ਬਲ਼ਦਾ ਚੋਅ (ਕਹਾਣੀ)

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੱਧਰਾ ਜਿਹਾ ਕੱਦ ਤੇ ਘਸੇ ਜਿਹੇ ਸਰੀਰ ਵਾਲਾ ਪੈਂਰੀ ਧੌੜੀ ਦਾਰ ਜੁੱਤੀ ਸਿਰ ਤੇ ਸਾਦੀ ਜਿਹੀ ਪਰ ਮੈਲੀæ ਪੱਗ ਅਤੇ ਗਲ਼ ਮੈਲਾæ ਜਿਹਾ ਖੱਦਰ ਦਾ ਕੁੜਤਾ ਤੇ ਤੇੜ ਉਹਦੇ ਵਰਗੀ ਹੀ ਚਾਦਰ ਲਾਈ ਆਮ ਹੀ ਸਾਈਕਲ ਤੇ ਕਦੇ ਸ਼ਹਿਰੋਂ ਆਉਂਦਾ ਤੇ ਕਦੇ ਜਾਂਦਾ ਦਿਸ ਪਿਆ ਕਰਦਾ ਸੀ। ਉਸ ਕੋਲ ਇੱਕ ਸੂਤੀ ਦਾ ਫੁੱਲਾਂ ਦੀ ਕਢਾਈ ਵਾਲਾ ਝੋਲ਼ਾ ਵੀ ਜਰੂਰ ਹੁੰਦਾ ਸੀ। ਜਿਸ ਨੂੰ ਉਹ ਸਦਾ ਹੀ ਆਪਣੇ ਹੱਥ ਨਾਲ ਵੱਲ ਮਾਰ ਕੇ ਫੜ ਕੇ ਰੱਖਿਆ  ਕਰਦਾ ਸੀ। ਸਾਰੇ  ਉਸਨੂੰ ਸਾਧੂ ਸ਼ਾਹ ਕਿਹਾ ਕਰਦੇ ਸਨ। ਪਰ ਉਸਦੀ ਹਾਲਤ ਦੇਖ ਕੇ ਉਹ ਸ਼ਾਹ ਨਹੀਂ ਸਗੋਂ ਇੱਕ ਕਰਜ਼ਾਈ ਲੱਗਦਾ ਸੀ । ਮੈਂ ਕਾਫੀæ ਚਿਰ ਇਸੇ ਭੁਲੇਖੇ ਵਿੱਚ ਹੀ ਰਿਹਾ ਸੀ ਕਿ ਉਸ ਨੂੰ ਲੋਕ ਸ਼ਾਇਦ ਜਾਣ ਬੁੱਝ ਕੇ ਸ਼ਾਹ ਕਹਿੰਦੇ ਹਨ। ਕਿਉਂਕਿ ਉਸਦੀ ਹਾਲਤ ਕਿਸੇ ਵੀ ਤਰਾਂ ਉਸਦੇ ਸ਼ਾਹ ਹੋਣ ਦਾ ਭਲੇਖਾ ਨਹੀਂ ਸੀ ਪਾਉਂਦੀ। ਚਾਹੇ ਉਹ ਖੇਤਾਂ ਵਿੱਚ ਫਿਰਦਾ ਹੋਵੇ ਜਾਂ ਸੜਕ ਤੇ ਉਹ ਆਪਣੇ ਮੁੰਡੇ ਨਾਲ ਟਰੈਕਟਰ ਤੇ ਵੀ ਬੈਠਾ ਹੋਣਾ ਤਾਂ ਵੀ ਉਸਦੀ ਹਾਲਤ ਇੰਨ ਬਿੰਨ ਪਹਿਲਾਂ ਵਰਗੀ ਹੀ ਹੁੰਦੀ ਸੀ। ਜਦੋਂ ਮੈਂ ਥੋੜਾ ਜਿਹਾ ਵੱਡਾ ਹੋ ਗਿਆ ਤਾਂ ਮੈਂ ਆਮ ਲੋਕਾਂ ਨੂੰ ਜਾਨਣ ਦਾ  ਪਿਆ ਸੀ ਜਿਸ ਕਰਕੇ ਮੈਨੂੰ ਉਸ ਬਾਰੇ ਪਤਾ ਲੱਗ ਗਿਆ ਕਿ ਸਾਧੂ ਸਿੰਘ ਸੱਚ ਮੁੱਛ ਹੀ ਸ਼ਾਹ ਹੈ। ਇਹ ਵੀ ਪਤਾ ਲੱਗ ਕਿ ਉਸਨੇ ਮੇਰੇ ਪਿੰਡ ਦੇ ਲੋਕਾਂ ਦੇ ਨਾਲ ਨਾਲ ਆਂਢੀ ਗੁਆਂਢੀ ਪਿੰਡਾਂ ਦੇ ਵੀ ਕਈ ਲੋਕਾਂ ਨੂੰ ਵਿਆਜੀ ਪੈਸੇ ਦਿੱਤੇ ਹੋਏ ਸਨ । ਉਸਦੇ ਹੱਥ ਵਾਲੇ ਝੋਲੇ ਵਿੱਚ ਸਦਾ ਹੀ  ਕਾਗਜ਼ਾਂ ਦੇ ਨਾਲ ਨਾਲ ਪੈਸੇ ਵੀ ਹੁੰਦੇ ਸਨ ਜਿਸਨੂੰ ਸਦਾ ਹੀ ਆਪਣੇ ਹੱਥ ਰੱਖਦਾ ਸੀ। ਪਰ ਉਸਦੇ ਕੱਪੜਿਆਂ ਦਾ ਭੇਦ ਅਜੇ ਤੱਕ ਮੇਰੇ ਲਈ ਇੱਕ ਗੁੱਝਾ ਭੇਦ ਹੀ ਸੀ ਕਿ ਉਹ ਮੈਲੇ ਕੱਪੜੇ ਕਿਉਂ ਪਹਿਨਦਾ ਸੀ ।
         ਇਸੇ ਤਰਾਂ ਇੱਕ ਦਿਨ ਮੈਂ ਆਪਣੀ ਮੋਟਰ ਦੇ ਨਾਲ ਲੱਗਦੇ ਖੂਹ ਵਾਲੇ ਪਿਆਰਾ ਸਿੰਘ ਨੂੰ ਪੁਛਿਆ ਕਿ ਤਾਇਆ ਇਹਨੂੰ ਸਾਰੇ ਸਾਧੂ ਸ਼ਾਹ ਕਹਿਕੇ ਬੁਲਾਉਂਦੇ ਹਨ ਤੇ ਇਹ ਹੈ ਵੀ ਸ਼ਾਹ ਈ ਆ ਪਰ ਇਸਦੇ ਕੱਪੜਿਆਂ ਤੋਂ ਤਾਂ ਇਹ ਨੰਗ ਲੱਗਦਾ। ਕੀ ਕਰਨਾ ਇਹੋ ਜਿਹੀ ਸ਼ਾਹੂਕਾਰੀ ਨੂੰ ਜੇ ਕੱਪੜਾ ਲੀੜਾ ਈ ਚੱਜ ਦਾ ਨੀ ਪਾਉਣਾ।
ਅੱਗੋਂ ਪਿਆਰਾ ਸਿੰਘ ਬੜੇ ਅਸਚਰਜ ਨਾਲ ਬੋਲਿਆ ਕੀ ਕਿਹਾ! ਇਹਦੇ ਕੋਲ ਬੜਾ ਪੈਸਾ ਈ । ਇਹ ਕਿਸੇ ਨੂੰ ਦਿਖਾਵਾ ਨੀ ਕਰਦਾ । ਇਹ ਚਾਹਵੇ ਤਾਂ ਅੱਜ ਅੱਧਾ ਪਿੰਡ ਖਰੀਦ ਲਵੇ ।
ਮੈਂ ਕਿਹਾ ਤਾਇਆ ਗੱਲ ਤਾਂ ਤੇਰੀ ਠੀਕ ਆ ਇਹਦੇ ਕੋਲ ਪੈਸਾ ਹੈਗਾ ਪਰ ਇਹ ਪੈਸੇ ਵਾਲਾ ਲੱਗਦਾ ਨੀ । ਤਾਂ ਪਿਆਰਾ ਸਿੰਘ ਬੋਲਿਆ ਪੁੱਤਰਾ ਲੱਗੇ ਚਾਹੇ ਨਾ ਲੱਗੇ ਪਰ ਹੈ ਸ਼ਾਹ। ਜਿੱਦਾਂ ਸਿਆਣੇ ਕਹਿੰਦੇ ਹੁੰਦੇ ਆ ਬਈ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਉਹੋ ਗੱਲ ਸਾਧੂ ਸ਼ਾਹ ਦੀ ਆ । ਕੱਪੜੇ ਲੀੜੇ ਪਾਏ ਕੋਈ ਨੀ ਦੇਖਦਾ ਬੱਸ ਇਹੀ ਦੇਖਦੇ ਆ  ਕਿ ਇਹਦੇ ਕੋਲ ਕੀ ਕੁਝ ਆ। ਖੰਘੂਰਾ ਮਾਰਦੇ ਹੋਏ ਤਾਇਆ ਫਿਰ ਬੋਲਿਆ ਸਾਧੂ ਸ਼ਾਹ ਦੀ ਕੁੜੀ ਕਿੰਨੀ ਮੋਟੀ ਸੀ ਪਰ ਮੁੰਡਾ ਦੇਖਲਾ ਜਿਹਨੂੰ ਵਿਆਹੀ ਆ ਕਿੰਨਾ ਸੋਹਣਾ ਤੇ  ਜੁਆਨ ਲੱਭਾ । ਮੁੰਡੇ ਵਾਲਿਆਂ ਨੇ ਰਿਸ਼ਤਾ ਕਰਨ ਲੱਗਿਆਂ  ਘਰ ਈ ਦੇਖਿਆ ਬੱਸ, ਬਈ ਚੰਗਾ ਚੋਖਾ ਦਾਜ ਦੂਜ ਮਿਲ ਜਾਣਾ ਹੋਰ ਕੀ ਲੈਣਾ? ਉਨਾਂ ਦੀ ਸੋਚ ਮੁਤਾਬਿਕ ਸਾਧੂ ਨੇ ਵੀ ਆਪਣੀ ਕੁੜੀ ਨੂੰ ਸ਼ਗਨ ਵਿੱਚ ਇੱਕ ਕਾਰ, ਟੈਲੀਵੀਜ਼ਨ ਮੁੰਡੇ ਨੂੰ ਸੋਨੇ ਦਾ ਕੜਾ ਤੇ ਬਾਕੀ ਘਰ ਦਿਆਂ ਨੂੰ ਵੀ ਬੜਾ  ਕੁਝ ਦਿੱਤਾ। ਵਿਆਹ ਵਾਲੇ ਦਿਨ ਵੀ ਮਿਲਣੀ ਤੇ ਦੇਖਿਆ ਕਿੱਦਾਂ ਮੁੰਦੀਆਂ ਪਾ ਰਹੇ ਸੀ। ਰੋਟੀ ਵੇਲੇ ਵੀ ਅਗਲੇ ਨੇ ਬਹਿਜਾ ਬਹਿਜਾ ਕਰਾਤੀ ਸੀ ਕਿਧਰੇ ਮੀਟ ਮੱਛੀ ਰੁਲਦੀ ਫਿਰਦੀ ਸੀ, ਕਈ ਤਰਾਂ ਦੀਆਂ ਸ਼ਰਾਬਾਂ ਸੀ ਤੇ ਹੋਰ ਪਤਾ ਨੀ ਕੀ ਕੀ ਬਣਾਇਆ ਹੋਇਆ ਸੀ। ਜਿਹੜਾ ਦਾਜ ਵਿਆਹ ਤੋਂ ਬਾਅਦ ਦਿੱਤਾ ਉਹਦਾ ਕੋਈ ਹਿਸਾਬ ਹੈ ਸੀ ਭਲਾ ? ਮੁੰਡੇ ਵਾਲਿਆਂ ਦੇ ਘਰ ਉਨੀ ਥਾਂ ਵੀ ਹੈ ਨੀ ਸੀ ਜਿੰਨਾ ਸਮਿਆਨ (ਸਮਾਨ) ਦਿੱਤਾ ਸਾਧੂ ਸ਼ਾਹ ਨੇ। ਅਗਲਿਆਂ ਗੁਆਂਢੀਆਂ ਦੇ ਘਰ ਸਮਿਆਨ ਰਖਾਇਆ ਸੀ । ਇਹਨੇ ਕੁੜੀ ਮੋਟੀ ਹੋਣ ਕਰਕੇ ਕੀਤਾ ਸੀ ਸਾਰਾ ਕੁਝ । ਪੈਸੇ ਨਾਲ ਕਹਿਲਾ ਜਾਂ ਸਮਿਆਨ (ਸਮਾਨ) ਨਾਲ ਕਹਿ ਲਾ ਮੁੰਡੇ ਵਾਲਿਆਂ ਦਾ ਮੂੰਹ ਝੀਥ ਵਾਂਗ ਬੰਦ ਕਰਤਾ। ਕੀ ਮਜਾਲ ਕੁੜੀ ਦੀ ਸੱਸ ਜਾਂ ਕੋਈ ਹੋਰ ਘਰ ਦਾ ਜੀਅ ਕੁੜੀ ਨੂੰ ਕੁਝ ਕਹਿ ਸਕੇ। ਮੁੱਕਦੀ ਗੱਲ ਇਹੋ ਈ ਆ ਕਿ ਅੱਜ ਪੈਸਾ ਹਰ ਕਿਸੇ ਪਿਉ ਬਣਿਆ ਪਿਆ। ਤਾਏ ਨੇ ਸਾਧੂ ਸ਼ਾਹ ਦੀ ਕੁੜੀ ਦੇ ਵਿਆਹ ਦੀ ਉਦਾਹਰਨ ਦਿੰਦਿਆਂ ਮੈਨੂੰ ਪੂਰੀ ਤਰਾਂ ਸਮਝਾਉਣ ਦਾ ਯਤਨ ਕੀਤਾ ਤੇ  ਸਭ ਕੁਝ ਇੱਕੋ ਸਾਹੇ ਕਹਿ ਗਿਆ।
            ਤਾਏ ਨੇ ਸਾਧੂ ਸ਼ਾਹ ਦੀ ਕੁੜੀ ਦੇ ਵਿਆਹ ਦੀਆਂ ਗੱਲਾਂ ਸੁਣਾ ਕੇ ਮੈਨੂੰ ਉਸਦੇ ਮੈਲੇ ਕੱਪੜਿਆਂ ਨੂੰ ਦੁੱਧ ਧੋਤੇ ਕੱਪੜੇ ਮਹਿਸੂਸ ਕਰਨ ਲਈ ਮਜਬੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਆਪਣੇ ਆਪ ਵਿੱਚ ਤਾਏ ਨਾਲ ਸਹਿਮਤ ਨਾ ਹੋ ਸਕਿਆ ਤੇ ਬੇਕਾਰ ਦੀ ਬਹਿਸ ਤੋਂ ਬਚਣ ਲਈ ਤਾਏ ਨੂੰ ਇਹ ਕਹਿ ਸ਼ਾਂਤ ਕਰ ਦਿੱਤਾ ਕਿ ਤਾਇਆ ਗੱਲਾਂ ਤੇਰੀਆਂ ਸੱਚੀਆਂ ਨੇ।
                ਮੈਂ ਘਰ ਨੂੰ ਆਉਂਦਾ ਸੋਚ ਰਿਹਾ ਸੀ ਕਿ ਕੀ ਸਾਰੇ ਇੰਝ ਦਾਜ ਦਹੇਜ ਦੇਣ ਲੱਗੇ ਤਾਂ ਗਰੀਬ ਦਾ ਜੀਣਾ ਮੁਹਾਲ ਹੋ ਜਾਊ । ਇੱਕ ਗਰੀਬ ਬੰਦਾ ਤਾਂ ਦੋ ਵਕਤ ਦੀ ਰੋਟੀ ਦੇ ਵੀ ਸੰਸੇ ਲੈਂਦਾ ਤੇ ਕਿੱਥੋਂ ਸ਼ਾਨੋ ਸ਼ੌਕਤ ਨਾਲ ਵਿਆਹ ਕਰਲੂ, ਕਿੱਥੋਂ ਤਰਾਂ ਤਰਾਂ ਦੇ ਪਕਵਾਨ ਖਵਾਵੇਗਾ। ਦਾਜ ਲਈ ਕਾਰਾਂ ਫਰਿਜਾਂ ਤੇ ਹੋਰ ਲਟਰਮ ਪਟਰਮ ਦਾ ਇੰਤਜ਼ਾਮ ਕਿਵੇਂ ਕਰੇਗਾ। ਕੀ ਗਰੀਬ ਲੋਕਾਂ ਦੀਆਂ ਧੀਆਂ ਸਦਾ ਹੀ ਆਪਣੀਆਂ ਸੱਸਾਂ ਤੇ ਨਣਦਾਂ ਦੀ ਧੌਂਸ ਸਿਰਫ ਇਸੇ ਕਰਕੇ ਸਹਿਣ ਲਈ ਮਜਬੂਰ ਹੋਣਗੀਆਂ, ਕਿਉਂਕਿ ਉਨਾਂ ਦੇ ਮਾਪੇ ਦਾਜ ਨਹੀਂ  ਦੇ ਸਕਦੇ। ਮੇਰੇ ਅੰਦਰ ਕਈ ਸਵਾਲ ਘੁੰਮ ਰਹੇ ਸਨ ਜਿਨਾਂ ਦਾ ਜਵਾਬ ਮੇਰੇ ਕੋਲ ਕੀ ਕਿਸੇ ਕੋਲ ਵੀ ਨਜ਼ਰ ਨਹੀਂ ਆ ਰਿਹਾ ਸੀ । ਮੈਨੂੰ ਮੈਲੇ ਕੱਪੜਿਆਂ ਵਿੱਚ ਸਾਧੂ ਸ਼ਾਹ ਇੱਕ ਦੈਂਤ ਲੱਗ ਰਿਹਾ ਸੀ। ਉਸਦੇ ਮੈਲੇ ਕੱਪੜੇ ਮੈਨੂੰ ਮਿੱਟੀ ਘੱਟੇ ਨਾਲ ਨਹੀਂ ਸਗੋਂ ਕਈ ਗਰੀਬ ਲੋਕਾਂ ਤੋਂ ਲਏ ਵਿਆਜ ਨਾਲ ਲਿਬੜੇ ਲੱਗ ਰਹੇ ਸਨ । ਜਿਸ ਵਿੱਚ ਪਤਾ ਨਹੀਂ ਕਿਸ ਕਿਸ ਗਰੀਬ ਦੀ ਧੀ ਦੀਆਂ ਕਈ ਆਸਾਂ ਮਿਲੀਆਂ ਹੋਣਗੀਆਂ, ਕਿਸ ਕਿਸ ਗਰੀਬ ਦੇ ਕਿਸੇ ਪੁੱਤਰ ਦੇ ਕਈ ਚਾਅ ਮਲਾਰ ਤੇ ਕਿਸ ਕਿਸ ਸੱਜ ਵਿਆਹੀ ਦੀਆਂ ਸੱਧਰਾਂ ਮਿਲੀਆਂ ਹੋਣਗੀਆਂ। ਕਿਉਂਕਿ ਸਾਧੂ ਸ਼ਾਹ ਜਿਸ ਨੂੰ ਵੀ ਵਿਆਜੀ ਪੈਸੇ ਦਿੰਦਾ ਸੀ ਉਸ ਕੋਲੋਂ ਭਾਰੀ ਵਿਆਜ ਦਰ ਤੇ ਪਰਨੋਟ ਲਿਖਾ ਲਿਆ ਕਰਦਾ ਸੀ। ਨਾਲ ਹੀ ਆਏ ਸਾਲ ਵਿਆਜ ਦੀ ਰਕਮ ਨੂੰ ਵੀ ਵਿਆਜ ਲਾਉਣ ਤੋਂ ਗੁਰੇਜ਼ ਨਹੀਂ ਸੀ ਕਰਦਾ। ਜਿਸ ਕਰਕੇ ਉਸਦੇ ਚੁੰਗਲ ਵਿੱਚ ਫਸਿਆ ਬੰਦਾ ਕਿਤੇ ਰੱਬ ਸਬੱਬੀਂ ਹੀ ਬਾਹਰ ਨਿਕਲਦਾ ਸੀ ਨਹੀਂ ਤਾਂ ਕਈ ਸਾਰੀ ਉਮਰ ਸਾਧੂ ਸ਼ਾਹ ਨੂੰ ਵਿਆਜ ਦਿੰਦਿਆਂ ਹੀ  ਮਰ ਗਏ ਸਨ। ਕੁਝ ਇਨਾਂ ਗੱਲਾਂ ਕਰਕੇ ਮੈਨੂੰ ਸਾਧੂ ਸ਼ਾਹ ਚੰਗਾ ਨਹੀਂ ਸੀ ਲੱਗਦਾ। 
      ਇਸੇ ਤਰਾਂ ਹੀ ਇੱਕ ਦਿਨ ਸਾਧੂ ਸ਼ਾਹ ਆਪਣੇ ਨਿੱਤ ਦੇ ਸੁਭਾਅ ਮੁਤਾਬਿਕ ਸਾਡੇ ਨਾਲ ਦੇ ਗੁਆਂਢੀ ਕੋਲੋਂ ਆਪਣੇ ਵਿਆਜੀ ਦਿੱਤੇ ਪੈਸੇ ਲੈਣ ਸਵੇਰੇ ਸਵੇਰੇ ਹੀ ਆ ਗਿਆ। ਗੁਆਂਢੀ ਆਪ ਤਾਂ ਘਰ ਨਹੀਂ ਸੀ ਇਸ ਕਰਕੇ ਉਸ ਦੀ ਘਰਵਾਲੀ ਬਚਨੋ ਬੜੇ ਤਰਸਮਈ ਲਹਿਜੇ ਨਾਲ ਕਹਿਣ ਲੱਗੀ ਭਾਈਆ ਜੀ ਇਸ ਵਾਰ ਸਾਡਾ ਖਰਚਾ ਬਹੁਤ ਹੋ ਗਿਆ। ਤੁਸੀਂ ਰੱਬ ਕਰਕੇ ਸਾਨੂੰ ਥੋੜੀ ਜਿਹੀ ਮੋਹਲਤ ਹੋਰ ਦੇ ਦਿਉ ।
ਕਿੰਨੀਆਂ ਮੋਹਲਤਾਂ ਹੋਰ ਲੈਣੀਆਂ ਤੁਸੀਂ ਸਾਧੂ ਸ਼ਾਹ ਦੇ ਬੋਲਾਂ ਵਿੱਚ ਤਲਖੀ ਸੀ।
ਅੱਗੋਂ ਬਚਨੋ ਨੇ ਫਿਰ ਤਰਲਾ ਕਰਦਿਆਂ ਕਿਹਾ ਭਾਈਆ ਜੀ ਮੁੰਡਾ ਡੇਢ ਮਹੀਨਾ ਹਸਪਤਾਲ ਰਿਹਾ ਤੇ ਬਚਿਆ ਮਸਾਂ, ਕੁੜੀ ਦੇ ਪ੍ਰਾਹੁਣੇ ਨੇ ਬਾਹਰ ਜਾਣ ਕਰਕੇ ਸਾਡੇ ਗਲ਼ ਗੂਠਾ ਦਿੱਤਾ ਹੋਇਆ  ਨਹੀਂ ਤਾਂ ਅਸੀਂ ਏਸ ਵਾਰ ਤੁਹਾਡਾ ਸਾਬ੍ਹ ਕਤਾਬ ਚੁਕਾ ਦੇਣਾ ਸੀ।
ਸਾਧੂ ਨੇ ਹੋਰ ਕਰੜਾ ਹੁੰਦੇ ਕਿਹਾ ਮੈਂ ਤੁਹਾਡੇ ਪ੍ਰਾਹੁਣੇ ਦੀ ਕਮਾਈ ਖਾਣੀ ਆ ਜਾਂ ਤੇਰੇ ਮੁੰਡੇ ਨਾਲ ਮੈਨੂੰ ਕੀ ? ਮੇਰੇ ਵਲੋਂ ਮਰਦਾ ਤਾਂ ਮਰੇ ਪਰ੍ਹਾਂ, ਮੈਂ ਕੀ ਲੈਣਾ ਉਹਦੀ ਬੀਮਾਰੀ ਤੋਂ।
ਜਦੋਂ ਸਾਧੂ ਸ਼ਾਹ ਨੇ ਉਸਦੇ ਇੱਕੋ ਇੱਕ ਪੁੱਤਰ ਦੇ ਮਰਨ ਦੀ ਗੱਲ ਕੀਤੀ ਤਾਂ ਬਚਨੋ ਦੀ ਜਿਵੇਂ ਜਾਨ ਹੀ ਨਿੱਕਲ ਗਈ। ਪਤਾ ਨਹੀਂ ਉਸ ਅੰਦਰਲਾ ਇਨਸਾਨ ਕਦੋਂ ਜਾਗ ਪਿਆ ਕਿ ਉਸਨੇ ਚੁੱਲੇ ਵਿੱਚੋਂ ਬਲਦੀ ਲੱਕੜ ਦੇ ਇੱਕ ਚੋਅ ਨੂੰ ਚੁੱਕ ਕੇ ਸਾਧੂ ਸ਼ਾਹ ਵੱਲ ਹੁੰਦੀ ਹੋਈ ਬੋਲੀ ਖੜਾ ਹੋ ਤੈਨੂੰ ਮੈਂ ਦਿਆਂ ਵਿਆਜ ਦੀਆਂ ਕਿਸ਼ਤਾਂ। ਉਹ ਸਾਧੂ ਸ਼ਾਹ ਦੇ ਰੋਜ਼ ਰੋਜ਼ ਦੇ ਇਸ ਜੱਬ ਨੂੰ ਜੜੋਂ ਹੀ ਮੁਕਾ ਦੇਣ ਦੇ ਇਰਾਦੇ ਨਾਲ ਹੀ ਉਸ ਵੱਲ ਨੂੰ ਵਧੀ ਸੀ। ਸਾਧੂ ਸ਼ਾਹ ਥੋੜਾ ਜਿਹਾ ਘਬਰਾ ਕੇ ਪਿੱਛੇ ਹੱਟਦੇ ਹੋਏ ਬੋਲਿਆ । ਬਚਨੋ ਕਮਲੀ ਤਾਂ ਨੀ ਹੋਗੀ ਕਿਤੇ। ਬਚਨੋ ਬੋਲੀ ਸਾਧੂ ਸਿੰਹਾਂ ਕਮਲੀ ਸੀਗੀ, ਸੁਰਤ ਈ ਹੁਣ ਆਈ ਆ। ਉਸਨੇ ਬਲਦੇ ਚੋਅ ਨਾਲ ਡਰਾ ਕੇ ਸਾਧੂ ਸ਼ਾਹ ਨੂੰ ਥੱਲੇ ਸੁੱਟ ਲਿਆ । ਬਚਨੋ ਆਮ ਜ਼ਨਾਨੀਆਂ ਨਾਲੋਂ ਤਕੜੇ ਜੁੱਸੇ ਦੀ ਮਾਲਕ ਹੱਡਾਂ ਪੈਰਾਂ ਦੀ ਖੁੱਲੀ ਸੀ ।
         ਅੰਤ ਸਾਧੂ ਸ਼ਾਹ ਨੇ ਤਰਲਾ ਕਰਦੇ ਹੋਏ ਕਿਹਾ ਬਚਨੋ ਮੈਂ ਹੁਣੇ ਕਾਗਜ਼ (ਪਰਨੋਟ) ਪਾੜ ਦਿੰਨਾਂ ਬੱਸ ਮੈਨੂੰ ਛੱਡ ਦੇ ਨਹੀਂ ਤਾਂ ਮੇਰੀ ਬੇਇਜ਼ਤੀ ਬੜੀ ਹੋਣੀ ਆ ।
ਬਚਨੋ ਨੇ ਕਿਹਾ ਹਾਂ ਹੁਣੇ ਛੱਡ ਦਿੰਨੀ ਆ ਪਤੰਦਰਾ ਪਰ ਇੱਕ ਨਹੀਂ ਝੋਲੇæ ਵਾਲੇ ਸਾਰੇ ਕਾਗਜ਼ ਪਾੜਨੇ ਪੈਣੇ ਆ।
ਸਾਧੂ ਸ਼ਾਹ ਨੇ ਕਿਹਾ ਨਹੀਂ ਨਹੀਂ ਬਚਨੋ ਮੈਂ ਇਹ ਨੀ ਕਰ ਸਕਦਾ। ਬੜੇ ਪੈਸੇ ਲੈਣ ਵਾਲੇ ਲੋਕਾਂ ਤੋਂ, ਮੇਰੀ ਉਮਰ ਭਰ ਦੀ ਕਮਾਈ ਇਸ ਝੋਲੇ ਵਿੱਚ ਆ ਨਹੀਂ ਨਹੀਂ……………… ਸਾਧੂ ਸ਼ਾਹ ਦੀ ਜ਼ੁਬਾਨ ਸੁੱਕ ਕੇ ਤਾਲੂ ਨਾਲ ਲੱਗਦੀ ਜਾਂਦੀ ਸੀ।
ਬਚਨੋ ਬੋਲੀ ਫਿਰ ਪਿਆ ਰਹਿ ਲੰਮਾ ਤੇ ਕਰਾ ਬੇਇਜ਼ਤੀ ਮੇਰਾ ਕੀ ਆ ਗਰੀਬੜੀ ਦਾ ਕੋਈ ਜਾਣੇ ਜਾਂ ਨਾ ਜਾਣੇ। ਨਹੀਂ ਤਾਂ ਕਹਿਦੂੰ ਮੈਨੂੰ ਹੱਥ ਪਾਇਆ ਮੈਂ ਢਾਹ ਲਿਆ, ਕੀ ਰਹੂ ਤੇਰਾ ਵੱਡੇ ਸ਼ਾਹ ਦਾ?
ਸਾਧੂ ਸ਼ਾਹ ਦੀਆਂ ਅੱਖਾਂ ਮੂਹਰੇ ਕਈ ਕੁਝ ਇੱਕ ਦਮæ ਘੁੰਮ ਗਿਆ ਤੇ ਉਸਨੇ ਬਚਨੋ ਵੱਲ ਨੂੰ ਝੋਲਾæ ਕਰਦੇ ਕਿਹਾ ਲੈ ਵੈਰਨੇ ਹੁਣ ਤਾਂ ਛੱਡ ਦੇ। ਸਾਧੂ ਸ਼ਾਹ ਆਪਣੇ ਆਪ ਨੂੰ ਬੜਾ ਲਾਚਾਰ ਤੇ ਬੇਵੱਸ ਮਹਿਸੂਸ ਕਰ ਰਿਹਾ ਸੀ। ਉਸ ਨੇ ਕਦੇ ਸੁਪਨੇ ਵਿੱਚ ਵੀ ਅਜਿਹਾ ਕਿਆਸ ਨਹੀਂ ਸੀ ਕੀਤਾ, ਉਹ ਵੀ ਇੱਕ ਜ਼ਨਾਨੀ ਦੇ ਹੱਥੋਂ।
        ਬਚਨੋ ਨੇ ਉਹੋ ਹੱਥ ਵਾਲੇ ਚੋਅ ਨਾਲ ਹੀ ਝੋਲੇ ਨੂੰ ਅੱਗ ਲਾ ਦਿੱਤੀ ਤੇ ਆਪ ਸਾਧੂ ਸ਼ਾਹ ਨੂੰ ਛੱਡ ਕੇ ਝੋਲੇ ਕੋਲ ਹੀ ਖੜੀ ਰਹੀ। ਸਾਧੂ ਸ਼ਾਹ ਛੁੱਟਦੇ ਸਾਰ ਹੀ ਝੋਲੇæ ਵੱਲ ਨੂੰ ਵਧਿਆ ਤਾਂ ਬਚਨੋ ਨੇ ਉਹੀ ਬਲਦਾ ਚੋਅ ਉਸ ਵੱਲ ਕਰਦੇ ਹੋਏ ਕਿਹਾ ਅਜੇ ਨੀ ਸਾਧੂ ਸਿੰਹਾਂ।
ਸਾਧੂ ਸ਼ਾਹ ਡੌਰ ਭੌਰ ਜਿਹਾ ਕਦੇ ਝੋਲੇæ ਵੱਲ ਤੇ ਕਦੇ ਸ਼ੀਹਣੀ ਬਣ ਕੇ ਖੜੀ ਬਚਨੋ ਵੱਲ ਬਿੱਟਰ ਬਿੱਟਰ ਤੱਕ ਰਿਹਾ ਸੀ। ਦੂਜੇ ਬੰਨੇ ਬਚਨੋ ਦਾ ਚਿਹਰਾ ਅਜੇ ਵੀ ਬਲਦੇ ਚੋਅ ਨਾਲੋਂ ਜਿਆਦਾ ਭਖ਼ ਰਿਹਾ ਸੀ ਪਰ ਹੁਣ ਉਹ ਪਹਿਲਾਂ ਵਾਂਗ ਤਰਲੇ ਕਰਦੀ ਬਚਨੋ ਨਹੀਂ ਸਗੋਂ ਸਰਦਾਰਨੀ ਬਚਨ ਕੌਰ ਲੱਗ ਰਹੀ ਸੀ ।
ਜਦੋਂ ਸਾਧੂ ਸ਼ਾਹ ਦਾ ਸੂਤੀ ਦੀ ਕਢਾਈ ਵਾਲਾ ਝੋਲਾ ਸੜ ਕੁ ਸੁਆਹ ਹੋ ਗਿਆ ਤਾਂ ਬਚਨੋ ਨੇ ਸ਼ਾਂਤ ਹੋ ਕੇ ਕਿਹਾ ਭਾਈਆ ਤੇਰੇ ਪੈਸੇ ਅਸੀਂ ਹਿਸਾਬ ਕਰਕੇ ਆਪੇ ਦੇ ਆਵਾਂਗੇ ਅੱਗੋਂ ਸਾਡੇ ਘਰ ਪੈਰ ਨਾ ਪਾਈ। ਕਾਗਜ਼ ਸੜ ਗਿਆ ਕੋਈ ਨੀ ਪਰ ਅਜੇ ਜੁæਬਾਨ ਹੈਗੀ ਆ। ਇਸ ਘਟਨਾ ਨੇ ਸਾਧੂ ਸ਼ਾਹ ਨੂੰ ਮੁੱਢੋਂ ਹਿਲਾ ਕੇ ਰੱਖ ਦਿੱਤਾ ਤੇ ਉਹ ਬਚਨੋ ਦੀ ਕਿਸੇ ਗੱਲ ਦਾ ਜਵਾਬ ਦਿੱਤੇ ਬਗੈਰ ਹੀ ਉੱਥੋਂ ਤੁਰ ਪਿਆ। ਰਸਤੇ ਵਿੱਚ ਉਹ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ ਆ ਰਿਹਾ ਸੀ। ਉਹ ਗੁਣਾਂ ਘਟਾਉ ਕਰਦਾ ਹੋਇਆ ਹਿਸਾਬ ਲਾ ਰਿਹਾ ਸੀ ਕਿ ਸਾਰੀ ਉਮਰ ਵਿੱਚ ਕਿੰਨਾ ਵਿਆਜ ਖਾਧਾ ਹੈ । ਉਸਨੂੰ ਖੁਦ ਕੋਲੋਂ ਵਿਆਜ ਦੀ ਬੋਅ ਆ ਰਹੀ ਸੀ, ਉਹ ਤਨ ਦੇ ਕੱਪੜੇ ਪਾੜ ਕੇ ਲੀਰਾਂ ਲੀਰਾਂ ਕਰ ਦੇਣਾ ਚਾਹੁੰਦਾ ਸੀ। ਉਹ ਆਪਣੇ ਆਪ ਨੂੰ ਬਦਲਿਆ ਬਦਲਿਆ ਮਹਿਸੂਸ ਕਰਦਾ ਸੀ। ਵਾਰ ਵਾਰ ਝੋਲੇæ ਵਾਲੇ ਆਪਣੇ ਸੱਜੇ ਹੱਥ ਨੂੰ ਦੇਖ ਰਿਹਾ ਸੀ ਜਿਸਨੂੰ ਬੜੇ ਸਾਲਾਂ ਤੋਂ ਕਰਜ਼ੇ ਦੇ ਵਿਆਜ ਦੇ ਭਾਰ ਨਾਲ ਬੰਨੀ ਫਿਰਦਾ ਸੀ । ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸਦਾ ਹੱਥ ਬਚਨੋ ਨੂੰ ਅਸੀਸਾਂ ਦੇ ਰਿਹਾ ਹੋਵੇ।