ਛਬੀਲ (ਮਿੰਨੀ ਕਹਾਣੀ)

ਸੁਖਵਿੰਦਰ ਸਿੰਘ ਸੁੱਖਾ ਭੰਗੂ   

Cell: +91 95018 7221
Address: ਪਿੰਡ ਖੱਟਰਾਂ ਸਮਰਾਲਾ
ਲੁਧਿਆਣਾ India
ਸੁਖਵਿੰਦਰ ਸਿੰਘ ਸੁੱਖਾ ਭੰਗੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਤ ਦੀ ਗਰਮੀ ਮੀਂਹ ਦਾ ਕੋਈ ਨਾ-ਨਿਸ਼ਾਨ ਵੀ ਨਜ਼ਰ ਨਹੀਂ ਸੀ ਆਉੀਦਾ। ਮੁੰਡਿਆਂ ਨੇ ਜਾ ਕੇ ਤਾਏ ਜਗੀਰ ਸਿਓ ਦੇ ਘਰ ਦਾ ਬੂਹਾ ਖੜਕਾਇਆ।
             ''ਤਾਇਆ ਘਰੇ ਈ ਆਂ। ਆਹੋ ਸ਼ੇਰੋ ਆਜੋ ਘਰੇ ਹੀ ਹਾਂ। ਦੱਸੋ ਕਿਵੇਂ ਆਉਂਣੇ ਹੋਏ। ਤਾਇਆ ਐਤਕੀ ਤਾਂ ਰੱਬ ਵਾਲ੍ਹਾ ਈ ਕਰੋਪ ਹੋ ਗਿਆ ਲੱਗਦਾ ਏ। ਆਹੋ, ਮੀਂਹ ਆਲਾ ਵੀ ਕਿਧਰੇ ਉੱਚਾ ਈ ਲੰਘ ਗਿਆ ਲੱਗਦਾ ਏ। ਅਸੀਂ ਤਾਇਆ ਜੀ ਛਬੀਲ ਲਾਉਣੀ ਅੇ, ਬਾਹਰਲੀ ਸੜਕ ਤੇ ਭੱਠੇ ਕੋਲ। ਅਸੀਂ ਆਏ ਸੀ ਥੋਡੇ ਕੋਲ ਦਾਨ ਪੁੰਨ ਵਾਸਤੇ ਹਿੱਸਾ ਲੈਣ।''
             ''ਊਂ ਤਾਂ ਠੀਕ ਐ ਸ਼ੇਰੋ, ਪਰ ਥੋਨੂੰ ਕੀ ਲੱਗਦੈ ਕਿ ਰੱਬ ਥੋਡੀ ਹੀ ਛਬੀਲ ਨਾਲ ਮੀਂਹ ਪਾਵੇਗਾ।''
             ''ਤਾਇਆ ਬੱਚਿਆਂ ਦਾ ਕੰਮ ਹੁੰਦਾ ਹੈ ਮਾਸਟਰ ਨੂੰ ਅਰਜ਼ੀ ਦੇਣ ਦਾ, ਮਨਜ਼ੂਰ ਕਰਨੀ ਨਾ ਕਰਨੀ ਮਾਸਟਰ ਦੀ ਮਰਜ਼ੀ ਹੁੰਦੀ ਹੈ। ਅਸੀਂ ਵੀ ਤਾਂ ਰੱਬ ਨੂੰ ਅਰਜ਼ੀ ਦੇਣੀ ਐਂ। ਮੀਂਹ ਪਾਉਂਣਾ ਨਾ ਪਾਉਂਣਾ ਇਹ ਤਾਂ ਉਹਦੀ ਮਰਜ਼ੀ ਐ। ਨਾਲੇ ਮੀਂਹ ਨਾ ਵੀ ਪਵੇ ਤਾਇਆ, ਰਾਹ ਜਾਂਦੇ ਲੋਕਾਂ ਨੂੰ ਪਾਣੀ ਪਿਲਾ ਕੇ ਪੁੰਨ ਤਾਂ ਹੋਊ।''
             ''ਉਏ, ਥੋਨੂੰ ਤਾਂ ਪਤਾ ਈ ਏ ਪੁੱਤਰੋ, ਐਤਕੀਂ ਤਾਂ ਧਾਨਾਂ ਤੇ ਹੀ ਵਾਲ੍ਹਾ ਖ਼ਰਚ ਹੋ ਗਿਆ। ਲਾਈਟ ਤਾਂ ਆਉਂਦੀ ਹੀ ਨਹੀਂ, ਡੀਜ਼ਲ ਨੇ ਵੀ ਨਾਸੀ ਧੂੰਆਂ ਕਰ ਛੱਡਿਐ। ਉੱਤੋ ਲਾਈਟ ਘੱਟ ਆਉਣ ਕਰਕੇ ਤਿੰਨ ਵਾਰ ਤਾਂ ਨਵਾਂ ਮੋਟਰ ਵੀ ਸੜ ਚੁੱਕੀ ਏ।  ਇੱਕ ਬੋਰ ਵੀ ਨਵਾਂ ਕਰਵਾਉਂਣਾ ਪਿਆ। ਉਤੋਂ ਕਬੀਲਦਾਰੀ ਦਾ ਬੋਝ। ਕੀ ਕਰੀਏ ਐਤਕੀ ਤਾਂ ਕਚੂੰਭਰ ਨਿਕਲਿਆ ਪਿਆ ਹੈ ਸਾਡਾ ਤਾਂ।''
             ਮੁੰਡੇ ਤਾਏ ਦੀ ਹਾੜਿਆਂ ਭਰੀਆਂ ਵਿਚਾਰੀਆਂ ਜਿਹੀਆਂ ਗੱਲਾਂ ਸੁਣ ਕੇ ਪਿੰਨ ਨੂੰ ਕਾਪੀ ਦੇ ਗੱਭੇ ਬੰਦ ਕਰਕੇ ਖਾਲੀ ਹੱਥ ਗੇਟ ਤੋਂ ਬਾਹਰ ਹੋ ਗਏ।
              ''ਹੂੰ ਆ ਜਾਂਦੇ ਨੇ ਮੂੰਹ ਚੱਕ ਕੇ, ਵਿਹਲੀ ਮੰਡੀਰ ਕਿਸੇ ਥਾਂ ਦੀ।''
             ਸ਼ਾਮ ਨੂੰ ਜਦੋਂ ਮੁੰਡੇ ਸ਼ਹਿਰੋਂ ਛਬੀਲ ਦਾ ਸਾਮਾਨ ਲਿਆ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਠੇਕੇ ਤੇ ਬੈਠੇ ਤਾਏ ਜਗੀਰ ਸਿਓ ਤੇ ਪਈ। ਜੋ ਆਪਣੇ ਤਿੰਨ-ਚਾਰ ਬੇਲੀਆਂ ਨਾਲ ਛਬੀਲ ਲਾਈਂ ਬੈਠਾ ਸੀ ਵਿਚਾਲੇ ਦਾਰੂ ਦੀ ਬੋਤਲ ਤੇ ਪਲੇਟ ਵਿੱਚ ਮੁਰਗੇ ਦੀਆਂ ਟੰਗਾਂ ਪਈਆਂ ਸਨ। ਤਾਇਆ ਬੈਠਾ ਆਪਣੀਆਂ ਮੁੱਛਾਂ ਨੂੰ ਮਰੋੜੀਆਂ ਦੇ ਰਿਹਾ ਸੀ। ਉਹ ਆਪਣੇ ਯਾਰਾਂ ਬੇਲੀਆਂ ਵਿੱਚ ਆਪਣੇ ਆਪ ਨੂੰ ਕਿਸੇ ਵੱਡੇ ਜ਼ੈਲਦਾਰ ਤੋਂ ਘੱਟ ਨਹੀਂ ਸਮਝ ਰਿਹਾ ਸੀ। ਉਹ ਆਪਣੇ ਸ਼ਾਹੀ ਠਾਠ-ਬਾਠ, ਖੁੱਲ੍ਹੇ ਖ਼ਰਚੇ ਅਤੇ ਕਬੀਲਦਾਰੀ ਦੀਆਂ ਗੱਲਾਂ ਵਧਾ ਚੜ੍ਹਾ ਕੇ ਕਰ ਰਿਹਾ ਸੀ। ਮੁੰਡੇ ਕਦੇ ਤਾਏ ਦੀ ਕਬੀਲਦਾਰੀ ਅਤੇ ਕਦੀ ਤਾਏ ਦੇ ਖ਼ਰਚ ਬਾਰੇ ਸੋਚ ਰਹੇ ਸਨ। ਉਨ੍ਹਾਂ ਨੂੰ ਸਵੇਰ ਅਤੇ ਹੁਣ ਵਾਲੇ ਤਾਏ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਜਾਪਿਆ |