ਕਲਾਕਾਰਾਂ ਦੀ ਧਰਤੀ- ਅੰਦਰੇਟਾ (ਲੇਖ )

ਹਰਬੀਰ ਸਿੰਘ ਭੰਵਰ   

Email: hsbhanwer@rediffmail.com
Phone: +91 161 2464582
Cell: +91 98762 95829
Address: 184 ਸੀ ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India 141012
ਹਰਬੀਰ ਸਿੰਘ ਭੰਵਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਿਲਾ ਕਾਂਗੜਾ ਨੂੰ 'ਦੇਵਤਿਆਂ ਦੀ ਭੂਮੀ' ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਰੰਗ ਬਰੰਗੇ ਸੁੰਦਰ ਫੁਲਾਂ ਦੇ ਦਰਖਤਾਂ ਕਾਰਨ ਇਸ ਨੂੰ 'ਫੁਲਾਂ ਦੀ ਘਾਟੀ' ਵੀ ੋਕਹਾ ਜਾਂਦਾ ਹੈ। ਜਿਸ ਗਲ ਵਿਚ ਇਸ ਜ਼ਿਲੇ ਨੇ ਅੰਤਰ-ਰਾਸ਼ਟਰੀ ਪ੍ਰਸਿਧੀ ਹਾਸਲ ਕੀਤੀ ਹੈ - ਉਹ ਹੈ ਕਲਾ। ਅਠਾਰਵੀਂ ਅਤੇ ਉਨੀਵੀਂ ਸਦੀ ਦੀਆਂ 'ਕਾਂਗੜਾ ਕਲਾ' ਸ਼ੈਲੀ ਦੀਆਂ ਤਸਵੀਰਾਂ ਦੀ ਸੰਸਾਰ ਭਰ ਦੇ ਕਲਾ ਆਲੋਚਕਾਂ ਨੇ ਰੱਜ ਕੇ ਪ੍ਰਸੰਸਾ ਕੀਤੀ ਹੈ। ਡਾ. ਐਮ. ਐਸ. ਰੰਧਾਵਾ ਨੇ ਕਾਂਗੜਾ ਕਲਾ ਬਾਰੇ ਕਈ ਪੁਸਤਕਾਂ ਲਿਖੀਆਂ ਹਨ। ਵਡੀਆਂ ਵਡੀਆਂ ਆਰਟ ਗੈਲਰੀਆਂ ਕਾਂਗੜਾ ਕਲਾ ਦੇ ਨਮੂਨੇ ਲੱਭ ਕੇ ਗੇਲਰੀ ਸ਼ਿੰਗਰਾਨ ਦਾ ਯਤਨ ਕਰਦੀਆਂ ਰਹੀਆਂ ਹਨ। ਅਜੋਕੇ ਸਮੇਂ ਵਿਚ ਵੀ ਜ਼ਿਲਾ ਕਾਂਗੜਾ ਕਲਾ ਖੇਤਰ ਵਿਚ ਪਿਛੇ ਨਹੀਂ, ਇਸ ਜ਼ਿਲੇ ਦਾ ਇਕ ਨਿਕਾ ਜਿਹਾ ਪਿੰਡ ਅੰਦਰੇਟਾ 'ਕਲਕਾਰਾਂ ਦੀ ਧਰਤੀ' ਦੇ ਨਾਂ ਨਾਲ ਪ੍ਰਸਿਧ ਹੋ ਗਿਆ ਹੈ ਜਿਥੇ ਕਈ ਵਡੇ ਵਡੇ ਕਲਾਕਾਰਾਂ ਨੇ ਆਪਣੀ ਜ਼ਿੰਦਗੀ ਦੌਰਾਨ ਅਪਣੇ ਨਿਵਾਸ ਅਸਥਾਨ ਬਣਾਕੇ ਇਸ ਦੀ ਸ਼ੋਭਾ ਵਧਾਈ ਹੈ।
ਇਹ ਪਿੰਡ ਪਠਾਨਕੋਟ-ਕਾਂਗੜਾ-ਬੈਜਨਾਥ ਸੜਕ ਉਤ ਸਥਿਤ ਪਾਲਮਪੁਰ ਤੋਂ ੧੨ ਕਿਲੋ ਮੀਟਰ ਦੂਰ ਹੈ।ਮਾਲਵਾ ਤੇ ਦੁਆਵਾ ਖੇਤਰ ਚੋਂ ਜਾਣਾ ਹੋਵੇ ਤਾ ਹੁਸ਼ਿਆਰਪੁਰ-ਭਰਵਾਈਂ-ਡੇਹਰਾ ਤੋਂ ਹੋਕੇ ਕਾਂਗੜਾ ਆ ਜਾਂਦਾ ਹੈ, ਅਗੋਂ ਫਿਰ ਪਾਲਮਪੁਰ।ਪਹਿਲੀ ਨਵੰਬਰ ੧੯੬੬ ਨੂੰ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਤੋਂ ਪਹਿਲਾਂ ਇਹ ਜ਼ਿਲਾ ਪੰਜਾਬ ਦਾ ਹੀ ਇਕ ਹਿੱਸਾ ਸੀ।
            ਆਧੁਨਿਕ ਪੰਜਾਬੀ ਰੰਗ ਮੰਚ ਦੀ ਲੱਕੜਦਾਦੀ ਮਰਹੂਮ ਮਿਸਿਜ਼ ਨੋਰ੍ਹਾ ਰਿਚਰਡਜ਼ (੧੮੭੬-੧੯੭੧) ਨੇ ਸਭ ਤੋਂ ਪਹਿਲਾਂ ੧੯੩੫ ਵਿਚ ਇਸ ਪਿੰਡ ਨੂੰ ਭਾਗ ਲਾਇਆ। ਉਹਨਾਂ ਪਾਸ ਨਾਟਕਕਾਰ, ਅਦਾਕਾਰ, ਨਿਰਦੇਸ਼ਕ ਆਦਿ ਅਗਵਾਈ ਲੈਣ ਆਉਂਦੇ ਹੁੰਦੇ ਸਨ। ਪੰਜਾਬ ਵਿਚ ਬਲਾਕਾਂ ਦੇ ਸਮਾਜਿਕ ਸਿਖਿਆ ਅਫ਼ਸਰ ਰੰਗ ਮੰਚ ਦੀ ਟਰੇਨਿੰਗ ਲੈਣ ਆਇਆ ਕਰਦੇ ਸਨ।ਨੋਰਾ ਰਿਚਰਡਜ਼ ਨੇ ਆਪਣੇ ਨਿਵਾਸ ਸਥਾਨ ਤੇ ਇਕ ਓਪਨ-ਏਅਰ ਥੀਏਟਰ ਵੀ ਬਣਾਇਆ ਸੀ, ਜਿਥੇ ਉਹ ਨਾਟਕ ਖਿਡਵਾਇਆ ਕਰਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ੍ਰੀਮਤੀ ਰਿਚਰਡਜ਼ ਦੀਆਂ ਪੰਜਾਬੀ ਰੰਗ ਮੰਚ ਦੀਆਂ ਸੇਵਾਵਾਂ ਨੂੰ ਮੁਖ ਰਖਕੇ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਆ ਸੀ। ਅਪਣੀ ਆਖ਼ਰੀ ਵਸੀਹਤ ਰਾਹੀਂ ਸ੍ਰੀਮਤੀ ਰਿਚਰਡਜ਼ ਆਪਣਾ ਨਿਵਾਸ ਸਥਾਨ ਪੰਜਾਬੀ ਯੂਨੀਵਰਸਿਟੀ ਨੂੰ ਦੇ ਦਿਤਾ ਸੀ, ਜਿਥੇ ਯੂਨੀਵਰਸਿਟੀ ਨੇ ਆਪਣਾ 'ਸਟੂਡੈਂਟਸ ਹੋਮ' ਬਣਾਇਆ ਹੈ, ਯੂਨੀਵਰਸਿਟੀ ਵਲੋਂ ਅਕਸਰ ਵਿਦਿਆਰਥੀ ਆ ਕੇ ਕੋਈ ਕੈਂਪ ਆਦਿ ਵਿਚ ਸ਼ਾਮਿਲ ਹੁੰਦੇ ਰਹਿੰਦੇ ਹਨ।ਨੋਰ੍ਹਾ ਦਾ  ਨਿਵਾਸ ਅਸਥਾਨ 'ਬਦਾਮੀ ਨਿਵਾਸ" ਕੱਚੀਆਂ ਇੱਟਾਂ ਦਾ ਬਣਿਆ ਹੋਇਆ ਸੀ।ਧਰਮਸ਼ਾਲਾ-ਪਾਲਮਪੁਰ ਘਾਟੀ ਵਿਚ ਬਾਰਿਸ਼ ਬਹੁਤ ਹੁੰਦੀ ਹੈ, ਜਿਸ ਕਾਰਨ ਮਕਾਨ ਨੂੰ ਹਰ ਸਾਲ ਬਹੁਤ ਨੁਕਸਾਨ ਹੁੰਦਾ ਸੀ।ਯੂਨੀਵਰਸਿਟੀ ਨੇ ਉਸ ਦਾ ਨਕਸ਼ਾ ਤਿਆਰ ਕਰਵਾਕੇ ਹੁਣ ਪੱਕੀਆਂ ਇੱਟਾਂ ਦਾ ਹੂ-ਬ-ਹੂ ਪਹਿਲਾਂ ਵਰਗਾ ਮਕਾਨ ਬਣਾਇਆ ਹੈ ਤੇ ਬਾਹਰੀ ਦਿੱਖ ਕੱਚੀਆਂ ਇੱਟਾਂ ਵਾਲੇ ਮਕਾਨ ਦੀ ਹੀ ਦਿਤੀ ਹੈ। ਯੂਨੀਵਰਸਿਟੀ ਦੇ ਤਿੰਨ ਚਾਰ ਮੁਲਾਜ਼ਮ ਇਸ ਦੀ ਦੇਖ ਭਾਲ ਤੇ ਸੰਭਾਲ ਕਰ ਰਹੇ ਹਨ।

 ਮਿਸਿਜ਼ ਨੋਰਾ ਰਿੱਚਰਡਜ਼ ਦਾ ਘਰ 'ਬਦਾਮੀ ਨਿਵਾਸ'
             ਅੰਦਰੇਟਾ ਦੀ ਬਹੁਤੀ ਪ੍ਰਸਿਧੀ ਦਾ ਕਾਰਨ ਨਾਮਵਰ ਚਿੱਤਰਕਾਰ ਪਦਮ ਸ੍ਰੀ ਸੋਭਾ ਸਿੰਘ  (੧੯੦੧-੧੯੮੬) ਦਾ ਇਥੇ ਆ ਕੇ ਰਹਿਣਾ ਹੈ। ੧੯੪੭ ਵਿਚ ਉਹ ਲਾਹੌਰ ਆਪਣਾ ਸਭ ਕੁਝ ਗੁਆ ਕੇ ਖਾਲੀ ਹੱਥ ਇਥੇ ਆਏ ਸਨ। ਹੌਲੀ ਹੌਲੀ ਆਪਣਾ ਸਟੂਡੀਓ ਤੇ ਆਰਟ ਗੈਲਰੀ ਇਥੇ ਬਣਾਈ । ਉਨ੍ਹਾਂ ਪੰਜਾਬ ਦਾ ਇਤਿਹਾਸ ਖਾਸ ਕਰ ਗੁਰੂ ਸਾਹਿਬਾਨ ਨੂੰ ਵਧੇਰੇ ਚਿਤਰਿਆ ਹੈ। ਉਹਨਾਂ ਦਾ ਸ਼ਾਹਕਾਰ 'ਸੋਹਣੀ-ਮਹੀਂਵਾਲ' ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਆਮ ਘਰਾਂ ਵਿਚ ਵੇਖੀਆਂ ਜਾ ਸਕਦੀਆਂ ਹਨ। ਅਨੇਕਾਂ ਹੀ ਦਰਸ਼ਕ ਉਹਨਾਂ ਦੀ ਆਰਟ ਗੈਲਰੀ ਵੇਖਣ ਆਉਂਦੇ ਰਹਿੰਦੇ ਹਨ। ਕਈ ਮੁਖ ਮੰਤਰੀ, ਰਾਜਪਾਲ, ਜਰਨੈਲ ਤੇ ਕਲਾ ਪ੍ਰੇਮੀ ਗੈਲਰੀ ਵੇਖਣ ਆ ਚੁਕੇ ਹਨ।ਹਿਮਾਚਲ ਸਰਕਾਰ ਦੇ ਟੂਰਿਜ਼ਮ ਵਿਭਾਗ ਨੇ ਸੂਬੇ ਅੰਦਰ ਦੇਖਣਯੋਗ ਸਥਾਨਾਂ ਵਿਚ ਇਸ ਆਰਟ ਗੈਲਰੀ ਦਾ ਵੀ ਜ਼ਿਕਰ ਕੀਤਾ ਹੇ, ਜਿਸ ਕਾਰਨ ਗਰਮੀਆਂ ਵਿਚ ਵੱਡੀ ਗਿਣਤੀ ਵਿਚ ਸੈਲਾਨੀ ਆਰਟ ਗੈਲਰੀ ਦੇਖਣ ਆਉਂਦੇ ਹਨ।ਗੈਲਰੀ ਦਿਖਾਉਣ ਲਈ ਦੋ "ਗਾਈਡ" ਕੁੜੀਆਂ ਨਿਯੁਕਤ ਕੀਤੀਆਂ ਗਈਆਂ ਹਨ। ਆਰਟ ਗੈਲਰੀ ਦੇਖਣ ਦਾ ਸਮਾਂ ਸਵੇਰੇ ੧੦ ਵਜੇ ਤੋਂ ਪੰਜ ਵਜੇ ਸ਼ਾਮ ਤਕ ਹੈ, ਦੁਪਹਿਰ ਦੇ ਖਾਣੇ ਲਈ ਡੇਢ ਤੋਂ ਦੋ ਵੱਜੇ ਤਕ ਬੰਦ ਰਹਿੰਦੀ ਹੈ। ਗੈਲਰੀ ਦੇਖਣ ਲਈ ੧੦ ਰੁਪਏ ਦੀ ਟਿਕਟ ਲੈਣੀ ਪੈਂਦੀ ਹੈ ਅਤੇ ਆਪਣਾ ਕੈਮਰਾ, ਮੋਬਾਈਲ ਫੋਨ ਆਦਿ ਬਾਹਰ ਰਖਣੇ ਹੁੰਦੇ ਹਨ, ਗੈਲਰੀ ਅੰਦਰ ਫੋਟੋਗਰਾਫੀ ਮਨਾਹੀ ਹੈ, ਅੰਦਰ ਕਲੋਜ਼ ਸਰਕਟ ਕੈਮਰੇ ਵੀ ਲਗਾਏ ਗਏ ਹਨ। ਸਮੇਂ ਦੇ ਬੀਤਣ ਨਾਲ ਕੁਝ ਤਸਵੀਰਾਂ ਦੇ ਰੰਗਾਂ ਵਿਚ ਤ੍ਰੇੜਾ ਆਉਣ ਲਗੀਆਂ ਸਨ, ਪਰਿਵਾਰ ਨੇ ਦਿੱਲੀ ਤੋਂ ਪੁਰਾਤੱਤਵ ਵਿਭਾਗ ਦੇ ਮਾਹਰ ਅਧਿਕਾਰੀਆਂ ਦੇ ਮਾਹਰਾਂ ਦੇ ਸੁਝਾਂਅ ਉਤੇ ਸਿਲ੍ਹਾਬ ਦੇ ਬਚਾਅ ਲਈ ਪ੍ਰਬੰਧ ਤੋਂ ਬਿਨਾਂ ਤਸਵੀਰਾਂ ਨੂੰ "ਡਸਟ" ਤੋਂ ਬਚਾਉਣ ਲਈ ਆਪਣੇ ਜੋੜੇ ਵੀ ਗੈਲਰੀ ਤੋਂ ਬਾਹਰ ਉਤਾਰਨ ਲਈ ਆਖਿਆ ਜਾਂਦਾ ਹੈ। ਗੈਲਰੀ ਦੀ ਦੇਖਭਾਲ ਚਿੱਤਰਕਾਰ ਸੋਭਾ ਸਿੰਘ ਦੀ ਬੇਟੀ ਬੀਬੀ ਗੁਰਚਰਨ ਕੌਰ ਤੇ ਦੋਹਤਰਾ ਡਾ. ਹਿਰਦੇਪਾਲ ਸਿੰਘ ਅਪਣੇ ਪਰਿਵਾਰ ਸਮੇਤ ਕਰ ਰਹੇ ਹਨ।
             ਫਿਲਮੀ ਦੁਨੀਆ ਦੇ ਪ੍ਰਸਿਧ ਅਭਿਨੇਤਾ ਪਦਮ ਭੂਸ਼ਨ ਪ੍ਰਿਥਵੀ ਰਾਜ ਕਪੂਰ ਵੀ ਹਰ ਸਾਲ ਇਥੇ ਆਪਣੇ ਮਿਤਰ ਸ: ਸੋਭਾ ਸਿੰਘ ਅਤੇ ਸ੍ਰੀਮਤੀ ਰਿਚਰਡਜ਼ ਪਾਸ ਆਇਆ ਕਰਦੇ ਸਨ। ਉਹਨਾਂ ਆਪਣੀ ਕੋਠੀ ਬਨਾਉਣ ਲਈ ਥਾਂ ਖਰੀਦ ਕੇ ਨੀਹਾਂ ਭਰਵਾਈਆਂ ਸਨ, ਪਰ ਜ਼ਿੰਦਗੀ ਨੇ ਵਫਾ ਨਾ ਕੀਤੀ।ਆਰਟ ਗੈਲਰੀ ਦੇ ਬਾਹਰ ਇਕ ਦੀਵਾਰ 'ਤੇ ਸ੍ਰੀ ਕਪੂਰ ਦਾ ਬੁੱਤ ਲਗਾ ਹੋਇਆ ਹੈ।
             ਦਿਲੀ ਬਲਿਊ ਆਰਟ ਪੌਟਰੀ ਵਾਲੇ ਨਾਮਵਰ ਕੰੁੰਭਕਾਰ ਸ: ਗੁਰਚਰਨ ਸਿੰਘ ਨੇ ਵੀ ਇਥੇ ਆਪਣੀ ਕੋਠੀ ਅਤੇ ਭੱਠੀ ਬਣਾਈ ਹੈ। ਹਰ ਸਾਲ ਗਰਮੀਆਂ ਵਿਚ ਉਹ ਇਥੇ ਆ ਕੇ ਰਹਿੰਦੇ ਹਨ ਅਤੇ ਕੰਮ ਕਰਦੇ ਸਨ। ਪਰ ਸਾਲ ਉਹ ਦਿਲੀ, ਬੰਬਈ, ਮਦਰਾਸ, ਕਲਕਤਾ ਜਾਂ ਵਿਦੇਸ਼ਾ ਵਿਚ ਜਾ ਕੇ ਆਪਣੀ  ਕੁੰਭਕਾਰੀ ਦੇ ਸ਼ਾਹਕਾਰਾਂ ਦੀ ਨੁਮਾਇਸ਼ ਕਰਦੇ ਹਨ। ਕਈ ਅਜਾਇਬ ਘਰਾਂ ਵਿਚ ਉਹਨਾਂ ਦੀਆਂ ਕ੍ਰਿਤਾਂ ਹਨ।ਅਜਕਲ ਉਨਹਾਂ ਦੇ ਬੇਟੇ ਮਨਸਿਮਰਨ ਸਿੰਘ ਇਸ ਦੀ ਦੇਖਭਾਲ ਰਹੇ ਹਨ।
             ਪੰਜਾਬ ਦੀ ਪ੍ਰਸਿੱਧ ਚਿਤਰਕਾਰ ਬੀਬੀ ਫੂਲਾ ਰਾਣੀ ਨੇ ਵੀ ਇਥੇ ਆਪਣੀ ਕੋਠੀ ਬਣਾਈ ਸੀ, ਜੁਲਾਈ ਅਗੱਸਤ ਦੇ ਮਹੀਨੇ ਉਹ ਇਥੇ ਆ ਕੇ ਚਿੱਤਰਕਾਰੀ ਕਰਿਆ ਕਰਦੇ ਸਨ, ਪਰ ਹੁਣ ਵਡੇਰੀ ਉਮਰ ਤੇ ਅਪਣੀ ਕਬੀਲਦਾਰੀ ਦੇ ਰੁਝੇਵੇਂ ਕਾਰਨ ਬਹੁਤ ਸਾਲਾਂ ਤੋਂ ਇਥੇ ਨਹੀਂ ਗਏ, ਕੋਠੀ ਢਹਿ ਢੇਰੀ ਹੋ ਗਈ ਹੈ।
             ਮਾਡਰਨ ਆਰਟ ਕਰਨ ਵਾਲੇ ਨਾਮਵਰ  ਬੰਗਾਲੀ ਚਿਤਰਕਾਰ ਮਰਹੂਮ ਬੀ. ਸੀ. ਸਾਨਿਆਲ ਨੇ ਵੀ ਆਪਣਾ ਘਰ ਇਥੇ ਬਣਾਇਆ ਹੈ, ਪਰ ਉਹ ਇਥੇ ਆਕੇ ਕੰਮ ਨਹੀਂ ਕਰਦੇ, ਸਿਰਫ ਆਰਾਮ ਕਰਦੇ ਸਨ।
             ਬੋਧੀਆਂ ਦੀ ਆਤਮਿਕ ਆਗੂ ਤੇ ਸਮਾਜ ਸੇਵਾ ਕਰਨ ਵਾਲੇ ਸ੍ਰੀਮਤੀ ਫਰੀਦਾ ਬੇਦੀ ਨੇ ਵੀ ਆਪਣਾ ਮਕਾਨ ਇਥੇ ਬਣਾਇਆ ਹੈ। ਉਹ ਸਮਾਜ ਸੁਧਾਰਕ ਆਗੂ ਬਾਬਾ ਪਿਆਰੇ ਲਾਲ ਬੇਦੀ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ "ਜ਼ਫ਼ਰਨਾਮੇ" ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ, ਦੀ ਪਤਨੀ ਅਤੇ ਫਿਲਮੀ ਅਦਾਕਾਰ ਕਬੀਰ ਬੇਦੀ ਦੀ ਮਾਤਾ ਹਨ। ਫਿਲਮ ਜਗਤ ਵਿਚ ਜਾਣ ਤੋਂ ਪਹਿਲਾਂ ਕਬੀਰ ਬੇਦੀ ਇਥੇ ਅਕਸਰ ਆਇਆ ਕਰਦੇ ਸਨ।
             ਪੰਜਾਬ ਦੇ ਮਰਹੂਮ ਮੁਖ ਮੰਤਰੀ ਪਰਤਾਪ ਸਿੰਘ ਕੈਰੋਂ ਨੇ ਇਥੇ ਆਰਟ ਸਕੂਲ ਤੇ ਟੂਰਸਿਟ ਬੰਗਲੇ ਬਨਾਉਣ ਦੀ ਯੋਜਨਾ ਬਣਾਈ ਸੀ। ਸਰਕਾਰੀ ਕਾਰਵਾਈ ਕਰਦਿਆਂ ਦੋ ਸਾਲ ਲੰਘ ਗਏ। ਕੰਮ ਸ਼ੁਰੂ ਹੋਣ ਵਾਲਾ ਸੀ ਕਿ ਪੰਜਾਬ ਦੇ ਪੁਨਰਗਠਨ ਕਾਰਨ ਜ਼ਿਲਾ ਕਾਂਗੜਾ ਪਹਿਲੀ ਨਵੰਬਰ ੧੯੬੬ ਨੂੰ ਹਿਮਾਚਲ ਪਰਦੇਸ਼ ਵਿਚ ਚਲਾ ਗਿਆ। ਹਿਮਾਚਲ ਸਰਕਾਰ ਨੇ ਇਸ ਪਿੰਡ ਨੂੰ "ਕਲਾ ਗ੍ਰਾਮ" ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਸੀ, ਪਰ ਕੁਝ ਵੀ ਕਰਨ ਵਲ ਕੋਈ ਧਿਆਨ ਨਹੀਂ ਦਿਤਾ।