ਕਿਵੇਂ ਉਡਾਵਾਂ ਕਾਗ ਮੈਂ ਆਪਣੇ ਬਨੇਰੇ ਤੋਂ,
ਰਹਿੰਦੀ ਉਡੀਕ ਤੇਰੀ ਮੈਨੰ ਚੜ੍ਹਦੇ ਸਵੇਰੇ ਤੋਂ। ਸੂਰਜ ਦੀ ਲਾਲੀ ਨਾਲ਼ ਤੇਰੀ ਆਮਦ ਹੈ ਜਾਪਦੀ,
ਰਹਿੰਦੀ ਏ ਨਜ਼ਰ ਮੇਰੀ ਤੇਰੀ ਸੂਰਤ ਤਲਾਸ਼ਦੀ ,
ਹੁਣ ਨਿਗਾਹੀਂ ਜੁਗਨੂੰ ਵੀ ਵਾਰੇ ਂਨੇ ਤੇਰੇ ਤੋਂ।
ਕਿਵੇਂ ਉਡਾਵਾਂ ਕਾਗ ਮੈਂ…………………
ਤੱਕਦਾ ਹਾਂ ਰਾਹਾਂ ਵਿੱਚੋਂ ਮੈਂ ਤੇਰੇ ਹੀ ਮੁੱਖ ਨੂੰ,
ਕਰਕੇ ਦੀਦਾਰ ਤੇਰਾ ਮੈਂ ਭੁੱਲ ਜਾਵਾਂ ਦੁੱਖ ਨੂੰ ,
ਬੜਾ ਔਖਾ ਦੂਰ ਕਰਨਾ ਸੋਚਾਂ ਨੂੰ ਤੇਰੇ ਤੋਂ ।
ਕਿਵੇਂ ਉਡਾਵਾਂ ਕਾਗ ਮੈਂ ………………….
ਜ਼ਿੰਦਗੀ ਤਾਂ ਮੇਰੀ ੱਿਕ ਹਨੇਰੀ ਰਾਤ ਹੈ ,
ਪਰ ਸਦਾ ਹੀ ਪਾਉਂਦੀ ਇਹੇ ਤੇਰੀ ਬਾਤ ਹੈ,
ਹੁਣ ਰੌਸ਼ਨੀ ਤੇਰੇ ਪਿਆਰ ਦੀ ਚਮਕੇ ਹਨੇਰੇ ਚੋਂ।
ਕਿਵੇਂ ਉਡਾਵਾਂ ਕਾਗ ਮੈਂ……………………
ਪੰਛੀ ਵੀ ਜਦ ਨੇ ਪਰਤਦੇ ਆਥਣ ਨੂੰ ਘੁੰਮ ਕੇ,
ਯਾਦ ਤੇਰੀ ਰੱਖ ਦਿੰਦੀ ਦਿਲ ਨੂੰ ਪਰੁੰਨ੍ਹ ਕੇ ,
ਤੇਰੇ ਵਾਜ਼ੋਂ ਕੌਣ ਕੁਲਫਤ ਲਾਹੂਗਾ ਮੇਰੇ ਤੋਂ ।
ਕਿਵੇਂ ਉਡਾਵਾਂ ਕਾਗ ਮੈਂ……………….
ਕਾਵਾਂ ਬਿਨਾ ਤਾਂ ਮੇਰੀਆਂ ਸੁੰਨੀਆਂ ਨੇ ਸਰਧਲਾਂ,
ਤੇਰੇ ਬਾਝੌਂ ਜ਼ਿੰਦਗੀ 'ਬਲਵੰਤ' ਦੀ ਹੈ ਵਾਂਗ ਮਾਰੂਥਲਾਂ,
ਲੱਭਦਾ ਹਾਂ ਪੈੜਾਂ ਤੇਰੀਆਂ ਪੈਂਡੇ ਲਮੇਰੇ ਤੋਂ ।
ਕਿਵੇਂ ਉਡਾਵਾਂ ਕਾਗ ਮੈਂ ਆਪਣੇ ਬਨੇਰੇ ਤੋਂ ,
ਰਹਿੰਦੀ ਉਡੀਕ ਤੇਰੀ ਮੈਨੰ ਚੜ੍ਹਦੇ ਸਵੇਰੇ ਤੋਂ ।