ਅਠਾਰ੍ਹਾਂ ਰੁਪਏ ਦੀ ਟਿਕਟ (ਕਹਾਣੀ)

ਜਸਪਾਲ ਸਿੰਘ ਰਿਖੀ (ਡਾ.)   

Email: jaspal_2076@yahoo.co.in
Cell: +91 94171 62722
Address: ਪੰਜਾਬੀ ਯੂਨੀਵਰਸਿਟੀ
ਪਟਿਆਲਾ India 147002
ਜਸਪਾਲ ਸਿੰਘ ਰਿਖੀ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਤਕਰੀਬਨ ਸੱਤ ਸਾਲਾਂ ਤੋਂ ਨੌਕਰੀ ਕਰ ਰਿਹਾ ਹਾਂ ।ਹਫ਼ਤੇ ਜਾਂ ਪੰਦਰਾਂ ਦਿਨਾਂ ਬਾਅਦ ਆਪਣੇ ਮਾਤਾ–ਪਿਤਾ ਨੂੰ ਮਿਲਣ ਲਈ ਆਪਣੇ ਪਿੰਡ ਜਾਂਦਾ ਰਹਿੰਦਾ ਹਾਂ।ਹਰ ਵਾਰ ਸੱਤ–ਅੱਠ ਘੰਟੇ ਦਾ ਸਫ਼ਰ ਕਿਸੇ ਨਾ ਕਿਸੇ ਪੁਰਾਣੀ ਘਟਨਾ ਦੀ ਯਾਦ ਤਾਜ਼ਾ ਕਰਵਾ ਜਾਂਦਾ ਹੈ। ਭਾਵੇਂ ਕਿ ਹਰੇਕ ਵਾਰ ਕੋਈ ਨਾ ਕੋਈ ਨਵੀਂ ਘਟਨਾ ਵਾਪਰਦੀ  ਰਹਿੰਦੀ ਹੈ। ਪਰ ਕਈ ਵਾਰ ਕੋਈ ਘਟਨਾ ਅਜਿਹੀ ਵਾਪਰਦੀ ਹੈ ਕਿ ਦਿਲੋ–ਦਿਮਾਗ ਤੇ ਅਚੇਤ ਰੂਪ ਵਿਚ ਛਾਈ ਰਹਿੰਦੀ ਹੈ।
ਇਹ ਘਟਨਾ  ੮ ਜੁਲਾਈ ਦਿਨ ਸ਼ੁੱਕਰਵਾਰ ਦੀ ਹੈ।ਮੈਂ ਪਟਿਆਲਾ ਤੋਂ ਬਠਿੰਡਾ ਦੇਰ ਸ਼ਾਮੀਂ ਪੁੱਜਾ। ਉਥੇ ਪਹੁੰਚ ਕੇ ਵੇਖਿਆ ਕਿ ਬਠਿੰਡਾ ਤੋਂ ਦਿੱਲੀ ਨੂੰ ਜਾਣ ਵਾਲੀ ਪੀ· ਆਰ· ਟੀ· ਸੀ· ਦੀ  ਏ· ਸੀ· ਬੱਸ ਜਾ ਚੁੱਕੀ ਸੀ।ਮੈਂ ਬੱਸ ਅੱਡੇ ਵਿਚਲੇ ਢਾਬੇ ਤੋਂ ਚਾਹ ਦਾ ਕੱਪ ਪੀਤਾ ਤੇ ਡੱਬਵਾਲੀ ਜਾਣ ਵਾਲੀ ਲੋਕਲ ਬੱਸ ਵਿਚ ਬੈਠ ਗਿਆ। ਮੁਸ਼ਕਿਲ ਨਾਲ ਮੈਨੂੰ ਸੀਟ ਮਿਲੀ।ਬੱਸ ਵਿਚ ਜ਼ਿਆਦਾਤਰ ਮਰਦ ਸਵਾਰੀਆਂ ਹੀ ਸਨ। ਮੈਂ ਬੱਸ ਦੀ ਅਗਲੀ ਖਿੜਕੀ ਕੋਲ ਬੈਠਾ ਸੀ।ਬੱਸ ਦੀ ਬਿਲਕੁੱਲ ਅਗਲੀ ਸੀਟ 'ਤੇ ਬੈਠ ਕੇ ਸੌਣਾ ਅਤੇ ਊਂਘਣਾ ਬੱਸ ਵਿੱਚ ਮਨ੍ਹਾਂ ਹੁੰਦਾ ਹੈ ਪਰ ਮੈਂ ਵੇਖਿਆ ਕਿ ਇਸੇ  ਹੀ ਸਰਕਾਰੀ ਬੱਸ ਨਾਲ ਸੰਬੰਧਿਤ ਇੱਕ ਹੋਰ ਡਰਾਈਵਰ ਸ਼ਰਾਬ ਨਾਲ ਟੱਲੀ ਹੋ ਕੇ ਬੱਸ ਦੀ ਅਗਲੀ ਸੀਟ 'ਤੇ ਬੈਠਾ ਊਂਘ ਰਿਹਾ ਸੀ।ਉਸ ਦੇ ਨੇੜੇ ਬੈਠੇ ਦੋ–ਚਾਰ ਹੋਰ ਡਰਾਈਵਰ–ਕੰਡਕਟਰ ਆਪਣੀ ਰੋਜ਼ਾਨਾ ਦੀ ਡਿਊਟੀ ਬਾਰੇ ਗੱਲਾਂ ਕਰ ਰਹੇ ਸਨ।ਕੰਡਕਟਰ ਪਿੱਛੋਂ ਟਿਕਟਾਂ ਕੱਟਦਾ ਆ ਰਿਹਾ ਸੀ। ਮੈਂ ਵੀ ਟਿਕਟ ਕਟਵਾਉਣ ਲਈ ਪੈਸੇ ਕੱਢੇ।ਬਠਿੰਡਾ ਤੋਂ ਡੱਬਵਾਲੀ ਦਾ ਕਿਰਾਇਆ ਛੱਬੀ ਰੁਪਏ ਹੈ। ਮੈਂ ਕੰਡਕਟਰ ਨੂੰ ਪੱਚੀ ਰੁਪਏ ਖੁੱਲ੍ਹੇ ਅਤੇ ਇੱਕ ਟੌਫੀ ਜੋ ਮੈਨੂੰ ਪਹਿਲੇ ਬੱਸ ਕੰਡਕਟਰ ਨੇ ਦਿੱਤੀ ਸੀ ਦੇਣੀ ਚਾਹੀ।ਉਸਨੇ ਪੱਚੀ ਰੁਪਏ ਤਾਂ ਰੱਖ ਲਏ ਪਰ ਟੌਫੀ ਲੈਣ ਤੋਂ ਇਨਕਾਰ ਕਰ ਦਿੱਤਾ।ਹਾਲਾਂਕਿ ਉਹ ਆਪ ਸਵਾਰੀਆਂ ਨੂੰ ਖੁੱਲ੍ਹੇ ਪੈਸੇ ਦੇਣ ਦੀ ਥਾਂ ਟੌਫੀਆਂ ਹੀ ਦੇ ਰਿਹਾ ਸੀ।ਉਸਨੇ ਮੇਰੇ ਹੱਥ ਵਿਚ ਅਠਾਰ੍ਹਾਂ ਰੁਪਏ ਦੀ ਟਿਕਟ ਕੱਟ ਕੇ ਫੜਾ ਦਿੱਤੀ ਅਤੇ ਅੱਠ ਰੁਪਏ ਦਾ ਚੂਨਾ ਲਾ ਦਿੱਤਾ। ਜਦੋਂ ਮੈਂ ਉਸਨੂੰ ਕਾਰਨ ਪੁੱਛਿਆ ਤਾਂ ਉਸਨੇ ਕਿਹਾ , "ਤੇਰੇ ਕੋਲ ਇੱਕ ਰੁਪਇਆ ਖੁੱਲ੍ਹਾ ਨਹੀਂ ਹੈ। ਇਸ ਲਈ ਮੈਂ ਅਠਾਰ੍ਹਾਂ ਰੁਪਏ ਦੀ ਟਿਕਟ ਬਣਾ ਦਿੱਤੀ।" ਮੈਂ ਉਸਨੂੰ ਕਿਹਾ,  " ਮੈਥੋਂ ਪੰਜ ਜਾਂ ਦਸ ਰੁਪਏ ਲੈ ਕੇ ਉਸ ਵਿਚੋਂ ਇੱਕ ਰੁਪਇਆ ਕੱਟ ਕੇ ਮੈਨੂੰ ਪੂਰੇ ਪੈਸਿਆਂ ਦੀ ਟਿਕਟ ਦੇ ਦਿਉ।" ਪਰ ਉਸਦੇ ਕੰਨ 'ਤੇ ਜੂੰ ਨਾ ਸਰਕੀ। ਉਲਟਾ ਕਹਿਣ ਲੱਗਾ, "ਜੇਕਰ ਕਿਸੇ ਨੇ ਪੁੱਛਿਆ ਤਾਂ ਕਹਿ ਦੇਵੀਂ, ਮੈਂ ਗੁਰੂਸਰ ਸੈਣੇ ਵਾਲੇ ਤੋਂ ਬੈਠਾ ਹਾਂ।" ਇਸ ਲਈ ਤੈਨੂੰ ਅਠਾਰ੍ਹਾਂ ਰੁਪਏ ਦੀ ਟਿਕਟ ਦੇ ਦਿੱਤੀ।ਮੈਂ ਇਸਦਾ ਵਿਰੋਧ ਕੀਤਾ 'ਤੇ ਕਿਹਾ, "ਮੈਂ ਤਾਂ ਸੱਚ ਹੀ ਬੋਲਾਂਗਾ।" ਕੰਡਕਟਰ ਜੋ ਸ਼ਾਮ ਦੇ ਸਮੇਂ ਸ਼ਰਾਬ ਦੇ ਇੱਕ ਦੋ ਪੈੱਗਾਂ ਨਾਲ ਟੱਲੀ ਸੀ, ਮੇਰੀ ਗੱਲ ਸੁਣ ਕਹਿਣ ਲੱਗਾ। ''ਸਰਦਾਰ ਜੀ! ਅਸੀਂ ਵੀ ਤਾਂ ਰੋਟੀ ਖਾਣੀ ਹੈ। ਸਾਡੇ ਘਰੇ ਵੀ ਤਾਂ ਜੁਆਕ  ਹਨ। ਅਸੀਂ ਵੀ ਤਾਂ ਉਹਨਾਂ ਲਈ ਖਾਣ–ਪੀਣ ਦਾ ਸਮਾਨ ਲੈ ਕੇ ਜਾਣਾ ਹੁੰਦੈ।"  ਮੇਰੇ ਵਾਂਗ ਉਸਨੇ ਹੋਰ ਵੀ ਕਈ ਸਵਾਰੀਆਂ ਨੂੰ ਜਾਂ ਤਾਂ ਪੰਜ–ਦਸ ਰੁਪਏ ਤੱਕ ਦੀ ਟਿਕਟ ਦਿੱਤੀ ਹੀ ਨਹੀਂ ਜਾਂ ਫਿਰ ਘੱਟ ਪੈਸਿਆਂ ਦੀ ਟਿਕਟ ਦਿੱਤੀ। ਮੈਂ ਸੋਚ ਰਿਹਾ ਸਾਂ ਕਿ ਅਜਿਹੇ ਮਲਿਕ ਭਾਗੋ ਤਾਂ ਅੱਜ ਦੇ ਜ਼ਮਾਨੇ ਵਿੱਚ ਹਰ ਮਹਿਕਮੇ ਵਿੱਚ ਨਜ਼ਰ ਆਉਂਦੇ ਹਨ।ਅਸੀਂ ਆਪਣੇ ਬੱਚਿਆਂ ਵਿੱਚ ਬੁਢਾਪੇ ਦੀਆਂ ਡੰਗੋਰੀਆਂ ਦੇਖਦੇ ਹਾਂ।ਕੀ ਅਜਿਹੀ ਕਮਾਈ ਨਾਲ ਇਹ ਡੰਗੋਰੀਆਂ ਸਾਡਾ ਸਹਾਰਾ ਬਣ ਸਕਣਗੀਆਂ? ਕੀ ਅਜਿਹੀ ਕਮਾਈ ਫਲ ਸਕਦੀ ਹੈ?  ਉਸ ਸਰਕਾਰੀ ਬੱਸ ਵਾਲੇ ਕੰਡਕਟਰ ਦੀ ਕੀ ਮਜਬੂਰੀ ਸੀ।ਕੀ ਉਸਦੀ ਆਪਣੀ ਤਨਖਾਹ ਵਿੱਚੋਂ ਪੂਰਾ ਨਹੀਂ ਪੈਂਦਾ। ਅਕਸਰ ਸੁਣਦਾ ਹਾਂ ਸਰਕਾਰੀ ਟਰਾਂਸਪੋਰਟ ਘਾਟੇ ਦੇ ਗਰਕ ਵਿਚ ਫਸੀ ਪਈ ਹੈ, ਜੇਕਰ ਇਹੋ ਜਿਹੇ ਪੱਕੀ ਨੌਕਰੀ ਵਾਲੇ ਕੰਡਕਟਰ ਜਾਂ ਹੋਰ ਕਰਮਚਾਰੀ ਇਸੇ ਤਰ੍ਹਾਂ ਹੀ ਸਰਕਾਰ ਨੂੰ ਚੂਨਾ ਲਾਉਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਪੰਜਾਬ 'ਤੇ ਨਿੱਜੀ ਬੱਸ ਅਪਰੇਟਰਾਂ ਦਾ ਕਬਜਾ ਹੋ ਜਾਵੇਗਾ।ਤੇ ਇਹ ਕਬਜਾ ਹੋਣਾ ਸ਼ੁਰੂ ਵੀ ਹੋ ਗਿਆ ਹੈ ਲਗਦੈ।ਭਵਿੱਖ ਵਿੱਚ ਮੈਂ ਆਸ ਕਰਦਾ ਹਾਂ ਮੈਨੂੰ ਆਮੀਨ····· ਨਹੀਂ ਕਹਿਣਾ ਪਵੇਗਾ।