ਇਹ ਕਿਦਾਂ ਹੋ ਗਿਆ (ਕਹਾਣੀ)

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


" ਭਿਲੀਵਾਲ ਦਾ ਸਰਦਾਰ ਕਿਸੇ ਨੇ ਮਾਰ ਦਿੱਤਾ।" ਬਸ ਦੀ ਪਿੱਛਲੀ ਸੀਟ ਤੇ ਬੈਠਾ ਤਾਰੂ ਬੋਲਿਆ, " ਪੁਲੀਸ ਨੇ ਪੱਤਾ ਪੱਤਾ ਛਾਣ ਮਾਰਿਆ ,ਪਰ ਕੋਈ ਭੇਦ ਨਹੀ ਲੱਭਾ।"
             ਇਹ ਗੱਲ ਤਕਰੀਬਨ ਸਾਰੀਆਂ ਸਵਾਰੀਆਂ ਨੇ ਸੁਣੀ ਜਿਹਨਾਂ ਵਿਚ ਮੂੰਡੀਆਂ ਦੀ ਪਿੰਦਰ ਵੀ ਸੀ।ਸਰਦਾਰ ਦੀ ਕੁੜੀ ਦਰਸ਼ੀ ਪਿੰਦਰ ਨਾਲ ਪੜ੍ਹਦੀ ਸੀ,ਦੱਸਵੀ ਤੋਂ ਬਾਅਦ ਪਿੰਦਰ ਤਾਂ ਕਾਲਜ ਜਾਣ ਲੱਗ ਪਈ ਅਤੇ ਦਰਸ਼ੀ ਨੂੰ ਅੱਗੇ ਪੜ੍ਹਨ ਦੀ ਇਜ਼ਾਜਤ ਨਾ ਮਿਲੀ।ਇਸ ਲਈ ਪਿੰਦਰ ਅੱਗੇ ਵਾਂਗ ਰੋਜ਼ ਤਾਂ ਦਰਸ਼ੀ ਨੂੰ ਨਹੀ ਸੀ ਮਿਲ ਸਕਦੀ, ਪਰ ਕਦੀ ਕਦੀ ਕਿਸੇ ਦੇ ਦਿਨ –ਸੁੱਧ ਉੱਪਰ ਜ਼ਰੂਰ ਮਿਲਦੀ।ਪਿਛਲੀ ਵਾਰੀ ਧੁੱਗਿਆਂ ਦੀ ਮਨਜੀਤ ਦੇ ਘਰ ਅੰਖਡ-ਪਾਠ ਸੀ ਤਾਂ ਸਾਰੀਆਂ ਕੁੜੀਆਂ ਇਕੱਠੀਆਂ ਹੋਈਆਂ ਸਨ। ਸਾਰੀਆਂ ਕੁੜੀਆਂ ਨੇ ਹੱਸ- ਹੱਸ ਗੱਲਾਂ ਕੀਤੀਆਂ, ਪਰ ਦਰਸ਼ੀ ਪਿੰਦਰ ਨੂੰ ਚੁੱਪ ਅਜਿਹੀ ਲੱਗੀ।ਇਸ ਬਾਰੇ ਉਸ ਨੇ ਖਹਿਰਿਆਂ ਦੀ ਪੱਮੀ ਨਾਲ ਗੱਲ ਵੀ ਕੀਤੀ, " ਦਰਸ਼ੀ ਅੱਗੇ ਵਾਂਗ ਹੱਸਦੀ- ਖੇਡਦੀ ਨਹੀ, ਚੁੱਪ-ਚੁੱਪ ਜਿਹੀ ਆ।"
" ਜਦੋਂ ਤੋਂ ਇਹਦੇ ਚਾਚੇ ਦੀ ਕੁੜੀ ਮਰ ਗਈ, ਉਦੋਂ ਦੀ ਹੀ ਇਹ ਇਸ ਤਰਾਂ ਰਹਿਣ ਲੱਗ ਪਈ।"
" ਮੈਨੂੰ ਤਾਂ ਪਤਾ ਲੱਗਾ ਸੀ ਕਿ ਚਾਚੇ ਦੀ ਕੁੜੀ ਨੂੰ ਘਰਦਿਆਂ ਆਪ ਹੀ ਮਾਰਿਆ ਹੈ।" ਪਿੰਦਰ ਆਪਣਾ ਸ਼ੱਕ ਦੱਸਿਆ, " ਕਹਿੰਦੇ ਆ, ਕਿਸੇ ਮੁੰਡੇ ਨਾਲ ਵਿਆਹ ਕਰਵਾਉਣ ਨੂੰ ਕਹਿੰਦੀ ਸੀ।"
" ਮਾਰ ਤਾਂ ਘਰਦਿਆਂ ਨੇ ਹੀ ਦਿੱਤੀ ਆ।" ਪੱਮੀ ਨੇਂ ਆਲੇ-ਦੁਆਲੇ ਦੇਖ ਕੇ ਕਿਹਾ, " ਪਰ ਗੱਲ ਇਹ ਹੀ ਖਿਲਰੀ ਸੀ ਕਿ ਉਸ ਨੇ ਆਪ ਹੀ ਕੁੱਝ ਖਾਹ ਲਿਆ।"
ਬਸ ਵਿਚ ਹੋ ਰਹੀਆਂ ਗੱਲਾਂ ਨੇ ਪਿੰਦਰ ਦਾ ਧਿਆਨ ਫਿਰ ਆਪਣੇ ਵੱਲ ਖਿੱਚ ਲਿਆ।
             " ਬੰਦਾ ਤਾਂ ਚੰਗਾ ਸੀ।" ਨਾਲਦੇ ਪਿੰਡ ਦਾ ਲੰਬੜਦਾਰ ਬੋਲਿਆ, " ਪਤਾ ਨਹੀ ਉਸ ਦਾ ਕੋਈ ਦੁਸ਼ਮਨ ਵੀ ਹੋਵੇਗਾ।"
             " ਚੰਗਾ ਤਾਂ ਰੱਬ ਦਾ ਨਾਮ ਹੀ ਹੈ।" ਪਿੰਦਰ ਦੇ ਪਿੰਡ ਵਾਲੇ ਪੰਡਿਤ ਜੀ ਬੋਲੇ, " ਸਭ ਕਰਮਾਂ ਦੀਆਂ ਗੱਲਾਂ ਨੇਂ।"
             " ਲੱਗਦਾ ਤਾਂ ਨਹੀ ਸੀ ਪਈ ਸਰਦਾਰ ਦਾ ਵੀ ਕੋਈ ਦੁਸ਼ਮਨ ਹੋਵੇਗਾ।"ਲੰਬੜਦਾਰ ਆਪ ਹੀ ਆਪਣੀ ਗੱਲ ਦਾ ਜ਼ਵਾਬ ਦਿੰਦਾਂ ਕਹਿ ਰਿਹਾ ਸੀ, " ਕਈ ਵਾਰੀ ਅਸੀ ਦੁਸ਼ਮਣਾ ਤੋੰ ਚੁਕੰਣੇ ਰਹਿੰਦੇ ਹਾਂ ਅਤੇ ਮਿਤਰਾਂ ਤੋਂ ਅਵੇਸਲੇ।"
             " ਲੰਬੜਾ ਗੱਲ ਤੇਰੀ ਵੀ ਠੀਕ ਆ।" ਤਾਰੂ ਫਿਰ ਬੋਲਿਆ, " ਮਿਤਰਾਂ ਵਲੋਂ ਅਵੇਸਲੇ ਰਹਿਣ ਕਰਕੇ ਉੁਹਨਾਂ ਤੋਂ ਹੀ ਧੋਖਾ ਖਾ ਜਾਂਦੇ ਹਾਂ।"
             " ਚਲੋ ਜੀ, ਜੋ ਕੁੱਝ ਵੀ ਹੋਇਆ।" ਪੰਡਤ ਜੀ ਬੋਲੇ, " ਹੋਇਆ ਤਾਂ ਮਾੜਾ।"
ਪਿੰਦਰ ਨੂੰ ਲੱਗਾ ਕਿ ਪੰਡਤ ਜੀ ਖੁੱਲ੍ਹ ਕੇ ਸਰਦਾਰ ਬਾਰੇ ਬੋਲ ਨਹੀ ਰਹੇ।ਉਸ ਨੇ ਆਪਣੇ ਦਿਲ ਵਿਚ ਸੋਚਿਆ ਕਿ ਉਹ ਪੰਡਤ ਜੀ ਨਾਲ ਇਸ ਮਸਲੇ 'ਤੇ ਜ਼ਰੂਰ ਗੱਲ ਕਰੇਗੀ।
             ਬਸ ਵਿਚੋਂ ਉਤਰ ਕੇ ਪਿੰਦਰ ਨੇ ਪਿੰਡ ਨੂੰ ਜਾਂਦੀ ਕੱਚੀ ਸੜਕ ਤੇ ਪੈਰ ਧਰਿਆ ਹੀ ਸੀ ਕਿ ਪੰਡਤ ਜੀ ਵੀ ਨਾਲ ਆ ਰਲੇ।
             ਪਿੰਦਰ ਨੇ ਕਿਹਾ, " ਚਾਚਾ ਜੀ, ਸਤਿ ਸ੍ਰੀ ਅਕਾਲ।"
             " ਰਾਮ,ਰਾਮ ਪੁੱਤਰੀ।"
             " ਚਾਚਾ ਜੀ, ਭਿਲੀਵਾਲ ਦੇ ਸਰਦਾਰ ਨੂੰ ਕੀ ਹੋਇਆ?" ਪਿੰਦਰ ਨੇ ਸਿੱਧਾ ਹੀ ਪੁੱਛਿਆ, " ਕਿਸ ਨੇ ਕਿਉਂ ਮਾਰ ਦਿੱਤਾ?"
             " ਪੁੱਤਰੀ, ਜੈਸੀ ਕਰਨੀ ਤੈਸੀ ਭਰਨੀ।" ਪੰਡਤ ਜੀ ਨੇ ਇਕਦਮ ਕਿਹਾ, " ਕਰਮਾਂ ਦੀਆਂ ਗੱਲਾਂ।"
             " ਪਰ ਸਰਦਾਰ ਨੇ ਤਾਂ ਕੋਈ ਐਸੀ ਗੱਲ ਨਹੀ ਕੀਤੀ ਲੱਗਦੀ, ਜੋ ਉਸ ਨੂੰ ਭਰਨੀ ਪਈ।"
             " ਮੇਰਾ ਮਤਲਵ ਇਹ ਨਹੀ ਸੀ।" ਪੰਡਤ ਜੀ ਨੇ ਗੱਲ ਹੋਰ ਪਾਸੇ ਪਾਉਦੇਂ ਕਿਹਾ, " ਉਹ ਜੋ ਹੋਇਆ ਸੋ ਹੋ ਗਿਆ, ਤੁੰ ਸੁਣਾ ਤੇਰੇ ਮਾਤਾ- ਪਿਤਾ ਰਾਜ਼ੀ ਨੇ।"
             " ਠੀਕ-ਠਾਕ ਹੈ।" ਪਿੰਦਰ ਨੇ ਕਹਿਣ ਨੂੰ ਕਹਿ ਦਿੱਤਾ, ਪਰ ਉਸ ਦਾ ਦਿਮਾਗ ਅਜੇ ਵੀ ਸਰਦਾਰ ਦੇ ਦੁਆਲੇ ਹੀ ਘੁੰਮਦਾ ਹੋਣ ਕਾਰਨ ਉਸ ਨੇ ਫਿਰ ਕਿਹਾ, " ਚਾਚਾ ਜੀ, ਤੁਸੀ ਸਰਦਾਰ ਦੇ ਪ੍ਰੀਵਾਰ ਨੂੰ ਚੰਗੀ ਤਰਾਂ ਜਾਣਦੇ ਹੋ?"
             "  ਜਾਣਦਾ ਹਾਂ।"
             " ਕਦੋਂ ਕੁ ਦੇ ਜਾਣਦੇ ਹੋ?"
             " ਬਹੁਤ ਦੇਰ ਤੋਂ।" ਪੰਡਤ ਜੀ ਨੇ ਕਿਹਾ, " ਪਰ ਪੁੱਤਰੀ, " ਤੂੰ ਕਿਉਂ ਇਸ ਗੱਲ ਉੱਪਰ ਇੰਨਾ ਧਿਆਨ ਦੇ ਰਹੀ ਹਾਂ।"
             " ਸਰਦਾਰ ਦੀ ਕੁੜੀ ਦਰਸ਼ੀ ਮੇਰੇ ਨਾਲ ਹੀ ਪੜ੍ਹਦੀ ਸੀ।"
             " ਹੁਣ ਨਹੀ ਪੜ੍ਹਦੀ।"
             " ਦਸਵੀ ਤੋਂ ਬਾਅਦ ਹੀ ਹੱਟ ਗਈ ਸੀ।"
             " ਹੱਟ ਗਈ ਸੀ ਜਾਂ ਹੱਟਾ ਲਈ ਗਈ ਸੀ।"
             " ਪਤਾ ਨਹੀ।" ਪਿੰਦਰ ਨੇ ਇੰਨਾ ਹੀ ਕਿਹਾ, ਪਰ ਪਿੱਛੇ ਆਉਂਦਾ ਤਾਰੂ ਜੋ ਸਾਰੀਆਂ ਗੱਲਾਂ ਸੁਣ ਰਿਹਾ ਸੀ ਬੋਲਿਆ, " ਸਰਦਾਰ ਕੁੜੀਆਂ ਨੂੰ ਅਗਾਂਹ ਪੜਾਉਣ ਦੇ ਹੱਕ ਵਿਚ ਨਹੀ ਸੀ।"
             " ਕਿਉਂ?" ਪਿੰਦਰ ਨੇ ਪੁੱਛਿਆ, " ਮੁੰਡਿਆਂ ਨੂੰ ਪੜਾਉਣ ਦੇ ਹੱਕ ਵਿਚ ਸੀ।"
             " ਮੁੰਡੇ ਤਾਂ ਜੱਟਾਂ ਦੇ ਜਿਨਾਂ ਕੁ ਪੜ੍ਹਦੇ ਆ, ਕੁੜੇ ਤੈਨੂੰ ਪਤਾ ਹੀ ਆ।" ਤਾਰੂ ਨੇ ਕਿਹਾ, " ਕੁੜੀਆਂ ਨੂੰ ਇਹ ਲੋਕ  ਖਾਣਦਾਨ ਦੀ ਇੱਜ਼ਤ ਸਮਝਦੇ ਆ।"
             " ਤਾਰੂ ਤਾਇਆ, ਮੁੰਡੇ ਤੇ ਕੁੜੀਆਂ ਦੋਨੋ ਹੀ ਖਾਣਦਾਨ ਦੀ ਇੱਜ਼ਤ ਹੁੰਦੇ ਆ।" ਪਿੰਦਰ ਨੇ ਆਪਣੀ ਸੋਚ ਮੁਤਾਬਿਕ ਦੱਸਿਆ, " ਦੋਨੋ ਹੀ ਖਾਣਦਾਨ ਦੀ ਇੱਜ਼ਤ ਬਣਾ ਸਕਦੇ ਹਨ, ਅਤੇ ਦੋਨੋ ਹੀ ਗਵਾ ਸਕਦੇ ਨੇ।"
             " ਕੁੜੀਏ, ਸਾਨੂੰ ਤਾਂ ਤੇਰੀਆਂ ਗੱਲਾਂ ਦੀ ਸਮਝ ਨਹੀ ਆਉਂਦੀ।" ਤਾਰੂ ਨੇ ਕਿਹਾ, " ਕੁੜੀ ਹੀ ਘਰ ਦੀ ਇੱਜ਼ਤ ਹੁੰਦੀ ਆ, ਅਸੀ ਤਾਂ ਇਹ ਗੱਲ ਸੁਣਦੇ ਬੁੱਢੇ ਹੋ ਗਏ ਹਾਂ।"
             " ਪੁੱਤਰੀ ਗੱਲ ਤਾਂ ਤੂੰ ਠੀਕ ਆਂਹਦੀ ਪਈ ਜੇ।" ਪੰਡਤ ਜੀ ਨੇ ਕਿਹਾ, " ਪਰ ਸਮਾਜ ਲੜਕੀਆਂ ਨੂੰ ਹੀ ਇੱਜ਼ਤ ਦੀ ਮਾਲਾ ਦਾ ਮਣਕਾ ਸਮਝਦਾ ਜੇ।"
             " ਪਰ ਇਹ ਗਲੱਤ ਹੈ।" ਪਿੰਦਰ ਨੇ ਕਿਹਾ, " ਸਮਾਜ ਕਿਸ ਨੇ ਬਣਾਇਆ?"
             " ਕੁੜੇ ਗੁੱਡੀ, ਜਿਹੜੇ ਲੋਕ ਜ਼ੋਰਾਵਰ ਹੁੰਦੇ ਨੇ ਉਹ ਹੀ ਸਮਾਜ ਦੀ ਨੀਤੀਆਂ ਘੜਦੇ-ਬੁਣਦੇ ਨੇ।" ਤਾਰੂ ਨੇ ਸਿਆਣੀ ਗੱਲ ਕਰਦੇ ਕਿਹਾ, " ਡਾਢਿਆਂ ਦਾ ਸੱਤੀ ਵੀਹੀ ਸੋ।"
             ਤਿੰਨੇ ਹੀ ਗੱਲਾ ਕਰਦੇ ਪਿੰਡ ਦੀ ਫਿਰਨੀ ਤੇ ਪੁੱਜੇ ਤਾਂ  ਸੱਜੇ ਮੋੜ ਉੱਪਰ  ਲੋਕ ਢਾਣੀ ਬਣਾ ਕੇ ਖਲੋਤੇ ਗੱਲਾ ਵਿਚ ਮਗਨ ਸਨ। ਉਹਨਾਂ ਦੀਆਂ ਗੱਲਾਂ ਦਾ ਮਜ਼ਬੂਨ ਵੀ ਸਰਦਾਰ ਦੀ ਮੌਤ ਹੀ ਸੀ। ਤਾਰੂ ਅਤੇ ਪੰਡਤ ਜੀ ਉਸ ਢਾਣੀ ਦਾ ਹਿੱਸਾ ਬਣ ਗਏ ਵਿਚ ਅਤੇ ਪਿੰਦਰ ਆਪਣੇ ਘਰ ਵੱਲ ਨੂੰ ਚਲੀ ਗਈ।
             ਘਰ ਜਾ ਕੇ ਪਿੰਦਰ ਨੇ ਸਰਦਾਰ ਦੀ ਮੌਤ ਬਾਰੇ  ਆਪਣੇ ਦਾਦੀ ਜੀ ਨਾਲ ਗੱਲ ਕੀਤੀ, " ਮਾਂ-ਜੀ, ਭਿਲੀਵਾਲਾ ਸਰਦਾਰ ਕਿਸ ਨੇ  ਮਾਰ ਦਿੱਤਾ।"
ਉਸ ਦੇ ਦਾਦੀ ਜੀ ਨੇ ਕਿਹਾ, " ਸੁਣਿਆ ਤਾਂ ਪੁੱਤ ਅਸੀ ਵੀ ਇਹ ਹੀ ਹੈ, ਸਰਦਾਰ ਦੀ ਦੁਸ਼ਮਣੀ ਤਾਂ ਕਿਸੇ ਨਾਲ ਹੈ ਨਹੀ ਸੀ, ਪਤਾ ਨਹੀ ਇਹ ਕਾਰਾ ਕਿਉਂ ਕੀਤਾ ਗਿਆ।"
             " ਦੁਸ਼ਮਣੀ ਨਹੀ ਤਾਂ ਕੋਈ ਹੋਰ ਗੱਲ ਹੋਵੇਗੀ।" ਜੋ ਦਾਦੀ ਜੀ ਪਿੰਦਰ ਕੋਲੋ ਲੁਕਾਉਣ ਦਾ ਜਤਨ ਕਰ ਰਿਹੇ ਸਨ ਉਸ ਨੂੰ ਸਾਹਮਣੇ ਲਿਆਉਣ ਦੇ ਹਿਸਾਬ ਨਾਲ ਉਸ ਨੇ ਕਿਹਾ, " ਮਾਂਜੀ, ਉਸ ਤਰਾਂ ਤਾਂ ਸਰਦਾਰ ਚੰਗਾ ਬੰਦਾ ਸੀ।"
             " ਚਰਿੱਤਰ,ਦਾ ਬਹੁਤਾ ਚੰਗਾ ਨਹੀ ਸੀ।" ਦਾਦੀ ਜੀ ਆਮ ਪਿੰਡੂ ਇਸਤਰੀਆਂ ਵਾਂਗ ਗੱਲ਼ ਕਰਦੇ ਕਿਹਾ, " ਉਦਾ ਖਰਾ ਸੀ।"
             " ਮਾਂਜੀ, ਤੁਸੀ ਇਹ ਕੀ ਗੱਲ ਕੀਤੀ।" ਪਿੰਦਰ ਨੇ ਕਿਹਾ, " ਮਿਡਲ ਸਕੂਲ ਵਿਚ ਸਾਡਾ ਇਕ ਅਧਿਆਪਕ ਹੁੰਦਾ ਸੀ ਸਾਧੂ ਸਿੰਘ ਉਹ ਕਿਹਾ ਕਰਦਾ ਸੀ ਕਿ ਜੇ ਤੁਹਾਡਾ ਪੈਸਾ ਚਲਾ ਗਿਆ ਤਾਂ ਤੁਹਾਡਾ ਕੁੱਝ ਵੀ ਨਹੀ ਗਿਆ, ਜੇ ਤੁਹਾਡੀ ਸਿਹਤ ਖਰਾਬ ਹੈ ਤਾਂ ਤੁਹਾਡਾ ਕੁੱਝ ਕੁ ਚਲਾ ਗਿਆ, ਪਰ ਜੇ ਤੁਹਾਡਾ ਚਰਿੱਤਰ ਖ਼ਰਾਬ ਹੋ ਗਿਆ ਤਾਂ ਸਮਝੋ ਸਭ ਕੁੱਝ ਚਲਾ ਗਿਆ।"
" ਸਾਧੂ ਸਿਹੁੰ ਤਾਂ ਠੀਕ ਹੀ ਕਹਿੰਦਾ ਹੋਵੇਗਾ, ਪਰ ਰਾਣੀ ਨੂੰ ਕੌਣ ਕਿਹੇ ਕਿ ਅੱਗਾ ਢੱਕ।" ਦਾਦੀ ਜੀ ਨੇ ਸਾਫ ਕਿਹਾ, " ਕਈਆਂ ਨੂੰ ਪਤਾ ਸੀ ਕਿ ਸਰਦਾਰ ਦਾ ਚਰਿੱਤਰ ਠੀਕ ਨਹੀ, ਪਰ ਉਹ ਪੈਸੇ – ਧੇਲੇ  ਵਾਲਾ ਹੋਣ ਕਰਕੇ ਉਸ ਦੇ ਖਿਲਾਫ ਕੋਈ ਵੀ ਮੂੰਹ ਨਹੀ ਸੀ ਖੋਲ੍ਹਦਾ।"
             " ਇਹ ਹੀ ਤਾਂ ਆਪਣੇ ਸਮਾਜ ਦੀ ਹੁਸ਼ਿਆਰੀ ਨਾਲ ਖੇਡੀ ਚਾਲ ਆ, ਗਰੀਬ ਬੰਦਿਆਂ ਦੀਆਂ ਝੂੱਠੀਆਂ ਹੀ ਗੱਲਾਂ ਬਣਾਈ ਜਾਣੀਆਂ ਅਤੇ ਅਮੀਰਾਂ ਦੀਆਂ ਸੱਚੀਆਂ ਵੀ ਲੁਕੋਈ ਜਾਣੀਆਂ।"
             " ਚੱਲ ਸਾਨੂੰ ਕੀ ਇਹਨਾਂ ਗੱਲਾਂ ਨਾਲ।" ਦਾਦੀ ਜੀ ਨੇ ਕਿਹਾ, "ਲੋਕੀ ਜੋ ਕਰਦੇ ਆ ਕਰੀ ਜਾਣ।"
             ਪਹਿਲਾਂ ਤਾਂ ਪਿੰਦਰ ਦਾ ਦਿਲ ਕਰੇ ਕਿ ਕਹੇ ਤਾਂਹਿਉ ਤਾਂ ਸਮਾਜ ਦੀ ਇਹ ਹਾਲਤ ਹੈ ਕਿਉਂਕਿ ਹਰ ਕੋਈ ਇਹ ਹੀ ਸੋਚ ਲੈਂਦਾ ਹੈ ਸਾਨੂੰ ਕੀ?ਪਰ ਉਸ ਨੇ ਇੰਨਾ ਹੀ ਕਿਹਾ, " ਮੈ ਤਾਂ ਉਹਨਾਂ ਦੇ ਘਰ ਜਾਣਾ ਚਾਹੁੰਦੀ ਹਾਂ, ਦਰਸ਼ੀ ਕੋਲ ਅਫਸੋਸ ਕਰਨ ਲਈ।"
             " ਆਪਾਂ ਕੱਲ ਨੂੰ ਹੀ ਚਲੀਆਂ ਜਾਵਾਂਗੀਆਂ।" ਦਾਦੀ ਜੀ ਨੇ ਸਲਾਹ ਕੀਤੀ, " ਤੈਨੂੰ ਵੀ ਕੱਲ੍ਹ ਦੀ ਛੁੱਟੀ ਆ।"
             " ਤੁਹਾਡੀ ਗੱਲ ਠੀਕ ਹੈ।" ਪਿੰਦਰ ਨੇ ਕਿਹਾ, " ਕੱਲ੍ਹ ਨੂੰ ਹੀ ਜਾਣਾ ਚਾਹੀਦਾ ਹੈ।"
             ਦੂਸਰੇ ਦਿਨ ਪਿੰਦਰ ਨੇ ਆਪਣੀ ਦਾਦੀ ਜੀ ਨੂੰ ਸਾਈਕਲ ਦੇ ਪਿੱਛੇ ਬੈਠਾਇਆ ਤੇ ਨਾਲ  ਲੱਗਦੇ ਪਿੰਡ ਭਿਲੀਵਾਲ ਪੁਹੰਚ ਗਈਆਂ।
             ਵੱਡੀ ਕੋਠੀ ਦੇ ਚਿਪਸ ਵਾਲੇ ਵਿਹੜੇ ਵਿਚ ਸੱਥਰ ਵਿਛਿਆ ਪਿਆ ਸੀ। ਅਫਸੋਸ ਕਰਨ ਆਏ ਲੋਕ ਦਰੀਆਂ ਤੇ ਬੈਠੇ ਸਰਦਾਰ ਦੇ ਕਤਲ ਦੀਆਂ ਗੱਲਾਂ ਕਰਦੇ ਦਿਸੇ।ਪਿੰਦਰ ਦਾਦੀ ਜੀ ਨੂੰ ਲੈ ਜ਼ਨਾਨੀਆਂ ਵਾਲੇ ਪਾਸੇ ਚਲੀ ਗਈ।ਪਿੰਦਰ ਅਤੇ ਉਸ ਦੇ ਦਾਦੀ ਜੀ ਨੂੰ ਦੇਖ ਕੇ ਦਰਸ਼ੀ ਦੀ ਮਾਂ ਪਿੰਦਰ ਦੇ ਗੱਲ ਲੱਗ ਧਾਂਹ ਮਾਰ ਕੇ ਕਹਿਣ ਲੱਗੀ, " ਧੀਏ ਪਤਾ ਨਹੀ ਕਿਹੜੇ ਨਿਜ਼ ਹੋਏ ਨੇ ਮੇਰਾ ਸੁਹਾਗ ਲੁਟਿਆ।"
             ਉਸ ਦੇ ਕੀਰਨੇ ਸੁਣ ਕੇ ਪਿੰਦਰ ਦੀਆਂ ਅੱਖਾਂ ਵਿਚ ਹੁੰਝੂ ਆ ਗਏ, ਉਸ ਨੇ ਭਰੀਆਂ ਅੱਖਾਂ ਨਾਲ ਪਰੇ ਬੈਠੀ ਦਰਸ਼ੀ ਨੂੰ ਦੇਖਿਆ। ਜੋ ਚੁੱਪ-ਚਾਪ ਅੱਖਾਂ ਮੀਟੀ ਬੈਠੀ ਸੀ। ਪਿੰਦਰ ਉਸ ਦੇ ਗੱਲ ਨਾਲ ਜਾ ਲੱਗੀ, ਪਰ ਉਹ ਗੁੰਮ-ਸੁੰਮ ਜਿਹੀ ਉਦਾ ਹੀ ਬੈਠੀ ਰਹੀ।
             " ਪਤਾ ਲੱਗਾ ਕੋਈ, ਸਰਦਾਰ ਨੂੰ ਕਿਹਨੇ ਮਾਰਿਆ।" ਦਾਦੀ ਜੀ ਨੇ ਕੋਲ ਬੈਠੀ ਜ਼ਨਾਨੀ ਨੂੰ ਪੁੱਛਿਆ, " ਪੁਲਿਸ ਨੇ ਕੁੱਝ ਦੱਸਿਆ ਨਹੀ?"
             " ਪੁਲੀਸ ਤਾਂ ਕੱਲ੍ਹ ਦੀ ਹੀ ਦੌੜੀ ਭਜੀ ਫਿਰਦੀ ਆ।" ਜ਼ਨਾਨੀ ਨੇ ਬਰਾਂਡੇ ਵਿਚ ਖੜ੍ਹੇ ਪੁਲੀਸ ਇੰਨਸਪੈਕਟਰ ਨੂੰ ਦੇਖ ਕੇ ਕਿਹਾ, " ਭੈਣ, ਪਰ ਅਜੇ ਤਕ ਤਾਂ ਕੁਛ ਪਤਾ ਨਹੀ ਲੱਗਾ।"
             " ਆਹ ਖਾਕੀ ਵਰਦੀਆਂ ਵਾਲੀਆਂ ਕਮਰਿਆਂ ਦੇ ਅੰਦਰ-ਬਾਰ ਕਿਉਂ ਘੁੰਮ ਰਹੀਆਂ ਨੇ।" ਦਾਦੀ ਜੀ ਨੇ ਲੇਡੀ ਪੁਲੀਸ ਨੂੰ ਦੇਖਦਿਆਂ ਹੌਲੀ ਜਿਹੀ ਕਿਹਾ, " ਇਹ ਕੀ ਕਰਦੀਆ ਫਿਰਦੀਆਂ ਨੇ।"
             " ਪੁਲੀਸ ਦੇ ਨਾਲ ਹੀ ਆਈਆਂ ਨੇ।" ਜ਼ਨਾਨੀ ਨੇ ਦਾਦੀ ਜੀ ਵਾਲੀ ਸੁਰ ਵਿਚ ਹੀ ਕਿਹਾ, " ਪੁਲੀਸ ਨੇ ਸਾਰੇ ਟੱਬਰ ਨੂੰ ਵਿਹੜੇ ਵਿਚ ਕੱਢ ਦਿੱਤਾ ਆ, ਅੰਦਰਾਂ ਦੀ ਤਲਾਸ਼ੀ ਲੈਣ ਲਈ।"
             " ਪੁਲੀਸ ਵਾਲੇ ਵੀ ਕਮਲੇ ਆ।" ਕੋਲੋ ਹੀ ਇਕ ਹੋਰ ਜ਼ਨਾਨੀ ਬੋਲੀ, " ਇਹਨਾਂ ਨੂੰ ਕੋਈ ਪੁੱਛੇ ਪਈ, ਸਰਦਾਰ ਨੂੰ ਮਾਰਨ ਤਾਂ ਕੋਈ ਬਾਹਰੋ ਆਇਆ ਹੋਵੇਗਾ, ਉਹ ਕਿਤੇ ਅਜੇ ਤੱਕ ਅੰਦਰ ਲੁਕੀ ਬੈਠਾ
ਆ।"
             " ਪੁਲੀਸ ਦੀ ਤਾਂ ਸਾਰੀ ਪਲਟਣ ਹੀ ਆਈ ਲੱਗਦੀ ਆ।" ਦਾਦੀ ਜੀ ਪੁਲੀਸ ਦੀ ਗਿਣਤੀ ਕਰਦੇ ਕਿਹਾ, " ਠਾਣੇਦਾਰ ਦੇ ਨਾਲ ਆਹ ਦੂਜਾ ਕੌਣ ਆ?"
             " ਇਹ ਕੋਈ ਵੱਡਾ ਅਫਸਰ ਆ।" ਪਹਿਲੀ ਜ਼ਨਾਨੀ ਫਿਰ ਬੋਲੀ, " ਸਰਦਾਰ ਦੀ ਚੱਲਦੀ ਕਿਤੇ ਥੌੜੀ ਸੀ, ਸਾਰੇ ਪਾਸੇ ਬੱਲੇ ਬੱਲੇ ਸੀ।"
             " ਕਹਿੰਦੇ ਆ ਕਿ ਕੁਹਾੜੀ ਨਾਲ ਸਰਦਾਰ ਨੂੰ ਵੱਢਿਆ।" ਪਹਿਲੀ ਜ਼ਨਾਨੀ ਨੇ ਆਲੇ-ਦੁਆਲੇ ਦੇਖ ਕੇ ਹੌਲੀ ਜਿਹੀ ਕਿਹਾ, " ਲਾਸ਼ ਵੀ ਅਜੇ ਤੱਕ ਪੁਲੀਸ ਦੇ ਕਬਜ਼ੇ ਵਿਚ ਹੀ ਆ।"
ਪਿੰਦਰ ਨੇ ਆਪਣਾ ਧਿਆਨ ਜ਼ਨਾਨੀਆਂ ਦੀ ਗੱਲਾਂ ਤੋਂ ਹਟਾ ਕੇ ਦਰਸ਼ੀ ਵੱਲ ਕੀਤਾ ਜੋ ਪਹਿਲੇ ਦੀ ਤਰਾਂ ਬੈਠੀ ਸੀ। ਪਿੰਦਰ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਟੱਸ ਤੋਂ ਮਸ ਨਾ ਹੋਈ।
             " ਧੀਏ, ਇਹ ਤਾਂ ਕੱਲ੍ਹ ਦੀ ਹੀ ਇਸ ਤਰਾਂ ਆ।" ਦਰਸ਼ੀ ਦੀ ਤਾਈ ਆਪਣੀਆਂ ਅੱਖਾਂ ਪੂੰਝਦੀ ਬੋਲੀ, " ਪਿਉ ਦਾ ਗਮ ਇਹਦੇ ਅੰਦਰ ਬੈਠ ਗਿਆ ਆ।"
             aਦੋਂ ਹੀ ਪੁਲੀਸ ਦੀਆਂ ਦੋ ਕੁੜੀਆਂ ਦਰਸ਼ੀ ਦੇ ਕੋਲ ਆ ਕੇ ਕਹਿਣ ਲੱਗੀਆਂ, " ਤੂੰ ਹੀ ਸਰਦਾਰ ਦੀ ਕੁੜੀ ਆ।"
             " ਹਾਂ ਇਹ ਹੀ ਹੈ।" ਦਰਸ਼ੀ ਦੇ ਥਾਂ ਉਸ ਦੀ ਤਾਈ ਜ਼ਵਾਬ ਦਿੱਤਾ, " ਪਰ ਤੁਸੀ ਕਿਉਂ…?"
             " ਇਹਦੇ ਕਮਰੇ ਵਿਚੋਂ ਕੁਹਾੜੀ ਮਿਲੀ ਆ।" ਪੁਲੀਸ ਵਾਲੀ ਨੇ ਕਿਹਾ, " ਇਸ ਨੂੰ ਪੁੱਛ-ਗਿੱਛ ਕਰਨ ਲਈ ਠਾਣੇ ਖੜ੍ਹਨਾ ਹੈ।"
             ਇਸ ਗੱਲ ਨਾਲ ਸਾਰੇ ਪਾਸੇ ਸੰਂਨਾਟਾ ਛਾ ਗਿਆ। ਪਿੰਡ ਦਾ ਸਰਪੰਚ ਬੰਦਿਆ ਵਿਚੋਂ ਉੱਠ ਕੇ ਉੱਥੇ ਆਉਂਦਾ ਹੀ ਬੋਲਿਆ, " ਇੰਨਸਪੈਟਰ ਸਾਹਿਬ, ਇਹ ਕੀ ਹੋ ਰਿਹਾ ਆ?"
             " ਠੀਕ ਹੀ ਹੋ ਰਿਹਾ ਹੈ।" ਇੰਨਸਪੈਕਟਰ ਨੇ ਕਿਹਾ, " ਜਿਸ ਕੁਹਾੜੀ ਨਾਲ ਸਰਦਾਰ ਨੂੰ ਮਾਰਿਆ ਗਿਆ ਹੈ, ਉਹ ਇਸ ਕੁੜੀ ਦੇ ਬੈਡ ਥੱਲਿਉਂ ਮਿਲੀ ਹੈ।"
             " ਹੋ ਸਕਦਾ ਹੈ ਕਿਸੇ ਨੇ ਕੁਹਾੜੀ ਨੂੰ ਵਰਤ ਕੇ ਇਹਦੇ ਕਮਰੇ ਵਿਚ ਲੁਕਾ ਦਿੱਤੀ ਹੋਵੇ।" ਸਰਪੰਚ ਨੇ ਕਿਹਾ, " ਤੁਹਾਡਾ ਕੀ ਮਤਲਵ…?"
             " ਕੁਹਾੜੀ ਇਸ ਦੇ ਕਮਰੇ ਵਿਚ ਕਿਵੇ ਆਈ?" ਇੰਨਸਪੈਕਟਰ ਨੇ ਦੱਸਿਆ, " ਇਨਕੁਆਰੀ ਕਰਨ ਲਈ ਲੈ ਕੇ ਜਾਣਾ ਹੈ।"
             " ਕੁੜੇ, ਤੇਰੇ ਕਮਰੇ ਵਿਚ ਕੁਹਾੜੀ ਕਿੱਥੋਂ ਆਈ?" ਉਸ ਦੀ ਮਾਂ ਦੁਹੱਥੜਾ ਮਾਰਦੀ ਬੋਲੀ, " ਬੋਲ ਨਹੀ ਤਾਂ ਮੈ ਤੇਰੀਆਂ ਪਸਲੀਆਂ ਸੇਕ ਦੇਣੀਆਂ ਆ।"
             " ਭੈੜੀਏ, ਕਿਹਦੇ ਕੋਲੋ ਪਿਉ ਨੂੰ ਮਰਵਾ ਦਿੱਤਾ।" ਤਾਈ ਉਸ ਦੀ ਗੁੱਤ ਖਿੱਚਦੀ ਬੋਲੀ, " ਖਾਨਦਾਣ ਨੂੰ ਦਾਗ ਲਾਉਣ ਵਾਲੀਏ ਤੇਰਾ ਕੱਖ ਨਾ ਰਿਹੇ।"
             " ਇੰਂਨਸਪੈਟਰਾ, ਤੂੰ ਪਰੇ ਹੋ।" ਭੀੜ ਨੂੰ ਚੀਰਦੀ ਹੋਈ ਦਰਸ਼ੀ ਦੀ ਭੂਆ ਅੱਗੇ ਆਉਂਦੀ ਬੋਲੀ, " ਮੈ ਹੁਣੇ ਹੀ ਇਹਦੇ ਮੂਹੋਂ ਕਢਵਾ ਲੈਂਦੀ ਕਿ ਕੁਹਾੜੀ ਵਾਲਾ ਕਿੱਥੇ ਗਿਆ?"
ਲੋਕੀ ਮੂੰਹ ਜੋੜ ਜੋੜ ਕਾਨਾਫੂਸੀ ਕਰਨ ਲੱਗੇ।ਭੂਆ ਨੇ ਦਰਸ਼ੀ ਦੀ ਢੂਈ ਵਿਚ ਏਡੀ ਜ਼ੋਰ ਦੀ ਲੱਤ ਮਾਰੀ ਕਿ ਉਸ ਦੀ ਚੀਖ ਨਿਕਲ ਗਈ। ਭੂਆ ਨੇ ਦੂਜੀ ਲੱਤ ਘੁੰਮਾ ਕੇ ਮਾਰਦੇ ਹੋਏ ਕਿਹਾ, " ਬੋਲ, ਰੰਡੀਏ ਕਿਹਨੇ ਮਾਰਿਆ ਮੇਰੇ ਭਰਾ ਨੂੰ?"
             " ਮੈ ਮਾਰਿਆ ਤੇਰੇ ਭਰਾ ਅਤੇ ਆਪਣੇ ਪਿਉ ਨੂੰ।" ਦਰਸ਼ੀ ਨੇ ਇਹ ਗੱਲ ਏਨੀ ਉੱਚੀ ਅਤੇ ਜ਼ੋਰ ਨਾਲ ਆਖੀ ਕਿ ਘਰ ਦੀਆਂ ਕੰਧਾ ਵੀ ਹਿਲ ਗਈਆਂ, " ਹਵੇਲੀ ਗੋਹਾ ਸਿੱਟਣ ਆਈ ਜਗੀਰੋ ਨਾਲ ਖੇਹ ਖਾਦੇ ਮੈ ਅੱਖੀ ਦੇਖਿਆ।"
             " ਮੂੰਹ ਬੰਦ ਕਰ ਕੁਤੀਏ।" ਉਸ ਦੀ ਮਾਂ ਪਰੇ ਬੈਠੀ ਚੀਖੀ, " ਕਿਉਂ ਮਿੱਟੀ ਪਲੀਤ ਕਰਨ ਲੱਗੀ ਆਂ ਪਿਉ ਦੀ।"
             " ਤੇਰੀ ਮਿੱਟੀ ਉਹ ਰੋਜ਼ ਪਲੀਤ ਕਰਦਾ ਸੀ।" ਦਰਸ਼ੀ ਨੇ ਪਹਿਲੇ ਵਾਲੀ ਉੱਚੀ ਸੁਰ ਵਿਚ ਹੀ ਕਿਹਾ, " ਜਦੋਂ ਦੂਜੀਆਂ ਜ਼ਨਾਨੀਆਂ ਨਾਲ ਜ਼ਨਾਨੇ ਪਾਉਂਦਾ ਸੀ, ਤੈਨੂੰ ਰੋਜ਼ ਦੇਖਦੀ ਸਾਂ ਜਦੋਂ ਤੂੰ ਸਿਹਰਾਨੇ ਤੇ ਸਿਰ ਸੁੱਟ ਕੇ ਸਾਰੀ ਰਾਤ ਰੋਂਦੀ ਰਹਿੰਦੀ ਸੀ।"
             " ਕਮਜ਼ਾਤੇ ਮੂੰਹ ਬੰਦ ਕਰ ਲੈ।"ਦਰਸ਼ੀ ਦਾ ਚਾਚਾ ਅੱਖਾਂ ਕੱਡ ਕੇ ਬੋਲਿਆ, " ਗੋਲੀ ਮਾਰ ਦੇਵਾਂਗਾ ਖਾਣਦਾਣ ਨੂੰ ਵੱਟਾ ਲਾਉਣ ਵਾਲੀਏ।"
             " ਤੂੰ ਮੇਰੀ ਭੈਣ  ਸਿਰਫ ਇਸ ਕਰਕੇ ਮਾਰ ਦਿੱਤੀ ਸੀ  ਕਿ ਉਸ ਨੇ  ਇਕ ਦਿਨ ਕਿਸ ਮੁੰਡੇ ਨਾਲ ਵਿਆਹ ਦੀ ਗੱਲ ਕਰਕੇ ਖਾਣਦਾਨ ਦੀ ਇਜ਼ੱਤ ਖਤਰੇ ਵਿਚ ਪਾਈ ਸੀ, ਮੈ ਵੀ ਤੇਰੇ ਭਰਾ ਨੂੰ ਇਸੇ ਕਰਕੇ ਮਾਰਿਆ ਕਿ ਰੋਜ਼ ਹੀ ਖਾਣਦਾਨ ਦੀ ਇੱਜ਼ਤ ਨਿਲਾਮ ਕਰਦਾ ਸੀ॥"
             " ਮੇਰੀ ਅਣਖ ਦਾ ਇਮਤਿਹਾਨ ਨਾ ਲੈ।" ਚਾਚਾ ਉਸ ਦੇ ਕੋਲ ਆਉਂਦਾ ਕਹਿਣ ਲੱਗਾ, " ਤੇਰੇ ਟੋਟੇ ਕੀਤੇ…।"
             ਦਰਸ਼ੀ ਦੇ ਕੋਲ ਪੁਜਣ ਤੋਂ ਪਹਿਲਾਂ ਹੀ ਇੰਸਪੈਕਟਰ ਨੇ ਚਾਚੇ ਨੂੰ ਫੜ੍ਹ ਲਿਆ।
             ਚੁੱਪ ਰਹਿਣ ਵਾਲੀ ਦਰਸ਼ੀ ਵਿਚ ਪਤਾ ਨਹੀ ਰੋਲਾ ਪਾਉਣ ਦੀ ਤਾਕਤ ਕਿਥੋਂ ਆ ਗਈ ਉਹ ਗਰਜ਼ ਗਰਜ਼ ਕੇ ਬੋਲ ਰਹੀ ਸੀ, " ਕੁੜੀਆਂ ਮਾੜਾ ਕਰਨ ਤਾਂ ਬੰਦਿਆਂ ਦੀ ਅਣਖ ਨੂੰ ਸੱਟ ਵੱਜਦੀ ਆ।" ਉਸ ਨੇ ਸਾਰੇ ਮਰਦਾਂ ਵੱਲ ਹੱਥ ਕਰਕੇ ਕਿਹਾ, " ਮਰਦ ਸਮਜ ਵਾਲਿਉ, ਅਣਖ ਸਿਰਫ ਤੁਹਾਡੀ ਹੀ ਨਹੀ, ਸਾਡੀ ਵੀ ਹੈ, ਤੁਸੀ ਛੋਟੀ ਜਿਹੀ ਗੱਲ ਤੇ ਅਣਖ ਦਾ ਬਹਾਨਾ ਪਾ ਕੇ ਸਾਡੇ (ਔਰਤਾਂ )ਉੱਪਰ ਜ਼ੁਲਮ ਢਾਹੁੰਦੇ ਹੋ, ਪਤਾ ਨਹੀ ਕਿੰਨੀਆ ਕੁ ਔਰਤਾ ਇਸ ਅਣਖ ਦੀ ਬਲੀ ਵਿਚ ਬਾਲ ਚੁੱਕੇ ਹੋ, ਅੱਜ ਇੱਕ ਔਰਤ ਨੇ ਵੀ ਅਣਖ ਦੀ ਖਾਤਰ ਬੰਦਾ ਕਤਲ ਕੀਤਾ ਆ।"
ਫਿਰ ਦਰਸ਼ੀ ਜ਼ੋਰ ਦੀ ਹੱਸਦੇ ਹੋਏ ਕਹਿਣ ਲੱਗੀ, " ਲਾ ਲਉ ਮੈਨੂੰ ਹੱਥਕੜੀਆਂ, ਮੈ ਆਪਣੇ ਖਾਣਦਾਨ ਦੀ ਅਣਖ ਲਈ ਆਪਣੇ ਸੁੱਤੇ ਹੋਏ ਪਿਉ ਨੂੰ ਕੁਹਾੜੀ ਨਾਲ ਵੱਢ ਦਿੱਤਾ ਆ।"
ਪੁਲੀਸ ਨੇ ਅਣਖ ਲਈ ਕੀਤੇ ਕਤਲਾਂ ਦੇ ਕੇਸਾਂ ਵਿਚ ਇਸ ਕੇਸ ਨੂੰ ਵੀ ਦਰਜ਼ ਕਰ ਲਿਅ ਅਤੇ ਦਰਸ਼ੀ ਨੂੰ ਹੱਥਕੜੀਆਂ ਲਾ ਲਈਆਂ।
ਆਲੇ-ਦੁਆਲੇ ਖੱੜੇ ਲੋਕਾਂ ਦੇ ਮੂੰਹਾਂ ਉੱਪਰ ਜਿਵੇ ਤਾਲੇ ਵਜ ਗਏ ਹੋਣ, ਕਿਉਂਕਿ ਕੋਈ ਵੀ ਕੁੱਝ ਨਹੀ ਸੀ ਬੋਲ ਰਿਹਾ।ਸਿਰਫ ਇਕ ਬਹੁਤ ਹੀ ਬੁੱਢੀ ਇਸਤਰੀ ਜੋ ਸਹਾਰੇ ਨਾਲ ਹੀ ਉੱਠਦੀ- ਬੈਠਦੀ ਸੀ ਬੋਲੀ , " ਅੱਜ ਤਕ ਤਾਂ ਬੰਦਿਆਂ ਵਲੋਂ ਹੀ ਇਦਾ ਦਾ ਕਾਰਾ ਕੀਤਾ ਸੁਣਦੀਦਾ ਸੀ, ਆਹ ਉਲਟਾ ਕਿਦਾਂ ਹੋ ਗਿਆ?"ਪੁਲੀਸ ਦਰਸ਼ੀ ਨੂੰ ਲੈ ਕੇ ਸ਼ਹਿਰ ਵੱਲ ਚਲ ਪਈ ਅਤੇ ਪਿੰਦਰ ਦਾਦੀ ਜੀ ਨੂੰ ਸਾਈਕਲ ਤੇ ਬਿਠਾ ਕੇ ਆਪਣੇ ਪਿੰਡ ਵੱਲ ਨੂੰ।