ਕਿਊਬਾ ਵਿਚ ਸੱਤ ਦਿਨ -ਭਾਗ 4 (ਸਫ਼ਰਨਾਮਾ )

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੀਜ਼ੋਰਟ ਤੋਂ ਬਾਹਰ ਦਾ ਕਿਊਬਾ

ਪਰਵਾਰ ਨੇ ਸਾਂਤਾ ਲੂਸੀਆ ਰੀਜ਼ੋਰਟ ਜਿਥੇ ਅਸੀਂ ਇਕ ਹਫਤੇ ਲਈ ਆਏ ਹੋਏ ਸਾਂ ਤੋਂ ਪੰਜ ਕੁ ਮੀਲ ਦੂਰ ਕੋਕੋ ਬੀਚ ਤੇ ਘੁੰਮਣ ਦਾ ਪਰੋਗਰਾਮ ਬਣਾਇਆ ਹੋਇਆ ਸੀ ਤੇ ਉਸ ਲਈ ਸਾਬਤ ਤਾਂਗਾ ਕਰਨ ਤੋਂ ਇਲਾਵਾ ਕੁਝ ਸਾਈਕਲ ਵੀ ਲੈ ਲਏ ਸਨ ਜੋ ਰੀਜ਼ੋਰਟ ਬਿਲਕੁਲ ਵੱਲੋਂ ਫਰੀ ਸਨ। ਇੰਜ ਰੀਜ਼ੋਰਟ ਤੋਂ ਬਾਹਰ ਨਿਕਲ ਕੇ ਕਿਊਬਾ ਵੇਖਣ ਦਾ ਸਾਡਾ ਇਹ ਪਹਿਲਾ ਦਿਨ ਸੀ। ਜਿਥੇ ਅਸੀਂ ਸਾਰਿਆਂ ਨੇ ਇਕਠੇ ਹੋ ਕੇ ਜਾਣਾ ਸੀ। ਨਕਸ਼ੇ ਵਿਚ ਵੀ ਉਸ ਥਾਂ ਦਾ ਨਾਂ ਕੋਕੋ ਬੀਚ ਸੀ ਜੋ ਇਸ ਰੀਜ਼ੋਰਟ ਤੋਂ ਪੰਜ ਕੁ ਮੀਲ ਅਗੇ ਦੱਸੀ ਗਈ ਸੀ। ਇਹ ਥਾਂ ਵੀ ਲੂਸੀਆ ਰੀਜ਼ੋਰਟ ਵਾਂਗ ਸਮੁੰਦਰ ਦੇ ਕੰਢੇ ਤੇ ਸਥਿਤ ਸੀ। ਰਸਤੇ ਵਿਚ ਅਸੀਂ ਕਈ ਥਾਈਂ ਬੱਸ ਉਡੀਕਦੇ ਲੋਕ ਵੇਖੇ ਜਿਨ੍ਹਾਂ ਵਿਚ ਜਵਾਨ ਕੁੜੀਆਂ ਮੁੰਡੇ ਵੀ ਸਨ। ਸੜਕਾਂ ਭਾਵੇਂ ਚੌੜਾਈ ਵਿਚ ਛੋਟੀਆਂ ਸਨ ਪਰ ਬਣੀਆਂ ਅਛੀਆਂ ਹੋਈਆਂ ਸਨ। ਬੱਸਾਂ ਵੀ ਖੂਬਸੂਰਤ ਸਨ ਪਰ ਮੁਸਾਫਰਾਂ ਦੀ ਭੀੜ ਹਰ ਅਡੇ ਤੇ ਵੇਖਣ ਨੂੰ ਮਿਲੀ। ਲਾਗਲੇ ਪਿੰਡਾਂ ਤੋਂ ਇਹ ਲੋਕ ਬੱਸ ਪਕੜ ਕੇ ਏਧਰ ਓਧਰ ਜਾਂਦੇ ਸਨ। ਇਹਨਾਂ ਨੂੰ, ਬੱਸ ਦੇ ਅਡਿਆਂ ਅਤੇ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਵੇਖ ਕੇ ਸਾਨੂੰ ਪੁਰਾਣਾ ਪੰਜਾਬ ਚੇਤੇ ਆ ਰਿਹਾ ਸੀ। ਕਦੀ ਕਦੀ ਕੋਈ ਛੋਟੀ ਲਾਡਾ ਕਾਰ ਵੇਖਣ ਨੂੰ ਮਿਲ ਜਾਂਦੀ ਸੀ।

ਕੋਕੋ ਬੀਚ ਤੇ ਜਾਣ ਤੋਂ ਪਹਿਲਾਂ ਮੈਂ ਸੈੱਲ ਫੋਨ ਅਤੇ ਕੈਮਰੇ ਦੀ ਬੈਟਰੀ ਰਾਤ ਹੀ ਚਾਰਜ ਕਰ ਲਈ ਸੀ। ਹਾਲਾਂ ਕਿ ਮੈਨੂੰ ਪਤਾ ਸੀ ਕਿ ਸੈੱਲ ਫੋਨ ਤਾਂ ਕਿਊਬਾ ਵਿਚ ਚਲਦਾ ਹੀ ਨਹੀਂ ਸੀ। ਸਵੇਰੇ ਅਸੀਂ ਆਪਣੇ ਕੈਮਰੇ ਤੇ ਟੇਪ ਰੀਕਾਰਡਰ ਚੁਕੇ ਤੇ ਕਮਰਿਆਂ ਵਿਚੋਂ ਬਾਹਰ ਆ ਗਏ। ਤਾਜ਼ਾ ਜੂਸ ਦੇ ਦੋ ਦੋ ਗਲਾਸ ਪੀ ਰਾਤ ਰੀਜ਼ੋਰਟ ਦੀ ਪੀਤੀ ਫਰੀ ਦਾਰੂ ਦੇ ਅਸਰ ਨੂੰ ਖਤਮ ਕੀਤਾ। ਤਿੰਨ ਤਿੰਨ ਅੰਡਿਆਂ ਅਤੇ ਮਖਨ ਲੱਗੀ ਬਰੈੱਡ ਦਾ ਵਧੀਆ ਬਰੇਕ ਫਾਸਟ ਕਰ ਕੇ ਰੀਜ਼ੋਰਟ ਦੇ ਬਾਹਰ ਸੜਕ ਤੇ ਆ ਗਏ ਜਿਥੇ ਘੋੜ੍ਹੇ ਵਾਲੇ ਤਾਂਗੇ ਸਾਡਾ ਇੰਤਜ਼ਾਰ ਕਰ ਰਹੇ ਸਨ। ਸਾਡੀ ਟੋਲੀ ਵਿਚੋਂ ਕਈਆਂ ਨੇ ਸਾਈਕਲ ਲੈ ਲਏ ਅਤੇ ਮੈਂ ਤੇ ਪ੍ਰਿੰ: ਪਾਖਰ ਸਿੰਘ ਪਰਵਾਰ ਨਾਲ ਤਾਂਗੇ ਵਿਚ ਬੈਠ ਗਏ। ਤਾਂਗੇ ਵਿਚ ਆਟਵਾ ਵਾਲੇ ਨਰਿੰਦਰ ਸਿੰਘ ਦਾ ਪਰਵਾਰ ਵੀ ਬੈਠ ਗਿਆ ਪਰ ਨਰਿੰਦਰ ਸਿੰਘ ਨੇ ਕੋਕੋ ਬੀਚ ਤੇ ਸਾਈਕਲ ਚਲਾ ਕੇ ਜਾਣਾ ਹੀ ਬਿਹਤਰ ਸਮਝਿਆ। ਸਾਈਕਲ ਚਲਾ ਕੇ ਸਿਹਤ ਕਾਇਮ ਰਖਣ ਲਈ ਇਹ ਵਧੀਆ ਤਰੀਕਾ ਸੀ। ਤਾਂਗੇ ਦਾ ਕੋਚਵਾਨ ਜਿਸ ਨੇ ਕਾਓ ਬੁਆਏ ਵਾਲਾ ਟੋਪ ਪਾਇਆ ਤੇ ਕਾਲੀ ਐਣਕ ਲਗਾਈ ਹੋਈ ਸੀ, ਚੰਗਾ ਦਰਸ਼ਨੀ ਜਵਾਨ ਹੀ ਨਹੀਂ, ਸਗੋਂ ਪਹਿਲਵਾਨ ਲਗ ਰਿਹਾ ਸੀ ਤੇ ਸੁਹਣਾ ਵੀ।  ਉਸਦਾ ਘੋੜਾ ਵੀ ਸੁੰਦਰ ਤੇ ਚੰਗਾ ਪਲਿਆ ਹੋਇਆ ਸੀ। ਤਾਂਗੇ ਲਾਗੇ ਦੋ ਮੁੰਡੇ ਰਿਕਸ਼ੇ ਲੈ ਕੇ ਵੀ ਖੜ੍ਹੇ ਸਨ। ਇਹ ਰਿਕਸ਼ੇ ਇੰਡੀਆ ਵਰਗੇ ਸਨ ਅਤੇ ਉਪਰ ਛੱਤ ਸੀ। ਹੋ ਸਕਦਾ ਹੈ ਕਿ ਗਰਮ ਦੇਸ਼ ਹੋਣ ਕਰ ਕੇ ਗਰਮੀ ਤੇ ਧੁੱਪ ਤੋਂ ਬਚਣ ਲਈ ਛੱਤ ਜ਼ਰੂਰੀ ਹੋਵੇ ਪਰ ਇੰਡੀਆ ਦੇ ਰਿਕਸ਼ਿਆਂ ਵਾਂਗ ਇਹ ਛੱਤ ਅਗੇ ਪਿਛੇ ਨਹੀਂ ਹੋ ਸਕਦੀ ਸੀ। ਰਿਕਸ਼ਾ ਚਲਾਉਣ ਵਾਲੇ ਮੁੰਡੇ ਜਵਾਨ ਸਨ ਪਰ ਅੰਗਰੇਜ਼ੀ ਬਿਲਕੁਲ ਨਹੀਂ ਸਮਝਦੇ ਸਨ, ਇਸ ਲਈ ਅੰਗਰੇਜ਼ੀ ਬੋਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ।

ਤਾਂਗੇ ਸਾਨੂੰ, ਬੇਟੀ ਅਤੇ ਬੱਚਿਆਂ ਨੂੰ ਚੜ੍ਹਾ ਕੇ ਸਮੁੰਦਰ ਕੰਢੇ ਬਣੀ ਸੜਕ ਤੇ ਚੱਲਣ ਲੱਗੇ ਅਤੇ ਸਾਡੀ ਟੋਲੀ ਦੇ ਮਰਦ ਸਾਈਕਲਾਂ ਤੇ ਸਾਡੇ ਨਾਲ ਨਾਲ ਕਦੀ ਅਗੇ ਕਦੀ ਪਿਛੇ ਚੱਲਣ ਲਗੇ। ਸਾਡੇ ਰੀਜ਼ੋਰਟ ਤੋਂ ਇਲਾਵਾ ਸਮੁੰਦਰ ਦੇ ਕੰਢੇ ਵਾਲੇ ਪਾਸੇ ਹੋਰ ਵੀ ਰੀਜ਼ੋਰਟ ਅਤੇ ਕਈ ਖੂਬਸੂਰਤ ਮਕਾਨ ਵੀ ਸਨ। ਕਿਧਰੇ ਕਿਧਰੇ ਖੁਲ੍ਹੇ ਹਰੇ ਮੈਦਾਨ ਸਨ ਜਿਸ ਵਿਚ ਇਕ ਥਾਂ ਫੱਟੇ ਉਤੇ ਮੁਲਕ ਦੇ ਲੀਡਰਾਂ ਦੇ ਚਿਤਰ ਲੱਗੇ ਹੋਏ ਸਨ। ਖਬੇ ਪਾਸੇ ਟਾਵੇਂ ਟਾਵੇਂ ਮਕਾਨ ਸਨ ਜੋ ਵੇਖਣ ਨੂੰ ਗਰੀਬ ਲੋਕਾਂ ਦੇ ਮਕਾਨ ਲਗਦੇ ਸਨ। ਅਗੇ ਜਾ ਕੇ ਇਕ ਹਾਈਰਾਜ਼ ਬਿਲਿਡੰਗ ਆ ਗਈ ਜਿਸ ਦੀ ਹਾਲਤ ਵੀ ਬਹੁਤ ਵਧੀਆ ਨਹੀਂ ਸੀ। ਸਿਰਫ ਇਕ ਘਰ ਅਗੇ ਇਕ ਰੱਸੀ ਤੇ ਕੁਝ ਕਪੜੇ ਸੁਕਣੇ ਪਾਏ ਹੋਏ ਦਿਸੇ। ਸਾਨੂੰ ਇਹ ਪਤਾ ਲੱਗ ਚੁਕਾ ਸੀ ਕਿ ਕਿਊਬਾ ਵਿਚ ਕਪੜੇ ਦੀ ਕਮੀ ਹੈ ਅਤੇ ਲੋਕ ਬੜੀ ਖੁਸ਼ੀ ਨਾਲ ਸੈਲਾਨੀਆਂ ਕੋਲੋਂ ਟਿੱਪ ਤੋਂ ਇਲਾਵਾ ਕਪੜੇ ਵੀ ਸਵੀਕਾਰ ਕਰਦੇ ਹਨ। ਅਗੇ ਕੁਝ ਹੋਰ ਪਿੰਡ ਆਏ ਤੇ ਫਿਰ ਟਾਂਗਾ ਇਕ ਕੱਚੇ ਰਾਹ ਪੈ ਗਿਆ ਜੋ ਸਮੁੰਦਰ ਦੇ ਨਾਲ ਨਾਲ ਥੋੜ੍ਹਾ ਹਟਵਾਂ ਜਾ ਰਿਹਾ ਸੀ। ਮੀਂਹ ਪਿਆ ਹੋਣ ਕਰ ਕੇ ਇਹ ਕੱਚੀ ਸੜਕ ਬਿਲਕੁਲ ਪੁਰਾਣੇ ਪੰਜਾਬ ਦੇ ਪਿੰਡਾਂ ਵਰਗੀ ਸੀ ਜਿਥੇ ਬਹੁਤ ਸਾਲ ਪਹਿਲਾਂ ਇਹੋ ਜਹੀਆਂ ਕੱਚੀਆਂ ਸੜਕਾਂ ਹੁੰਦੀਆਂ ਸਨ। ਮੈਂ ਆਪਣੇ ਬਚਪਨ ਵਿਚ ਬਹੁਤ ਵਾਰ ਇਸ ਤਰ੍ਹਾਂ ਦੀਆਂ ਕਚੀਆਂ ਅਤੇ ਤਿਲਕਣ ਵਾਲੀਆਂ ਸੜਕਾਂ ਤੋਂ ਲੰਘਿਆ ਸਾਂ ਜਿਥੋਂ ਦਾ ਚੀਕਣਾ ਗਾਰਾ ਸਾਈਕਲ ਦੇ ਪਹੀਆਂ ਵਿਚ ਫਸ ਜਾਂਦਾ ਸੀ ਅਤੇ ਸਾਈਕਲ ਖਿਚਣਾ ਮੁਸ਼ਕਲ ਹੋ ਜਾਂਦਾ ਸੀ। ਇਸ ਕੱਚੀ ਸੜਕ ਦੇ ਆਸ ਪਾਸ ਝਾੜੀਆਂ ਵਾਲੇ ਢਾਕ ਦੇ ਦਰਖਤ ਤੇ ਖਬੇ ਪਾਸੇ ਦੂਰ ਦੂਰ ਤਕ ਪਾਣੀ ਦਿਸ ਰਿਹਾ ਸੀ ਜਿਸ ਵਿਚ ਚਿੱਟੇ ਅਤੇ ਲਾਲ ਬਗਲੇ ਦਿਸ ਰਹੇ ਸਨ। ਲਾਲ ਬਗਲੇ ਬਹੁਤ ਦੂਰ ਪਾਣੀ ਵਿਚ ਬੈਠੇ ਦਿਸ ਰਹੇ ਸਨ ਪਰ ਦੂਰ ਹੋਣ ਕਰ ਕੇ ਚੰਗੀ ਤਰ੍ਹਾਂ ਕੈਮਰੇ ਦੀ ਪਕੜ ਵਿਚ ਨਹੀਂ ਆ ਰਹੇ ਸਨ। ਫਿਰ ਵੀ ਅਸੀਂ ਉਹਨਾਂ ਦੀਆਂ ਤਸਵੀਰਾਂ ਖਿਚੀਆਂ ਜੋ ਵਧੇਰੇ ਸਾਫ ਨਹੀਂ ਸਨ। ਰਾਹ ਵਿਚ ਹੋਰ ਵੀ ਨਿਕੇ ਨਿਕੇ ਘਰਾਂ ਵਾਲੇ ਪਿੰਡ ਆਏ ਜਿਥੇ ਕਿਊਬਾ ਦੇ ਲੋਕ ਸਾਡੇ ਵੱਲ ਵੇਖ ਰਹੇ ਸਨ। ਇਹਨਾਂ ਘਰਾਂ ਵਿਚ ਕਈ ਘਰਾਂ ਉਤੇ ਛੱਤਾਂ ਨਹੀਂ ਸਨ ਜਿਵੇਂ ਛੱਤ ਪੈਣ ਤੇ ਆ ਕੇ ਪੈਸੇ ਮੁਕ ਗਏ ਸਨ। ਬਹੁਤੀਆਂ ਛੱਤਾਂ ਵੀ ਕੋਕੋਨਟ ਦੇ ਪੱਤਿਆਂ ਦੀਆਂ ਸਨ। ਕੋਕੋਨਟ ਦੇ ਰੁੱਖ ਰਸਤੇ ਵਿਚ ਥਾਂ ਥਾਂ ਦਿਸ ਰਹੇ ਸਨ ਅਤੇ ਪਿੰਡਾਂ ਵਿਚ ਕੁਝ ਘੋੜ੍ਹੇ, ਕੁਕੜੀਆਂ ਤੇ ਬਕਰੀਆਂ ਵੀ ਦਿਸਦੀਆਂ ਸਨ। ਕੋਕੋਨਟ ਦੇ ਰੁੱਖਾਂ ਦੇ ਧੁਰ ਉਪਰ ਹਰੇ ਹਰੇ ਪਤਿਆਂ ਲਾਗੇ ਜਾ ਕੇ ਕੱਚੇ ਪਕੇ ਨਾਰੀਅਲ ਲੱਗੇ ਹੋਏ ਸਨ। ਇਹ ਤਾਂ ਸਪਸ਼ਟ ਹੋ ਗਿਆ ਸੀ ਕਿ ਧਰਤੀ ਘੱਟ ਆਬਾਦ ਸੀ ਅਤੇ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਇਥੋਂ ਦੇ ਲੋਕ ਆਪਣੇ ਜੀਵਨ ਨਿਰਬਾਹ ਲਈ ਕੀ ਕਰਦੇ ਸਨ ਕਿਉਂਕਿ ਖੇਤੀ ਵੀ ਕਿਧਰੇ ਨਜ਼ਰ ਨਹੀਂ ਆ ਰਹੀ ਸੀ। ਹਾਂ ਟਮਾਟਰਾਂ ਦੇ ਟਾਵੇਂ ਟਾਵੇਂ ਬੂਟੇ, ਪਪੀਤੇ ਅਤੇ ਕੇਲੇ ਕਿਧਰੇ ਕਿਧਰੇ ਦਿਸਦੇ ਸਨ। ਹੋਰ ਕੋਈ ਫਸਲ ਜਾਂ ਸਬਜ਼ੀ ਨਹੀਂ ਦਿਸ ਰਹੀ ਸੀ ਤੇ ਦੂਰ ਦੂਰ ਤਕ ਵੀਰਾਨਗੀ ਹੀ ਵੀਰਾਨਗੀ ਦਿਖਾਈ ਦੇ ਰਹੀ ਸੀ। ਕਣਕ ਜਾ ਚਾਵਲ ਦੀ ਖੇਤੀ ਹੁੰਦੀ ਸੀ ਜਾਂ ਨਹੀਂ, ਵੇਖਣ ਤੋਂ ਕੁਝ ਪਤਾ ਨਹੀਂ ਲਗ ਰਿਹਾ ਸੀ।

ਸੋਚਿਆ ਜਾਵੇ ਤਾਂ ਸੰਵਾਦ ਰਚਾਉਣ ਲਈ ਭਾਸ਼ਾ ਦੀ ਸਮਸਿਆ ਬਹੁਤ ਜ਼ਿਆਦਾ ਸੀ। ਅੰਗਰੇਜ਼ੀ ਉਹ ਸਮਝਦੇ ਨਹੀਂ ਸਨ ਅਤੇ ਸਪੈਨਿਸ਼ ਸਾਨੂੰ ਆਉਂਦੀ ਨਹੀਂ ਸੀ। ਜਲਦੀ ਹੀ ਅਸੀਂ ਕੋਕੋ ਬੀਚ ਤੇ ਪਹੁੰਚ ਗਏ। ਸਮੁੰਦਰ ਕੰਢੇ ਰੇਤ ਤੇ ਛਤਰੀਆਂ ਵਾਲੇ ਛੋਟੇ ਛੋਟੇ ਰੁੱਖ ਬਣਾ ਕੇ ਲਾਏ ਹੋਏ ਸਨ। ਇਹਨਾਂ ਥਲੇ ਬੈਠਣ ਲਈ ਜਾਂ ਸਮੁੰਦਰ ਕੰਢੇ ਕੁਰਸੀਆਂ ਤੇ ਲੇਟਣ ਲਈ ਕੁਰਸੀਆਂ ਫਰੀ ਨਹੀਂ ਸਨ ਅਤੇ ਕਿਰਾਏ ਤੇ ਲੈਣੀਆਂ ਪੈਂਦੀਆਂ ਸਨ। ਬਾਰ ਤੇ ਸ਼ਰਾਬ ਸਰਵ ਕਰਨ ਵਾਲ ਬੰਦਾ ਜਿਸ ਨੇ ਬੜੇ ਫਬਵੇਂ ਕਪੜੇ ਪਾਏ ਹੋਏ ਸਨ, ਲੋੜੋਂ ਜ਼ਿਆਦਾ ਰੁੱਖਾ ਅਤੇ ਬੇਇਤਬਾਰਾ ਸੀ। ਜਦ ਮੈਂ ਤੇ ਪ੍ਰਿੰ: ਪਾਖਰ ਸਿੰਘ ਨੇ ਇਕ ਇਕ ਬੀਅਰ ਲਈ ਤਾਂ ਓਸ ਪਹਿਲਾਂ ਪੈਸੇ ਦੇਣ ਲਈ ਕਿਹਾ ਜਦ ਕਿ ਇਹ ਕਿਵੇਂ ਸੰਭਵ ਸੀ ਕਿ ਕੋਈ ਸੈਲਾਨੀ ਇਥੇ ਬੀਅਰ ਪੀ ਕੇ ਬਗੈਰ ਪੈਸੇ ਦਿਤਿਆਂ ਇਸ ਥਾਂ ਤੋਂ ਖਿਸਕ ਸਕਦਾ ਸੀ। ਰੁਖੇ ਸੁਭਾ ਵਾਲੇ ਬੰਦੇ ਤੋਂ ਇਕ ਇਕ ਬੀਅਰ ਪੀ ਕੇ ਮਨ ਕੁਝ ਖੇੜੇ ਵਿਚ ਆ ਗਿਆ ਤੇ ਕਹਿਣ ਲੱਗਾ ਕਿ ਇਹ ਨਾ ਭੁਲੋ ਕਿ ਵੇਕੇਸ਼ਨ ਤੇ ਹੋ। ਇਥੇ ਜਿਥੋਂ ਤਕ ਨਜ਼ਰ ਜਾਂਦੀ ਸੀ, ਵਿਸ਼ਾਲ ਸਮੁੰਦਰ ਵਿਚ ਪਾਣੀ ਹੀ ਪਾਣੀ ਦਿਸਦਾ ਸੀ ਅਤੇ ਸਮੁੰਦਰ ਕੰਢੇ ਖਲੋ ਕੇ ਦਿਲਕਸ ਨਜ਼ਾਰਾ ਲੈਣ ਦਾ ਆਪਣਾ ਹੀ ਅਨੋਖਾ ਤੇ ਵਖਰਾ ਸਵਾਦ ਸੀ। ਅਸੀਂ ਪਲਾਸਟਕ ਦੀਆਂ ਲੇਟਣ ਵਾਲੀਆਂ ਕੁਸੀਆਂ ਕਿਰਾਏ ਤੇ ਲੈ ਕੇ ਆਪਣੇ ਆਪਣੇ ਟੋਲੇ ਬਣਾ ਕੇ ਅੱਡੇ ਬਣਾ ਲਏ ਤੇ ਸ਼ਾਟਸ ਪਾ ਤੇ ਬਨੈਣਾਂ ਉਤਾਰ ਕੁਰਸੀਆਂ ਤੇ ਲੇਟ ਕੇ ਸਮੁੰਦਰ ਕੰਢੇ ਰੇਤ ਤੇ ਟਕਾਈਆਂ ਕੁਰਸੀਆਂ ਤੇ ਲੇਟ ਗਏ। ਕੁਝ ਦੇਰ ਬਾਅਦ ਸਮੁੰਦਰ ਦੇ ਪਾਣੀ ਵਿਚ ਦੂਰ ਤਕ ਜਾ ਕੇ ਨਹਾਣਾ ਸ਼ੁਰੂ ਕਰ ਦਿਤਾ। ਪਾਣੀ ਜ਼ਿਆਦਾ ਡੂੰਘਾ ਨਹੀਂ ਸੀ ਪਰ ਪਾਣੀ ਥਲੇ ਬੇ-ਤਰਤੀਬੇ ਪਥਰ ਜੋ ਪਾਣੀ ਵਿਚ ਦਿਸਦੇ ਨਹੀਂ ਸਨ, ਕਾਰਨ ਪਾਣੀ ਵਿਚ ਅਗੇ ਤੁਰਨਾ ਔਖਾ ਹੋ ਰਿਹਾ ਸੀ। ਹੌਲੀ ਹੌਲੀ ਅਸੀਂ ਸਮੁੰਦਰ ਵਿਚ ਲੱਕ ਲੱਕ ਪਾਣੀ ਤੀਕ ਅਪੜ ਗਏ ਤੇ ਪਾਣੀ ਦੀਆਂ ਛੱਲਾਂ ਸਾਡੇ ਜਿਸਮਾਂ ਨੂੰ ਧਕੇ ਮਾਰ ਰਹੀਆਂ ਸਨ। ਮੈਂ ਇਕ ਵਾਰ ਪਾਣੀ ਵਿਚ ਚੁਭੀ ਮਾਰ ਕੇ ਆਪਣਾ ਸਾਰਾ ਪਿੰਡਾ ਗਿੱਲਾ ਕਰ ਲਿਆ। ਜਦ ਪਾਣੀ ਦੀ ਚੂਲੀ ਭਰੀ ਤਾਂ ਪਾਣੀ ਐਨਾ ਜ਼ਿਆਦਾ ਨਮਕੀਣ ਸੀ ਕਿ ਅੰਦਰ ਨਹੀਂ ਲੰਘਾਇਆ ਜਾ ਸਕਦਾ ਸੀ। ਕਰੂਲੀ ਕਰ ਕੇ ਮੂੰਹ ਵਿਚੋਂ ਪਾਣੀ ਬਾਹਰ ਸੁੱਟ ਦਿਤਾ। ਜਦੋਂ ਮੈਂ ਪੰਜਾਬ ਵਿਚ ਸਾਂ ਤੇ ਮੇਰੇ ਕੁਝ ਦੋਸਤ ਜੋ ਬੰਬਈ ਜਾ ਕੇ ਸਮੁੰਦਰ ਵਿਚ ਗੋਤੇ ਲਾ ਆਉਂਦੇ ਸਨ ਤੇ ਨਾਲ ਸਮੁੰਦਰ ਦੇ ਨਮਕੀਣ ਪਾਣੀ ਦੀ ਬੋਤਲ ਭਰ ਲਿਆਉਂਦੇ ਸਨ ਤੇ ਇਕ ਵਾਰ ਮੈਂ ਉਸ ਪਾਣੀ ਨੂੰ ਮੂੰਹ ਲਾ ਕੇ ਵੇਖਿਆ ਸੀ ਕਿ ਉਹ ਨਿਰਾ ਨਮਕੀਣ ਹੀ ਨਹੀਂ, ਸਗੋਂ ਕੌੜਾ ਸੀ ਅਤੇ ਮੈਂ ਹੈਰਾਨ ਹੁੰਦਾ ਕਿ ਦੁਨੀਆ ਦਾ ਐਡੇ ਵਡੇ ਸਮੁੰਦਰਾਂ ਦਾ ਪਾਣੀ ਨਮਕੀਣ ਕਿਵੇਂਂ ਹੋ ਸਕਦਾ ਸੀ। ਪਰ ਕਿਊਬਾ ਆ ਕੇ ਸਮੁੰਦਰ ਦੇ ਪਾਣੀ ਦੀ ਮੂੰਹ ਵਿਚ ਪਾਈ ਇਕ ਚੂਲੀ ਨੇ ਕਿਆਸਿਆ ਸੱਚ ਅਜ ਸੱਚ ਕਰ ਕੇ ਵਿਖਾ ਦਿਤਾ ਸੀ। ਕੈਨੇਡਾ ਦੀਆਂ ਝੀਲਾਂ ਦਾ ਪਾਣੀ ਕਈ ਵਾਰ ਮੂੰਹ ਲਾ ਕੇ ਵੇਖਿਆ ਸੀ ਪਰ ਇਹ ਪਾਣੀ ਖਾਰਾ ਜਾਂ ਨਮਕੀਣ ਨਹੀਂ ਸੀ। ਐਡੇ ਵਡੇ ਸਮੁੰਦਰ ਦਾ ਸਾਰੇ ਦਾ ਸਾਰਾ ਪਾਣੀ ਨਮਕੀਣ ਹੋ ਸਕਦਾ ਹੈ, ਭਾਵੇਂ ਯਕੀਨ ਨਹੀਂ ਪੈਂਦਾ ਸੀ ਪਰ ਪਰਤਖ ਨੂੰ ਪਰਮਾਣ ਦੀ ਕੀ ਲੋੜ ਸੀ। ਰੱਬ ਦਾ ਨਾਂ ਭਾਵੇਂ ਬਹੁਤ ਵਡਾ ਹੈ ਅਤੇ ਸਾਰੀ ਦੁਨੀਆ ਵਿਚ ਉਹਦੀ ਹੋਂਦ ਦੀ ਜਾਂ ਅਣਹੋਂਦ ਦੀ ਬੜੀ ਚਰਚਾ ਹੈ ਪਰ ਕੁਦਰਤ ਰੱਬ ਤੋਂ ਉਤੇ ਸੀ ਜਿਸ ਨੇ ਸਭ ਦੇ ਸਾਹਮਣੇ ਇਹ ਸਿੱਧ ਕਰ ਵਖਾਇਆ ਸੀ ਕਿ ਵੇਖੋਂ ਦੁਨੀਆ ਦੇ ਸਮੁੰਦਰਾਂ ਦਾ ਪਾਣੀ ਕੁਦਰਤ ਵੱਲੋਂ ਹੀ ਨਮਕੀਣ ਹੈ ਨਹੀਂ ਤਾਂ ਅਰਬਾਂ ਕੁਇੰਟਲ ਲੂਨ ਪਾ ਕੇ ਵੀ ਸਮੁੰਦਰੀ ਪਾਣੀ ਦੇ ਐਡੇ ਵਡੇ ਜ਼ਖੀਰੇ ਨੂੰ ਨਮਕੀਣ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਦੀ ਆਖਰੀ ਪੌੜੀ ਤੋਂ ਸਲੋਕ ਤੋਂ ਬਾਅਦ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੁਤ ਲਿਖ ਕੇ ਕੁਦਰਤ ਨੂੰ ਰੱਬ ਦੀ ਸ਼ਕਤੀ ਤੋਂ ਉੱਤੇ ਲਿਆ ਖੜ੍ਹਾ ਕੀਤਾ ਸੀ। ਇਸ ਕੁਦਰਤੀ ਸ਼ਕਤੀ ਨੂੰ ਅਜ ਤਕ ਕੋਈ ਵੀ ਝੁਠਲਾ ਨਹੀਂ ਸਕਿਆ ਅਤੇ ਨਾ ਹੀ ਝੁਠਲਾ ਸਕੇਗਾ।

ਕੋਕੋ ਬੀਚ ਤੇ ਜੋ ਇਕ ਛੋਟਾ ਜਿਹਾ ਹੋਟਲ ਸੀ, ਓਥੇ ਬੀਅਰ ਤੋਂ ਇਲਾਵਾ ਸ਼ਰਾਬ ਦੇ ਕੁਝ ਹੋਰ ਨਮੂਨੇ ਵੀ ਪਏ ਸਨ ਅਤੇ ਕੁਝ ਖਾਣ ਦਾ ਸਾਮਾਨ ਵੀ ਪਿਆ ਸੀ। ਅਸੀਂ ਕੈਨੇਡਾ ਤੋਂ ਖਾਣ ਲਈ ਕਈ ਕੁਝ ਲੈ ਕੇ ਆਏ ਸਾਂ ਜਿਵੇਂ ਗੋਟ ਦਾ ਅਚਾਰ, ਮਠੀਆਂ, ਵੇਸਣ ਦੀ ਬਰਫੀ, ਬਿਸਕੁਟ ਅਤੇ ਕਈ ਕੁਝ ਹੋਰ ਵੀ। ਆਟਵਾ ਵਾਲਾ ਪਰਵਾਰ ਵੀ ਆਪਣੇ ਨਾਲ ਖਾਣ ਲਈ ਕੁਝ ਨਾ ਕੁਝ ਲੈ ਕੇ ਆਇਆ ਸੀ। ਸਮੁੰਦਰ ਦੇ ਕੰਢੇ ਲੇਟਿਆਂ ਅਤੇ ਸਮੁੰਦਰ ਵਿਚ ਚੁਭੀਆਂ ਲਾ ਕੇ ਬਾਹਰ ਲੇਟਿਆਂ ਕੁਝ ਭੁਖ ਮਹਿਸੂਸ ਹੋ ਰਹੀ ਸੀ। ਬੇਟੀ ਨੇ ਸਭ ਨੂੰ ਖਾਣ ਲਈ ਕੁਝ ਨਾ ਕੁਝ ਦਿਤਾ ਅਤੇ ਗੋਟ ਮੀਟ ਦਾ ਸੁਕਾ ਭੁੱਜਾ ਆਚਾਰ ਸਭ ਨੇ ਬੜਾ ਪਸੰਦ ਕੀਤਾ। ਆਟਵਾ ਵਾਲਾ ਸ਼ ਨਰਿੰਦਰ ਸਿੰਘ ਸਰਾ ਪੁੱਛਣ ਲੱਗਾ ਕਿ ਇਹ ਗੋਟ ਦਾ ਅਚਾਰ ਕਿਥੋਂ ਲਿਆ ਹੈ ਤਾਂ ਮੈਂ ਦਸਿਆ ਕਿ ਇਹ ਵਿਸ਼ੇਸ਼ ਤੌਰ ਤੇ ਪੱਤੋ ਸਵੀਟਸ ਰੈਸਟੋਰੈਂਟ ਦੇ ਮਾਲਕ ਰਣਜੀਤ ਸਿੰਘ ਹਾਂਸ ਜਿਸ ਦਾ ਛੋਟਾ ਨਾਂ ਗੋਰਾ ਹੈ, ਖਾਸ ਤੌਰ ਤੇ ਸਾਡੇ ਲਈ ਬਣਾ ਕੇ ਦਿਤਾ ਹੈ। ਕਹਿਣ ਲਗਾ ਕਿ ਅਸੀਂ ਵੀ ਉਹਦੇ ਕੋਲੋਂ ਇਹੋ ਜਿਹਾ ਆਚਾਰ ਬਣਵਾ ਕੇ ਲਿਜਾਵਾਂਗੇ। ਮੈਂ ਕਿਹਾ ਕਿ ਉਹ ਤਿੱਤਰਾਂ, ਮੁਰਗੇ ਅਤੇ ਮੱਛੀ ਦਾ ਆਚਾਰ ਵੀ ਬਣਾ ਕੇ ਦਿੰਦਾ ਹੈ। ਜਦੋਂ ਲਿਜਾਣਾ ਹੋਵੇ, ਮੈਨੂੰ ਆਟਵਾ ਤੋਂ ਆਉਣ ਤੋਂ ਕੁਝ ਦਿਨ ਪਹਿਲਾਂ ਫੋਨ ਕਰ ਦੇਣਾ, ਵਧੀਆ ਤਿਆਰ ਕਰਵਾ ਕੇ ਦਿਆਂਗੇ। ਕੋਕੋ ਬੀਚ ਤੇ ਜਿੰਨਾ ਵੀ ਸਮਾਂ ਬੀਤਿਆ, ਕਦੇ ਨਾ ਭੁਲਣ ਵਾਲਾ ਤੇ ਸਦਾ ਯਾਦ ਰਹਿਣ ਵਾਲਾ ਸੀ। ਸੜਕ ਦੇ ਇਕ ਪਾਸੇ ਸਮੁੰਦਰ ਸੀ ਤੇ ਦੂਜੇ ਪਾਸੇ ਜੰਗਲ ਅਤੇ ਪਾਣੀ ਸੀ। ਪਬਲਕ ਵਾਸ਼ਰੂਮ ਵੀ ਬਣੇ ਹੋਏ ਸਨ ਜੋ ਸਾਫ ਨਹੀਂ ਸਨ। ਇਥੇ ਝਾੜੀਆਂ ਵਿਚ ਪੇਸ਼ਾਬ ਕਰਨ ਦੀ ਖੁਲ੍ਹ ਸੀ ਅਤੇ ਹੈਰਾਨੀ ਹੋ ਰਹੀ ਸੀ ਕਿ ਕੋਕੋਨਟ ਦੇ ਉਚੇ ਲੰਮੇ ਰੁੱਖਾਂ ਤੇ ਉਪਰ ਜਾ ਕੇ ਨਾਰੀਅਲ ਦੇ ਗੁਛੇ ਲਗੇ ਹੋਏ ਸਨ ਜੋ ਸਾਨੂੰ ਬਹੁਤ ਖੂਬਸੂਰਤ ਲਗਦੇ ਸਨ ਪਰ ਅਨੇਕਾਂ ਕੱਚੇ ਪੱਕੇ ਨਾਰੀਅਲ ਥਲੇ ਜ਼ਮੀਨ ਤੇ ਡਿਗੇ ਹੋਏ ਸਨ ਜਿਨ੍ਹਾਂ ਨੂੰ ਕੋਈ ਓਥੇ ਕੋਈ ਨਹੀਂ ਚੁਕਦਾ ਨਹੀਂ ਸੀ। ਨਾਰੀਅਲ ਜਿਸ ਨੂੰ ਇੰਡੀਆ ਵਿਚ ਖੋਪਾ ਕਿਹਾ ਜਾਂਦਾ ਹੈ ਅਤੇ ਜਿਸ ਦਾ ਵਾਲਾਂ ਨੂੰ ਲਾਉਣ ਵਾਲਾ ਤੇਲ ਵੀ ਮਿਲਦਾ ਹੈ ਦੀ ਐਨੀ ਬੇਕਦਰੀ ਪਹਿਲੀ ਵਾਰ ਵੇਖੀ ਸੀ। ਹੁਣ ਤਾਂ ਕੋਕੋਨਟ ਦੀ ਬਰਫੀ ਵੀ ਬਨਣ ਲਗ ਪਈ ਸੀ।


ਕੋਕੋ ਬੀਚ ਤੇ ਸ਼ਾਮ ਪੈਣ ਤੋਂ ਪਹਿਲਾਂ ਅਸੀਂ ਸਭ ਆਪੋ ਆਪਣਾ ਖਿਲਰਿਆ ਸਾਮਾਨ ਇਕਠਾ ਕਰ ਕੇ ਵਾਪਸ ਰੀਜ਼ੋਰਟ ਨੂੰ ਜਾਣ ਲਈ ਤਿਆਰ ਹੋਣ ਲੱਗੇ। ਹੁਣ ਤਕ ਸਾਡੇ ਨੀਲੇ ਤੌਲੀਏ ਵੀ ਸੁੱਕ ਚੱਲੇ ਸਨ ਜੋ ਅਸੀਂ ਰੀਜ਼ੋਰਟ ਤੋਂ ਨਾਲ ਲੈ ਕੇ ਆਏ ਸਾਂ। ਇਹ ਬਹੁਤ ਵਡੇ ਵਡੇ ਸਾਈਜ਼ ਵਾਲੇ ਤੌਲੀਏ ਰੀਜ਼ੋਰਟ ਦੀ ਮਲਕੀਅਤ ਸਨ। ਰੀਜ਼ੋਰਟ ਦੀ ਮੈਨਜਮੈਂਟ ਵੱਲੋਂ ਸਖਤ ਹਦਾਇਤ ਸੀ ਕਿ ਰੀਜ਼ੋਰਟ ਛਡਣ ਵੇਲੇ ਇਹ ਤੌਲੀਏ ਖਾਸ ਤੌਰ ਤੇ ਵਾਪਸ ਕਰਨੇ ਹਨ। ਗੁੰਮ ਹੋਣ ਦੀ ਸ਼ਕਲ ਵਿਚ ਇਹਨਾਂ ਦੀ ਕੀਮਤ ਅਦਾ ਕਰਨੀ ਪਵੇਗੀ ਕਿਉਂਕਿ ਅਕਸਰ ਸੈਲਾਨੀ ਲੋਕ ਬੀਚ ਤੇ ਤੌਲੀਏ ਭੁੱਲ ਜਾਂਦੇ ਹਨ। ਜਾਣ ਦੀ ਤਿਆਰੀ ਵਿਚ ਸਾਂ ਕਿ ਬੀਚ ਤੇ ਤੁਰੀ ਫਿਰਦੀ ਗਾਣ ਨੱਚਣ ਵਾਲਿਆਂ ਦੀ ਇਕ ਟੋਲੀ ਸਾਡੇ ਲਾਗੇ ਆ ਗਈ ਤੇ ਉਹਨਾਂ ਨੇ ਆਪਣੇ ਸਾਜ਼ ਵਜਾ ਕੇ ਗਾਉਣਾ ਅਤੇ ਨੱਚਣਾ ਸ਼ੁਰੂ ਕਰ ਦਿਤਾ। ਉਹ ਜਿਸ ਭਾਸ਼ਾ ਵਿਚ ਗਾ ਰਹੇ ਸਨ, ਉਹ ਭਾਸ਼ਾ ਸਪੈਨਿਸ਼ ਹੋਣ ਕਰ ਕੇ ਸਾਨੂੰ ਸਮਝ ਤਾਂ ਨਹੀਂ ਆ ਰਹੀ ਸੀ ਪਰ ਮਿਊਜ਼ਕ ਤਾਂ ਦਿਲਾਂ ਦੀ ਧੜਕਣ ਹੁੰਦਾ ਹੈ ਅਤੇ ਉਸ ਲਈ ਜ਼ਰੂਰੀ ਨਹੀਂ ਕਿ ਗਾਣੇ ਅਤੇ ਭਾਸ਼ਾ ਦੀ ਮਝ ਹੋਵੇ। ਗਾਣੇ ਅਤੇ ਮਿਊਜ਼ਕ ਦੀਆਂ ਧੁਣਾਂ ਤੇ ਨਾਚ ਤਾਂ ਅਖਾਂ ਵੇਖ ਰਹੀਆਂ ਸਨ ਅਤੇ ਖੂਬਸੂਰਤ ਲਗ ਰਹੀਆਂ ਸਨ। ਬੀਚ ਤੇ ਬੈਠਿਆਂ ਪੀਤੀਆਂ ਕੁਝ ਬੀਅਰ ਦੀਆਂ ਬੋਤਲਾਂ ਨੇ ਨੇ ਸਾਡੇ ਖੂੰਨ ਅੰਦਰ ਕੁਝ ਹਰਕਤ ਪੈਦਾ ਕਰ ਦਿਤੀ ਸੀ ਅਤੇ ਫਿਰ ਇਹ ਭਲੀ ਭਾਂਤ ਸਪਸ਼ਟ ਸੀ ਕਿ ਅਸੀਂ ਵੇਕੇਸ਼ਨ ਤੇ ਸਾਂ ਤੇ ਮਸਤੀ ਦੇ ਮੂਡ ਵਿਚ ਸਾਂ। ਅਸੀਂ ਵੀ ਸਾਰੇ ਓਸ ਟੋਲੀ ਦੇ ਨਾਲ ਨਚਣ ਲਗੇ ਅਤੇ ਬਚੇ ਬਹੁਤ ਖੁਸ਼ ਸਨ। ਕੋਕੋ ਬੀਚ ਤੇ ਸਮੁੰਦਰ ਕੰਢੇ ਦੂਰ ਦੂਰ ਤਕ ਜਿਥੋਂ ਤਕ ਨਜ਼ਰ ਦੀ ਮਾਰ ਸੀ, ਨੀਲੀ ਭਾਅ ਮਾਰਦੇ ਪਾਣੀ ਨੂੰ ਵੇਖਦੇ, ਰੇਤ ਖੜ੍ਹੀਆਂ ਕੀਤੀਆਂ ਆਰਜ਼ੀ ਛਤਰੀਆਂ ਹੇਠ ਅਤੇ ਲਾਗੇ ਚੱਲ ਰਿਹਾ ਇਹ ਨਾਚ ਗਾਣੇ ਦਾ ਪਰੋਗਰਾਮ ਜ਼ਿੰਦਗੀ ਦੀ ਇਕ ਮਿਠੀ ਯਾਦ ਬਣਦਾ ਜਾ ਰਿਹਾ ਸੀ। ਚੁਫੇਰੇ ਖੁਲ੍ਹੇ ਪਾਣੀ, ਜੰਗਲ, ਝਾੜੀਆਂ ਤੇ ਦਰਖਤਾਂ ਵਿਚ ਚਮਕਦੇ ਦਿਨ ਅਤੇ ਕਦੇ ਕਦੇ ਛਾ ਜਾਣ ਵਾਲੇ ਬੱਦਲਾਂ ਵਿਚ ਦਿਮਾਗ ਤੋਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਸਨ। ਇੰਜ ਮਹਿਸੂਸ ਹੋ ਰਿਹਾ ਸੀ ਕਿ ਵੇਕੇਸ਼ਨ ਤੇ ਆਉਣਾ ਬਹੁਤ ਜ਼ਰੂਰੀ ਸੀ ਅਤੇ ਵੇਕੇਸ਼ਨ ਤੇ ਲੱਗੇ ਕਾਫੀ ਪੈਸਿਆਂ ਦਾ ਕੋਈ ਦੁੱਖ ਮਹਿਸੂਸ ਨਹੀਂ ਹੋ ਰਿਹਾ ਸੀ। ਸਭ ਤੋਂ ਜ਼ਿਆਦਾ ਮਜ਼ੇਦਾਰ ਗੱਲ ਇਹ ਸੀ ਕਿ ਅਸੀਂ ਖੁਲ੍ਹੇ ਡੁਲ੍ਹੈ ਕਿਊਬਾ ਵਿਚ ਆਪਣੇ ਆਪ ਨੂੰ 1960 ਦੇ ਪੰਜਾਬ ਵਿਚ ਤੁਰਦੇ ਫਿਰਦੇ ਮਹਿਸੂਸ ਕਰ ਰਹੇ ਸਾਂ ਜਦੋਂ ਪ੍ਰੇਸ਼ਾਨੀਆਂ ਬਹੁਤ ਘੱਟ ਹੁੰਦੀਆਂ ਸਨ ਅਤੇ ਜ਼ਿੰਦਗੀ ਬੜੀ ਸਿੱਧੀ ਸਾਦੀ ਸੀ।

ਸ਼ਾਮ ਤਕ ਤਾਂਗਿਆਂ ਤੇ ਬੈਠ ਅਤੇ ਸਾਈਕਲ ਚਲਾ ਕੇ ਅਸੀਂ ਵਾਪਸ ਰੀਜ਼ੋਰਟ ਵਿਚ ਆ ਗਏ। ਸਾਮਾਨ ਕਮਰਿਆਂ ਵਿਚ ਰਖ ਕੇ ਕੁਝ ਚਿਰ ਆਰਾਮ ਕੀਤਾ ਤੇ ਫਿਰ ਪ੍ਰਿੰਸੀਪਲ ਪਾਖਰ ਸਿੰਘ ਕਹਿਣ ਲੱਗੇ ਕਿ ਹੁਣ ਬਾਰ ਤੇ ਚਲਿਆ ਜਾਵੇ। ਬਾਰ ਤੇ ਰੀਜ਼ੋਰਟ ਦੀ ਕਲਚਰ ਵਾਂਗ ਫਰੀ ਦਾਰੂ ਦੇ ਦਰਿਆ ਵਗ ਰਹੇ ਸਨ। ਆਪੋ ਆਪਣੇ ਗਲਾਸ ਭਰਵਾ ਕੇ ਅਸੀਂ ਕੁਝ ਚਿਰ ਬਾਰ ਦੇ ਬਾਹਰ ਲੱਗੀਆਂ ਕੁਰਸੀਆਂ ਤੇ ਬੈਠ ਕੇ ਅਰਧ ਚੇਤਨ ਅਵਸਥਾ ਵਿਚ ਜਾਣ ਦਾ ਯਤਨ ਕਰਦੇ ਰਹੇ ਅਤੇ ਜਦ ਮਨ ਨੇ ਸਿਗਨਲ ਦਿਤਾ ਕਿ ਹੁਣ ਬੀਚ ਦਾ ਭਲਵਾਨੀ ਗੇੜਾ ਲਾਇਆ ਜਾਵੇ। ਬਾਹਰ ਬੀਚ ਤੇ ਅਧ ਨੰਗੇ ਲੋਕ ਨਹਾ ਰਹੇ ਸਨ, ਕੁਝ ਲੰਮੀਆਂ ਕੁਰਸੀਆਂ ਤੇ ਲੇਟੇ ਸਮੁੰਦਰ ਦੇ ਉਤੋਂ ਦੀ ਹੋ ਆ ਰਹੀ ਤਾਜ਼ਾ ਹਵਾ ਦਾ ਅਨੰਦ ਲੈ ਰਹੇ ਸਨ। ਪੂਲ ਦੀ ਇਕ ਨੁਕਰ ਵਿਚ ਬਾਰ ਖੁਲ੍ਹੀ ਸੀ ਅਤੇ ਵੇਕੇਸ਼ਨ ਤੇ ਆਏ ਲੋਕ ਨਹਾ ਰਹੇ ਸਨ ਅਤੇ ਨਾਲ ਫਰੀ ਦਾਰੂ ਪੀ ਰਹੇ ਸਨ। ਕਈ ਆਪਣੇ ਗਲਾਸ ਭਰਵਾ ਕੇ ਪੂਲ ਵਿਚ ਖਲੋ ਕੇ ਪੀ ਰਹੇ ਸਨ ਤੇ ਦਾਰੂ ਦੇ ਗਲਾਸ ਵਾਲਾ ਹਥ ਉਚਾ ਰੱਖ ਕੇ ਪਾਣੀ ਵਿਚ ਟੁਭੀਆਂ ਲਾ ਰਹੇ ਸਨ। ਕਿਊਬਾ ਆਣ ਤੋਂ ਪਹਿਲਾਂ ਜੋ ਦਸਿਆ ਗਿਆ ਸੀ ਕਿ ਓਥੇ ਥਾਂ ਥਾਂ ਹਰ ਵੇਲੇ ਖੁਲ੍ਹੀ ਤੇ ਫਰੀ ਸ਼ਰਾਬ ਵਰਤਾਈ ਜਾਂਦੀ ਹੈ, ਬਿਲਕੁਲ ਸੱਚੀ ਨਿਕਲੀ। ਮੈਂ ਪਿੰ੍ਰਸੀਪਲ ਸਾਹਿਬ ਨੂੰ ਕਿਹਾ ਕਿ ਜੇ ਸੋਨੇ ਦੀ ਤਲਵਾਰ ਹੋਵੇ ਤਾਂ ਢਿੱਡ ਵਿਚ ਥੋੜ੍ਹਾ ਮਾਰ ਲੈਣੀ ਹੈ ਪਰ ਉਹ ਮੇਰੀ ਗੱਲ ਨੂੰ ਸੁਣ ਕੇ ਅਣਸੁਣੀ ਕਰ ਦਿੰਦੇ। ਮੈਂ ਉਹਨਾਂ ਨੂੰ ਬੀਚ ਤੇ ਘੁਮਾਣ ਲੈ ਗਿਆ ਜਿਥੇ ਇਕ ਟਰੈਕਟਰ ਥੋੜ੍ਹੇ ਥੋੜ੍ਹੇ ਸਮੇਂ ਪਿਛੋਂ ਸਮੁੰਦਰ ਕੰਢੇ ਗੇੜਾ ਲਾ ਕੇ ਸਮੁੰਦਰ ਕੰਢੇ ਜਮ੍ਹਾਂ ਹੋਇਆ ਕੂੜਾ ਕਰਕਟ ਇਕ ਪਾਸੇ ਕਰ ਦੇਂਦਾ ਸੀ। ਸਮੁੰਦਰ ਕੰਢੇ ਬਾਦਬਾਨ ਵਾਲੀ ਕਿਸ਼ਤੀ ਖੜ੍ਹੀ ਕਿਸੇ ਸੈਲਾਨੀ ਨੂੰ ਸਮੁੰਦਰ ਦੇ ਪਾਣੀ ਦੀ ਹਿਕ ਤੇ ਲੈ ਕੇ ਜਾਣ ਦਾ ਸਦਾ ਦੇ ਰਹੀ ਸੀ ਪਰ ਸੂਰਜ ਆਪਣੀ ਆਖਰੀ ਝਲਕ ਦਿਖਾ ਕੇ ਡੁਬ ਗਿਆ ਸੀ ਤੇ ਉਸਦਾ ਲਾਲ ਅਕਸ ਸਮੁੰਦਰ ਦੇ ਪਾਣੀ ਵਿਚ ਦਿਸ ਰਿਹਾ ਸੀ। ਮੈਂ ਕਿਊਬਾ ਵਿਚ ਸਮੁੰਦਰ ਵਿਚ ਡੁਬਦੇ ਸੂਰਜ ਦੀ ਯਾਦਗਾਰੀ ਤਸਵੀਰ ਖਿਚੀ। ਸੋਚਾਂ ਦੇ ਸਾਗਰ  ਵਿਚ ਡੁਬਦਿਆਂ, ਡਿਨਰ ਤੋਂ ਪਹਿਲਾਂ ਕੁਝ ਆਰਾਮ ਕਰਨ ਲਈ ਆਪਣੇ ਕਮਰੇ ਵਿਚ ਆ ਰਿਹਾ ਸਾਂ ਤਾਂ ਡੂੰਘੇ ਹੁੰਦੇ ਹਨੇਰੇ ਵਿਚ ਸਮੁੰਦਰ ਕੰਢੇ ਚਮਕਦੀਆਂ ਰੋਸ਼ਨੀਆਂ ਤੇ ਕੋਕੋਨਟ ਦੇ ਉਚੇ ਲੰਮੇ ਰੁੱਖਾਂ ਵਿਚ ਬਣਿਆ ਰੀਜ਼ੋਰਟ ਇਕ ਸ਼ੀਸ਼ ਮਹਿਲ ਵਾਂਗ ਲੱਗ ਰਿਹਾ ਸੀ।