ਦਿਲ, ਦੌਲਤ ਅਤੇ ਦੁਨੀਆਂ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿਆਰ ਜ਼ਿੰਦਗੀ ਦੀ ਜਰੂਰਤ ਹੈ। ਜਿਵੇਂ ਬੂਟਾ ਪਾਣੀ ਤੋਂ ਬਿਨਾ ਸੁੱਕ ਜਾਂਦਾ ਹੈ ਉਵੇਂ ਜੀਵਨ ਵੀ ਪਿਆਰ ਤੋਂ ਬਿਨਾ ਕੁਮਲਾ ਜਾਂਦਾ ਹੈ।ਇਹ ਇਕ ਕੁਦਰਤੀ ਵਰਤਾਰਾ ਹੈ। ਪਿਆਰ ਕਿਸੇ ਵੀ ਦੋ ਜਾਂ ਦੋ ਤੋਂ ਵੱਧ ਜੀਵਾਂ ਵਿਚ ਹੋ ਸਕਦਾ ਹੈ। ਪਿਆਰ ਦੇ ਕਈ ਰੰਗ ਹਨ ਜਿਵੇਂ:- ਮਾਂ ਬੇਟੇ ਦਾ ਪਿਆਰ, ਭੈਣ ਭਰਾ ਦਾ ਪਿਆਰ, ਪਤੀ ਪਤਨੀ ਦਾ ਪਿਆਰ, ਪ੍ਰੇਮੀ ਪ੍ਰੇਮਿਕਾ ਦਾ ਪਿਆਰ ਜਾਂ ਮਨੁੱਖ ਅਤੇ ਜਾਨਵਰ ਦਾ ਪਿਆਰ ਆਦਿ। ਵਿਰੋਧੀ ਲਿੰਗ ਵਿਚ ਪਿਆਰ ਜਿਆਦਾ ਕਸ਼ਿਸ਼ ਰੱਖਦਾ ਹੈ। ਪਿਆਰ ਦਿਲ ਨਾਲ ਕੀਤਾ ਜਾਂਦਾ ਹੈ। ਪਿਆਰ ਵਿਚ ਇਕ ਦੂਸਰੇ ਨੂੰ ਮਿਲਨ ਜਾਂ ਪਾਉਣ ਦੀ ਪ੍ਰਬਲ ਇੱਛਾ ਹੁੰਦੀ ਹੈ। ਜੁਆਨੀ ਵਿਚ ਜਦ ਦੋ ਦਿਲ ਧੜਕਦੇ ਹਨ ਤਾਂ ਇਹ ਪਿਆਰ ਦੀ ਸਿਖਰ ਹੁੰਦੀ ਹੈ।
ਕਈ ਵਾਰੀ ਔਰਤ ਮਰਦ ਇਕ ਦੂਜੇ ਨੂੰ ਮਨੋਂ ਪਿਆਰ ਕਰਦੇ ਹਨ ਪਰ ਉਹ ਉਮਰ, ਜਾਤ ਜਾਂ ਸਮਾਜ ਦੇ ਕਿਸੇ ਬੰਧਨ ਕਰਕੇ ਇਕ ਦੂਸਰੇ ਨੂੰ ਪਾ ਨਹੀਂ ਸਕਦੇ। ਇਥੋਂ ਤੱਕ ਕਿ ਉਹ ਆਪਣੇ ਪਿਆਰ ਦਾ ਇਜਹਾਰ ਵੀ ਨਹੀਂ ਕਰ ਸਕਦੇ। ਉਹ ਹਮੇਸ਼ਾਂ ਮਰਿਆਦਾ ਵਿਚ ਰਹਿੰਦੇ ਹਨ। ਉਹ ਦੂਰ ਰਹਿੰਦੇ ਹੋਏ ਵੇ ਮਨੋਂ ਇਕ ਦੂਜੇ ਦਾ ਭਲਾ ਹੀ ਸੋਚਦੇ ਹਨ।
ਕਈ ਲੋਕ ਤਾਂ ਦਿਲ ਨੂੰ ਜ਼ਿੰਦਗੀ ਵਿਚ ਪਹਿਲਾ ਸਥਾਨ ਦਿੰਦੇ ਹਨ ਕਿਉਂਕਿ ਦੁਨੀਆਂ ਦੀ ਸੱਤ ਅਰਬ ਦੀ ਅਬਾਦੀ ਵਿਚ ਹਰ ਕਿਸੇ ਕੋਲ ਦਿਲ ਹੈ। ਅੱਜ ਤੱਕ ਜਿਨਾਂ੍ਹ ਵੀ ਸਾਹਿਤ ਲਿਖਿਆ ਗਿਆ ਹੈ ਸਭ ਤੋਂ ਜਿਆਦਾ ਦਿਲ ਜਾਂ ਪਿਆਰ ਤੇ ਹੀ ਲਿਖਿਆ ਗਿਆ ਹੈ। ਹਰ ਕੋਈ ਦਿਲ ਦਾ ਵਪਾਰੀ ਹੈ ਹਰ ਕੋਈ ਦੂਸਰੇ ਨੂੰ ਪਿਆਰ ਦੇਣਾ ਅਤੇ ਪਿਆਰ ਪਾਉਣਾ ਚਾਹੁੰਦਾ ਹੈ। ਇਹ ਪਿਆਰ ਕੇਵਲ ਕੁਝ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ। ਹਰ ਕੋਈ ਆਪਣੀ ਆਪਣੀ ਅਲੱਗ ਅਲੱਗ ਡਫਲੀ ਵਜਾ ਰਿਹਾ ਹੈ। ਨਹੀਂ ਤੇ ਕਹਿੰਦੇ ਹਨ:

ਲਾਖੋਂ ਹੈਂ ਯਹਾਂ ਦਿਲ ਵਾਲੇ
ਮਗਰ ਪਿਆਰ ਨਹੀਂ ਮਿਲਤਾ।
ਕਿਸੀ ਕੀ ਆਂਖੋਂ ਮੇਂ
ਵਫਾ ਕਾ ਇਕਰਾਰ ਨਹੀਂ ਮਿਲਤਾ।

ਹਰ ਕੋਈ ਆਪਣੇ ਦਿਲ ਨੂੰ ਹੱਥ ਤੇ ਰੱਖ ਕੇ ਹਨੇਰੇ ਵਿਚ ਭਟਕ ਰਿਹਾ ਹੈ। ਕਵੀ ਲੋਕਾਂ ਦਾ ਤਾਂ ਵਿਸ਼ਾ ਹੀ ਦਿਲ ਅਤੇ ਪਿਆਰ ਦਾ ਹੀ ਹੈ। ਜੇ ਸਾਰੇ ਸਾਹਿਤ ਵਿਚੋਂ ਦਿਲ ਤੇ ਪਿਆਰ ਦੇ ਪੰਨ੍ਹੇ ਕੱਢ ਦਿੱਤੇ ਜਾਣ ਤਾਂ ਸੋਚੋ ਬਾਕੀ ਕੀ ਬਚੇਗਾ?
ਅਸੀਂ ਸਾਰੀ ਉਮਰ ਪਿਆਰ ਦੀ ਤਲਾਸ਼ ਵਿਚ ਭਟਕਦੇ ਰਹਿੰਦੇ ਹਾਂ । ਇਕ ਦੂਸਰੇ ਤੇ ਬੇਵਫਾ ਹੋਣ ਦਾ ਇਲਜਾਮ ਲਾਉਂਦੇ ਰਹਿੰਦੇ ਹਾਂ। ਕੀ ਕਾਰਨ ਹੈ ਕਿ ਪਿਆਰ ਦੀ ਇਤਨੀ ਚਰਚਾ ਅਤੇ ਜਰੂਰਤ ਹੋਣ ਦੇ ਬਾਵਜੂਦ ਵੀ ਆਮ ਤੌਰ ਤੇ ਪਿਆਰ ਸਿਰੇ ਨਹੀਂ ਚੜ੍ਹਦਾ। ਜੇ ਕਿਧਰੇ ਦੋ ਦਿਲ ਮਿਲ ਵੀ ਜਾਣ ਤਾਂ ਵੀ ਜਲਦੀ ਹੀ ਪਿਆਰ ਦਾ ਰੰਗ ਫਿੱਕਾ ਪੈ ਜਾਂਦਾ ਹੈ।ਕਈ ਵਾਰੀ ਤਾਂ ਇਕ ਦੂਜੇ ਨਾਲ ਨਫਰਤ ਇਤਨੀ ਵਧ ਜਾਂਦੀ ਹੈ ਜੋ ਤਲਾਕ ਜਾਂ ਕਤਲ ਤੱਕ ਜਾ ਪਹੁੰਚਦੀ ਹੈ ਨਹੀਂ ਤੇ
ਸਾਰੀ ਉਮਰ ਇਕਲਾਪੇ ਦੀ ਜ਼ਿੰਦਗੀ ਆਹਾਂ ਭਰਦਿਆਂ ਹੀ ਗੁਜਰਦੀ ਹੈ। ਕਈ ਵਾਰੀ ਅਸੀਂ ਦੂਸਰੇ ਦੀ ਸੂਰਤ ਦੇਖ ਕੇ ਹੀ ਭਾਵਕ ਹੋ ਜਾਂਦੇ ਹਾਂ ਅਤੇ ਉਸਨੂੰ ਆਪਣਾ ਦਿਲ ਦੇ ਬੈਠਦੇ ਹਾਂ ਪਰ ਇਹ ਬੁਖਾਰ ਵੀ ਜਲਦੀ ਉਤਰ ਜਾਂਦਾ ਹੈ। ਬੰਦੇ ਦੀ ਪਹਿਚਾਣ ਸੂਰਤ ਤੋਂ ਨਹੀਂ ਸਗੋਂ ਸੀਰਤ ਤੋਂ ਹੋਣੀ ਚਾਹੀਦੀ ਹੈ। ਦਿਲ ਦੇ ਮਾਮਲੇ ਵਿਚ ਅਸੀਂ ਬਹੁਤ ਜਜਬਾਤੀ ਹੋ ਜਾਂਦੇ ਹਾਂ। ਅਸੀਂ ਤਰਕ ਨੂੰ ਪਿੱਛੇ ਛੱਡ ਜਾਂਦੇ ਹਾਂ ਜੋ ਠੀਕ ਨਹੀਂ। ਇਹ ਦੁੱਧ ਦੇ ਉਬਾਲ ਦੀ ਤਰਾਂ ਹੈ। ਇਸ ਤਰਾ੍ਹ ਦਾ ਪਿਆਰ ਇਕ ਦਮ ਦਿਮਾਗ ਨੂੰ ਚੜ੍ਹ ਜਾਂਦਾ ਹੈ ਅਤੇ ਉਤਨੀਂ ਹੀ ਜਲਦੀ ਇਹ ਉਤਰ ਵੀ ਜਾਂਦਾ ਹੈ ਅਤੇ ਪਿਛੱੇ ਕਈ ਕੌੜੀਆਂ ਅਤੇ ਕੁਸੈਲੀਆਂ ਯਾਦਾਂ ਛੱਡ ਜਾਂਦਾ ਹੈ ਜੋ ਸਾਰੀ ਉਮਰ ਬੰਦੇ ਦਾ ਸੱਲ ਬਣ ਕੇ ਰਹਿ ਜਾਂਦੀਆਂ ਹਨ।
ਦਿਲ ਦਾ ਮਤਲਬ ਹੈ ਪਿਆਰ। ਪਿਆਰ ਦਾ ਮਤਲਬ ਹੈ ਦੂਜੇ ਨਾਲ ਵਿਉਹਾਰ ਭਾਵ ਅਸੀਂ ਇਕ ਦੂਸਰੇ ਨਾਲ ਵਿਉਹਾਰ ਕਰਦੇ ਸਮੇਂ ਕਿਤਨੇ ਕੁ ਇਮਾਨਦਾਰ ਅਤੇ ਸੁਹਿਰਦ ਹੁੰਦੇ ਹਾਂ। ਕੀ ਸਾਡੇ ਵਿਉਹਾਰ ਵਿਚ ਦੁਸਰੇ ਪ੍ਰਤੀ ਕੋਈ ਦਵੇਸ਼ ਭਾਵਨਾ ਜਾਂ ਸਵਾਰਥ ਤਾਂ ਨਹੀਂ ਹੁੰਦਾ? ਵਿਉਹਾਰ ਨੂੰ ਵੀ ਦੀਨ ਇਮਾਨ ਅਤੇ ਅਸੂਲਾਂ ਦੀ ਤਰਾਂ ਹੀ ਨਿਭਾਉਣਾ ਪੈਂਦਾ ਹੈ। ਦੀਨ ਦਾ ਮਤਲਬ ਇਹ ਨਹੀਂ ਕਿ ਅਸੀਂ ਹਿੰਦੂ, ਮੁਸਲਮਾਨ ਜਾਂ ਸਿੱਖ ਹਾਂ। ਇਥੇ ਦੀਨ ਦਾ ਮਤਲਬ ਹੈ ਕਿ ਅਸੀਂ ਕਿਤਨਾ ਕੁ ਇਨਸਾਨੀਅਤ ਦੇ ਅਸੂਲਾਂ ਤੇ ਖਰੇ ਉਤਰਦੇ ਹਾਂ? ਫਿਰ ਹੀ ਅਸੀਂ ਇਨਸਾਨੀਅਤ ਅਤੇ ਦਿਲ ਦੇ ਰਿਸ਼ਤਿਆਂ ਵਿਚ ਕਾਮਯਾਬ ਮਨੁੱਖ ਕਹਾ ਸਕਦੇ ਹਾਂ। ਫਿਰ ਸਾਨੂੰ ਆਪਣੇ ਦਿਲ ਨੂੰ ਲੈ ਕੇ ਥਾਂ ਥਾਂ ਭਟਕਣਾ ਨਹੀਂ ਪਵੇਗਾ ਸਗੋਂ ਹਰ ਦਿਲ ਨਾਲ ਸਾਡੀ ਇਕ ਜਜਬਾਤੀ ਸਾਂਝ ਹੋਵੇਗੀ।
ਅੱਜ ਕੱਲ ਪੈਸਾ ਮਨੁੱਖ ਦੀ ਮੁਢਲੀ ਜਰੂਰਤ ਹੈ। ਕਿਸੇ ਮਨੁੱਖ ਦੀਆਂ ਮੁਢਲੀਆਂ ਜਰੂਰਤਾਂ (ਰੋਟੀ, ਕੱਪੜਾ ਅਤੇ ਮਕਾਨ) ਪੈਸੇ ਨਾਲ ਹੀ ਪੂਰੀਆਂ ਹੁੰਦੀਆਂ ਹਨ। ਪੈਸਾ ਜ਼ਿੰਦਗੀ ਦਾ ਗੁਜਰਾਨ ਹੈ। ਇਸ ਲਈ ਜ਼ਿੰਦਗੀ ਵਿਚ ਪੈਸੇ ਦੀ ਮੁੱਖ ਲੋੜ ਹੈ। ਅੱਜ ਦਾ ਯੁੱਗ ਪਦਾਰਥਵਾਦ ਦਾ ਯੁੱਗ ਹੈ ਚਾਰੇ ਪਾਸੇ ਪੈਸੇ ਦਾ ਹੀ ਪਸਾਰਾ ਹੈ। ਪੈਸਾ ਹੀ ਇਸ ਦੁਨੀਆਂ ਦਾ ਰੱਬ ਹੈ। ਪੈਸੇ ਨਾਲ ਜ਼ਿੰਦਗੀ ਦੇ ਅਨੇਕਾਂ ਸੁੱਖ ਅਰਾਮ ਖ੍ਰੀਦੇ ਜਾ ਸਕਦੇ ਹਨ। ਇਸ ਲਈ ਹਰ ਕੋਈ ਪੈਸੇ ਪਿੱਛੇ ਭੱਜਾ ਫਿਰ ਰਿਹਾ ਹੈ। ਇਕ ਅੱਨੀ੍ਹ ਦੌੜ ਲੱਗੀ ਹੋਈ ਹੈ ਪੈਸਾ ਇਕੱਠਾ ਕਰਨ ਦੀ। ਸਾਡੇ ਕੋਲ ਪੈਸਾ ਆਉਣਾ ਚਾਹੀਦਾ ਹੈ ਭਾਵੇਂ ਕਿਵੇਂ ਵੀ ਆਵੇ। ਜੇ ਇਮਾਨਦਾਰੀ ਨਾਲ ਨਹੀਂ ਤਾਂ ਬੇਈਮਾਨੀ ਨਾਲ ਹੀ ਸਹੀ। ਸਾਡੇ ਪਾਸ ਪੈਸੇ ਦੇ ਅੰਬਾਰ ਲੱਗਣੇ ਚਾਹੀਦੇ ਹਨ ਭਾਵੇਂ ਇਸ ਲਈ ਸਾਨੂੰ ਆਪਣੀ ਜਮੀਰ ਹੀ ਕਿਉਂ ਨਾਂ ਵੇਚਣੀ ਪਵੇ। ਅਥਾਹ ਦੌਲਤ ਅੱਖਾਂ ਨੂੰ ਚੁੰਧਿਆ ਦਿੰਦੀ ਹੈ।ਦੌਲਤ ਲਈ ਭਾਵੇਂ ਲੋਕਾਂ ਦਾ ਖੂਨ ਹੀ ਚੂਸਣਾ ਪਵੇ। ਕੋਈ ਵੀ ਇਸ ਦੌੜ ਵਿਚ ਪਿੱਛੇ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਇਹ ਪਦਾਰਥਵਾਦੀ ਯੁੱਗ ਹੈ। ਜੋ ਪੱਛੜ ਗਿਆ ਸਮਝੋ ਉਹ ਨਲਾਇਕ ਹੈ। ਉਸਦਾ ਸਮਾਜ ਵਿਚ ਰੁਤਬਾ ਘਟ ਗਿਆ। ਪੈਸੇ ਨਾਲ ਹੀ ਸਾਡਾ ਅਤੇ ਸਾਡੇ ਪਰਿਵਾਰ ਦਾ ਭਵਿਖ ਸੁਰੱਖਿਅਤ ਗਿਣਿਆ ਜਾਂਦਾ ਹੈ।ਪੈਸੇ ਨਾਲ ਹੀ ਅਸੀਂ ਦੂਜਿਆਂ ਤੇ ਛਾ ਸਕਦੇ ਹਾਂ। ਉਨਾਂ੍ਹ ਤੇ ਸਾਡਾ ਰੌਅਬ ਪੈ ਸਕਦਾ ਹੈ।
ਦੌਲਤ ਵਿਚ ਪੈਸੇ ਤੋਂ ਇਲਾਵਾ ਵੀ ਕਈ ਚੀਜਾਂ ਆ ਜਾਂਦੀਆਂ ਹਨ ਜਿਵੇਂ ਸਾਡੇ ਪਾਸ ਕਿਨੰੀ੍ਹਆਂ ਵੱਡੀਆਂ ਅਤੇ ਸ਼ਾਨਦਾਰ ਕੋਠੀਆਂ ਹਨ? ਉਨਾਂ੍ਹ ਵਿਚ ਕਿਤਨਾ ਕੀਮਤੀ ਫਰਨੀਚਰ ਅਤੇ ਹੋਰ ਸਜਾਵਟ ਦਾ ਸਮਾਨ ਹੈ? ਸਾਡੇ ਪਾਸ ਕਿਨੀ੍ਹਆਂ ਕਾਰਾਂ ਹਨ? ਉਹ ਕਿਤਨੀਆਂ ਵੱਡੀਆਂ ਅਤੇ ਮਹਿੰਗੀਆਂ ਹਨ? ਸਾਡੇ ਪਾਸ ਕਿਤਨਾ ਕਾਲਾ ਧੰਨ ਹੈ? ਸਾਡੇ ਬੱਚੇ ਕਿਤਨੇ ਮਹਿੰਗੇ ਅਤੇ ਵੱਡੇ ਇੰਗਲਿਸ਼ ਸਕੂਲਾਂ ਵਿਚ ਪੜ੍ਹਦੇ ਹਨ? ਉਹ ਕਿਹੜੀ ਸਵਾਰੀ (ਕਾਰ ਆਦਿ ) ਵਿਚ ਸਕੂਲ ਜਾਂਦੇ ਹਨ? ਅਸੀਂ ਕਿਤਨੀ ਵਾਰ ਘਰੋਂ ਬਾਹਰ ਵੱਡੇ ਹੋਟਲਾਂ ਵਿਚ ਖਾਣਾ ਖਾਣ ਜਾਂਦੇ ਹਾਂ? ਅਸੀ ਕਿਤਨੀ ਵਾਰੀ ਆਪਣੇ ਪਰਿਵਾਰ ਨੂੰ ਲੈ ਕੇ ਵਿਦੇਸ਼ਾਂ ਵਿਚ ਘੁਮਣ ਜਾਂਦੇ ਹਾਂ? ਇਹ ਸਭ ਪੈਸੇ ਦਾ ਹੀ ਪਸਾਰਾ ਹੈ।
ਰੁੱਖੀ ਸੁੱਖੀ ਖਾਇਕੇ ਠੰਡਾ ਪਾਣੀ ਪੀਓ।
ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ।

ਇਹ ਉਪਦੇਸ਼ ਸਾਡੇ ਲਈ ਨਹੀਂ। ਇਹ ਦੂਜਿਆਂ ਲਈ ਹੈ। ਇੱਥੇ ਹੀ ਬੱਸ ਨਹੀਂ। ਸਾਡੇ ਪਾਸ ਕਿਤਨੇ ਗਹਿਣੇ ਅਤੇ ਜੇਵਰ ਹਨ? ਅਸੀਂ ਇਨਾਂ੍ਹ ਚੀਜਾਂ ਦਾ ਕਿਵੇਂ ਵਿਖਾਵਾ ਕਰ ਸਕਦੇ ਹਾਂ ਤਾਂ ਕਿ ਦੂਜਿਆਂ ਤੇ ਸਾਡੇ ਅਮੀਰ ਹੋਣ ਦਾ ਅਤੇ ਸਾਡੀ ਵਡੱਪਣ ਦਾ ਰੌਅਬ ਪੈ ਸੱਕੇ। ਘਰ ਦੇ ਖਰਚੇ ਪੂਰੇ ਹੋਣ ਜਾਂ ਨਾਂ ਹੋਣ, ਔਰਤਾਂ ਪਾਸ ਜੇਵਰ ਜਰੂਰ ਹੋਣੇ ਚਾਹੀਦੇ ਹਨ ਚਾਹੇ ਸਾਰੀ ਉਮਰ ਉਹ ਲਾਕਰ ਦਾ ਸ਼ਿੰਗਾਰ ਹੀ ਕਿਉਂ ਨਾਂ ਬਣੇ ਰਹਿਣ।
ਬਦਕਿਸਮਤੀ ਨਾਲ ਜਿਹੜਾ ਬੰਦਾ ਪੈਸੇ ਦੀ ਦੌੜ ਵਿਚ ਪਿੱਛੇ ਰਹਿ ਗਿਆ ਉਹ ਤਾਂ ਸਮਝੋ ਵਿਚਾਰਾ ਬਣ ਕੇ ਹੀ ਰਹਿ ਗਿਆ। ਉਹ ਦੂਸਰਿਆਂ ਦੇ ਤਰਸ ਦਾ ਪਾਤਰ ਹੀ ਨਹੀਂ ਬਣਦਾ ਸਗੋਂ ਉਨ੍ਹਾਂ ਦੀ ਘਿਰਨਾਂ ਅਤੇ ਗੁੱਸੇ ਦਾ ਵੀ ਸ਼ਿਕਾਰ ਬਣਦਾ ਹੈ।ਜਿਵੇਂ ਪਾਣੀ ਹਮੇਸ਼ਾਂ ਨੀਵੇਂ ਪਾਸੇ ਵਹਿੰਦਾ ਹੈ ਉਵੇਂ ਹੀ ਗੁੱਸਾ ਅਤੇ ਜੁਮੇਵਾਰੀ ਵੀ ਸਦਾ ਮਾੜੇ ਅਤੇ ਗਰੀਬ ਬੰਦੇ ਦੇ ਹਿੱਸੇ ਹੀ ਆਉਂਦੀ ਹੈ। ਕਿਸੇ ਵੀ ਨੁਕਸਾਨ ਦਾ ਸਾਰਾ ਗੁੱਸਾ ਗਰੀਬ ਬੰਦੇ ਤੇ ਹੀ ਨਿਕਲਦਾ ਹੈ। ਹੋਰ ਤਾਂ ਹੋਰ ਗਰੀਬ ਆਦਮੀ ਨੂੰ ਤਾਂ ਘਰ ਦੇ ਵੀ ਨਹੀਂ ਪੁੱਛਦੇ। ਉਹ ਉਸਨੂੰ ਇੱਜਤ ਨਾਲ ਰੋਟੀ ਵੀ ਨਹੀਂ ਦਿੰਦੇ। ਸਾਰਾ ਦਿਨ ਉਸਨੂੰ ਛੋਟੇ ਛੋਟੇ ਕੰਮਾ ਤੇ ਹੀ ਲਾ ਕੇ ਦਬਾਈ ਰੱਖਦੇ ਹਨ। ਜੇ ਉਹ ਕਿਸੇ ਦੋਸਤ, ਮਿੱਤਰ ਜਾਂ ਭੈਣ ਭਰਾ ਕੋਲ ਚਲਾ ਵੀ ਜਾਵੇ ਤਾਂ ਉਹ ਵੀ ਉਸਤੋਂ ਟਾਲਾ ਵੱਟਣ ਦੀ ਹੀ ਕੋਸ਼ਿਸ਼ ਕਰਦੇ ਹਨ। ਉਹ ਸੋਚਦੇ ਹਨ ਕਿਧਰੇ ਇਹ ਕੋਈ ਪੈਸੇ ਮੰਗਣ ਤਾਂ ਨਹੀਂ ਆ ਗਿਆ। ਘਰ ਵਿਚ ਜਾਂ ਦਫਤਰ ਵਿਚ ਕੋਈ ਨੁਕਸਾਨ ਹੋ ਜਾਵੇ ਤਾਂ ਇਸ ਦੀ ਜੁਮੇਵਾਰੀ ਵੀ ਵਿਚਾਰੇ ਗਰੀਬ ਅਤੇ ਨਿਮਾਣੇ ਬੰਦੇ ਤੇ ਹੀ ਆਉਂਦੀ ਹੈ। ਅਫਸਰ ਲੋਕ ਝੱਟ ਜੁਮੇਵਾਰੀ ਤੋਂ ਪੱਲਾ ਝਾੜ ਜਾਂਦੇ ਹਨ।
ਪੈਸੇ ਨਾਲ ਪਾਵਰ ਦਾ ਵੀ ਬਹੁਤ ਨਜਦੀਕ ਦਾ ਸਬੰਧ ਹੈ। ਸਾਡੀ ਰਾਜਦਰਬਾਰ ਵਿਚ ਕਿੰਨੀ੍ਹ ਚਲਦੀ ਹੈ? ਸਾਡੀਆਂ ਰਾਜਨੀਤਕ ਬਾਹਵਾਂ ਕਿਤਨੀਆਂ ਲੰਬੀਆਂ ਹਨ? ਸਾਡਾ ਸਰਕਾਰੀ ਰੁਤਬਾ ਕੀ ਹੈ? ਅਸੀ ਕਿੱਡੇ ਵੱਡੇ ਅਫਸਰ ਲੱਗੇ ਹੋਏ ਹਾਂ? ਸਾਡੇ ਥੱਲੇ ਕਿੰਨ੍ਹੇ ਮਤਾਹਿਤ ਹਨ ਜੋ ਹਰ ਸਮੇਂ ਸਾਡਾ ਹੁਕਮ ਮੰਨਣ ਲਈ ਤਿਆਰ ਰਹਿੰਦੇ ਹਨ? ਜਾਂ ਅਸੀ ਕਿੰਨ੍ਹੇ ਲੋਕਾਂ ਤੇ ਆਪਣਾ ਹੁਕਮ ਚਲਾ ਸਕਦੇ ਹਾਂ? ਸਾਡੀ ਸਰਕਾਰੀ ਦਫਤਰ ਵਿਚ ਸੀਟ ਕਿਹੜੀ ਹੈ? ਸਾਡਾ ਕਿਤਨਾ ਕੁ ਪਬਲਿਕ ਡੀਲਿਂਗ ਹੈ? ਸਾਡੀ ਸੀਟ ਤੋਂ ਕਿਤਨੀ ਕੁ ਦੋ ਨੰਬਰ ਦੀ ਕਮਾਈ ਹੈ? ਇਨਾਂ੍ਹ ਸਾਰੀਆਂ ਚੀਜਾਂ ਨਾਲ ਵੀ ਸਾਡਾ ਰੁਤਬਾ ਵਧਦਾ ਹੈ। ਇਹ ਸਭ ਚੀਜਾਂ ਦੌਲ਼ਤ ਇੱਕਠੀ ਕਰਨ ਵਿਚ ਸਹਾਈ ਹੁੰਦੀਆਂ ਹਨ। ਇਸ ਨਾਲ ਸਾਡੇ ਰਿਸ਼ਤੇਦਾਰਾਂ ਅਤੇ ਵਾਕਫਾਂ ਮਿੱਤਰਾਂ ਤੇ ਸਾਡਾ ਵੱਡੇ ਹੋਣ ਦਾ ਪ੍ਰਭਾਵ ਪੈਂਦਾ ਹੈ। ਸਾਡੀ ਹਉਮੇ ਨੂੰ ਬਲ ਮਿਲਦਾ ਹੈ।
ਪੈਸਾ ਉਹ ਹੀ ਤੁਹਾਡਾ ਹੈ ਜਿਸ ਦਾ ਤੁਸੀ ਆਪ ਸੁੱਖ ਮਾਣ ਸਕੋ। ਕਈ ਲੋਕ ਸਾਰੀ ਉਮਰ ਪੈਸਾ ਇੱਕਠਾ ਕਰਨ ਤੇ ਹੀ ਲਾ ਦਿੰਦੇ ਹਨ ਪਰ ਉਨਾਂ੍ਹ ਨੂੰ ਇਸ ਪੈਸੇ ਦਾ ਸੁੱਖ ਮਾਨਣ ਦਾ ਸਮਾਂ ਹੀ ਨਹੀਂ ਮਿਲਦਾ। ਉਹ ਸਾਰੀ ਉਮਰ ਆਪਣੇ ਆਪ ਲਈ ਨਾ ਤਾਂ ਕੁਝ ਕਰ ਸਕਦੇ ਹਨ ਨਾਂ ਸੋਚ ਹੀ ਸਕਦੇ ਹਨ। ਅੰਤ ਸਾਰੀ ਦੌਲ਼ਤ ਇੱਥੇ ਹੀ ਛੱਡ ਕੇ ਅਗਲੇ ਜਹਾਨ ਨੂੰ ਤੁਰ ਜਾਂਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਪੈਸਾ ਕਮਾਉਂਦੇ ਹਾਂ ਜੀਉਣ ਲਈ ਨਾ ਕਿ ਜਿਉਂਦੇ ਹਾਂ ਪੈਸਾ ਕਮਾਉਣ ਲਈ।
ਇਨਸਾਨ ਇਕ ਸਮਾਜਿਕ ਪ੍ਰਾਣੀ ਹੈ।ਉਹ ਇਕੱਲਾ ਨਹੀਂ ਰਹਿ ਸਕਦਾ। ਜ਼ਿੰਦਗੀ ਦੇ ਸਫਰ ਦੋਰਾਨ ਉਸਨੂੰ ਆਪਣੇ ਦੂਸਰੇ ਸਾਥੀਆਂ ਦੀ ਮਦਦ ਦੀ ਲੋੜ ਪੈਂਦੀ ਹੈ ਕਿਉਂਕਿ ਕੋਈ ਵੀ ਇਨਸਾਨ ਆਪਣੀਆਂ ਨਿੱਜੀ ਜਰੂਰਤਾਂ ਇੱਕਲਾ ਆਪਣੇ ਤੋਰ ਤੇ ਪੂਰੀਆਂ ਨਹੀਂ ਕਰ ਸਕਦਾ। ਆਪਣੀਆਂ ਰੋਟੀ, ਕੱਪੜਾ ਅਤੇ ਮਕਾਨ ਦੀਆਂ ਮੁਢਲੀਆਂ ਜਰੂਰਤਾਂ ਲਈ ਵੀ ਮਨੁੱਖ ਨੂੰ ਦੂਸਰੇ ਦੇ ਸਹਾਰੇ ਦੀ ਲੋੜ ਪੈਦੀ ਹੈ। ਜਦ ਬੱਚਾ ਜਨਮ ਲੈਂਦਾ ਹੇ ਤਾਂ ਵੀ ਉਸਨੂੰ ਆਪਣੀ ਖੁਰਾਕ, ਕੱਪੜੇ, ਸਫਾਈ ਅਤੇ ਸੁਰੱਖਿਆ ਲਈ ਦੂਸਰੇ ਦੇ ਸਹਾਰੇ ਹੀ ਰਹਿਣਾ ਪੈਂਦਾ ਹੈ। ਉਸਦੀਆਂ ਇਹ ਜਰੂਰਤਾਂ ਉਸਦੇ ਮਾਂ ਪਿਉ, ਭੈਣ ਭਰਾ ਅਤੇ ਬਾਕੀ ਰਿਸ਼ਤੇਦਾਰ ਪੂਰੀਆਂ ਕਰਦੇ ਹਨ। ਫਿਰ ਸਾਰੀ ਉਮਰ ਉਸਨੂੰ ਦੂਸਰੇ ਦੇ ਸਹਿਯੋਗ ਦੀ ਲੋੜ ਰਹਿੰਦੀ ਹੀ ਹੈ। ਇਤੋਂ ਤੱਕ ਕਿ ਮਰਨ ਤੋਂ ਬਾਅਦ ਵੀ ਮਨੁੱਖ ਨੂੰ ਅਰਥੀ ਲਈ ਚਾਰ ਮੋਢਿਆਂ ਦੀ ਲੋੜ ਹੁੰਦੀ ਹੈ।ਸਵਾਲ ਇਹ ਹੈ ਕਿ ਇਸ ਦੁਨੀਆਂ ਵਿਚ ਸਾਡੀ ਮਦਦ ਕੋਈ ਕਿਉਂ ਕਰੇਗਾ। ਦੁਸਰਾ ਬੰਦਾ ਸਾਡੇ ਕੰਮ ਤਾਂ ਹੀ ਆਵੇਗਾ ਜੇ ਅਸੀ
ਉਸਦੇ ਕੰਮ ਆਵਾਂਗੇ। ਸਾਰੀ ਦੁਨੀਆਂ ਇਕ ਦੂਸਰੇ ਦੇ ਪਰਸਪਰ ਮਿਲਵਰਤਨ ਤੇ ਹੀ ਨਿਰਭਰ ਕਰਦੀ ਹੈ। ਇਹ ਮਿਲਵਰਤਨ ਤੇ ਸਹਿਯੋਗ ਹੀ ਦੁਨੀਆਂਦਾਰੀ ਹੈ। ਇਸ ਦੁਨੀਆਂਦਾਰੀ ਨੂੰ ਬੜੇ ਸਲੀਕੇ ਨਾਲ ਹੀ ਨਿਭਾਉਣਾ ਪੈਂਦਾ ਹੈ। ਇੱਥੇ ਆਕੜ ਕੇ ਬਹੁਤੀ ਦੇਰ ਕੰਮ ਨਹੀਂ ਚਲਦਾ। ਇਕ ਹੱਥ ਦਿਉ ਅਤੇ ਦੂਜੇ ਹੱਥ ਲਉ ਵਾਲਾ ਹਿਸਾਬ ਚਲਦਾ ਹੈ। ਇਸ ਲਈ ਹਮੇਸ਼ਾਂ ਦੂਜੇ ਨਾਲ ਸੁਹਿਰਦਤਾ ਦਾ ਵਿਉਹਾਰ ਰੱਖੋ। ਦੂਸਰੇ ਨਾਲ ਇਸ ਤਰਾਂ ਦਾ ਵਿਉਹਾਰ ਕਰੋ ਜਿਸ ਤਰਾਂ੍ਹ ਦਾ ਤੁਸੀਂ ਉਸ ਪਾਸੋਂ ਆਪਣੇ ਲਈ ਆਸ ਰੱਖਦੇ ਹੋ ਕਿਉਂਕਿ ਦੁਨੀਆਂ ਖੂਹ ਦੀ ਅਵਾਜ ਹੈ। ਜਦ ਵੀ ਕਿਸੇ ਬੰਦੇ ਨੂੰ ਪਹਿਲੀ ਵਾਰ ਮਿਲੋ ਤਾਂ ਹੱਥ ਮਿਲਾ ਕੇ ਜਾਂ ਹੱਥ ਜੋੜ ਕੇ ਗਰਮ ਜੋਸ਼ੀ ਨਾਲ ਮਿਲੋ ਅਤੇ ਕਹੋ ਕਿ—ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ। ਇਹ ਖੁਸ਼ੀ ਤੁਹਾਡੇ ਚਿਹਰੇ ਅਤੇ ਅੱਖਾਂ ਤੋਂ ਵੀ ਝਲਕਣੀ ਚਾਹੀਦੀ ਹੈ। ਦੂਸਰੇ ਨੂੰ ਪਤਾ ਚੱਲੇ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਠੀਕ ਹੀ ਕਹਿ ਰਹੇ ਹੋ। ਜਦ ਵੀ ਕਿਸੇ ਤੋਂ ਵਿਛੜੋ ਤਾਂ ਇਸ ਤਰਾਂ੍ਹ ਵਿਛੜੋ ਜਿਵੇਂ ਤੁਸੀਂ ਉਸ ਨੂੰ ਆਖਰੀ ਵਾਰ ਮਿਲ ਰਹੇ ਹੋ। ਫਿਰ ਪਤਾ ਨਹੀਂ ਮੇਲ ਹੋਵੇ ਜਾਂ ਨਾ ਹੋਵੇ। ਇਸ ਲਈ ਦੂਸਰੇ ਤੇ ਅਜਿਹਾ ਪ੍ਰਭਾਵ ਛੱਡੋ ਕਿ ਉਸਨੂੰ ਤੁਹਾਡੀ ਇਹ ਮਿਲਨੀ ਸਾਰੀ ਉਮਰ ਯਾਦ ਰਹੇ।
ਦੋਸਤੋ ਬੇਸ਼ਕ ਦਿਲ ਦੇ ਰਿਸ਼ਤੇ ਵੀ ਜੋੜੋ ਪਰ ਉਨ੍ਹਾਂ ਨੂੰ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਅਸੂਲਾਂ ਦੀ ਤਰਾਂ੍ਹ ਨਿਭਾਉ। ਦੌਲਤ ਵੀ ਕਮਾਓ ਕਿਉਂਕਿ ਦੌਲਤ ਨਾਲ ਬਹੁਤ ਕੁਝ ਖ੍ਰੀਦਿਆ ਜਾ ਸਕਦਾ ਹੈ। ਪਰ ਯਾਦ ਰੱਖੋ ਕਿ ਇਸ ਖ੍ਰੀਦ ਦੀ ਵੀ ਇਕ ਸੀਮਾਂ ਹੈ। ਇਕ ਜਗਾਂ੍ਹ ਆ ਕੇ ਦੌਲਤ ਵੀ ਹਾਰ ਜਾਂਦੀ ਹੈ। ਉੱਥੇ ਪੈਸਾ ਨਹੀਂ ਚਲਦਾ। ਕਰੌੜਾਂ ਰੁਪਏ ਬੰਦੇ ਨੂੰ ਜ਼ਿੰਦਗੀ ਦਾ ਇਕ ਪਲ ਵੀ ਮੋੜ ਕੇ ਨਹੀਂ ਦੇ ਸਕਦੇ। ਪੈਸਾ ਕਮਾਉਣਾ ਗਲਤ ਨਹੀਂ ਪਰ ਪੈਸਾ ਇਮਾਨਦਾਰੀ ਨਾਲ ਹੀ ਕਮਾਇਆ ਜਾਣਾ ਚਾਹੀਦਾ ਹੈ।ਇਸ ਸਭ ਦੇ ਨਾਲ ਨਾਲ ਦੁਨੀਆਂਦਾਰੀ ਵੀ ਸਲੀਕੇ ਨਾਲ ਨਿਭਾਓ।