ਰਤੀ ਲਾਪਰਵਾਹੀ ਨਿੰਦਰ ਨੂੰ ਬੇਚੈਨ ਕਰ ਦਿੰਦੀ।
ਨਿੰਦਰ ਦੀ ਬਾਜ਼ ਅੱਖ ਹਰ ਵੇਲੇ ਕਸ਼ਮੀਰੋ ਤੇ ਹੀ ਰਹਿੰਦੀ ਕਿ ਉਹ ਉਸਨੂੰ ਕਦੋਂ ਇੱਕਲੀ ਮਿਲੇ ਤੇ ਉਹ ਆਪਣੇ ਅੰਦਰ ਦੀ ਅੱਗ ਠੰਡੀ ਕਰ ਸਕੇ।ਇੱਕ ਦਿਨ ਸਵੇਰੇ ਜਦੋਂ ਬੰਤੀ ਉੱਠੀ ਤਾਂ ਉਸਦਾ ਪਿੰਡਾ ਬੁਖਾਰ ਨਾਲ ਤਪ ਰਿਹਾ ਸੀ।ਉਸਨੇ ਡਿਗਦੀ ਢਹਿੰਦੀ ਨੇ ਕਸ਼ਮੀਰੋ ਨੂੰ ਕੰਮ ਉੱਤੇ ਜਾਣ ਲਈ ਆਵਾਜ਼ ਮਾਰੀ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਤਾਂ ਬੁਖ਼ਾਰ ਕਰਕੇ ਮੰਜੇ ਤੋਂ ਉੱਠ ਹੀ ਨਹੀਂ ਸਕਦੀ ਤਾਂ ਕਸ਼ਮੀਰੋ ਨੇ ਮਾਂ ਨੂੰ ਆਖਿਆ ਕਿ ਮਾਂ ਅੱਜ ਤੂੰ ਆਰਾਮ ਕਰ ਮੈਂ ਵੀਰੋ ਨੂੰ ਨਾਲ ਲੈ ਕੇ ਜਿਮੀਦਾਰਾਂ ਦੇ ਘਰ ਕੰਮ ਕਰ ਆਉਂਦੀ ਹਾਂ।
ਨਿੰਦਰ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਤਲਾਸ਼ ਵਿੱਚ ਸੀ।ਸਾਰਾ ਕੰਮ ਖ਼ਤਮ ਕਰਕੇ ਦੋਵੇਂ ਭੈਣਾਂ ਜਿਉਂ ਹੀ ਘਰ ਵੱਲ੍ਹ ਨੂੰ ਪਰਤੀਆਂ ਤਾਂ ਨਿੰਦਰ ਨੇ ਮੌਕਾ ਤਾੜ ਕੇ ਕਸ਼ਮੀਰੋ ਨੂੰ ਬਾਹੋਂ ਫੜ ਲਿਆ।ਕਸ਼ਮੀਰੋ ਨੇ ਨਾ ਆਵ ਦੇਖਿਆ ਨਾ ਤਾਵ।ਗੁੱਸੇ ਵਿਚ ਆਈ ਨੇ ਇਕ ਥੱਪੜ ਨਿੰਦਰ ਦੇ ਮਾਰਿਆ ਤੇ ਬਾਂਹ ਛੁਡਾ ਕੇ ਕਾਹਲੇ ਕਦਮੀ ਵੀਰੋ ਦਾ ਹੱਥ ਫੜਕੇ ਘਰ ਵਲ ਦੌੜ ਪਈ।ਨਿੰਦਰ ਨੇ ਕਿਆਸਿਆ ਵੀ ਨਹੀਂ ਸੀ ਕਿ ਕਸ਼ਮੀਰੋ ਦੇ ਇਸ ਵਰਤਾਉ ਬਾਰੇ।ਖ਼ੈਰ ਗੁੱਸੇ ਨੂੰ ਅੰਦਰੋ-ਅੰਦਰੀ ਪੀਂਦੇ ਨੇ ਕਸ਼ਮੀਰੋ ਨੂੰ ਧਮਕੀ ਦਿੱਤੀ ਕਿ ਇਸ ਥੱਪੜ ਦਾ ਜਵਾਬ ਤ੍ਰਿਕਾਲਾਂ ਤੱਕ ਤੈਨੂੰ ਮਿਲ ਜਾਵੇਗਾ।ਕਸ਼ਮੀਰੋ ਨੇ ਨਫ਼ਰਤ ਨਾਲ ਇਕ ਵਾਰੀ ਪਿੱਛੇ ਵੱਲ੍ਹ ਮੁੜ ਕੇ ਦੇਖਿਆ ਤੇ ਨਿੰਦਰ ਵਲ ਥੁੱਕ ਕੇ ਆਪਣੇ ਰਾਹੇ ਪੈ ਗਈ ਤੇ ਘਰ ਜਾ ਕੇ ਰੋਂਦੀ ਹੋਈ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ।
ਮਾਂ ਨੇ ਧੀ ਨੂੰ ਚੁੱਪ ਕਰਾਉਂਦੇ ਹੋਏ ਹੌਸਲਾ ਦਿੱਤਾ ਕਿ ਉਹ ਕੱਲ੍ਹ ਨੂੰ ਨਿੰਦਰ ਦੀ ਮਾਂ ਨਾਲ ਗੱਲ੍ਹ ਕਰੇਗੀ।ਸ਼ਾਮ ਦੇ ਘੁਸ-ਮੁਸੇ ਵਿਚ ਨਿੰਦਰ ਨੇ ਬੰਤੀ ਦੇ ਘਰ ਦਾ ਦਰ ਖੜਕਾਇਆ ਤੇ ਉਸਦਾ ਹਾਲ-ਚਾਲ ਪੁੱਛਦੇ ਹੋਏ ਕਹਿਣ ਲੱਗਾ ਕਿ ਮਾਸੀ ਅੱਜ ਤੂੰ ਸਵੇਰੇ ਕੰਮ ਕਰਨ ਨਹੀਂ ਆਈ?ਜੁਆਕੜੀਆਂ ਨੂੰ ਹੀ ਭੇਜ ਦਿੱਤਾ।ਤੂੰ ਠੀਕ ਤਾਂ ਹੈ ਨਾ।ਬੰਤੀ ਕੁੱਝ ਨਾ ਬੋਲੀ ਤਾਂ ਨਿੰਦਰ ਗੱਲ ਦਾ ਰੁੱਖ ਬਦਲਦੇ ਹੋਏ ਬੜੀ ਹੀ ਹਲੀਮੀ ਨਾਲ ਪੁੱਛਣ ਲੱਗਾ ਕਿ ਕਸ਼ਮੀਰੋ ਤੇ ਵੀਰੋ ਨਹੀਂ ਦਿਖਦੀਆਂ, ਕਿੱਥੇ ਗਈਆਂ ਤੇਰਾ ਤਾਂ ਬੁਖ਼ਾਰ ਨਾਲ ਬੁਰਾ ਹਾਲ ਹੋਇਆ ਪਿਆ। ਬੰਤੀ ਕਹਿਣ ਲੱਗੀ ਕਿ ਇੱਥੇ ਹੀ ਹੋਣਗੀਆਂ ਕੋਈ ਕੰਮ-ਕਾਰ ਕਰਦੀਆਂ।ਉਨ੍ਹਾਂ ਵਿਚਾਰੀਆਂ ਨੇ ਕਿੱਥੇ ਜਾਣਾ?ਇਹ ਗੱਲ ਸੁਣਦੇ ਸਾਰ ਹੀ ਨਿੰਦਰ ਉੱਠਦੇ ਹੋਏ ਕਹਿਣ ਲੱਗਾ ਕਿ ਚੰਗਾ ਮਾਸੀ ਮੈਂ ਚਲਦਾਂ ਪਰ ਬੰਤੀ ਨੂੰ ਕਸ਼ਮੀਰੋ ਦੀ ਦੱਸੀ ਸਵੇਰ ਵਾਲੀ ਗੱਲ ਚੇਤੇ ਆਈ ਤਾਂ ਉਸਦੇ ਤਾਂ ਖਾਨਿਉਂ ਗਈ।ਉਸਨੂੰ ਸ਼ੱਕ ਹੋ ਗਿਆ ਕਿ ਕਿਤੇ ਧੀਆਂ ਨਾਲ ਕੋਈ ਉਨੀ-ਇੱਕੀ ਤਾਂ ਨਹੀਂ ਹੋ ਗਈ,ਜੋ ਨਿੰਦਰ ਜਾਣ-ਬੁਝ ਕੇ ਕੁਝ ਕੁਰੇਦਣਾ ਚਾਹੁੰਦਾ ਹੋਵੇ।ਉਹ ਡਿਗਦੀ ਢੰਹਿਦੀ ਉੱਠੀ ਤੇ ਗਲੀ-ਗੁਆਂਢ ਵਿਚ ਜਾ ਕੇ ਦੋਹਾਂ ਧੀਆਂ ਨੂੰ ਹਾਕਾਂ ਮਾਰਨ ਲੱਗੀ।ਦੋਵੇਂ ਧੀਆਂ ਘਰ ਦੇ ਨੇੜੇ-ਤੇੜੇ ਹੁੰਦੀਆਂ ਤਾਂ ਹੀ ਜਵਾਬ ਦਿੰਦੀਆਂ।ਉਹ ਤਾਂ ਨਿੰਦਰ ਦੀ ਸ਼ਹਿ ਤੇ ਉਸਦੇ ਦੋਸਤਾਂ ਨੇ ਅਗਵਾ ਕਰ ਲਈਆਂ ਸਨ।
ਜਦੋਂ ਬੰਤੀ ਨੂੰ ਦੋਵੇਂ ਧੀਆਂ ਕਿਤੇ ਨਾ ਮਿਲੀਆਂ ਤਾਂ ਉਹ ਭੱਜਦੀ ਹੋਈ ਪਿੰਡ ਦੇ ਸਰਪੰਚ ਕੋਲ ਗਈ ਤੇ ਉਸ ਦਿਨ ਦੀ ਸਾਰੀ ਵਿੱਥਿਆ ਉਸਨੂੰ ਸੁਣਾਈ ਪਰ ਸਰਪੰਚ ਨੇ ਉਸਦੀ ਗੱਲ ਵਿਚ ਕੋਈ ਦਿਲਚਸਪੀ ਨਾ ਲਈ ਤੇ ਕਹਿਣ ਲੱਗਾ ਕਿ ਕੁੜੀਆਂ ਨੇ ਜਾਣਾ ਕਿੱਥੇ ਹੈ, ਪਿੰਡ ਵਿਚ ਹੀ ਕਿਸੇ ਸਹੇਲੀ ਦੇ ਘਰ ਗਈਆਂ ਹੋਣਗੀਆਂ ਤੇ ਆਪੇ ਘਰ ਪਰਤ ਆਉਣਗੀਆਂ।ਜਿਵੇਂ ਜਿਵੇਂ ਰਾਤ ਪੈਣੀ ਸ਼ੁਰੂ ਹੋਈ ਬੰਤੀ ਦੀ ਜਾਨ ਮੁੱਠ ਵਿਚ ਆਉਣ ਲੱਗੀ ਪਰ ਉਹ ਕਰੇ ਤਾਂ ਕੀ ਕਰੇ।ਉਹ ਜਿਮੀਦਾਰ ਦੇ ਘਰ ਵੀ ਗਈ ਪਰ ਉੱਥੇ ਵੀ ਉਸ ਗਰੀਬਣੀ ਦੀ ਸੁਣਵਾਈ ਨਾ ਹੋਈ।ਉਹ ਸੋਚ ਰਹੀ ਸੀ ਕਿ ਹੁਣ ਉਹ ਕਿਸ ਨਾਲ ਗੱਲ ਕਰੇ, ਕਿੱਥੇ ਜਾਵੇ।ਉਸਨੂੰ ਕੁੱਝ ਵੀ ਨਹੀਂ ਸੀ ਸੁੱਝ ਰਿਹਾ।ਬੇਚਾਰੀ ਬੰਤੀ ਢਿੱਡ ਵਿਚ ਮੁੱਠੀਆਂ ਦੇ ਰਹੀ ਸੀ।ਸਾਰੀ ਰਾਤ ਉਸਨੇ ਰੋਂਦਿਆਂ ਹੋਇਆਂ ਜਿਵੇਂ ਕਿਵੇਂ ਕੱਢੀ ਤੇ ਦਿਨ ਚੜ੍ਹਦਿਆਂ ਹੀ ਸਰਪੰਚ ਦਾ ਦਰਵਾਜਾ ਜਾ ਖੜਕਾਇਆ ਤੇ ਉਸ ਨਾਲ ਥਾਣੇ ਜਾਣ ਬਾਰੇ ਮਿੰਨਤਾਂ ਕਰਨ ਲੱਗੀ।
ਸਰਪੰਚ ਵੀ ਜਾਨ ਛੁਡਾਉਣ ਲਈ ਉਸ ਨਾਲ ਤੁਰ ਪਿਆ ਪਰ ਥਾਣੇਦਾਰ ਨੇ ਵੀ ਉਸਦੀ ਕਿਸੇ ਗੱਲ ਵੱਲ ਤੱਵਜੋਂ ਨਾ ਦਿੱਤੀ।ਜਦੋਂ ਉਹ ਘਰ ਵਾਪਿਸ ਆਈ ਤਾਂ ਉਸਦੀ ਛੋਟੀ ਧੀ ਘਰ ਦੇ ਵਿਹੜੇ ਵਿੱਚ ਬੈਠੀ ਰੋ ਰਹੀ ਸੀ।ਉਸਨੇ ਧੀ ਨੂੰ ਗਲ ਨਾਲ ਲਾਇਆ ਤੇ ਪੁੱਛਣ ਲੱਗੀ ਕਿ ਉਹ ਰਾਤ ਭਰ ਕਿੱਥੇ ਸੀ ਤਾਂ ਉਸਨੇ ਕਿਹਾ ਕਿ ਮੈਨੂੰ ਨਹੀਂ ਪਤਾ।ਕੱਲ੍ਹ ਸ਼ਾਮ ਵੇਲੇ ਜਦੋਂ ਮੈਂ ਤੇ ਕਸ਼ਮੀਰੋ ਖੇਤਾਂ ਵੱਲ੍ਹ ਬਾਹਰ-ਅੰਦਰ ਗਈਆਂ ਸੀ ਤਾਂ ਕੋਈ ਦੋ ਮੁੰਡੇ ਸਾਨੂੰ ਜ਼ਬਰ-ਦਸਤੀ ਜੀਪ ਵਿਚ ਸੁੱਟ ਕੇ ਲੈ ਗਏ ਅਸੀਂ ਬਥੇਰਾ ਰੌਲਾ ਪਾਇਆ ਪਰ ਕੋਈ ਵੀ ਸਾਨੂੰ ਛੁਡਾਉਣ ਨਾ ਆਇਆ।ਉਨ੍ਹਾਂ ਨੇ ਮੇਰੇ ਮੂੰਹ ਉੱਤੇ ਕੋਈ ਕਪੜਾ ਰੱਖਿਆ ਤੇ ਮੈਨੂੰ ਨਹੀਂ ਪਤਾ ਕਿ ਉਹ ਸਾਨੂੰ ਕਿੱਥੇ ਲੈ ਕੇ ਗਏ ਤੇ ਸਾਡੇ ਨਾਲ ਕੀ ਵਾਪਰਿਆ।ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਤੂੜੀ ਵਾਲੇ ਕੋਠੇ ਵਿਚ ਸੀ।ਮੈਂ ਕਸ਼ਮੀਰੋ ਨੂੰ ਉੱਚੀ ਉੱਚੀ ਹਾਕਾਂ ਮਾਰਨ ਲੱਗੀ ਤਾਂ ਦੋ ਮੁੰਡੇ ਆਏ ਤੇ ਮੈਨੂੰ ਜੀਪ ਵਿਚ ਬਿਠਾ ਕੇ ਪਿੰਡ ਦੇ ਨੇੜੇ ਛੱਡ ਗਏ। ਮੈਂ ਰੋਂਦੀ ਹੋਈ ਘਰ ਆਈ ਪਰ ਘਰ ਨੂੰ ਜਿੰਦਰਾ ਲੱਗਿਆ ਦੇਖ ਕੇ ਵਿਹੜੇ ਵਿੱਚ ਹੀ ਬੈਠ ਗਈ। ਮਾਂ ਤੂੰ ਕਿੱਥੇ ਸੀ।ਕਸ਼ਮੀਰੋ ਕਿੱਥੇ ਹੈ।
ਇਸ ਮਾੜੀ ਘਟਨਾ ਨੂੰ ਵਾਪਰੇ ਹਫ਼ਤਾ ਹੋ ਚੁੱਕਾ ਸੀ ਪਰ ਕਸ਼ਮੀਰੋ ਦੀ ਕੋਈ ਖ਼ਬਰ ਨਹੀਂ ਸੀ ਕਿ ਉਹ ਕਿੱਥੇ ਤੇ ਕਿਸ ਹਾਲ ਵਿਚ ਸੀ।ਬੰਤੀ ਨੇ ਜਿਮੀਦਾਰਾਂ ਦੇ ਘਰ ਕੰਮ ਲਈ ਜਾਣਾ ਵੀ ਬੰਦ ਕਰ ਦਿੱਤਾ ਸੀ।ਉਸਨੇ ਉਨ੍ਹਾਂ ਅੱਗੇ ਬਥੇਰੇ ਵਾਸਤੇ ਪਾਏ,ਹਰ ਰੋਜ਼ ਥਾਣੇ ਜਾਂਦੀ ਪਰ ਧੀ ਦੀ ਕੋਈ ਉੱਘ-ਸੁੱਘ ਨਹੀਂ ਸੀ ਮਿਲ ਰਹੀ।ਉਸੇ ਪਿੰਡ ਦਾ ਇਕ ਆਦਮੀ ਕਰਨੈਲ ਸਿੰਘ ਜੋ ਸ਼ਹਿਰ ਵਿਚ ਕਿਸੇ ਅਖ਼ਬਾਰ ਦੇ ਦਫ਼ਤਰ ਵਿਚ ਕੰਮ ਕਰਦਾ ਸੀ, ਪਿੰਡ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਬੰਤੀ ਦੀ ਧੀ ਕਸ਼ਮੀਰੋ ਕਈ ਦਿਨਾਂ ਤੋਂ ਲਾਪਤਾ ਹੈ।ਉਹ ਉਸਦਾ ਹਾਲ-ਚਾਲ ਪੁੱਛਣ ਲਈ ਉਸਦੇ ਘਰ ਗਿਆ ਤੇ ਉਸਨੂੰ ਸਾਰੀ ਗੱਲ ਵਿਸਥਾਰ ਵਿਚ ਦੱਸਣ ਲਈ ਕਿਹਾ।ਬੰਤੀ ਦੀ ਦਾਸਤਾਨ ਸੁਣਕੇ ਉਹ ਬਹੁਤ ਦੁਖੀ ਹੋਇਆ ਤੇ ਉਸਨੂੰ ਨਾਲ ਲੈ ਕੇ ਪਹਿਲਾਂ ਜਿਮੀਦਾਰਾਂ ਦੇ ਘਰ ਤੇ ਫ਼ਿਰ ਸਰਪੰਚ ਦੇ ਘਰ ਗਿਆ ਤੇ ਉਨ੍ਹਾਂ ਨੂੰ ਉਸਦੇ ਨਾਲ ਥਾਣੇ ਚੱਲਣ ਲਈ ਕਿਹਾ।
ਕਰਨੈਲ਼ ਸਿੰਘ ਨੇ ਉਨ੍ਹਾਂ ਨੂੰ ਡਰਾਵਾ ਦਿੱਤਾ ਕਿ ਜੇ ਉਹ ਉਸਦੇ ਨਾਲ ਥਾਣੇ ਨਹੀਂ ਚੱਲਣਗੇ ਤਾਂ ਮੈਂ ਪਿੰਡ ਦੀ ਇਹ ਖ਼ਬਰ ਅਖ਼ਬਾਰ ਵਿੱਚ ਛਪਵਾ ਦਿਆਂਗਾ।ਮਜਬੂਰੀ ਵਿੱਚ ਸਰਪੰਚ ਉਸਦੇ ਨਾਲ ਚੱਲਣ ਲਈ ਤਿਆਰ ਹੋ ਗਿਆ।ਜਦੋਂ ਉਹ ਥਾਣੇ ਪੁੱਜੇ ਤਾਂ ਥਾਣੇਦਾਰ ਪੈਰਾਂ ਤੇ ਪਾਣੀ ਹੀ ਨਾ ਪੈਣ ਦੇਵੇ ਤੇ ਬਾਰ ਬਾਰ ਇਹੀ ਕਹੀ ਜਾਵੇ ਕਿ ਅਸੀਂ ਤਾਂ ਬਥੇਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਨੂੰ ਸੁਰਾਗ ਹੀ ਹੱਥ ਨਹੀਂ ਲੱਗ ਰਿਹਾ।ਕਾਫ਼ੀ ਦੇਰ ਬਹਿਸ ਕਰਨ ਤੋਂ ਬਾਅਦ ਜਦੋਂ ਕਰਨੈਲ ਸਿੰਘ ਨੇ ਆਪਣੇ-ਆਪ ਨੂੰ ਪੱਤਰ-ਕਾਰ ਦਸਦੇ ਹੋਏ ਪੁਲਿਸ ਦੀ ਨਾਕਾਮੀ ਬਾਰੇ ਖ਼ਬਰ ਲਾਉਣ ਲਈ ਕਿਹਾ ਤਾਂ ਥਾਣੇਦਾਰ ਨੇ ਆਪਣੇ ਸਟਾਫ਼ ਨੂੰ ਖ਼ਬਰਦਾਰ ਕਰ ਦਿੱਤਾ ਕਿ ਦੋ ਦਿਨਾਂ ਦੇ ਅੰਦਰ-ਅੰਦਰ ਕੁੜੀ ਦਾ ਪਤਾ ਲੱਗ ਜਾਣਾ ਚਾਹੀਦਾ ਹੈ।
ਦੂਜੇ ਹੀ ਦਿਨ ਰਾਤ ਪੈਣ ਤੋਂ ਪਹਿਲਾਂ ਹੀ ਪੁਲਿਸ ਨੇ ਕੁੜੀ ਨੂੰ ਉਸਦੇ ਘਰ ਦਿਆਂ ਦੇ ਸਪੁੱਰਦ ਕਰ ਦਿੱਤਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੋ ਕੁੜੀ ਹਫ਼ਤੇ ਤੋਂ ਨਹੀਂ ਸੀ ਲੱਭ ਰਹੀ ਉਹ ਦੂਜੇ ਹੀ ਦਿਨ ਕਿਵੇਂ ਲੱਭ ਪਈ ਤਾਂ ਜਵਾਬ ਇਹ ਹੀ ਸੀ ਕਿ ਤੁਹਾਡੀ ਕੁੜੀ ਤੁਹਾਨੂੰ ਮਿਲ ਗਈ ਹੈ ਨਾ।ਅਸੀਂ ਭਾਵੇਂ ਕਿੱਥੋਂ ਵੀ ਲੱਭ ਕੇ ਲਿਆਏ ਹੋਈਏ।ਸਾਡਾ ਧੰਨਵਾਦ ਕਰਨ ਦੀ ਥਾਂ ਸਾਡੇ ਤੋਂ ਸਵਾਲ ਪੁੱਛਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ।ਦੋ ਦਿਨਾਂ ਬਾਅਦ ਕਰਨੈਲ ਸਿੰਘ ਫ਼ਿਰ ਪਿੰਡ ਆਇਆ ਤੇ ਬੰਤੀ ਨੂੰ ਮਿਲਿਆ ਤੇ ਆਖਣ ਲੱਗਾ ਕਿ ਹੁਣ ਦੱਸ ਅੱਗੇ ਕੀ ਕਰਨਾ ਹੈ।ਕੁੜੀ ਤਾਂ ਲੱਭ ਪਈ ਹੈ ਤੇ ਮੁਜਰਮਾਂ ਦਾ ਵੀ ਮੈਂ ਪਤਾ ਕਰ ਲਿਆ ਹੈ।ਤਾਂ ਬੰਤੀ ਰੋਂਦੇ ਹੋਏ ਕਹਿਣ ਲੱਗੀ ਕਿ ਵੇ ਵੀਰਾ ਛੱਡ ਪਰ੍ਹੇ ਹੁਣ।ਜੋ ਮੇਰੀ ਧੀ ਦੀ ਕਿਸਮਤ ਵਿਚ ਸੀ, ਉਹ ਹੋ ਗਿਆ।
ਸਾਡੇ ਕੋਲ ਜਿੰਮੀਦਾਰਾਂ ਨਾਲ ਟੱਕਰ ਲੈਣ ਦੀ ਕਿੱਥੇ ਹਿੰਮਤ ਹੈ।ਜਿਮੀਦਾਰ ਘਰ ਆਇਆ ਸੀ ਲਿੱਲੜੀਆਂ ਕੱਢਣ ਲੱਗਾ ਕਿ ਧੀ ਦਾ ਮਾਮਲਾ ਹੈ,ਚੁੱਪ ਵੱਟ ਲੈ।ਕੱਲ ਨੂੰ ਉਸਨੂੰ ਕਿਤੇ ਵਿਆਹੁਣਾ ਵੀ ਤਾਂ ਹੈ।ਮੈਂ ਆਪੇ ਕੋਈ ਰਿਸ਼ਤਾ ਲੱਭ ਕੇ ਉਸਦੇ ਹੱਥ ਪੀਲੇ ਕਰ ਦਿਉਂਗਾ।ਸਾਡੀ ਆਪਸ ਵਿਚ ਸੁਲ੍ਹਾ ਵੀ ਹੋ ਗਈ ਹੈ।ਰਹਿਣਾ ਤਾਂ ਆਖ਼ਰ ਇਸੇ ਪਿੰਡ ਵਿੱਚ ਹੀ ਹੈ ਨਾ।ਸਾਡਾ ਗਰੀਬਾਂ ਦਾ ਕੀ ਜ਼ੋਰ।ਬੱਸ ਮੈਂ ਤਾਂ ਰੱਬ ਅੱਗੇ ਇਹੀ ਹੱਥ ਜੋੜਦੀ ਹਾਂ ਕਿ ਹੇ ਰੱਬਾ! ਗਰੀਬ ਦੇ ਘਰ ਧੀ ਨਾ ਦੇਵੀਂ।ਜੇ ਦੇਣੀ ਹੀ ਹੈ ਤਾਂ ਗਰੀਬੀ ਨਾ ਦੇਵੀਂ।
-------------------------------------------------------------------------------------------------