ਉਹ ਸਿਤਮ ਮੇਰੀ ਮੁਹੱਬਤ ਤੇ ਬੜਾ ਕਰਦੇ ਰਹੇ।
ਪਰ ਅਸੀਂ ਵੀ ਉਸ ਸਿਤਮ ਨੂੰ ਹੱਸ ਕੇ ਜਰਦੇ ਰਹੇ।
ਮੇਰਿਆਂ ਗੀਤਾਂ ਤੇ ਤੇਰੀ ਚੁੱਪ ਦੇ ਜਲਵੇ ਸਦਾ
ਕਹਿਰ ਦੀ ਬਰਸਾਤ ਬਣਕੇ ਹਰ ਸਮੇਂ ਵਰ੍ਹਦੇ ਰਹੇ।
ਉਸ ਬਿਰਖ ਦਾ ਹੈ ਬੜਾ ਧੰਨਵਾਦ ਜਿਸ ਦੀ ਛਾਂ ਦੇ ਹੇਠ
ਬੈਠ ਕੇ ਕੁਝ ਵਕਤ ਜੀਵਨ ਦਾ ਬਸਰ ਕਰਦੇ ਰਹੇ।
ਰੁਕ ਅਚਾਨਕ ਕਿਉਂ ਗਏ ਜੋ ਚਲ ਰਹੇ ਸੀ ਕਾਫਲੇ
ਹਾਰ ਜਾਵਣਗੇ ਉਹ ਬਾਜ਼ੀ ਜੇ ਇਵੇਂ ਕਰਦੇ ਰਹੇ।
ਇਹ ਸਮੁੰਦਰ ਆਪਣੀ ਹੀ ਲਹਿਰ ਤੋਂ ਕਿਉਂ ਡਰ ਰਿਹੈ
ਬੇੜੀਆਂ ਦਾ ਕੀ ਬਣੂ ਪਤਵਾਰ ਜੇ ਡਰਦੇ ਰਹੇ।
ਮੇਰੇ ਤਨ ਦਾ ਬਿਰਖ ਆਪਣੀ ਛਾਂ ਚ ਵੀ ਪਿਆਸਾ ਰਿਹਾ
ਤੇਰਿਆਂ ਪਿਆਰਾਂ ਦੇ ਬੱਦਲ ਹੋਰ ਥਾਂ ਵਰ੍ਹਦੇ ਰਹੇ।
ਮਾਰਦਾ ਪਾਲਾ ਉਹਨਾ ਨੂੰ ਸ਼ਾਇਦ ਗੁੱਝੇ ਰੋਗ ਦਾ
ਸੇਕ ਕੇ ਸਾਡੇ ਸਿਵੇ ਨੂੰ ਫਿਰ ਵੀ ਉਹ ਠਰਦੇ ਰਹੇ।