ਦੋ ਜੂਨ 1984 ਦਾ ਦਿਨ ਨਾ ਕੇਵਲ ਅਸਮਾਨੀ ਤਪਸ਼ ਵਜੋਂ ਹੀ ਪੰਜਾਬ ਤੇ ਸਕਤਾ ਕਰੜਾ ਨਹੀਂ ਸੀ, ਬਲਕਿ ਦਿੱਲੀ ਹਕੂਮਤ ਦੀਆਂ ਦੂਈ ਦਵੈਤ ਭਰੀਆਂ ਨਜ਼ਰਾਂ ਕਰਕੇ ਹੀ ਰੰਗਲੇ ਪੰਜਾਬ ਦੀਆਂ ਵਾਸਨਾ ਭਰੀਆਂ ਹਵਾਵਾਂ ਨਿੱਤ ਦਿਨ ਪੁਲੀਸ ਤੇ ਮਿਲਟਰੀ ਦੀ ਗਸ਼ਤ ਤੇ ਨਾਕੇ-ਬਾਜ਼ੀ ਕਰਕੇ ਸਹਿਮੀਆਂ ਸਹਿਮੀਆਂ ਨਜ਼ਰ ਆ ਰਹੀਆਂ ਸਨ। ਹਕੂਮਤ ਵੱਲੋਂ ਪੰਜਾਬੀ ਭਾਈਚਾਰੇ ਵੱਲ ਘੁਣਸੀ ਵਤੀਰੇ ਕਰਕੇ ਪੰਜਾਬ ਦੀ ਜਵਾਨੀ ਵੀ ਆਪਣੇ ਵੱਲ ਇਸ ਬੇਇਨਸਾਫ਼ ਵਤੀਰੇ ਦਾ ਖ਼ਿਲਾਫ਼ ਹਿੱਕ ਕੱਢ ਕੇ ਖੜੋ ਗਈ ਸੀ। ਜੇ ਪੁਲੀਸ ਜਾਂ ਸੁਰੱਖਿਆ ਬਲ ਪੰਜਾਬ ਦੀ ਇੱਕ ਨੁੱਕਰੇ ਕੋਈ ਵਧੀਕੀ ਕਰਦੀ ਤਾਂ ਉਹ ਪੰਜਾਬ ਦੀ ਦੂਸਰੀ ਨਾੜ/ਨੁੱਕਰ ਤੱਕ ਕਰਬਲਾਹਟ ਫੈਲਾ ਦਿੰਦੀ। ਸੰਤ ਭਿੰਡਰਾਂਵਾਲਾ ਦਾ ਮੋਟਰਸਾਈਕਲ ਬਰਗੇਡ ਝਬਦੇ ਹੀ ਉਸ ਦੀ ਭਾਜੀ ਮੋੜ ਦਿੰਦਾ। ਇਹ ਪੰਜਾਬ ਦੇ ਬਹੁਤ ਡੂੰਘੇ ਦੋਹਰੇ ਸੰਤਾਪ ਦੀ ਨਿਸ਼ਾਨੀ ਸੀ ਕਿ ਜੇ ਕੋਈ ਪੁਲੀਸ ਵਾਲਾ ਮਾਰ ਦਿੱਤਾ ਜਾਂਦਾ ਤਾਂ ਉਹ ਪੰਜਾਬੀ ਜੁਆਨ ਤੇ ਜੇ ਪੁਲੀਸ ਵਾਲੇ ਖਾੜਕੂ ਸਿੰਘਾਂ ਵੱਲ ਨਕਲੀ ਮੁਕਾਬਲੇ ਕਰਕੇ ਖ਼ਤਮ ਕਰ ਦਿੰਦੇ ਤਾਂ ਉਹ ਵੀ ਪੰਜਾਬ ਦੀ ਜਵਾਨੀ ਦਾ ਘਾਣ। ਪਾਸੇ ਖੜੋ ਕੇ ਵੇਖਦੀ ਤਮਾਸ਼ਬੀਨ ਇੱਕ ਜਮਾਤ ਇਹ ਸਭ ਕੁੱਝ ਵੇਖ ਕੇ ਵੱਖੀਆਂ 'ਚ ਹੱਸ ਰਹੀ ਸੀ। ਜਦ ਕਿਧਰੇ ਇਨ੍ਹਾਂ ਤੋਂ ਬਿਨਾਂ ਇੱਕ ਤੀਸਰੀ ਧਿਰ ਉੱਤੇ ਕਰੋਪੀ ਆ ਜਾਂਦੀ ਤਾਂ ਇਸ ਮੁਤੱਸਬੀ ਧਿਰ ਦਾ ਸੀਨਾ ਛਲਨੀ ਹੋ ਜਾਂਦਾ। ਉਹ ਪਾਰ੍ਹਿਆ ਪਾਰ੍ਹਿਆ ਕਰਦੇ ਦਿੱਲੀ ਦਰਬਾਰ ਤੱਕ ਆਪਣੇ ਬਚਾਅ ਲਈ ਜਾ ਫੁਰਯਾਦ ਕਰਦੇ। ਆਖ਼ਰ ਉਨ੍ਹਾਂ ਨੇ ਹੀ ਹਾਲ ਦੁਹਾਈ ਪਾ ਕੇ ਪੰਜਾਬ ਅੰਮ੍ਰਿਤਸਰ ਉੱਤੇ ਫ਼ੌਜੀ ਹਮਲੇ ਦੀ ਰਾਹਦਾਰੀ ਪੈਦਾ ਕਰ ਦਿੱਤੀ।
ਦੋ ਜੂਨ ਤੱਕ ਪੰਜਾਬ ਦੇ ਹਰ ਪਿੰਡ ਸ਼ਹਿਰ, ਹਰ ਗਲੀ ਚੌਂਕ ਵਿਚ ਮਿਲਟਰੀ ਗਸ਼ਤ ਕਰਨ ਲੱਗੀ। ਪੈਰ ਪੈਰ ਤੇ ਤਲਾਸ਼ੀ ਨਾਕੇ-ਬਾਜ਼ੀ ਕਰਕੇ ਲੋਕਾਂ ਦਾ ਦਮ ਘੁੱਟਣ ਲੱਗਾ, ਪਰ ਜਦ ਜਦ ਉਹ ਹੋਰ ਦੀ ਹੋਰ ਸਖ਼ਤੀ ਕਰਦੇ ਰਹੇ ਲੋਕਾਂ ਦਾ ਰੋਹ ਹੋਰ ਦੀ ਹੋਰ ਭੜਕਦਾ ਉੱਪਰ ਚੜ੍ਹਦਾ ਗਿਆ। ਪੇਂਡੂ ਸੰਗਤਾਂ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਦਰਬਾਰ ਸਾਹਿਬ ਵੱਲ ਵਹੀਰਾਂ ਘੱਤੀ ਆਉਣ ਲੱਗੀਆਂ।
ਸਰਸਾ ਵਿਖੇ ਰਹਿੰਦਾ ਇੱਕ ਸੁਖਦੇਵ ਸਿੰਘ ਜੋ ਟਰੱਕ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ। ਉਹ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਤੇ ਇਸ ਧਾਰਮਿਕ ਨਗਰੀ ਵੱਲ ਢੋਆ-ਢੁਆਈ ਨੂੰ ਹੋਰ ਜ਼ਿਆਦਾ ਤਰਜੀਹ ਦਿੰਦਾ ਸੀ। ਇਸ ਨਾਲ ਇੱਕ ਤਾਂ ਉਸ ਦੀ ਦਿਹਾੜੀ ਬਣ ਜਾਂਦੀ, ਦੂਸਰਾ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਤੇ ਤੀਸਰੇ ਉਹ ਮੇਰੀ ਭੂਆ ਦਾ ਪੁੱਤ ਹੋਣ ਕਰਕੇ ਨਾਨਕੇ ਘਰ ਚੱਕਰ ਲਾ ਲੈਂਦਾ। ਉਹ ਇੱਕ ਜੂਨ ਨੂੰ ਸਮਾਨ ਉਤਾਰ ਕੇ ਬਾਬੇ ਦੇ ਦਰਸ਼ਨ ਕਰਕੇ ਰਾਤ ਮੇਰੇ ਕੋਲ ਖ਼ਾਲਸਾ ਕਾਲਜ ਲਾਗੇ ਘਰ ਠਹਿਰ ਗਿਆ। ਰੋਜ਼ ਦਾ ਪੀਣ ਵਾਲਾ ਵੱਡਾ ਪਿਆਕਲ ਉਸ ਦਿਨ ਤੋਬਾ ਕਰ ਕੰਨਾਂ ਨੂੰ ਹੱਥ ਲਾ ਗਿਆ। ਸੰਤਾਂ ਦੇ ਲੈਕਚਰ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਹ ਜਿਵੇਂ ਸ਼ਰਾਬ ਨਸ਼ੇਬਾਜ਼ ਦੇ ਖ਼ਿਲਾਫ਼ ਪ੍ਰਚਾਰਕ ਬਣ ਗਿਆ। ਉਸ ਨਾਲ ਸਾਡੇ ਨਾਲ ਵੀ ਪੀਣ ਵਾਲੇ ਸਾਰੇ ਸੁੱਕੇ ਰਹੇ। ਅਗਲੇ ਦਿਨ ਉਸ ਨੇ ਚਲੇ ਜਾਣਾ ਸੀ, ਪਰ ਮੈਂ ਕਿਹਾ ਇੱਕ ਦਿਨ ਹੋਰ ਠਹਿਰ ਜਾਹ। ਉਹ ਅਣਮੰਨੇ ਜਿਹੇ ਮੰਨ ਗਿਆ। ਇਸ ਵਿਚ ਮੇਰਾ ਇੱਕ ਸੁਆਰਥ ਵੀ ਸੀ ਕਿ 500 ਸਫ਼ੈਦਿਆਂ ਦੀ ਪਨੀਰੀ ਦਾ ਕਈ ਦਿਨਾਂ ਤੋਂ ਮਿਲਿਆ ਪਰਮਿਟ ਪਿਆ ਸੀ, ਜੋ ਮੈਂ ਲਿਆ ਨਹੀਂ ਸਕਿਆ। ਮੈਂ ਕਿਹਾ ਚੱਲ ਇਸ ਤੇਰੇ ਬਹਾਨੇ ਨਾਲੇ ਸਫ਼ੈਦੇ ਚਲੇ ਜਾਣਗੇ ਤੇ ਨਾਲੇ ਤੈਨੂੰ ਫਾਰਮ ਦਾ ਚੱਕਰ ਮਰਾਵਾਂਗੇ। ਚਾਟੀ-ਵਿੰਡ ਨਹਿਰ ਦੇ ਸੁਲਤਾਨਪੁਰ ਇਲਾਕੇ ਤੇ ਨਰਸਰੀ ਤੇ ਪਹੁੰਚ ਗਏ। ਸੁਰੱਖਿਆ ਏਜੰਸੀਆਂ ਦਾ ਦਬਾਅ ਬਹੁਤ ਜ਼ਿਆਦਾ ਸੀ, ਪਰ ਇਸ ਨਾਲ ਲੋਕਾਂ ਦੀ ਆਵਾਜਾਈ ਵਿਚ ਕੋਈ ਫ਼ਰਕ ਨਹੀਂ ਪਿਆ। ਜਿਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਂਗ ਅਜਿਹੀਆਂ ਦਹਿਸ਼ਤ ਭਰਪੂਰ ਕਾਰਜ ਸ਼ੈਲੀਆਂ ਉਨ੍ਹਾਂ ਦੇ ਹੱਡੀ ਰਚ ਗਈਆਂ ਸਨ। ਨਰਸਰੀ ਦੇ ਮੌਕੇ ਤੇ ਬੇਲਦਾਰ ਵੀ ਹਾਜ਼ਰ ਹੀ ਮਿਲ ਗਿਆ। 'ਛੇਤੀ ਕਰ ਲਓ ਜੀ! ਅੰਦਰ ਘਮਸਾਣ ਮੱਚਣ ਵਾਲਾ ਹੈ।' ਉਹ ਘਬਰਾਇਆ ਹੋਇਆ ਸੀ। 'ਕੁੱਝ ਨੀਂ ਹੁੰਦਾ ਜੁਆਨਾਂæææ ਹੌਸਲਾ ਰੱਖ। ਰੱਬ ਨੂੰ ਯਾਦ ਕਰ।' ਸੁਖਦੇਵ ਸਿੰਘ ਨੇ ਉਸ ਦੇ ਮੋਢੇ ਥਪਕੀ ਦਿੱਤੀ। ਪਰਮਿਟ ਦਰਜ ਕਰ ਕੇ ਉਹ ਆਪ ਹੀ ਸਫ਼ੈਦੇ ਚੁਕਾਉਣ ਵਿਚ ਮਦਦ ਕਰਨ ਲੱਗਾ। ਸੁਖਦੇਵ ਨੇ ਡਾਲਾ ਖੋਲ੍ਹਿਆ ਤੇ ਘੰਟੇ ਭਰ ਵਿਚ ਸਾਰਾ ਕੰਮ ਹੋ ਗਿਆ। ਬੇਲਦਾਰ ਨੂੰ ਧੰਨਵਾਦ ਵਜੋਂ ਮੈਂ ਦਸ ਰਪਏ ਦੇਣੇ ਚਾਹੇ, ਪਰ ਉਸ ਨੇ ਹੱਥ ਜੋੜਦੇ ਨਾਂਹ ਕਰਦੇ ਮੁਆਫ਼ੀ ਮੰਗੀ। 'ਲੈ ਜਾਓ ਬਾਬਿਓ, ਨਿਕਲ ਜਾਓ ਜਲਦੀ!' ਜਿਵੇਂ ਉਸ ਨੂੰ ਕੋਈ ਅਸਮਾਨੀ ਭਾਖਿਆ ਸੀ ਜਾਂ ਉਹ ਵੀ ਅੰਦਰਲਾ ਸੱਚਾ ਸੇਵਕ ਸੀ ਤੇ ਉਸ ਨੂੰ ਹੋਣ ਵਾਲੀ ਸਾਰੀ ਹੋਣੀ ਦਾ ਪਤਾ ਸੀ। 'ਧੰਨਵਾਦ ਤੇਰਾæ æ æ ਤੂੰ ਵੀ ਘਰ ਜਾਹ ਜਲਦੀ ਆਪਣੇ ਬਾਲ ਬੱਚੇ ਕੋਲ।' ਉਸ ਦੀਆਂ ਅੱਖਾਂ ਤਰਲ ਹੋਈਆਂ ਵੇਖ ਕੇ ਮੇਰਾ ਮਨ ਵੀ ਦੁਚਿੱਤੀ ਜਿਹੀ ਵਿਚ ਗ੍ਰਸਿਆ ਗਿਆ।
ਨਹਿਰੇ ਪੈ ਕੇ ਮੁੜ ਜੀ ਟੀ ਰੋਡ ਤੇ ਫਰੀਡਮ ਇੰਡਸਟਰੀ ਲਾਗੋਂ ਹੁੰਦੇ ਹੋਏ ਮਕਬੂਲਪੁਰਾ ਚੌਂਕ, 100 ਫੁੱਟੀ ਸੜਕ ਤੱਕ ਚਾਰ ਥਾਵਾਂ 'ਤੇ ਪੁਲੀਸ, ਬੀ ਐੱਸ ਐਫ ਅਤੇ ਫ਼ੌਜੀਆਂ ਦੀ ਟੁਕੜੀ ਨੇ ਰੋਕ ਕੇ ਪੁੱਛਿਆ, 'ਕਿੱਥੋਂ ਆਏ ਹੋ? ਕਿੱਥੇ ਜਾਣਾ ਹੈ? ਕਾਗ਼ਜ਼ ਪੱਤਰ ਦਿਖਾਓææਪਰਮਿਟ ਦਿਖਾਓ।' ਆਦਿ ਕਈ ਸੁਆਲਾਂ ਦਾ ਜੁਆਬ ਦਿੰਦੇ ਰਹੇ। ਸੁਖਦੇਵ ਨੇ ਈਸਟ ਮੋਹਨ ਨਗਰ ਚੰਮਰੰਗ ਰੋਡ ਨੂੰ ਮੁੜਨਾ ਚਾਹਿਆ, ਪਰ ਅੱਗੇ ਡੋਗਰਾ ਫ਼ੌਜੀਆਂ ਨੇ ਸਿਰ ਹਿਲਾ ਦਿੱਤਾ। 'ਇੱਧਰ ਨਹੀਂææਅੱਗੇ।' 'ਅਰੇ ਭਾਈ ਮੇਰਾ ਤੋਂ ਇੱਧਰ ਟਾਇਰ ਪੜਾ ਹੈ। ਮੈਂ ਵੋਹ ਲੈਣਾ ਹੈ।' ਉਸ ਨੇ ਡਰਾਈਵਰਾਂ ਵਾਲੀ ਹਿੰਡ ਵਰਤੀ। ਉਹ ਵੀ ਮਾੜੀ ਮੋਟੀ ਹਰਿਆਣਵੀ ਜਾਣਦਾ ਸੀ, ਪਰ ਉਸੇ ਵੇਲੇ ਦੋ ਹੋਰ ਪੈਦਲ ਚਾਲਕ ਨਿਹੰਗ ਸਿੰਘ ਅੱਗੇ ਜਾਣ ਦੀ ਜ਼ਿੱਦ ਕਰਦੇ ਖਹਿਬੜਦੇ ਉਨ੍ਹਾਂ ਨਾਲ ਭਿੜਦੇ ਗੁੱਥਮਗੁੱਥਾ ਹੁੰਦੇ ਵਾਲ ਪੁਟਾਉਂਦੇ ਵੇਖ ਕੇ ਉਸ ਨੇ ਹੌਸਲਾ ਹਾਰ ਦਿੱਤਾ। ਉਨ੍ਹਾਂ ਦੇ ਅਗਲੇ ਇਸ਼ਾਰੇ ਨਾਲ ਮਲਕੜੇ ਜਿਹੇ ਹੀ ਅਸੀਂ ਇੱਜ਼ਤ ਬਚਾ ਕੇ ਚੱਲ ਪਏ। 'ਤਸੀਲਪੁਰੇ ਦੇ ਸਾਹਮਣੇ ਸੜਕੇ ਪੈ ਜਾਵਾਂਗੇ, ਚੱਲ ਅੱਗੇ ਚੱਲ। ਮੈਂ ਉਸ ਨੂੰ ਹੌਸਲਾ ਦਿੱਤਾ। 'ਭਾਊ ਮੇਰੇ ਟਾਇਰ ਮਾੜੇ ਹਨ ਤੇ ਉੱਥੇ ਮੈਂ ਸਟੱਪਣੀ ਦਿੱਤੀ ਹੋਈ ਹੈ ਸ਼ੇਰਾਂ-ਵਾਲੇ-ਗੇਟ, ਉਸ ਤੋਂ ਬਿਨਾਂ ਮੈਂ ਬਾਹਰ ਦੂਰ ਨਹੀਂ ਜਾ ਸਕਦਾ।' ਡਰਾਈਵਰ ਨੇ ਤਰਲਾ ਜਿਹਾ ਕੀਤਾ। ਤਸੀਲਪੁਰੇ ਵੀ ਉਹੀ ਡਰਾਮਾ ਵੇਖ ਕੇ ਮੈਂ ਆਪ ਥੱਲੇ ਉੱਤਰਿਆ। ਫ਼ੌਜੀਆਂ ਨੂੰ ਆਪਣਾ ਸਰਕਾਰੀ ਕਾਰਡ ਤੇ ਕਰਫ਼ਿਊ ਪਾਸ ਵੀ ਦਿਖਾਇਆ ਤੇ ਦੱਸਿਆ ਕਿ ਅਸੀਂ ਅੱਗੇ ਦਰਬਾਰ ਸਾਹਿਬ ਨਹੀਂ, ਸਗੋਂ ਸ਼ੇਰਾਂ ਵਾਲੇ ਗੇਟ ਤੱਕ ਹੀ ਟਾਇਰਾਂ ਦੀ ਦੁਕਾਨ ਤੱਕ ਜਾਣਾ ਹੈ, ਪਰ ਉਹ ਨਹੀਂ ਮੰਨੇ। 'ਆਗੇ ਸੇ ਚਲੇ ਜਾਣਾ ਸ਼ਰੀਫਪੁਰੇ ਵਾਲੇ ਮੋੜ ਤੋਂ। ਉਨ੍ਹਾਂ ਨਾਲ ਖੜੇ ਪੰਜਾਬ ਪੁਲੀਸ ਦੇ ਸਿਪਾਹੀ ਨੇ ਜਿਵੇਂ ਹਮਦਰਦੀ ਜਤਾਈ। ਪਰ ਉੱਥੇ ਵੀ ਇਹੀ ਭਾਣਾ ਵਰਤਿਆ। ਉਹ ਮੁੜਨ ਸਮੇਂ ਹੀ ਹੱਥ ਦੇ ਕੇ ਅੱਗੇ ਨੂੰ ਇਸ਼ਾਰਾ ਕਰ ਦਿੰਦੇ। ਪ੍ਰਤੱਖ ਸੀ ਕਿ ਦਰਬਾਰ ਸਾਹਿਬ ਤੱਕ ਜਾਣ ਦੇ ਸਾਰੇ ਨਾਕੇ ਸੀਲ ਕਰ ਦਿੱਤੇ ਗਏ ਹਨ। ਇਹ ਤਾਂ ਸੰਤਰੀ ਹਨ, ਇਨ੍ਹਾਂ ਨੂੰ ਕੁੱਝ ਪਤਾ ਨਹੀਂ ਸੀ, ਇਹਨਾਂ ਨੇ ਤਾਂ ਜੋ ਉੱਪਰੋਂ ਹੁਕਮ ਹੋਇਆ ਉਹੀ ਵਜਾਉਣਾ ਹੈ।
ਰਾਮਬਾਗ ਵਾਲਾ ਮੋੜ ਆ ਗਿਆ। ਸੱਜੇ ਪਾਸੇ ਸਿਵਲ ਹਸਪਤਾਲ ਫਾਟਕ ਤੇ ਖੱਬੇ ਪਾਸੇ ਕੈਰੋਂ ਦਾ ਸਿਨੇਮਾ ਘਰ। ਉੱਤੇ ਖੜ੍ਹੀ ਨਿਪਾਲੀ ਟੁਕੜੀ ਨੇ ਉਹੀ ਇਸ਼ਾਰਾ ਸੇਧ ਦਿੱਤਾ। ਮੈਂ ਕਿਹਾ 'ਚੱਲ ਤੂੰ ਨਿਕਲ ਚੱਲ ਵੇਖੀ ਜਾਊ।' ਉਹ ਸ਼ੇਰ ਹੋ ਗਿਆ ਤੇ ਕਿੱਲੀ ਨੱਪ ਦਿੱਤੀ।
'ਠਾਹ! ਠਾਹ!' ਟਰੱਕ ਅੱਗੇ ਦੌੜਦੇ ਇੱਕ ਗੋਰਖੇ ਨੇ ਹਵਾਈ ਫਾਇਰ ਛੱਡੇ। 'ਰੋਕæææਰੋਕ!' ਉਸ ਨੇ ਬਰੇਕ ਲਗਾ ਦਿੱਤੀ, ਨਹੀਂ ਤਾਂ ਤੀਸਰਾ ਫਾਇਰ ਮੂਹਰਲੇ ਸ਼ੀਸ਼ੇ ਵਿਚ ਆਉਣਾ ਸੀ। ਉਹ ਪਸੀਨੋ ਪਸੀਨੀ ਹੋ ਗਿਆ ਤੇ ਮੇਰਾ ਹਾਲ ਵੀ ਕਿਹੜਾ ਘੱਟ ਸੀ। 'ਇੱਕ ਨੇ ਨੇੜੇ ਆ ਕੇ ਡਰਾਈਵਰ ਨੂੰ ਗਲ਼ੋਂ ਫੜ ਥੱਲੇ ਘਸੀਟ ਲਿਆ। ਨਾਲ ਦੀ ਸੀਟ ਤੋਂ ਮੈਂ ਝਟਪਟ ਥੱਲੇ ਉੱਤਰਿਆ। ਉਹ ਗਿੱਧਾਂ ਵਾਂਗ ਟਰੱਕ ਦੇ ਦੁਆਲੇ ਹੋ ਗਏ। ਗੋਲੀਆਂ ਦੀ ਆਵਾਜ਼ ਨਾਲ ਸਾਰਾ ਬਾਜ਼ਾਰ ਸੁੰਨ ਮਸਾਣ ਖ਼ਾਲੀ ਹੋ ਗਿਆ। ਮੇਰੀ ਲੰਬੀ ਦਾੜ੍ਹੀ ਜੋ ਉਸ ਵੇਲੇ ਦੋ ਚਾਰ ਮਹੀਨੇ ਰਹਿਤ ਰੱਖ ਕੇ ਮੈਂ ਵਧਾਈ ਸੀ, ਮੇਰੀ ਸ਼ਾਮਤ ਬਣ ਗਈ। ਉਨ੍ਹਾਂ ਦੇ ਸੂਬੇਦਾਰ ਨੂੰ ਟੋਟੇ ਟੋਟੇ ਕਰਕੇ ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੇਰਾ ਸਰਕਾਰੀ ਕਾਰਡ ਤੇ ਕਰਫ਼ਿਊ ਪਾਸ ਉਸ ਨੇ ਜੇਬ ਵਿਚ ਪਾ ਲਿਆ। 'ਯਹ ਖ਼ਤਮ ਹੈ, ਆਜ ਸੇ। ਅਬ ਯਹ ਸਿਵਲੀਅਨ ਕਾਰਡ ਨਹੀਂ ਚਲੇਂਗੇ। ਦੂਸਰਾ ਨਯਾ ਬਣਾਓ।' ਸਾਰੀ ਤਲਾਸ਼ੀ ਵਿਚੋਂ ਸਫ਼ੈਦੇ ਵੇਖ ਕੇ ਉਨ੍ਹਾਂ ਨਿਰਾਸ਼ਤਾ ਵੀ ਹੋਈ, ਕਿਉਂਕਿ ਪਿਛਲੀ ਰਾਤ ਹੀ ਅਸਲੇ ਦਾ ਇੱਕ ਟਰੱਕ ਫੜ ਕੇ ਉਨ੍ਹਾਂ ਨੇ ਮਾਅਰਕਾ ਮਾਰਿਆ ਸੀ ਤੇ ਸਰਕਾਰੋਂ ਇਨਾਮ ਹਾਸਲ ਕੀਤੇ ਸਨ। ਸਫ਼ੈਦੇ ਦਾ ਇੱਕ ਇੱਕ ਬੂਟਾ ਉਨ੍ਹਾਂ ਬੰਬ ਵਾਂਗ ਘੋਖਿਆ। ਟਾਇਰ ਲੈਣ ਵਾਲੀ ਗੱਲ ਉਹ ਮੰਨ ਗਿਆ। ਆਪਣੇ ਉੱਪਰਲੇ ਬਾਸ ਤੋਂ ਹੁਕਮ ਲੈ ਕੇ ਮੈਨੂੰ ਸ਼ੇਰਾਂ ਵਾਲੇ ਗੇਟ ਤੋਂ ਅੱਗੇ ਅੰਦਰ ਨਾ ਜਾਣ ਦੀ ਨਸੀਹਤ ਦੇ ਕੇ ਟੁਕੜੀ ਇੰਚਾਰਜ ਨੇ 'ਸੌਰੀ' ਵੀ ਕਿਹਾ। ਨਾਲ ਦੋ ਸਿਪਾਹੀ ਸਾਡੀ ਨਿਗਰਾਨੀ ਲਈ ਬਿਠਾ ਦਿੱਤੇ ਕਿ ਕਿਤੇ ਦਰਬਾਰ ਸਾਹਿਬ ਅੰਦਰ ਨਾ ਪਹੁੰਚ ਜਾਣ। ਰਾਮਬਾਗ ਥਾਣੇ ਤੋਂ ਅੰਦਰ ਸ਼ੇਰਾਂ ਵਾਲੇ ਗੇਟ ਵੱਲ ਮੁੜਨ ਤੇ ਇੱਕ ਹੋਰ ਪੰਜਾਬ ਪੁਲੀਸ ਦਾ ਇੰਸਪੈਕਟਰ ਜੋ ਪਿਛਲੇ ਨਾਕੇ ਤੇ ਹੋਈ ਫਾਇਰਿੰਗ ਵੇਖ ਰਿਹਾ ਸੀ ਨੇ ਵੀ ਰੁਕਣ ਦਾ ਇਸ਼ਾਰਾ ਕਰ ਦਿੱਤਾ। ਨਾਲ ਦੋ ਫ਼ੌਜੀ ਬੈਠੇ ਵੇਖ ਕੇ ਉਨ੍ਹਾਂ ਸਮਝ ਲਿਆ ਕਿ ਮੋਟੀ ਸਾਮੀ ਫਸ ਗਈ ਹੈ ਤੇ ਇਨ੍ਹਾਂ ਨੂੰ ਪੁੱਛ-ਗਿੱਛ ਕੇਂਦਰ ਲਿਜਾਇਆ ਜਾ ਰਿਹਾ ਹੈ। ਮੈਂ ਥੱਲੇ ਉਤਰ ਕੇ ਉਸ ਨੂੰ ਸਾਰਾ ਸਮਾਚਾਰ ਦੱਸਿਆ। ਉਹ ਬਹੁਤ ਖ਼ੁਸ਼ ਹੋਇਆ, ਤੇ ਕਹਿੰਦਾ। 'ਸਰਦਾਰ ਜੀ, ਅੱਜ ਤੋਂ ਬਾਅਦ ਤੁਹਾਡੀ ਬੋਨਸ ਦੀ ਜ਼ਿੰਦਗੀ ਹੈ। ਇਨ੍ਹਾਂ ਨੂੰ ਪੜ੍ਹਾਇਆ ਗਿਆ ਹੈ ਕਿ ਇਸ 'ਨਿਸ਼ਾਨੀ' ਵਾਲੇ ਸਾਰੇ ਲੋਕ ਅੱਤਵਾਦੀ ਹਨ, ਇਨ੍ਹਾਂ ਨੂੰ ਰੇੜ੍ਹੀ ਜਾਓ ਤੇ ਇਨਾਮ ਤਰੱਕੀਆਂ ਪਾਓ।' ਉਸ ਨੇ ਮੇਰੀ ਦਾੜ੍ਹੀ ਵੱਲ ਇਸ਼ਾਰਾ ਕੀਤਾ। 'ਅੰਦਰ ਟੈੱਸਟ ਓਪਰੇਸ਼ਨ ਚੱਲ ਰਿਹਾ ਹੈ, ਅੱਗੇ ਵੀ ਧਿਆਨ ਨਾਲ ਜਾਇਓ।' ਉਸ ਦੀ ਨਸੀਹਤ ਵਰਗੀ ਚੇਤਾਵਨੀ ਟਰੱਕ ਦੀ ਤਾਕੀ ਤੱਕ ਮੇਰਾ ਪਿੱਛਾ ਕਰਦੀ ਰਹੀ। ਤਿੰਨ ਵਜੇ ਤੱਕ ਏਨੀ ਜਾਨ ਜੋਖੋਂ ਵਿਚ ਪਾ ਕੇ ਟਿਕਾਣੇ ਪਹੁੰਚੇ ਤਾਂ ਟਾਇਰਾਂ ਵਾਲੀ ਦੁਕਾਨ ਬੰਦ ਸੀ। ਆਸਾ ਪਾਸਾ ਸਾਰਾ ਬੰਦ, ਗਲੀਆਂ ਬਹਾਰ ਬੰਦ ਵੇਖ ਕੇ ਬਹੁਤ ਨਿਰਾਸ਼ ਹੋਏ, ਪਰ ਖ਼ੁਸ਼ੀ ਵੀ ਕਿ ਚਲੋ ਬਚ ਗਏ। ਡਰਾਈਵਰ ਕਹਿੰਦਾ ਮੇਰਾ 'ਸਟੇਟ ਪਰਮਿਟ ਵੀ ਨਵਿਆਉਣ ਵਾਲਾ ਹੈ, ਇਹ ਸਿਰਫ਼ ਅੱਜ ਤੱਕ ਹੀ ਵੈਲਿਡ ਸੀ, ਕੱਲ੍ਹ ਵਾਸਤੇ ਡੀæਟੀæਓæ ਦੇ ਦਫ਼ਤਰ ਵੀ ਜਾਣਾ ਪਵੇਗਾ।' ਏਨਾ ਕੁੱਝ ਵੇਖ ਕੇ ਤਵੱਕੋ ਤਾਂ ਸੀ ਕਿ ਡੀæਟੀæਓæ ਦੇ ਦਫ਼ਤਰੋਂ ਕਿਹੜਾ ਜਾਂਦਿਆਂ ਹੀ ਕੰਮ ਹੋ ਜਾਣਾ। ਉਹ ਤਾਂ ਚੰਗੇ ਭਲੇ ਦਿਨਾਂ ਵਿਚ ਕਈ ਕਈ ਚੱਕਰ ਲਗਾ ਦਿੰਦੇ ਨੇ। ਪੈਸੇ ਲੈ ਕੇ ਵੀ ਲਾਰੇ ਲਾਈ ਜਾਂਦੇ ਨੇ, ਅੱਜ ਦੇ ਟੈਨਸ਼ਨ ਭਰੇ ਮਾਹੌਲ ਵਿਚ ਉਨ੍ਹਾਂ ਕਿਹੜਾ ਜਾਂਦਿਆਂ ਕੰਮ ਕਰ ਦੇਣਾ? ਪਰ ਚਲੋ! ਵੇਖੋ ਰੰਗ ਕਰਤਾਰ ਦੇ। ਡੀæਟੀæਓæ ਦਫ਼ਤਰ ਸਾਡੇ ਫਾਰਮ ਵੱਲ ਨੂੰ ਬਾਹਰ ਨਿਕਲ਼ਨ ਦੇ ਰਸਤੇ ਵਿਚ ਹੀ ਸੀ। ਜ਼ਿਲ੍ਹਾ ਕਚਹਿਰੀ ਤੱਕ ਪਹੁੰਚਦੇ ਫਿਰ ਕਿਸੇ ਨੇ ਟਰੱਕ ਨਹੀਂ ਰੋਕਿਆ। ਜ਼ਾਹਿਰ ਹੈ ਕਿ ਇਹ ਸਾਰੀ ਪੁੱਛ-ਪੜਤਾਲ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੇ ਰਸਤਿਆਂ ਤੱਕ ਹੀ ਸੀ। ਡੀæਟੀæਓæ ਦੇ ਦਫ਼ਤਰ ਪਹਿਲਾਂ ਵਾਂਗ ਬਾਹਰ ਏਜੰਟਾਂ ਦੀਆਂ ਫੜੀਆਂ ਗ਼ਾਇਬ ਸਨ। ਅੰਦਰ ਪਤਾ ਲੱਗਾ ਕਿ ਸਾਰਾ ਪ੍ਰਸ਼ਾਸਨ ਫ਼ੌਜੀ ਅਧਿਕਾਰੀਆਂ ਦੀ ਕਮਾਨ ਹੇਠ ਆ ਗਿਆ ਹੈ। ਡੀæਟੀæਓæ ਤਾਂ ਬੈਠਾ ਸੀ, ਪਰ ਉਸ ਦੇ ਸਿਰ ਤੇ ਫ਼ੌਜੀ ਕੈਪਟਨ, ਲੈਫ਼ਟੀਨੈਂਟ, ਸਿਪਾਹੀ ਆਦਿ ਲੋਕਾਂ ਨੂੰ ਮਿਲ ਰਹੇ ਸਨ ਤੇ ਆਪਣੀ ਨਿਗਰਾਨੀ ਵਿਚ ਉਨ੍ਹਾਂ ਦੇ ਕੰਮ ਕਰ ਰਹੇ ਸਨ। ਹੋਰ ਜ਼ਿਆਦਾ ਖ਼ੱਜਲ-ਖ਼ੁਆਰੀ ਤੋਂ ਬਗੈਰ ਇਹ ਕੰਮ ਸਹਿਜੇ ਹੀ ਦਸ ਪੰਦਰਾਂ ਮਿੰਟ ਵਿਚ ਹੋ ਗਿਆ। ਕਾਗ਼ਜ਼ ਵੇਖ ਕੇ ਇੱਕ ਮੁਹਰ ਹੀ ਤਾਂ ਲਗਾਉਣੀ ਸੀ। 'ਇਹ ਤਾਂ ਬੜੇ ਸਤਜੁਗੀ ਅਫ਼ਸਰ ਨੇ ਭਾਊ! ਮੈਂ ਤਾਂ ਕਿਹਾ ਚੰਗਾ ਰਗੜਾ ਬੰਨ੍ਹਣਗੇ। ਚੰਗੇ ਪੈਸੇ ਮਾਠਣਗੇ ਤੇ ਲਟਕਾਉਣਗੇ, ਪਰ ਇਹ ਤਾਂ ਮੁਫ਼ਤ ਮੁਫ਼ਤ ਕੰਮ ਹੋ ਗਿਆ! ਏਨੀ ਜਲਦੀ? ਰੱਬ ਕਰੇ ਹਮੇਸ਼ਾ ਹੀ ਅਜਿਹੇ ਅਫ਼ਸਰ ਹੋਣ।' ਪੁਲੀਸ ਸਿਵਲ ਪ੍ਰਸ਼ਾਸਨ ਤੋਂ ਤੰਗ ਆਏ ਡਰਾਈਵਰ ਨੇ ਆਪਣੀ ਮਨੋਵੇਦਨਾ ਉਗਲੱਸ਼ ਦਿੱਤੀ। ਨਾਲ ਹੀ ਡੀæ ਸੀæ ਦਫ਼ਤਰੋਂ ਮੈਂ ਸੋਚਿਆ ਪਤਾ ਨਹੀਂ ਕੀ ਭਾਣਾ ਵਰਤਣ ਵਾਲਾ ਹੈ,' ਮੈਂ ਵੀ ਆਪਣਾ ਕਰਫ਼ਿਊ ਕਾਰਡ ਨਵਿਆ ਲਵਾਂ। ਮੇਰਾ ਵਾਕਫ਼ਕਾਰ ਅੱਜ ਉੱਥੇ ਕੋਈ ਨਹੀਂ ਸੀ ਪਰ ਬੜੇ ਸ਼ਾਂਤਮਈ ਢੰਗ ਨਾਲ ਕੰਮਕਾਜ ਹੋ ਰਿਹਾ ਸੀ। ਦੋ ਤਿੰਨ ਫ਼ੌਜੀ ਅਧਿਕਾਰੀ ਸਾਰੀ ਕਾਰਵਾਈ ਦਾ ਨਿਰੀਖਣ ਕਰ ਰਹੇ ਸਨ। ਮੈਂ ਡਰਦੇ ਝਕਦੇ ਸਹਾਇਕ ਦੀ ਸੀਟ ਤੇ ਪਹੁੰਚ ਕੇ ਆਪਣਾ ਤੁਆਰਫ਼ ਕਰਾਇਆ ਤੇ ਮਕਸਦ ਦੱਸਿਆ। ਉਸ ਨੇ ਕਾਰਡ ਵੇਖਿਆ ਤੇ ਫ਼ੌਜੀ ਅਧਿਕਾਰੀ ਵੱਲ ਕੀਤਾ। ਫ਼ੌਜੀ ਨੇ ਮੇਰੇ ਵੱਲ ਝਾਕ ਕੇ ਵੇਖਿਆ, ਰਜਿਸਟਰ ਵਿਚ ਕੁੱਝ ਇੰਦਰਾਜ ਕੀਤਾ ਤੇ ਬੜੇ ਆਰਾਮ ਨਾਲ ਫ਼ੌਜੀ ਮੁਹਰ ਲਗਾ ਕੇ ਪਿੱਠ-ਅੰਕਣ ਕਰ ਦਿੱਤੀ।
ਮੇਰੇ ਨਾਲ ਦਾ ਚਾਲਕ ਵੀ ਬਹੁਤ ਖ਼ੁਸ਼! ਮੈਂ ਵੀ ਬਹੁਤ ਖ਼ੁਸ਼! ਅੱਧੇ ਘੰਟੇ ਵਿਚ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਗਏ। ਜਲਦੀ-ਜਲਦੀ ਮੁੜਨ ਦੀ ਕਾਹਲ ਵਿਚ ਸਫ਼ੈਦੇ ਟਿਊਬਵੈੱਲ ਦੇ ਕੋਠੇ ਅੰਦਰ ਟਿਕਾਏ। ਵਾਪਸੀ ਤੇ ਮਿਲਟਰੀ ਦੀਆਂ ਗੱਡੀਆਂ ਦੀ ਅਸਾਧਾਰਨ ਦੌੜ-ਭੱਜ ਵੇਖ ਕੇ ਸਾਦੇ ਤੌਖਲੇ ਯਕੀਨ ਵਿਚ ਬਦਲਣ ਲੱਗੇ। ਪੁਲਸ ਨਾਕੇ ਤੇ ਪੁਲਸ ਚੌਕਸੀ ਵੀ ਬਹੁਤ ਜ਼ਿਆਦਾ ਸੀ ਪਰ ਲੇਂਝਪੁਣੇ ਤੋਂ ਖ਼ਾਲੀ ਸੀ। 'ਕੀ ਸੱਪ ਸੁੰਘ ਗਿਆ ਅੱਜ ਇਨ੍ਹਾਂ ਨੂੰ? ਇਹ ਤਾਂ ਬਾਹਰਲੀ ਗੱਡੀ ਵੇਖ ਕੇ ਦੂਰੋਂ ਹੀ ਮੁੱਛਾਂ ਨੂੰ ਤਾਅ ਦਿੰਦੇ ਆਉਂਦੇ ਸਨ। ਹਰਿਆਣਵੀ ਟਰੱਕ ਵੇਖ ਕੇ ਤਾਂ ਫ਼ੀਸ ਦੁੱਗਣੀ ਸੁਣਾ ਦਿੰਦੇ ਸਨ। ਅੱਜ ਜ਼ਰੂਰ ਕੋਈ ਅਲੋਕਾਰ ਕਾਰਾ ਵਰਤਿਆ ਹੈ ਜਾਂ ਵਰਤਣ ਵਾਲਾ ਹੈ।' ਸੁੱਖਾ ਡਰਾਈਵਰ ਸੁੱਤੇ-ਸਿੱਧ ਆਪਣੀ ਹੈਰਾਨੀ ਤੇ ਖ਼ੁਸ਼ੀ ਪ੍ਰਗਟਾ ਰਿਹਾ ਸੀ। ਉਨ੍ਹਾਂ ਨਾਲ ਵੀ ਫ਼ੌਜੀ ਟੁਕੜੀਆਂ ਆਵਾਜਾਈ ਟਰੈਫ਼ਿਕ ਦੀ ਨਿਗਰਾਨੀ ਕਰ ਰਹੀਆਂ ਸਨ। ਡੀæ ਸੀæ ਦਫ਼ਤਰੋਂ ਨਵਿਆਇਆ ਮੇਰਾ ਕਰਫ਼ਿਊ ਪਾਸ ਇੱਥੇ ਕੰਮ ਆ ਗਿਆ, ਨਹੀਂ ਤੇ ਉਹ ਕਿਸੇ ਵੀ ਵਾਹਨ ਨੂੰ ਅੰਮ੍ਰਿਤਸਰ ਦੀ ਹਦੂਦ ਅੰਦਰ ਦਾਖਲ ਨਹੀਂ ਹੋਣ ਦੇ ਰਹੇ ਸਨ। ਅਣ-ਐਲਾਨੀ ਐਮਰਜੈਂਸੀ ਵਾਲੀ ਵਿਸਫੋਟਕ ਹਾਲਾਤ ਪੈਦਾ ਹੋ ਰਹੀ ਸੀ। ਅਫ਼ਵਾਹਾਂ ਦਾ ਬਾਜ਼ਾਰ ਬਹੁਤ ਗਰਮ ਸੀ। 'ਹਾਲ ਗੇਟ ਅੰਦਰ ਜਾਂਦਾ ਟਰੱਕ ਹਥਿਆਰ ਤੇ ਵਿਸਫੋਟਕ ਸਮਗਰੀ ਫੜੀ ਗਈ। ਅੱਤਵਾਦੀਆਂ ਨੇ ਪੁਲਸ ਨਾਕੇ ਤੇ ਘਾਤ ਲਗਾ ਕੇ ਚਾਰ ਸਿਪਾਹੀ ਮਾਰ ਦਿੱਤੇ। ਦੋ ਅੱਤਵਾਦੀ ਪੁਲਸ ਮੁਕਾਬਲੇ ਵਿਚ ਢੇਰ। ਜਨਰਲ ਗੌਰੀ ਸ਼ੰਕਰ ਨੂੰ ਗਵਰਨਰ ਦਾ ਸਿਕਿਉਰਿਟੀ ਸਲਾਹਕਾਰ ਲਗਾ ਦਿੱਤਾ ਗਿਆ। ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਜਿAੂਂਦਾ ਜਾਂ ਮੁਰਦਾ ਫੜਨ ਲਈ ਸਰਕਾਰ ਵੱਲੋਂ ਪੰਜਾਹ ਲੱਖ ਦਾ ਇਨਾਮ।' ਇੱਕ ਅਖ਼ਬਾਰ ਹਾਕਰ ਉੱਚੀ ਉੱਚੀ ਚਲਾਉਂਦਾ ਜ਼ਮੀਮਾ ਵੰਡ ਰਿਹਾ ਸੀ ਤੇ ਲੋਕ ਗਰਮ ਪਕਾਉੜਿਆਂ ਵਾਂਗ ਖ਼ਰੀਦ ਰਹੇ ਸਨ। ਚੋਰਾਂ ਵਾਂਗ ਡਰਦੇ ਡਰਦੇ ਤ੍ਰਾਹ ਤ੍ਰਾਹ ਕਰਦੇ ਅਸੀਂ ਮੁੜ ਅੰਮ੍ਰਿਤਸਰ ਆਪਣੇ ਘਰ ਪਹੁੰਚ ਗਏ।
ਮੇਰੀ ਮਾਤਾ ਕੱਲ੍ਹ ਹੀ ਦਰਬਾਰ ਸਾਹਿਬ ਅੰਦਰੋਂ ਭਿੰਡਰਾਂਵਾਲਾ ਦਾ ਰੋਹਿਲਾ ਭਾਸ਼ਣ ਸੁਣ ਕੇ ਆਈ ਸੀ। ਦੱਸਦੀ ਸੀ ਕਿ ਉਸ ਨੇ ਨੌਂਜੁਆਨਾਂ ਨੂੰ ਵੰਗਾਰਿਆ ਹੈ, 'ਨਸ਼ੇ ਐਬ ਸਾਰੇ ਛੱਡ ਦਿਓ। ਅੰਮ੍ਰਿਤ, ਛਕੋ ਸਿੰਘ ਬਣੋ। ਸੁਹਲ ਨਾ ਬਣੋ। ਕੂਲਰ, ਫ੍ਰਿਜਾਂ ਨਾ ਖਰੀਦੋ, ਇਨ੍ਹਾਂ ਦਾ ਪਾਣੀ ਤੁਹਾਨੂੰ ਨਸੀਬ ਨਹੀਂ ਹੋਣਾ। ਇਹੋ ਜਿਹਾ ਸਮਾਂ ਤੁਹਾਡੇ ਨੇੜੇ ਹੈ ਜਦ ਮੁਗਲਾਂ ਦੇ ਜ਼ਮਾਨੇ ਵਾਂਗ ਛੱਪੜਾਂ ਦਾ ਪਾਣੀ ਪੀਣਾ ਪੈਣਾ, ਜੰਗਲਾਂ 'ਚ ਲੁਕਣਾ ਪੈਣਾ। ਮੰੋਟਰ ਸਾਈਕਲ ਖਰੌਦੋ, ਹਥਿਆਰ ਖਰੀਦੋ। ਆਤਮ-ਰੱਖਿਆ ਵਾਸਤੇ ਤੁਹਾਡੇ ਬੜੇ ਕੰਮ ਆਉਣਗੇ।' ਸਾਨੂੰ ਵੇਖ ਕੇ ਉਹ ਬਹੁਤ ਪ੍ਰਸੰਨ ਹੋਈ, ਸਾਰੀਆਂ ਉਨ੍ਹਾਂ ਮਾਵਾਂ ਵਾਂਗ ਜੋ ਆਪਣੇ ਬੱਚਿਆਂ ਨੂੰ ਸਵੇਰੇ ਘਰੋਂ ਤੋਰਦੀਆਂ ਉਨ੍ਹਾਂ ਦੇ ਸਹੀ-ਸਲਾਮਤ ਘਰ ਪਰਤਣ ਤੱਕ ਦੁਆਵਾਂ ਕਰਦੀਆਂ ਰਹਿੰਦੀਆਂ ਸਨ। ਮਲਕੀਅਤ ਵੀ ਮੂੰਹ ਜਿਹਾ ਲਟਕਾਈ ਆ ਗਿਆ। ਉਹ ਮੇਰਾ ਦੋਸਤ ਵੀ ਸੀ, ਗਵਾਂਢੀ ਵੀ ਸੀ ਤੇ ਹਮ-ਖਿਆਲੀਆ ਵੀ ਸੀ। ਉਸ ਦਾ ਖਾੜਕੂ ਸਫਾਂ ਵਿਚ ਚੰਗਾ ਮੇਲ-ਜੋਲ ਸੀ ਤੇ ਅੰਦਰਲੀ ਗਤੀਵਿਧੀਆਂ ਬਾਰੇ ਉਸ ਕੋਲੋਂ ਹਰ ਰੋਜ਼ ਖਬਰ ਮਿਲਦੀ ਰਹਿੰਦੀ ਸੀ। ਖਾੜਕੂਆਂ ਨੂੰ ਲੋਈਆਂ ਤੇ ਵਰਦੀਆਂ ਪਹੁੰਚਾਉਣਾ ਉਸ ਦਾ ਕੰਮ ਸੀ। ਭਿੰਡਰਾਂਵਾਲੇ ਸੰਤਾਂ ਤੱਕ ਉੱਪਰਲੀ ਸਰਕਾਰ ਦੇ ਨੁਮਾਇੰਦੇ ਵਿਚੋਲੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਬਲ ਬੁਖਾਰੇ ਦਿਖਾ ਲਾਲਚ ਦੇ ਕੇ ਫੁਸਲਾਉਣ ਤੇ ਮਨਾਉਣ ਦਾ ਯਤਨ ਕਰ ਰਹੇ ਸਨ। ਸੰਤ ਉਨ੍ਹਾਂ ਦੀ ਲੂੰਬੜ-ਚਾਲ ਸਮਝਦੇ ਸਨ ਤੇ ਕਿਸੇ ਵੀ ਲੋਭ ਲਾਲਚ ਤੋਂ ਬਹੁਤ ਉੱਪਰ ਸਨ। ਅੰਦਰ ਏਲਚੀ ਵੀ ਪਹੁੰਚ ਚੁੱਕੇ ਸਨ ਪਰ ਨਾਲ ਤਾੜ ਤਾੜ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਸਨ। ਇਹ ਵਿਚੋਲਗੀ ਬਿਲਕੁਲ ਇਵੇਂ ਹੀ ਸੀ ਜਿਵੇਂ 1965 ਵਿਚ ਚੀਨੀਆਂ ਨੇ 'ਹਿੰਦੀ ਚੀਨੀ ਭਾਈ ਭਾਈ' ਦਾ ਨਾਅਰਾ ਲਾ ਕੇ ਭਾਰਤ ਦਾ ਬਹੁਤ ਸਾਰਾ ਭੂਗੋਲਿਕ ਇਲਾਕਾ ਹਥਿਆ ਲਿਆ ਸੀ ਜਾਂ 1971 ਵੇਲੇ ਇੱਕ ਪਾਸੇ ਜਨਰਲ ਯਾਹੀਆ ਖਾਂ ਰੇਡੀਉ 'ਤੇ ਢਾਕਾ ਹਾਰਨ ਦੀ ਪੁਸ਼ਟੀ ਕਰਦਾ ਸੁਲ੍ਹਾ-ਸਫ਼ਾਈ ਦੀਆਂ ਦੁਹਾਈਆਂ ਦੇ ਰਿਹਾ ਸੀ, ਠੀਕ ਉਸੇ ਵੇਲੇ ਪਾਕਿਸਤਾਨੀ ਜਹਾਜ਼ਾਂ ਦੀ ਇੱਕ ਫਲੀਟ ਅੰਮ੍ਰਿਤਸਰ ਦੇ ਬਾਹਰ ਛਿਹਰਟੇ ਉੱਤੇ ਗੋਲੀਆਂ ਦੇ ਬਰਸਟ ਵਰਸਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਮੂੰਹ ਧਕੇਲ ਗਈ ਸੀ। ਉਸ ਨਾਲ ਮੈਨੂੰ ਵੀ ਸੰਤਾਂ ਦੇ ਨੇੜਲੇ ਦਰਸ਼ਨ ਕਰਨ ਦਾ ਦੋ ਤਿੰਨ ਵੇਰਾਂ ਮੌਕਾ ਮਿਲਿਆ ਸੀ। 'ਬੜੀ ਮਾੜੀ ਖ਼ਬਰ ਆ ਪੰਨੂ ਸਾਹਿਬ! ਅੰਦਰ ਘੇਰਾ ਪੈ ਗਿਆ। ਉਨ੍ਹਾਂ ਤੱਕ ਤੀਹ ਪਗੜੀਆਂ ਪੁੱਜਦੀਆਂ ਕਰਨੀਆਂ ਨੇ, ਕੁੱਝ ਚਾਰਾ ਕਰੋ।' ਇਸਲਾਮਾਬਾਦ ਦਾ ਚੂਨੀ ਲਾਲ ਮੇਰਾ ਦੋਸਤ ਸੀ ਤੇ ਉਸ ਦੀਆਂ ਧਾਰੀਲਾਲ ਮਾਰਕਾ ਪਗੜੀਆਂ ਉਨ੍ਹਾਂ ਤੱਕ ਪਹੁੰਚਦੀਆਂ ਸਨ। ਮੈਂ ਫ਼ੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। 'ਤੂੰ ਆਪ ਹੀ ਚਲਾ ਜਾਹ। ਤੈਨੂੰ ਵੀ ਉਹ ਜਾਣਦੇ ਨੇ, ਬਾਕੀ ਮੇਰਾ ਨਾਮ ਲੈ ਲਵੀਂ।' ੰੇਰੇ ਹਾਂ ਕਰਨ ਤੇ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਉਹ ਝਬਦੇ ਹੀ ਚੱਲਦਾ ਬਣਿਆ। ਬਾਦ ਵਿਚ ਬਿੱਲ ਮਿਲ਼ਨ ਤੇ ਮੈਨੂੰ ਇਹ ਖ਼ਬਰ ਮਿਲਦੀ ਰਹੀ ਕਿ ਉਹ ਉੱਥੋਂ ਮੇਰੇ ਨਾਮ ਤੇ ਤੀਹ ਪਗੜੀਆਂ ਲੈ ਗਿਆ ਸੀ ਪਰ ਅੰਦਰ ਤੱਕ ਨਹੀਂ ਅੱਪੜ ਸਕਿਆ। ਬਹੁਤ ਸਾਲ ਉਸ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਬਾਲ ਬੱਚੇ ਉਸ ਦੇ ਰੁਲ ਗਏ, ਘਰ-ਘਾਟ ਵਿਕ ਗਿਆ, ਮੱਝਾਂ ਦੀ ਡੇਅਰੀ ਖ਼ੁਰਦ-ਬੁਰਦ ਹੋ ਗਈ। ਹੋਣੀ ਸੰਸਾਰ ਪ੍ਰਸਿੱਧ ਸਿਫਤੀ ਦੇ ਪਵਿੱਤਰ ਘਰ ਤੇ ਦਹਿਸ਼ਤ ਭਰੀ ਦਸਤਕ ਦੇ ਰਹੀ ਸੀ। ਗਲੀਆਂ ਬਾਜ਼ਾਰਾਂ ਵਿਚ ਕੁੱਤੇ ਬਿੱਲੀਆਂ ਭੌਂਕਦੇ ਮਿਆਂਕਦੇ ਅਗਲੇ ਭਿਆਨਕ ਪਲਾਂ ਦਾ ਸੁਨੇਹਾ ਦੇ ਰਹੇ ਸਨ।
ਰਾਤ ਅੱਠ ਵਜੇ ਦੀਆਂ ਖ਼ਬਰਾਂ ਵਿਚ ਇੰਦਰਾ ਗਾਂਧੀ ਦਾ ਬਹੁਪਰਤੀ ਭਾਸ਼ਣ ਤੇ ਉਸ ਦੀ ਥਿੜਕਦੀ ਆਵਾਜ਼ ਮੋਮੋਠਗਣੀ, ਬਹੁਰੂਪੀਏ ਸੰਕੇਤ ਦੇ ਰਹੀ ਸੀ। ਉਸ ਨੇ ਬੜੇ ਵਿੰਗੇ ਟੇਢੇ ਡਰਾਮਾਈ ਭਾਸ਼ਣ ਵਿਚ ਕਿਹਾ ਕਿ ਚਾਰ ਪੰਜ ਸੌ ਮੁੱਠੀ ਭਰ ਅੱਤਵਾਦੀ ਦਰਬਾਰ ਸਾਹਿਬ ਅੰਦਰ ਲੁਕੇ ਸ਼ਰੀਫ਼ ਹਿੰਦੂ ਸਿੱਖਾਂ ਨੂੰ ਡਰਾ ਧਮਕਾ ਰਹੇ ਹਨ। ਮੈਂ ਉਨ੍ਹਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇਸ ਦਾ ਕੋਈ ਸ਼ਾਂਤਮਈ ਹੱਲ ਕੱਢਿਆ ਜਾਏ ਪਰ ਉਹ ਨਹੀਂ ਮੰਨੇ। ਮਜਬੂਰ ਹੋ ਕੇ ਸਾਨੂੰ ਉਨ੍ਹਾਂ ਨੂੰ ਬਾਹਰ ਕੱਢਣ ਲਈ ਬਲ ਦਾ ਪ੍ਰਯੋਗ ਕਰਨਾ ਪਵੇਗਾ।' ਹੁਣ ਕਿਸੇ ਸ਼ੱਕ ਸੁਭਾ ਦੀ ਗੁੰਜਾਇਸ਼ ਬਾਕੀ ਨਹੀਂ ਰਹੀ। ਰੋਟੀ ਪਾਣੀ ਹੱਥੋਂ ਥਿੜਕ ਗਏ। ਹਉਕੇ ਭਰਦੇ ਕੋਠੇ ਚੜ੍ਹ ਗਏ ਜਿੱਥੋਂ ਦਰਬਾਰ ਸਾਹਿਬ ਤੇ ਚਲਦੀ ਆਤਸ਼ਬਾਜੀ ਅਸੀਂ ਘਰੋਂ ਹੀ ਵੇਖ ਲੈਂਦੇ ਸੀ। ਹੋਰ ਵੀ ਸਾਰੇ ਲੋਕ ਕੋਠਿਆਂ/ਚੁਬਾਰਿਆਂ ਤੇ ਚੜ੍ਹੇ ਆਉਣ ਵਾਲੇ ਪਲਾਂ ਦੀਆਂ ਕਿਆਸ-ਆਰਾਈਆਂ ਵਿੱਚ ਡੁੱਬੇ ਪਏ ਅਰਦਾਸਾਂ ਕਰ ਰਹੇ ਸਨ ਕਿ ਹੇ ਰੱਬ ਸੱਚਿਆ ਇਸ ਹੋਣੀ ਨੂੰ ਪਰੇ ਪਰੇ ਹੀ ਨਜਿੱਠ ਲਵੀਂ।