ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ (ਕਵਿਤਾ)

ਅਮਰਜੀਤ ਟਾਂਡਾ (ਡਾ.)   

Email: dramarjittanda@yahoo.com.au
Address:
United States
ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੁਫੇਰੇ ਚੀਕਾਂ ਦੀ ਕਿਣਮਿਣ,ਵੈਣ ਹੀ ਵੈਣ

ਘਰਾਂ ਵਿਚ ਖੌਫ਼ ਰਿੱਝਦੇ ਸਨ,

ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ-

ਜਦੋਂ ਮੇਰੇ ਪਿੰਡਾਂ ਸ਼ਹਿਰਾਂ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ

ਕਲਮਾਂ ਤੜਫ਼ 2 ਹਵਾਵਾਂ ਨੂੰ ਕਹਿੰਦੀਆਂ ਰਹੀਆਂ

ਕਿ ਕੋਈ ਪੰਜਾਬ ਨੂੰ ਲੱਗੀ ਨਜ਼ਰ ਉਤਾਰੋ--

ਕਿਸੇ ਸੋਚਿਆ ਵੀ ਨਹੀਂ ਸੀ ਕਿ

ਇਸ ਦੌਰ ਦੀ ਸੀਮਾ ਹਰਫ਼ਾਂ ਨੂੰ ਵੀ ਟੱਪ ਜਾਵੇਗੀ-

ਮੱਥੇ ਦੀਆਂ ਲਕੀਰਾਂ ਤੋਂ ਪਰੇ ਜੇਹੇ ਹੋਇਆ ਸਾਰਾ ਕੁਝ -

ਬਿਰਖਾਂ ਅਰਜ਼ਾਂ ਕੀਤੀਆਂ ਕਿ ਇਹ ਰੁੱਤ ਬਦਲ ਜਾਵੇ

ਡਾਲੀਆਂ ਦੇ ਜਿਸਮ ਤੇ ਹਰੀਆਂ ਕਰੂੰਬਲਾਂ ਖਿੜ੍ਹ ਪੈਣ

ਤੇ ਰੁੱਖਾਂ ਨੂੰ ਓੁਹਨਾਂ ਦੀ ਉਮਰ ਮਿਲੇ -

ਇਨਸਾਨੀਅਤ ਦੇ ਸੂਰਜਾ, ਮਨੁੱਖਤਾ ਦੇ ਸਹਾਰਿਆ,

ਤੇਰੇ ਮਹਾਨ ਸ਼ਹੀਦੀ ਦਿਵਸ ਤੇ

ਚਰਨਾਂ ਨੂੰ ਪ੍ਰਣਾਮ ਕਰਨ ਗਏ

ਬੇਗੁਨਾਹ ਮਾਂਵਾਂ ਦੇ ਪੁੱਤ, ਮਤਾਂਵਾਂ, ਭੈਣਾਂ ਤੇ ਬਜੁਰਗ  

ਸਮੇਂ ਨੇ ਪਲਾਂ ਚ ਹੀ ਮੌਤ ਦੀ ਗੋਦ ਚ ਸੁਆ ਦਿਤੇ-

ਮਨ ਝੰਜੋੜੇ ਗਏ, ਤਨ ਵਲੂੰਧਰੇ ਗਏ ਸਨ-

ਦੁਖਾਂਤ ਨੇ ਇਨਸਾਨੀਅਤ ਨੂੰ ਮਿੱਟੀ ਚ ਰੋਲਿਆ-

ਇਨਸਾਨੀਅਤ ਦਾ ਸ਼ਰੇਆਮ ਕਤਲ ਹੋਇਆ-

ਜ਼ਾਲਮਾਂ ਨੇ ਬੱਚਿਆਂ ਦੀਆਂ ਚੀਕਾਂ ਵੀ ਨਾ ਸੁਣੀਆਂ-
ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ

ਦੇਗਾਂ ਨੂੰ ਠਾਰਨ ਵਾਲਿਆ,

ਓਸ ਵੇਲੇ ਮੇਰੇ ਕੋਲ ਤੇਰੇ ਤੋਂ ਵੱਡਾ ਕਿਹੜਾ ਸਹਾਰਾ ਸੀ -

ਜਦੋਂ ਦਰ 2 ਲਹੂ ਨਾਲ ਭਿੱਜਿਆ-

ਰਾਵੀ 'ਚ ਟੁੱਬੀ ਮਾਰ ਕੇ ਛੁਪ ਜਾਣ ਵਾਲਿਆ,

ਤੇਰੇ ਤੇ ਬਹੁਤ ਆਸਾਂ ਸਨ-

ਆਪਣੇ ਅੰਮ੍ਰਿਤਸਰ ਦਾ ਹਾਲ ਤਾਂ ਪੁੱਛ ਜਾਂਦਾ,

ਤੇਰੇ ਪੰਜਾਬ ਨਾਲ ਕੀ ਬੀਤਿਆ -

ਰਾਵੀ ਝਨਾਂ੍ਹ ਦੇ ਪਾਣੀਆਂ ਚ ਤੂਫਾਨ ਆਏ

ਉੱਜੜੇ ਲੋਕ ਹੱਕ ਮੰਗਦੇ 2 ਥੱਕ ਗਏ ਨੇ -

ਜਲਾਵਤਨ ਹੋਏ ਬੈਠੇ ਹਾਂ ਅਸੀਂ ਆਪਣੇ ਘਰਾਂ ਚੋਂ-

ਘਰ 2 ਸੁੰਨਾ੍ਹ ਹੋਇਆ ਦਿਸਦਾ ਹੈ-

ਗਭਰੂਆਂ ਦੀਆਂ ਟੋਲੀਆਂ ਜਾਂ ਤਾਂ ਰਹੀਆਂ ਨਹੀਂ

ਜਾਂ ਜੋ ਬਚੇ ਛੁਪ ਕੇ ਬਦੇਸ਼ਾਂ 'ਚ ਜਾ ਵਸੇ

ਹਾਕਮ ਦੀਆਂ ਗੋਲੀਆਂ ਤੋਂ -

ਰਾਹ ਖਹਿੜੇ ਬੇਗੁਨਾਹ ਵਿੰਨ੍ਹ ਹੋ ਜਾਣ ਤੋਂ ਡਰਦੇ-

ਪੰਜਾਬ ਦੀਆਂ ਛਾਂਵਾਂ ਵਰਗੀਆਂ ਮਾਂਵਾਂ ਦੇ ਹੱਥ

ਰੱਸੀਆਂ ਨਾਲ ਬੰਨ੍ਹ 2

ਕਿਸੇ ਔਰੰਗੇ ਦੇ ਸਿਪਾਹੀ ਜੋਰੋ ਜ਼ਰਬੀ ਲਈ ਜਾ ਰਹੇ ਸਨ-

ਸੱਚ ਤੇ ਪਹਿਰਾ ਦੇਣ ਵਾਲਿਆਂ ਨੂੰ

ਬਲਦੀਆਂ ਸਲਾਖਾਂ ਨਾਲ ਤਸੀਹੇ ਦੇ 2 ਛੁਪਾਇਆ ਗਿਆ

ਅਦਾਲਤ ਅੰਨੀ੍ਹ ਹੋ ਗਈ ਸੀ-

ਜੰਗਲ ਰਾਜ ਸੀ - ਫਰਿਆਦ ਮਰ ਗਈ ਸੀ,

ਤਾਰੀਖ ਦੇ ਵਰਕੇ ਦੇਖ ਬੇਸਹਾਰਾ ਹੋ ਗਏ ਸਨ-

ਤੂੰ ਕਹੇਂਗਾ ਮੈ ਕੌਣ ਹਾਂ-

ਜ਼ਬਰ ਜ਼ਨਾਹ 'ਚ ਲਿਤਾੜੀ-ਮੈਂ ਲੋਕਾਂ ਦੀ ਹੀ ਅਵਾਜ਼ ਹਾਂ--