ਛੋਟੀ ਜਹੀ ਦੁਨੀਆਂ 'ਤੇ ਛੋਟੇ ਜਹੇ ਇਰਾਦੇ ਸੀ
ਛੋਟੀਆਂ ਆਸ਼ਾਵਾਂ 'ਤੇ ਛੋਟੇ ਛੋਟੇ ਵਾਦੇ ਸੀ
ਛੋਟੇ ਜਹੇ ਘਰ ਵਿੱਚ ਦੇਖੇ ਛੋਟੇ ਖਾਬ ਸੀ
ਤੇਰੀ ਮੇਰੀ ਕੋਈ ਨਹੀਂ , ਨਾਂ ਕੋਈ ਹਿਸਾਬ ਸੀ
ਨਿੱਕੀ ਨਿੱਕੀ ਚੀਜ਼ ਨੂੰ ਸਾਂਭ ਸਾਂਭ ਰਖੱਣਾ
ਬਾਰ ਬਾਰ ਪੂੰਝਨਾਂ 'ਤੇ ਬਾਰ ਬਾਰ ਤਕੱਨਾਂ
ਸ਼ਾਮਾਂ ਦੀ ਦਹਿਲੀਜ਼ ਬੈਠ ਬਾਤਾਂ ਕਈ ਪਉਣੀਆਂ
ਫਟੇ ਹੋਏ ਰਿਸ਼ਤਿਆਂ ਤੇ ਟਾਕੀਆਂ ਵੀ ਲਉਣੀਆਂ
ਧੁੱਪਾਂ ਵੀ ਸੇੱਕੀਆਂ 'ਤੇ ਛਾਵਾਂ ਵੀ ਮਾਣੀਆਂ
ਹੌਲੇ ਹੌਲੇ ਤੁਰਦੇ ਉਮਰਾਂ ਹੋ ਗਈਆਂ ਸਿਆਣੀਆਂ ।
ਛੋੱਟੇ ਜਿਹੇ ਘਰ ਦੀ ਨਿੰਮੀ ਜਿਹੀ ਰੋਸ਼ਨੀ
ਨਕਸ਼ਾਂ ਨੂੰ ਪਛਾਣਦੀ ਉਹ ਨਿੰਮੀ ਜਿਹੀ ਰੋਸ਼ਨੀ
ਤੇਰੀ ਮੇਰੀ ਕੁਝ ਨਹੀਂ , ਜਾਣਦੀ ਸੀ ਰੋਸ਼ਨੀ
ਕਦੀ ਕਦੀ ਨਿਘ ਦੇਵੇ ਲੋਡ਼ ਵੇਲੇ ਸੇਕ ਦੇਵੇ
ਹੌਲੀ ਹੌਲੀ ਜਿੰਦਗੀ ਨੂੰ ਤੋਰਦੀ ਸੀ ਰੋਸ਼ਨੀ
ਹਨੇਰੀਆਂ ਤੇ ਝਖੱਡ਼ ਆਏ ਦੁੱਖ ਆਏ ਸੁੱਖ ਆਏ
ਨੇਡ਼ੇ ਨੇਡ਼ੇ ਬੈਠ , ਨਾਂ ਬੁੱਝਣ ਦਿੱਤੀ ਰੋਸ਼ਨੀ
ਬੀਤ ਗਈ ਸਵੇਰ ਕਦੋਂ ਹੋਈ ਦੁਪਹਿਰ ਸੀ
ਕਦੀ ਨਹੀਂ ਸੋਚਿਆ ਕਿਹਡ਼ਾ ਉਮਰਾਂ ਦਾ ਪਹਿਰ ਸੀ
ਦਿਨ ਵੀ ਢੱਲ ਗਿਆ ਸ਼ਾਮ ਦਾ ਵੀ ਵੇਲਾ ਸੀ
ਕੋਲ ਕੋਲ ਬੈਠ , ਤਕਿੱਆ ਜ਼ਿੰਦਗੀ ਦਾ ਮੇਲਾ ਸੀ
ਠੰਡੀਆਂ 'ਤੇ ਤੱਤੀਆਂ ਹਵਾਵਾਂ ਵੀ ਆਈਆਂ
ਸਾਰਿਆਂ ਨੇ ਮਿਲਕੇ ਪਿੰਡੇ ਤੇ ਹੰਢਾਈਆਂ
ਕ਼ਦੀ ਜਾਨਾਂ ਖਿਡ਼ੀਆਂ 'ਤੇ ਕਦੀ ਕਮ੍ਲਾਈਆਂ
ਨਾਂ ਵਸਲਾਂ ਦੀ ਗੱਲ ,ਨਾਂ ਲੰਬੀਆਂ ਜੁਦਾਈਆਂ ।
ਕਦੋਂ ਕਿੰਝ ਜ਼ਿੰਦਗੀ ਨੂੰ ਨਜ਼ਰ ਕਿਸ ਲਾਈ ਸੀ
ਫਿਰ ਰੁਤ ਬਦਲੀ 'ਤੇ ਰੁਸ ਗਿਆ ਮਾਹੀ ਸੀ
ਫੁਲਾਂ ਦੀ ਕਿਆਰੀ ਪਿੱਛੇ ਛੁਪ ਗਿਆ ਮਾਹੀ ਸੀ
ਫੁੱਲਾਂ ਨੂੰ ਫਰੋਲਦੀ ਬੂੱਟੇ ਵੀ ਟਟੋਲਦੀ
ਕਿਤੇ ਹੱਥ ਆਜਾਵੇ ਉਹਦੀ ਪਰਛਾਈ ਹੀ
ਸਮੇਂ ਦੀ ਕਹਾਣੀ ਏ ਯਾਦ ਇਹ ਜ਼ਬਾਨੀ ਏ
ਫੁੱਲਾਂ ਵਾਲੀ ਰੁਤ ਵਿੱਚ ਜਿਹਡ਼ੇ ਛੁੱਪ ਜਾਂਦੇ ਨੇਂ
ਚੰਨ ਦੀ ਚਾਨਣੀ 'ਚ ਉਹ ਘੁਲ ਜਾਂਦੇ ਨੇ
ਮਹਿੱਕਾਂ ਵਾਲੀ ਰੁੱਤ ਵਿਚ ਕਿਉਂ ਜੰਮਦੀ ਜੁਦਾਈ ਏ
ਕਿਵੇਂ ਦਿੱਲ ਮੱਨੋਂ , ਬਸ ਇਹੀ ਤਾਂ ਸਚਾਈ ਏ ।