ਨਾ ਚਾਹੁੰਦੇ ਵੀ ਸਭ ਕੁਝ ਕਰਨਾ ਪੈਂਦਾ ਹੈ।
ਅਣਚਾਹਿਆ ਕੋਈ ਰਿਸ਼ਤਾ ਜ਼ਰਨਾ ਪੈਂਦਾ ਹੈ ।
ਰਿਸ਼ਤੇ ਤੂਤਾਂ ਵਰਗੇ ਕਿੱਕਰਾਂ ਵਰਗੇ ਵੀ,
ਰਿਸ਼ਤੇ ਵੈਰੀ ਵਰਗੇ ਮਿੱਤਰਾਂ ਵਰਗੇ ਵੀ,
ਰਸਤੇ ਵਿਚ ਨੇ ਕੰਡੇ ਭਾਵੇਂ ਫੁੱਲ ਵਿਛੇ
ਪੈਰ ਸੰਭਲ ਕੇ ਰਾਹੀਂ ਧਰਨਾ ਪੈਂਦਾ ਹੈ
ਨਾ ਚਾਹੁੰਦੇ ਵੀ ……….
ਖੁਸ਼ੀਆਂ ਵਰਗੇ ਰਿਸ਼ਤੇ ਦੇਣ ਸੁਗੰਧਾਂ ਵੀ,
ਮੋਹ ਤੋਂ ਸੱਖਣੇ ਕਰ ਦਿੰਦੇ ਨੇ ਕੰਧਾਂ ਵੀ,
ਜੀਵਨ ਰੂਪੀ ਦਰਿਆ ਰੰਗ ਬਰੰਗਾ ਹੈ,
ਇਸ ਦਰਿਆ ਵਿਚ ਡੁੱਬਣਾ ਤਰਨਾ ਪੈਂਦਾ ਹੈ,
ਨਾ ਚਾਹੁੰਦੇ ਵੀ ………
ਰਾਤਾਂ ਵਰਗੇ ਰਿਸ਼ਤੇ ਨੇਰ੍ਹਾ ਵੰਡਦੇ ਨੇ,
ਸੂਰਜ ਵਰਗੇ ਰਿਸ਼ਤੇ ਨੇਰਾ੍ਹ ਛੰਡਦੇ ਨੇ,
ਗੁੰਮ ਗਏ ਜੋ ਦੁਨੀਆਂ ਦੇ ਇਸ ਜੰਗਲ ਵਿਚ
ਔਖਾ ਬਹੁਤ ਵਿਛੋੜਾ ਜਰਨਾ ਪੈਂਦਾ ਹੈ,
ਨਾ ਚਾਹੁੰਦੇ ਵੀ ………
ਥੋਹਰਾਂ ਵਰਗੇ ਰਿਸ਼ਤੇ ਥਾਂ ਥਾਂ ਉਗਦੇ ਨੇ,
ਪਿਆਰ ਅਤੇ ਵਿਸ਼ਵਾਸ ਦੇ ਰਿਸ਼ਤੇ ਪੁਗਦੇ ਨੇ,
ਸਮਝਣ ਨਾ ਜੋ ਉਨ੍ਹਾਂ ਨੂੰ ਸਮਝਾ 'ਗੁਰਮਾ',
ਇਨ੍ਹਾਂ ਖਾਤਰ ਜਿਊਣਾ ਮਰਨਾ ਪੈਂਦਾ ਹੈ।
ਨਾ ਚਾਹੁੰਦੇ ਵੀ ਸਭ ਕੁਝ ਕਰਨਾ ਪੈਂਦਾ ਹੈ।
ਅਣਚਾਹਿਆ ਕੋਈ ਰਿਸ਼ਤਾ ਜ਼ਰਨਾ ਪੈਂਦਾ ਹੈ ।