ਕਰਮ-ਯੋਗੀ ਬਣੋ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸੇ ਮਨੁੱਖ ਦਾ ਧੰਨਵਾਨ ਅਤੇ ਸੁਖੀ ਹੋਣਾ ਕੇਵਲ ਕਿਸਮਤ ਤੇ ਹੀ ਨਿਰਭਰ ਨਹੀਂ ਕਰਦਾ ਕਿਉਂਕਿ ਕਰਮ ਨਾਲ ਕਿਸਮਤ ਨੂੰ ਬਦਲਿਆ ਜਾ ਸਕਦਾ ਹੈ। ਆਪਣੇ ਕਰਮ ਨਾਲ ਮਨੁੱਖ ਫਰਸ਼ ਤੋਂ ਅਰਸ਼ ਤੇ ਪਹੁੰਚ ਸਕਦਾ ਹੈ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:

" ਕਿਸਮਤ ਕਿਸਮਤ ਕਰਕੇ ਢਿੱਲੜ ਚਿਲਾਉਂਦੇ
  ਹਿੰਮਤ ਵਾਲੇ ਪਰਬਤਾਂ ਨੂੰ ਚੀਰ ਵਿਖਾਉਂਦੇ॥"

ਸਾਨੂੰ ਕਦੀ ਆਲਸੀ ਨਹੀਂ ਬਣਨਾ ਚਾਹੀਦਾ। ਸਵੇਡ ਮਾਰਡਨ ਲਿਖਦਾ ਹੈ — "ਆਲਸ ਅਤੇ ਅਰਾਮ ਦੀ ਇੱਛਾ ਤੁਹਾਡੀ ਯੋਗਤਾ ਨੂੰ ਉਸੇ ਤਰ੍ਹਾਂ ਨਸ਼ਟ ਕਰਦੀ ਹੈ ਜਿਵੇਂ ਅਫੀਮ, ਚਰਸ ਅਤੇ ਸ਼ਰਾਬ ਆਦਿ ਦਾ ਨਸ਼ਾ ਤੁਹਾਡੇ ਸਰੀਰ ਨੂੰ ਚੌਪਟ ਕਰਦਾ ਹੈ। "ਸਮੇਂ ਨੂੰ ਨਸ਼ਟ ਕਰਨਾ ਲੱਕੜੀ ਨੂੰ ਘੁਣ ਲੱਗਣ ਵਾਂਗ ਹੈ। ਜੇ ਲੱਕੜੀ ਨੂੰ ਅੰਦਰ ਹੀ ਅੰਦਰ ਘੁਣ ਲੱਗ ਜਾਵੇ ਤਾਂ ਇਕ ਦਿਨ ਉਹ ਰੇਤ ਦੇ ਮਹਿਲ ਦੀ ਤਰ੍ਹਾਂ ਗਿਰ ਜਾਵੇਗੀ। ਇਸੇ ਲਈ ਅੰਗ੍ਰੇਜੀ ਵਿਚ ਕਹਿੰਦੇ ਹਨ—"ਠੋ ਕਲਿਲ ਟਮਿe ਸਿ a ਸਲਾ ਸੁਚਿਦਿe" ਭਾਵ ਵਕਤ ਨੂੰ ਜਾਇਆ ਕਰਨਾ ਇਕ ਧੀਮੀ ਗਤੀ ਦੀ ਖੁਦਕਸ਼ੀ ਕਰਨ ਦੇ ਬਰਾਬਰ ਹੈ। ਸਮਾਂ ਬੜਾ ਬਲਵਾਨ ਹੈ। ਆਉਣ ਵਾਲਾ ਹਰ ਪਲ ਕੀਮਤੀ ਹੈ। ਜੋ ਮਨੁੱਖ ਵਕਤ ਦੀ ਪਰਵਾਹ ਨਹੀਂ ਕਰਦਾ, ਵਕਤ ਉਸਦੀ ਕਦੀ ਪਰਵਾਹ ਨਹੀਂ ਕਰਦਾ। ਅਜਿਹਾ ਮਨੁੱਖ ਜਿੰਦਗੀ ਦੇ ਹਰ ਕੰਮ ਵਿਚ ਪੱਛੜ ਜਾਂਦਾ ਹੈ। ਹਮੇਸ਼ਾਂ ਸਮਂੇ ਦੀ ਕਦਰ ਕਰੋ ਅਤੇ ਅੱਜ ਦਾ ਕੰਮ ਕਦੀ ਕੱਲ੍ਹ ਤੇ ਨਾ ਛੱਡੋ। ਸ਼੍ਰੋਮਣੀ ਭਗਤ ਕਬੀਰ ਜੀ ਲਿਖਦੇ ਹਨ:
ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ
ਪਲ ਮੇਂ ਪਰਲੋ ਹੋਇਗੀ, ਬਹੁਰੀ ਕਰੋਗੇ ਕਬ?

ਕਹਿੰਦੇ ਹਨ ਕਿ ਰਾਵਣ ਨੂੰ ਵਰ ਮਿਲਿਆ ਸੀ ਕਿ ਉਹ ਸਵਰਗ ਨੂੰ ਪੌੜੀ ਲਾ ਕੇ ਆਪਣੇ ਸਰੀਰ ਸਮੇਤ ਸਵਰਗ ਲੋਕ ਨੂੰ ਪਹੁੰਚ ਸਕਦਾ ਸੀ ਪਰ ਉਹ ਪੂਰੀ ਤਰ੍ਹਾਂ ਸਾਵਧਾਨ ਨਹੀਂ ਸੀ। ਉਹ ਹਰ ਸਮੇਂ ਸੋਚਦਾ ਸੀ ਹਾਲੇ ਤਾਂ ਬੜੀ ਉਮਰ ਪਈ ਹੈ। ਕਦੀ ਵੀ ਪੌੜੀ ਲਾ ਕੇ ਸਿੱਧਾ ਸਵਰਗ ਵਿਚ ਚਲੇ ਜਾਵਾਂਗਾ। ਉਹ ਹਰ ਕੰਮ ਨੂੰ ਕੱਲ੍ਹ ਤੇ ਟਾਲਦਾ ਗਿਆ। ਸਾਰੀ ਉਮਰ ਸਵਰਗ ਨੂੰ ਪੌੜੀ ਨਾ ਲਾ ਸਕਿਆ। ਅੰਤ ਰਾਮ ਦੇ ਹੱਥੋਂ ਮਾਰਿਆ ਗਿਆ।
ਅੰਗ੍ਰੇਜ਼ੀ ਦੀ ਇਕ ਹੋਰ ਕਹਾਵਤ ਹੈ—"ਅ ਸਟਟਿਚਹ ਨਿ ਟਮਿe ਸaਵeਸ ਟਹe ਨਨਿe" ਭਾਵ ਸਮੇਂ ਸਿਰ ਲਾਇਆ ਗਿਆ ਇਕ ਟਾਂਕਾ ਆਉਣ ਵਾਲਿਆਂ ੯ ਟਾਂਕਿਆਂ ਨੂੰ ਬਚਾਉਂਦਾ ਹੈ।ਮੰਨ ਲਓ ਅੱਜ ਤੁਹਾਡੀ ਸਵੈਟਰ ਜਾਂ ਜੁਰਾਬ ਦਾ ਇਕ ਟਾਂਕਾ ਟੁੱਟ ਗਿਆ ਹੈ। ਜੇ ਤੁਸੀਂ ਇਸ ਨੂੰ ਉਸੇ ਸਮੇਂ ਮੁਰੰਮਤ ਕਰ ਲਉਗੇ ਤਾਂ ਤੁਹਾਨੂੰ ਕੇਵਲ ਇਕ ਟਾਂਕਾ ਹੀ ਲਗਾਉਣਾ ਪਵੇਗਾ। ਜੇ ਤੁਸੀਂ ਇਸ ਛੋਟੇ ਜਹੇ ਕੰਮ ਵਿਚ ਅਨਗਹਿਲੀ ਕਰ ਲਉਗੇ ਤਾਂ ਹੋ ਸਕਦਾ ਹੈ ਉਸੇ ਟਾਂਕੇ ਨੂੰ ਠੀਕ ਕਰਨ ਲਈ ਤੁਹਾਨੂੰ ੯ ਟਾਂਕੇ ਹੋਰ ਲਗਾਉਣੇ ਪੈਣ।
  ਮਾੜੇ ਕੰਮਾਂ ਤੋਂ ਸਦਾ ਬਚਣਾ ਚਾਹੀਦਾ ਹੈ। ਬੁਰਿਆਈ ਨੂੰ ਸ਼ੁਰੂ ਵਿਚ ਹੀ ਖਤਮ ਕਰ ਦੇਣਾ ਚਾਹੀਦਾ ਹੈ। ਤੁਹਾਡੀ ਇਕ ਛੋਟੀ ਜਹੀ ਅਨਗਹਿਲੀ ਤੁਹਾਡੇ ਲਈ ਇਕ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ। ਇਕ ਛੋਟਾ ਜਿਹਾ ਸੁਰਾਖ ਵੱਡੇ ਤੋਂ ਵੱਡੇ ਜਹਾਜ ਨੂੰ ਡੁਬੋ ਸਕਦਾ ਹੈ। ਇਕ ਛੋਟੀ ਜਹੀ ਚੰਗਿਆੜੀ ਪੂਰੇ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਸਾਵਧਾਨੀ ਹਟੀ, ਦੁਰਘਟਨਾ ਘਟੀ।ਤੁਹਾਡੀ ਕੋਈ ਵੀ ਕਮਜੋਰੀ ਤੁਹਾਡੀ ਦੁਸ਼ਮਣ ਹੈ। ਆਪਣੇ ਦੁਸ਼ਮਣ ਨੂੰ ਕਦੀ ਕਮਜੋਰ ਨਾ ਸਮਝੋ। ਉਸਨੂੰ ਕਦੀ ਆਪਣੇ ਅੰਦਰ ਜਗ੍ਹਾ ਨਾ ਦਿਓ। ਉਸਦਾ ਸਮੇਂ ਸਿਰ ਇਲਾਜ ਕਰ ਲਓ ਨਹੀਂ ਤਾਂ ਇਕ ਦਿਨ ਪਛਤਾਉਣਾ ਪਵੇਗਾ।
ਜਦੋਂ ਜਾਗੋ ਉਦੋਂ ਹੀ ਸਵੇਰਾ। ਅਜੇ ਵੀ ਜਾਗ ਪਓ ਤੇ ਵਕਤ ਨੂੰ ਸੰਭਾਲੋ। ਹਰ ਕੰਮ ਲਈ ਮਿਹਨਤ ਤਾਂ ਕਰਨੀ ਪੈਂਦੀ ਹੈ। ਕਿਸੇ ਉਸਾਰੂ ਕੰਮ ਲਈ ਲਾਇਆ ਹੋਇਆ ਸਮਾਂ ਅਤੇ ਸ਼ਕਤੀ ਕਦੀ ਜਾਇਆ ਨਹੀਂ ਜਾਂਦੀ।ਤੁਹਾਡੀ ਮਿਹਨਤ ਦੀ ਕੀਮਤ ਤੁਹਾਨੂੰ ਫਲ ਦੇ ਰੂਪ ਵਿਚ ਮਿਲਦੀ ਹੈ।ਮਿਹਨਤ ਦਾ ਫਲ ਸਦਾ ਮਿੱਠਾ ਹੁੰਦਾ ਹੈ।
ਹੱਥ ਤੇ ਹੱਥ ਰੱਖ ਕੇ ਤਾਂ ਕੁਝ ਵੀ ਨਹੀਂ ਬਣਦਾ। ਸੁੱਖ ਲੈਣ ਲਈ ਜਾਂ ਮਿੱਠੇ ਫਲ ਖਾਣ ਲਈ ਮਿਹਨਤ ਤਾਂ ਕਰਨੀ ਹੀ ਪਵੇਗੀ। ਜੇ ਪੇਟ ਭਰਨਾ ਹੈ ਤਾਂ ਦਾਲ ਰੋਟੀ ਲਈ ਉਪਰਾਲੇ ਵੀ ਆਪ ਹੀ ਕਰਨੇ ਪੈਣਗੇ।ਦੁਨੀਆਂ ਵਿਚ ਕੋਈ ਚੀਜ ਵੀ ਮੁਫਤ ਨਹੀਂ ਮਿਲਦੀ। ਹਰ ਚੀਜ ਦੀ ਕੀਮਤ ਚੁਕਾਣੀ ਹੀ ਪੈਂਦੀ ਹੈ।ਸੋ ਉੱਠੋ ਹਿੰਮਤ ਕਰੋ, ਆਪਣੀ ਕਿਸਮਤ ਦੇ ਦਰਵਾਜੇ ਤੇ ਦਸਤਕ ਦਿਓ। ਸਫਲਤਾ ਤੁਹਾਡੇ ਪੈਰ ਚੁੰਮੇਗੀ। ਤੁਸੀਂ ਆਪਣੀ ਕਿਸਮਤ ਬਣਾਉਣ ਵਾਲੇ ਆਪ ਹੋ। ਜੋ ਸੁੱਖ ਤੁਸੀਂ ਪਾਣਾ ਚਾਹੋ, ਪਾ ਸਕਦੇ ਹੋ ਪਰ ਉਸ ਲਈ ਸਮਾਂ ਲਾਉਣਾ ਪਵੇਗਾ। ਸਮਾਂ ਲਾਓ ਤੇ ਉਸਦਾ ਮੁੱਲ ਲੈ ਲਓ। ਜੇ ਮਿੱਠੇ ਅੰਬ ਖਾਣੇ ਹਨ ਤਾਂ ਅੰਬ (ਭਾਵ ਅੰਬ ਦੀ ਗਿਟਕ) ਹੀ ਬੀਜਣੇ ਪੈਣਗੇ। ਕਿੱਕਰ ਬੀਜਿਆਂ ਅੰਬ ਨਹੀਂ ਮਿਲਣੇ।
ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਨਿਕੰਮੇ ਬੈਠ ਕੇ ਅਰਾਮ ਕਰਨ ਲਈ ਨਹੀਂ ਭੇਜਿਆ ਕਿਉਂਕਿ ਐਸੇ ਮਨੱਖ ਧਰਤੀ ਤੇ ਹੋਏ ਨਾ ਹੋਏ ਇਕ ਬਰਾਬਰ ਹਨ। ਸਗੋਂ ਇਸ ਧਰਤੀ ਤੇ ਬੋਝ ਹਨ। ਵਿਹਲੇ ਰਹਿ ਕੇ ਆਪਣੀ ਜ਼ਿੰਦਗੀ ਦਾ ਸਫਰ ਪੂਰਾ ਕਰਨਾ ਬੇਮਾਇਨਾ ਹੈ। ਪ੍ਰਮਾਤਮਾ ਨੇ ਸਾਨੂੰ ਇੱਥੇ ਕੇਵਲ ਆਪਣੀ ਭਗਤੀ ਕਰਾਉਣ ਲਈ ਵੀ ਨਹੀਂ ਭੇਜਿਆ। ਜੇ ਪ੍ਰਮਾਤਮਾ ਨੇ ਸਾਡੇ ਪਾਸੋਂ ਆਪਣੀ ਕੇਵਲ ਉਪਮਾ ਹੀ ਕਰਾਉਣੀ ਹੁੰਦੀ ਤਾਂ ਸਾਨੂੰ ਮਨੁੱਖਾ ਜਨਮ ਦੇਣ ਦੀ ਹੀ ਕੀ ਲੋੜ ਸੀ? ਉਹ ਸਾਨੂੰ aੁੱਥੇ ਰੱਖ ਕੇ ਆਪਣੇ ਸਾਹਮਣੇ ਬਿਠਾ ਕੇ ਵੀ ਆਪਣੀ ਭਗਤੀ ਕਰਾ ਸਕਦਾ ਸੀ। ਸਾਨੂੰ ਮਨੁੱਖਾ ਜਨਮ ਤਾਂ ਮਿਲਿਆ ਹੀ ਕਰਮ ਕਰਨ ਲਈ ਹੈ ਤਾਂ ਕੇ ਪ੍ਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਹੋਰ ਵੀ ਸੁੰਦਰ ਅਤੇ ਸੁੱਖ-ਮਈ ਬਣਾ ਸਕੀਏ। ਅਸੀਂ ਪਰਮ ਪ੍ਰਮੇਸ਼ਵਰ ਦੀ ਔਲਾਦ ਹਾਂ ਜੋ ਕਦੀ ਨਹੀਂ ਚਾਹੁੰਦਾ ਕਿ ਉਸਦੇ ਬੱਚੇ ਇਸ ਧਰਤੀ ਤੇ ਆ ਕੇ ਦੁੱਖ ਪਾਉਣ ਤੇ ਨਰਕ ਭੋਗਣ। ਉਸਨੇ ਤਾਂ ਆਪਣੀਆਂ ਰਹਿਮਤਾਂ ਤੇ ਦੌਲ਼ਤਾਂ ਦੇ ਸਾਰੇ ਕੁਦਰਤੀ ਭੰਡਾਰੇ ਮਨੁੱਖ ਦੇ ਹਵਾਲੇ ਕਰ ਦਿੱਤੇ ਹਨ ਤਾਂ ਕੇ ਮਨੁੱਖ ਦਾ ਜੀਵਨ ਸੁੱਖਮਈ ਹੋਵੇ। ਇਹ ਠੀਕ ਹੈ ਕਿ ਇਤਨੀਆਂ ਦਾਤਾਂ ਲਈ ਸਾਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਵੀ ਬਣਦਾ ਹੈ। ਇਸ ਲਈ ਸਵੇਰੇ ਸ਼ਾਮ ਆਪਣਾ ਨਿੱਤਨੇਮ ਵੀ ਕਰਨਾ ਚਾਹੀਦਾ ਹੈ। ਇਸ ਨਾਲ ਮਨ ਵਿਚ ਸੇਵਾ ਭਾਵ ਅਤੇ ਭਰਾਤਰੀ ਭਾਵ ਪੈਦਾ ਹੁੰਦਾ ਹੈ।ਸਾਰਾ ਦਿਨ ਕਰਮ ਕਰਦੇ ਸਮੇ ਸਾਨੂੰ ਪ੍ਰਮਾਤਮਾ ਦੇ ਤੇ ਉਸ ਦੇ ਜੀਵਾਂ ਦਾ ਧਿਆਨ ਮਨ ਵਿਚ ਰੱਖਦੇ ਹੋਏ ਸਰਬੱਤ ਦੇ ਭਲੇ ਲਈ ਕਾਰਜ ਕਰਨਾ ਚਾਹੀਦਾ ਹੈ।
ਇਹ ਕਦੀ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਪਾਸ ਇਤਨਾ ਪੈਸਾ ਹੈ ਜੋ ਸਾਡੇ ਬਜੁਰਗ ਛੱਡ ਗਏ ਹਨ ਜਾਂ ਅਸੀਂ ਆਪ ਕਮਾਇਆ ਹੈ) ਕਿ ਸਾਡੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਇਹ ਇਕ ਘਟੀਆ ਸੋਚ ਹੈ। ਆਪਣੇ ਆਪ ਨੂੰ ਅਤੇ ਆਪਣੀ ਔਲਾਦ ਨੂੰ ਨਿਕੰਮੇ ਬਣਾਉਣ ਦੀ ਕੋਸ਼ਿਸ਼ ਹੈ। ਇਨਸਾਨ ਕੇਵਲ ਪੈਸੇ ਲਈ ਹੀ ਨਹੀਂ ਜਿਉਂਦਾ। ਯਾਦ ਰੱਖੋ ਕਿ ਤੁਸੀਂ ਸੰਸਾਰ ਤੇ ਭਾਰ ਬਣਨ ਲਈ ਪੈਦਾ ਨਹੀਂ ਹੋਏ। ਤੁਸੀਂ ਕਰਮਯੋਗੀ ਬਣਨਾ ਹੈ ਤੁਸੀਂ ਆਪਣੀ ਜ਼ਿੰਦਗੀ ਨੂੰ ਅਤੇ ਦੁਨੀਆਂ ਨੂੰ ਸੁਖੀ ਬਣਾਉਣਾ ਹੈ। ਕੰਮ ਹੀ ਜ਼ਿੰਦਗੀ ਹੈ। ਤੁਸੀਂ ਨਿਕੰਮੇ ਅਤੇ ਆਲਸੀ ਨਹੀਂ ਬਣਨਾ ਸਗੋਂ ਉੱਦਮੀ ਬਣਨਾ ਹੈ। ਕੁਝ ਹੋਰ ਲੋਕ ਇਹ ਸੋਚਦੇ ਹਨ ਕਿ ਸਭ ਮਨੁੱਖ ਔਲਾਦ ਲਈ ਧਨ ਤੇ ਸ਼ੌਹਰਤ ਕਮਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਇਸ ਪੈਸੇ ਅਤੇ ਸ਼ੋਹਰਤ ਦਾ ਸੁੱਖ ਪਾਣ। ਇਹ ਗੱਲ ਕੁਝ ਹੱਦ ਤੱਕ ਤਾਂ ਠੀਕ ਹੈ ਕਿਉਂਕਿ ਮਨੁੱਖ ਆਪਣੇ ਬੱਚਿਆਂ ਦੇ ਸੁਖ ਲਈ ਮਿਹਨਤ ਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਦਾ ਹੈ। ਪਰ ਜਿੰਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਕਿਉਂ ਮਿਹਨਤ ਕਰਦੇ ਹਨ? ਜੇ ਇਹ ਗੱਲ ਠੀਕ ਹੁੰਦੀ ਤਾਂ ਛੜੇ ਤਾਂ ਬਿਲਕੁਲ ਮਿਹਨਤ ਨਾ ਕਰਦੇ। ਅੱਜ ਅਟੱਲ ਬਿਹਾਰੀ ਵਾਜਪਾਈ, ਮਾਇਆਵਤੀ, ਏ ਜੇ ਪੀ ਅਬਦੁਲ ਕਲਾਮ ਅਤੇ ਰਤਨ ਟਾਟਾ ਵਰਗੇ ਵੀ ਨਿਠੱਲੇ ਬੈਠੇ ਰਹਿੰਦੇ ਅਤੇ ਕਦੀ ਅੱਜ ਦੇ ਮੁਕਾਮ ਤੇ ਨਾ ਪਹੁੰਚਦੇ। ਇਨ੍ਹਾਂ ਵਿਚ ਕਾਬਲੀਅਤ ਹੈ। ਇਹ ਹਿੰਮਤੀ ਹਨ। ਇਨ੍ਹਾਂ ਨੇ ਤਾਂ ਸਾਰੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝਿਆ ਹੈ ਅਤੇ ਸਰਬੱਤ ਦੇ ਭਲੇ ਲਈ ਮਿਹਨਤ ਕੀਤੀ ਹੈ ਇਸ ਲਈ ਅੱਜ ਇਹ ਸਾਰੇ ਜ਼ਿੰਦਗੀ ਦੇ ਇਸ ਮੁਕਾਮ ਤੇ ਪਹੁੰਚੇ ਹਨ।
ਜਦ ਲੋਹਾ ਗਰਮ ਹੋਵੇ ਤਾਂ ਹੀ ਸੱਟ ਮਾਰੋ। ਉਸਾਰੂ ਨਤੀਜੇ ਨਿਕਲਣਗੇ। ਤੁਸੀਂ ਜੋ ਵੀ ਕੰਮ ਕਰਨਾ ਹੈ ਉਸ ਵਿਚ ਸਫਲਤਾ ਦਾ  ਪੂਰਾ ਵਿਸ਼ਵਾਸ ਰੱਖੋ ਤਾਂ ਹੀ ਤੁਹਾਨੂੰ ਜ਼ਿੰਦਗੀ ਵਿਚ ਸਫਲਤਾ ਮਿਲੇਗੀ। ਆਤਮ ਵਿਸ਼ਵਾਸ ਵਧਦਾ ਹੈ ਤਾਂ ਕਾਰਜ ਸ਼ਕਤੀ ਵਧਦੀ ਹੈ। ਆਤਮ ਵਿਸ਼ਵਾਸ ਘਟਦਾ ਹੈ ਤਾਂ ਕਾਰਜ ਸ਼ਕਤੀ ਘਟਦੀ ਹੈ। ਵਿਸ਼ਵਾਸ ਦੀ ਸ਼ਕਤੀ ਨਾਲ ਮਨੁੱਖ ਵੱਡੇ ਤੋਂ ਵੱਡਾ ਕੰਮ ਕਰ  ਸਕਦਾ ਹੈ। ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀਆਂ ਸਾਰੀਆਂ ਗਿਆਨ ਇੰਦ੍ਰੀਆਂ ਨੂੰ ਕੇਂਦ੍ਰਿਤ ਕਰੋ। ਆਪਣੀਆਂ ਸ਼ਕਤੀਆਂ ਨੂੰ ਇਕੱਠਾ ਕਰਦੇ ਹੋਏ ਕੇਵਲ ਤੇ ਕੇਵਲ ਜਿੱਤ ਦਾ ਧਿਆਨ ਧਰਦੇ ਹੋਏ ਕਿਸੇ ਵੀ ਕੰਮ ਨੂੰ ਪੱਕੇ ਪੈਰੀਂ ਸ਼ੁਰੂ ਕਰੋ। ਤੁਹਾਡੇ ਅੰਦਰ ਸਵੈ ਵਿਸ਼ਵਾਸ ਹੋਣਾ ਚਾਹੀਦਾ ਹੈ। ਜੇ ਜਿੱਤ ਪ੍ਰਤੀ ਤੁਹਾਡੇ ਅੰਦਰ ਜਰਾ ਜਿੰਨ੍ਹਾਂ ਵੀ ਸ਼ੰਕਾ ਪੈਦਾ ਹੋ ਗਿਆ ਤਾਂ ਤੁਹਾਡੀ ਸਫਲਤਾ ਖਤਰੇ ਵਿਚ ਪੈ ਜਾਵੇਗੀ। ਤੁਹਾਡੀ ਮੰਜ਼ਿਲ ਤੁਹਾਡੇ ਤੋਂ ਦੂਰ ਹੁੰਦੀ ਜਾਵੇਗੀ।
ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੇਵਲ ਸੁਪਨੇ ਦੇਖਣ ਨਾਲ ਹੀ ਮੰਜ਼ਿਲ ਨਹੀਂ ਮਿਲ ਜਾਂਦੀ । ਸਾਡੇ ਪੁਰਵ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਲਿਖਦੇ ਹਨ ਕਿ—" ਸੁਪਨਾ ਉਹ ਨਹੀਂ ਹੁੰਦਾ ਜੋ ਨੀਂਦ ਵਿਚ ਲਿਆ ਜਾਵੇ। ਸੁਪਨਾ ਉਹ ਹੁੰਦਾ ਹੈ ਜੋ ਤੁਹਾਨੂੰ ਨੀਂਦ ਹੀ ਨਾ ਆਉਣ ਦੇਵੇ।" ਇਸਦਾ ਸਪਸ਼ਟ ਭਾਵ ਇਹ ਹੈ ਕਿ ਕੇਵਲ ਚੰਗੇ ਉਸਾਰੂ ਸੁਪਨੇ ਹੀ ਨਾ ਲਓ। ਸਗੋਂ ਉਨ੍ਹਾਂ ਦੀ ਪੂਰਤੀ ਲਈ ਤੁਸੀਂ ਦਿਨ ਰਾਤ ਡਟ ਜਾਓ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਤੁਹਾਡੇ ਲਈ ਦਿਨ ਅਤੇ ਰਾਤ ਦਾ ਫਰਕ ਹੀ ਨਹੀਂ ਰਹਿਣਾ ਚਾਹੀਦਾ।ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਤੁਹਾਨੂੰ ਸੁੱਖ ਅਰਾਮ ਦੀ ਚਿੰਤਾ ਨਹੀਂ ਹੋਣੀ ਚਾਹੀਦੀ। ਤੁਹਾਡੇ ਸਾਹਮਣੇ ਕੇਵਲ ਅਤੇ ਕੇਵਲ ਤੁਹਾਡੀ ਮੰਜ਼ਿਲ ਹੋਣੀ ਚਾਹੀਦੀ ਹੈ।ਸਾਧਨ ਅਤੇ ਰਸਤੇ ਆਪਣੇ ਆਪ ਬਣਦੇ ਜਾਣਗੇ। ਤੁਹਾਡੀ ਮੇਹਨਤ ਨਾਲ ਅੱਗੇ ਵਧਦੇ ਕਦਮਾਂ ਨੂੰ ਮੰਜ਼ਿਲ ਸਾਫ ਨਜਰ ਆਉਂਦੀ ਜਾਵੇਗੀ। ਕੋਈ ਦਰਿਆ, ਕੋਈ ਤੁਫਾਨ, ਕੋਈ ਪਹਾੜ ਤੁਹਾਡਾ ਰਸਤਾ ਨਹੀਂ ਰੋਕ ਸਕੇਗਾ। ਸਭ ਆਪਣੇ ਆਪ ਤੁਹਾਨੂੰ ਰਸਤਾ ਦਿੰਦੇ ਜਾਣਗੇ।
੧੮੨੩ ਈਸਵੀ ਨੂੰ ਜਦ ਸ਼ਹਿਜਾਦਾ ਸ਼ੇਰ ਸਿੰਘ ਅਤੇ ਹਰੀ ਸਿੰਘ ਨਲੂਵੇ ਨੂੰ ਜਹਾਂਗੀਰਾਂ ਦੇ ਕਿਲੇ ਵਿਚ ਆਜ਼ਮ ਖਾਂ ਤੇ ਉਸਦੇ ਭਰਾਵਾਂ ਦੋਸਤ ਮੁਹੰਮਦ ਖਾਂ ਅਤੇ ਜਾਬਰ ਖਾਂ ਦੀਆਂ ਫੌਜਾਂ ਨੂੰ ਘੇਰ ਲਿਆ ਸੀ ਤਾਂ ਘਮਸਾਨ ਦਾ ਯੁੱਧ ਹੋ ਰਿਹਾ ਸੀ। ਸਿੰਘਾਂ ਨੂੰ ਮਦਦ ਦੀ ਲੋੜ ਸੀ। ਇੱਧਰੋਂ ਮਹਾਰਾਜਾ ਰਣਜੀਤ ਸਿੰਘ ਆਪ ਫੌਜਾਂ ਨੂੰ ਲੈ ਕੇ ਉਨ੍ਹਾਂ ਦੀ ਮਦਦ ਲਈ ਪਹੁੰਚੇ ਉਨ੍ਹਾਂ ਦੇ ਮਨ ਵਿਚ ਇਹ ਨਹੀਂ ਆਇਆ ਕਿ ਮੈਂ ਯੁੱਧ ਵਿਚ ਮਾਰਿਆ ਵੀ ਜਾ ਸਕਦਾ ਹਾਂ ਇਸ ਲਈ ਮੈਂ ਮਹਿਲਾਂ ਵਿਚ ਸੁਰੱਖਿਅਤ ਬੈਠਾ ਰਹਾਂ ਤੇ ਜੰਗ ਦੀ ਕਮਾਨ ਕਿਸੇ ਹੋਰ ਜਰਨੈਲ ਦੇ ਹਵਾਲੇ ਕਰ ਦਿਆਂ। ਉਹ ਆਪ ਤਲਵਾਰ ਲੈ ਕੇ ਜੰਗ ਦੇ ਮੈਦਾਨ ਵਿਚ ਉਤਰੇ। ਜਦ ਅਟਕ ਦਰਿਆ ਕੋਲ ਪਹੁੰਚੇ ਤਾਂ ਦੇਖਿਆ ਕਿ ਦੁਸ਼ਮਣਾ ਨੇ ਅਟਕ ਦਾ ਪੁੱਲ ਤੋੜ ਦਿੱਤਾ ਸੀ ਤਾਂ ਕਿ ਸਿੰਘਾਂ ਨੂੰ ਹੋਰ ਮਦਦ ਨਾ ਪਹੁੰਚ ਸਕੇ।ਅਟਕ ਦਰਿਆ ਵਿਚ ਉਸ ਸਮਂੇ ਹੱੜ ਆਇਆ ਹੋਇਆ ਸੀ। ਉਸਨੂੰ ਪਾਰ ਕਰਨਾ ਔਖਾ ਸੀ। ਜਾਨ ਦਾ ਖਤਰਾ ਸੀ। ਜੇ ਥੋੜ੍ਹੀ ਦੇਰ ਰੁਕ ਕੇ ਹੜ ਦਾ ਪਾਣੀ ਨਿਕਲ ਜਾਣ ਦਿੱਤਾ ਜਾਂਦਾ ਤਾਂ ਦਰਿਆ ਪਾਰ ਕਰਨਾ ਸੌਖਾ ਹੋ ਜਾਣਾ ਸੀ। ਪਰ ਕੁਝ ਦੇਰ ਰੁਕਣ ਨਾਲ ਜੰਗ ਦਾ ਨਤੀਜਾ ਬਦਲ ਜਾਣਾ ਸੀ। ਅੱਜ ਸਿੱਖਾਂ ਦਾ ਇਤਿਹਾਸ ਕੁਝ ਹੋਰ ਹੋਣਾ ਸੀ।ਮਹਾਰਾਜਾ ਰਣਜੀਤ ਸਿੰਘ ਨੇ ਮੌਤ ਦੀ ਪਰਵਾਹ ਨਾ ਕੀਤੀ ਅਤੇ ਆਪਣਾ ਘੋੜਾ ਛਲਕਦੇ ਹੋਏ ਅਟਕ ਦਰਿਆ ਵਿਚ ਠੇਲ੍ਹ ਦਿੱਤਾ। ਮਹਾਰਾਜੇ ਦੀ ਦਲੇਰੀ ਦੇਖ ਕੇ ਸਾਰੀਆਂ ਫੌਜਾਂ ਵੀ ਉਸੇ ਜੋਸ਼ ਵਿਚ ਦਰਿਆ ਪਾਰ ਕਰ ਗਈਆਂ। ਮਹਾਰਾਜ ਰਣਜੀਤ ਸਿੰਘ ਨੇ ਕਿਹਾ ਕਿ ਅਟਕ ਦਰਿਆ ਆਪ ਉਸੇ ਦੇ ਰਸਤੇ ਵਿਚ ਅਟਕ ਪਾਉਂਦਾ ਹੈ ਜੋ ਆਪ ਅਟਕਦਾ ਹੈ ਅਤੇ ਦੁਚਿੱਤੀ ਵਿਚ ਪੈਂਦਾ ਹੈ।ਸਾਡੇ ਸਾਹਮਣੇ ਅਟਕ, ਅਟਕਾ ਨਹੀਂ ਪਾ ਸਕਦਾ। ਇਸ ਜਿੱਤ ਨਾਲ ਸਾਰੀ ਕੌਮ ਦਾ ਨਾਮ ਉੱਚਾ ਹੋਇਆ। ਇਸਤੇ ਸਾਰੀ ਕੌਮ ਨੂੰ ਮਾਣ ਹੈ।
ਅੱਜ ਅਸੀਂ ਇਸ ਸੁਪਨਮਈ ਰੰਗੀਲੇ ਸੰਸਾਰ ਵਿਚ ਅੱਖਾਂ ਖੋਲ੍ਹ ਕੇ ਦੇਖੀਏ ਤਾਂ ਸਾਡੀ ਅਕਲ ਹੈਰਾਨ ਰਹਿ ਜਾਂਦੀ ਹੈ। ਕੁਦਰਤ ਦੀਆਂ ਅਨੇਕ ਦਾਤਾਂ ਦੇ ਨਾਲ ਸਾਡੇ ਪਾਸ ਜੋ ਵੀ ਸੁੱਖ ਸਹੂਲਤਾਂ ਹਨ ਇਹ ਸਭ ਮਿਹਨਤੀ ਇਨਸਾਨਾਂ ਦੀਆਂ ਕਠਿਨ ਘਾਲਣਾ ਦਾ ਸਦਕਾ ਹੀ ਹਨ। ਇਹ ਜੋ ਅਸੀਂ ਦਿਹਾੜੀ ਵਿਚ ਤਿੰਨ ਡੰਗ ਦੀ ਰੋਟੀ ਖਾਂਦੇ ਹਾਂ ਇਸ ਅਨਾਜ ਨੂੰ ਪੈਦਾ ਕਰਨ ਲਈ ਇਕ ਕਿਸਾਨ ਦੀ ਅਣਥੱਕ ਮਿਹਨਤ ਲੱਗੀ ਹੋਈ ਹੈ। ਕਿਵੇਂ ਪਹਿਲਾਂ ਕਿਸਾਨ ਜਮੀਨ ਪੱਧਰੀ ਕਰਦਾ ਹੈ ! ਫਿਰ ਉਸ ਵਿਚ ਹੱਲ ਚਲਾਉਂਦਾ ਹੈ। ਉਸ ਉੱਤੇ ਸੁਹਾਗਾ ਫੇਰਦਾ ਹੈ। ਫਿਰ ਉਸ ਵਿਚ ਬੀਜ ਬੀਜਦਾ ਹੈ। ਉਸਨੂੰ ਪਾਣੀ ਲਾਉਂਦਾ ਹੈ ਅਤੇ ਖਾਦ ਪਾਉਂਦਾ ਹੈ। ਫਿਰ ਕਿਧਰੇ ਜਾ ਕੇ ਬੀਜ ਧਰਤੀ ਤੇ ਪੁਘੰਰਦਾ ਹੈ। ਪੁੰਘਰਦੇ ਹੋਏ ਬੀਜ ਨੂੰ ਦੇਖ ਕੇ ਕਿਸਾਨ ਨੂੰ ਖੁਸ਼ੀ ਮਿਲਦੀ ਹੈ। ਜਦ ਬੂਟੇ ਛੋਟੇ ਛੋਟੇ ਹੁੰਦੇ ਹਨ ਤਾਂ ਉਨ੍ਹਾਂ ਦੀ ਗੋਡੀ ਕਰਦਾ ਹੈ। ਉਨ੍ਹਾਂ ਵਿਚੋਂ ਘਾਹ ਫੂਸ ਕੱਢਦਾ ਹੈ। ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਂਦਾ ਹੈ। ਅੰਤ ਅਣਥੱਕ ਘਾਲਣਾ ਨਾਲ ਫਸਲ ਪੱਕ ਕੇ ਤਿਆਰ ਹੁੰਦੀ ਹੈ। ਫਿਰ ਵੀ ਉੱਪਰੋਂ ਮੀਂਹ ਹਨੇਰੀ ਦਾ ਡਰ ਬਣਿਆ ਰਹਿੰਦਾ ਹੈ। ਜਦ ਫਸਲ ਮੰਡੀ ਵਿਚ ਪਹੁੰਚਦੀ ਹੈ ਤਾਂ aੁੱਥੇ ਵੀ ਸੌ ਕੁੱਤੇ ਬਿੱਲੇ ਅਤੇ ਠੱਗ ਉਸਨੂੰ ਲੁੱਟਣ ਨੂੰ ਤਿਆਰ ਖੜ੍ਹੇ ਹੁੰਦੇ ਹਨ। ਕਿਸਾਨ ਦੀ ਹੱਡ ਤੋੜਵੀਂ ਮਿਹਨਤ ਦਾ ਸ਼ਾਇਦ ਉਸਨੂੰ ਪੂਰਾ ਮੁੱਲ ਵੀ ਨਹੀਂ ਮਿਲਦਾ ਪਰ ਜਦ ਸਾਡੇ ਪਾਸ ਇਹ ਅਨਾਜ ਪੁੱਜਦਾ ਹੈ ਤਾਂ ਅਸੀਂ ਇਸਨੂੰ ਮਸਾਲੇ ਅਤੇ ਘੀ ਪਾ ਕੇ ਬੇਹੱਦ ਸਵਾਦਿਸ਼ਟ ਭੋਜਨ ਤਿਆਰ ਕਰਦੇ ਹਾਂ ਅਤੇ ਆਪਣਾ ਪੇਟ ਭਰਦੇ ਹਾਂ। ਇਸੇ ਲਈ ਕਿਸਾਨ ਦੇਸ਼ ਦਾ ਅੰਨ ਦਾਤਾ ਕਿਹਾ ਜਾਂਦਾ ਹੈ। ਪਰ ਅਸੀਂ ਕਿਸਾਨ ਦੀ ਮਿਹਨਤ ਨੂੰ ਭੁੱਲ ਜਾਂਦੇ ਹਾਂ।
ਇੱਥੇ ਹੀ ਬੱਸ ਨਹੀਂ ਜੇ ਅਸੀਂ ਅੱਜ ਦੂਜਿਆਂ ਸੁੱਖ ਸਾਧਨਾ ਬਾਰੇ ਸੋਚੀਏ ਤਾਂ ਸਾਨੂੰ ਇਨ੍ਹਾਂ ਨੂੰ ਪੈਦਾ ਕਰਨ ਵਾਲਿਆਂ ਦੀ ਕੁਰਬਾਨੀ ਅਤੇ ਮਿਹਨਤ ਦਾ ਪਤਾ ਲਗਦਾ ਹੈ। ਇਹ ਮਨਮੋਹਨਾ ਸੰਸਾਰ ਇਕ ਦਿਨ ਵਿਚ ਹੀ ਹੋਂਦ ਵਿਚ ਨਹੀਂ ਆ ਗਿਆ। ਇਸ ਪਿੱਛੇ ਲੱਖਾਂ ਕਰੋੜਾਂ ਕਰਮਯੋਗੀਆਂ ਦੀ ਮਿਹਨਤ ਲੱਗੀ ਹੋਈ ਹੈ। ਜਦ ਇਹ ਦੁਨੀਆਂ ਪੈਦਾ ਹੋਈ ਤਾਂ ਇਸ ਰੂਪ ਵਿਚ ਨਹੀਂ ਸੀ ਜਿਸ ਰੂਪ ਵਿਚ ਅੱਜ ਅਸੀਂ ਦੇਖ ਰਹੇ ਹਾਂ। ਅੱਜ ਮਨੁੱਖ ਨੇ ਧਰਤੀ ਤੇ ਆਪਣਾ ਹੀ ਇਕ ਸਵਰਗ ਰਚਿਆ ਹੋਇਆ ਹੈ। ਸਾਡੇ ਪਾਸ ਅੱਜ ਸਭ ਸੁੱਖ ਸਹੂਲਤਾਂ ਹਨ। ਜੇ ਅਸੀਂ ਮੁਢਲੀ ਦੁਨੀਆਂ ਤੇ ਨਜਰ ਮਾਰੀਏ ਤਾਂ ਸ਼ਾਇਦ ਸਾਨੂੰ ਕੁਝ ਅਹਿਸਾਸ ਹੋਵੇ ਕਿ ਸਾਨੂੰ ਉੱਥੋਂ ਲੈ ਕੇ ਅੱਜ ਤੱਕ ਦੇ ਸਥਾਨ ਤੇ ਪਹੁੰਚਣ ਲਈ ਕਿੰਨੀ ਮਿਹਨਤ ਹੋਈ ਹੈ। ਕਿਤਨੀਆਂ ਜਾਨਾਂ ਗਈਆਂ ਹਨ ਤਾਂ ਅਸੀਂ ਉਦੋਂ ਤੋਂ ਅੱਜ ਤੱਕ ਦਾ ਸਫਰ ਤੈਅ ਕੀਤਾ ਹੈ।
ਦੁਨੀਆਂ ਦੇ ਮੁਢਲੇ ਯੁਗ ਨੂੰ ਪੱਥਰ ਯੁਗ ਕਿਹਾ ਜਾਂਦਾ ਹੈ। ਇਹ ਹੈ ਵੀ ਠੀਕ। ਉਦੋਂ ਦਾ ਮਨੁੱਖ ਆਦਿ ਵਾਸੀ ਸੀ। ਪੱਥਰਾਂ ਨਾਲ ਹੀ ਉਸ ਦਾ ਪਾਲਾ ਸੀ। ਉਸਦੀ ਜ਼ਿੰਦਗੀ ਖਤਰਿਆਂ ਭਰੀ ਸੀ। ਇਕ ਪਾਸੇ ਉਸਨੂੰ ਕੁਦਰਤੀ ਹਨੇਰੀਆਂ, ਤੁਫਾਨਾਂ ਅਤੇ ਬਾਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਦੂਜੇ ਪਾਸੇ ਜੰਗਲੀ ਜਾਨਵਰ ਸ਼ੇਰ, ਚੀਤੇ ਅਤੇ ਬਘਿਆੜ ਉਸਨੂੰ ਨਿਗਲਨ ਲਈ ਹਰ ਸਮੇਂ ਮੂੰਹ ਅੱਡੀ ਖੜ੍ਹੇ ਰਹਿੰਦੇ ਸਨ।ਉਸ ਸਮਂੇ ਮਨੁੱਖ ਕੋਲ ਨਾ ਸਿਰ ਲੁਕਾਉਣ ਲਈ ਛੱਤ ਸੀ , ਨਾ ਤਨ ਢੱਕਨ ਲਈ ਕੱੱਪੜਾ ਅਤੇ ਨਾ ਹੀ ਪੇਟ ਭਰਨ ਲਈ ਕੋਈ ਭੋਜਨ ਸੀ। ਪੇਟ ਭਰਨ ਲਈ ਉਸਨੂੰ ਛੋਟੇ ਮੋਟੇ ਜਾਨਵਰਾਂ ਦੇ ਆਸਰੇ ਹੀ ਰਹਿਣਾ ਪੈਂਦਾ ਸੀ। ਭੋਜਨ ਨੂੰ ਪਕਾਉਣ ਲਈ ਉਸ ਪਾਸ ਅੱਗ ਵੀ ਨਹੀਂ ਸੀ ਇਸ ਲਈ ਕੱਚਾ ਮੀਟ ਖਾ ਕੇ ਹੀ ਪੇਟ ਦੀ ਅੱਗ ਨੂੰ ਝੁਲਸਣਾ ਪੈਂਦਾ ਸੀ। ਜਦ ਮਨੁੱਖ ਨੂੰ ਕੁਝ ਸਮਝ ਆਈ ਤਾਂ ਉਸਨੇ ਜੰਗਲੀ ਕੰਦ ਮੂਲ ਦਾ ਸਵਾਦ ਚੱਖਿਆ। ਪਤਾ ਨਹੀਂ ਇਹ ਸਿਲਸਿਲਾ ਕਿਤਨੇ ਸਾਲ ਚਲਦਾ ਰਿਹਾ? ਜਦ ਮਨੁੱਖ ਨੇ ਪੱਥਰ ਨਾਲ ਪੱਥਰ ਰਗੜ ਕੇ ਅੱਗ ਪੈਦਾ ਕੀਤੀ ਤਾਂ ਭੋਜਨ ਨੂੰ ਕੁਝ ਪਕਾ ਕੇ ਖਾਣਾ ਸ਼ੁਰੂ ਕੀਤਾ। ਜਦ ਮਨੁੱਖ ਨੂੰ ਜੰਗਲੀ ਫਲਾਂ ਦੇ ਸੁਆਦ ਦਾ ਪਤਾ ਲੱਗਾ ਤਾਂ ਉਸਦੇ ਮਨ ਵਿਚ ਖੁਦ ਖੇਤੀ ਕਰਨ ਦਾ ਵਿਚਾਰ ਆਇਆ। ਜਰਾ ਸੋਚੋ ਜਦ ਮਨੁੱਖ ਨੇ ਪਹਿਲੀ ਵਾਰੀ ਆਪਣੀ ਪੈਦਾ ਕੀਤੀ ਹੋਈ ਫਸਲ ਦਾ ਭੋਜਨ ਕੀਤਾ ਹੋਵੇਗਾ ਤਾਂ ਉਸਨੂੰ ਕਿਤਨਾ ਅਨੰਦ ਆਇਆ ਹੋਵੇਗਾ।ਇਹ ਉਸਦੀ ਮਿਹਨਤ ਦਾ ਅੰਮ੍ਰਿਤ ਫਲ ਹੀ ਤਾਂ ਸੀ।
ਅੱਜ ਅਸੀਂ ਆਪਣੀ ਕਰੋੜਾਂ ਅਰਬਾਂ ਰੁਪਇਆਂ ਦੀ ਪੂੰਜੀ ਇਕ ਛੋਟੇ ਜਹੇ ਤਾਲੇ ਦੇ ਸਹਾਰੇ ਤੇ ਛੱਡ ਕੇ ਬੇਫਿਕਰ ਹੋ ਜਾਂਦੇ ਹਾਂ। ਪਰ ਇਸ ਤਾਲੇ ਦਾ ਮੁਢਲਾ ਰੂਪ ਵੀ ਪੱਥਰ ਯੁੱਗ ਵਿਚ ਹੋਂਦ ਵਿਚ ਆ ਗਿਆ ਹੋਣਾ ਹੈ। ਜਦ ਆਦਿ ਮਨੁੱਖ ਨੇ ਵੀ ਥੋੜ੍ਹੀ ਜਹੀ ਪੂੰਜੀ ਬਣਾ ਲਈ ਭਾਵ ਆਪਣੇ ਭਵਿਖ ਲਈ ਕੁਝ ਅਨਾਜ ਅਤੇ ਭੋਜਨ ਇਕੱਠਾ ਕਰ ਲਿਆ ਤਾਂ ਉਸਦੇ ਮਨ ਵਿਚ ਇਸਨੂੰ ਚੋਰਾਂ ਅਤੇ ਜਾਨਵਰਾਂ ਤੋਂ ਬਚਾਉਣ ਦਾ ਵਿਚਾਰ ਆਇਆ ਹੋਣਾ ਹੈ। ਉਸਨੇ ਆਪਣੀਆਂ ਗੁਫਾਵਾਂ ਅਤੇ ਝੁੱਗੀਆਂ ਨੂੰ ਪਹਿਲਾਂ ਦਰਵਾਜੇ ਲਾਏ ਹੋਣੇ ਹਨ ਫਿਰ ਤਾਲੇ ਵਰਗੇ ਕਿਸੇ ਆਲੇ ਦਾ ਅਵਿਸ਼ਕਾਰ ਕੀਤਾ ਹੋਣਾ ਹੈ। ਜਿਸ ਦਾ ਸੁਧਰਿਆ ਹੋਇਆ ਰੂਪ ਅੱਜ ਕੱਲ ਸਾਡੇ ਪਾਸ ਪੁੱਜਾ ਹੈ। ਹੁਣ ਤਾਂ ਚਾਬੀ ਵਾਲੇ ਤਾਲੇ ਤੋਂ ਵੀ ਅਸੀਂ ਕਿਤੇ ਅੱਗੇ ਲੰਘ ਆਏ ਹਾਂ। ਸਾਡੇ ਪਾਸ ਕੰਪਿਉਟਰਾਈਜਡ ਅਤੇ ਇਲੈਕਟ੍ਰਾਨਿਕ ਤਾਲੇ ਆ ਗਏ ਹਨ ਜਿਨਾਂ ਨਾਲ ਅਸੀਂ ਆਪਣੇ ਕੀਮਤੀ ਧਨ ਅਤੇ ਰਿਕਾਰਡ ਨੂੰ ਬੇਹੱਦ ਸੁਰਖਿਅਤ ਸਮਝਦੇ ਹਾਂ।
ਜਦ ਆਦਿ ਵਾਸੀ ਮਨੁੱਖ ਪਾਸ ਕੁਝ ਸੰਪਤੀ ਅਤੇ ਸਮਾਨ ਇੱਕਠਾ ਹੋ ਗਿਆ ਹੋਣਾ ਹੈ ਤਾਂ ਉਸ ਨੂੰ ਇਸ ਭਾਰ ਨੂੰ ਇੱਧਰੋਂ ਉੱਧਰ ਲਿਜਾਣ ਦੀ ਕਠਿਨਾਈ ਪੈਦਾ ਹੋਈ ਹੋਣੀ ਹੈ। ਉਸਨੇ ਪਹਿਲਾਂ ਜਾਨਵਰਾਂ ਤੋਂ ਭਾਰ ਢੋਣ ਦਾ ਕੰਮ ਲਿਆ ਹੋਵੇਗਾ। ਫਿਰ ਮਨੁੱਖ ਨੇ ਚੱਕੇ ਦਾ ਅਵਿਸ਼ਕਾਰ ਕੀਤਾ ਹੋਵੇਗਾ। ਇਸ ਨਾਲ ਤਾਂ ਆਦਿ ਮਨੁੱਖ ਦੀ ਜ਼ਿੰਦਗੀ ਹੀ ਬਦਲ ਗਈ। ਉਸਦੀ ਜਿੰਦਗੀ ਵਿਚ ਇਕ ਕ੍ਰਾਂਤੀ ਆ ਗਈ। ਉਸ ਦੀ ਜ਼ਿੰਦਗੀ ਅੱਗੇ ਨਾਲੋਂ ਬਹੁਤ ਸੌਖੀ ਹੋ ਗਈ। ਅੱਗੇ ਚਲਕੇ ਇਸੇ ਚੱਕੇ ਨਾਲ ਹੀ ਸਾਰੀ ਮਸ਼ੀਨਰੀ ਅਤੇ ਕਾਰਖਾਨੇ ਹੋਂਦ ਵਿਚ ਆਏ। ਚੱਕੇ ਤੋਂ ਸ਼ੁਰੂ ਹੋ ਕਿ ਮਨੁੱਖ ਨੇ ਬਹੁਤ ਤਰੱਕੀ ਕੀਤੀ। ਪਹਿਲਾਂ ਗੱਡੇ ਬਣੇ, ਫਿਰ ਸਾਈਕਲ, ਸਕੂਟਰ, ਕਾਰਾਂ ਤੇ ਹਵਾਈ ਜਹਾਜ ਆਦਿ ਬਣੇ। ਸਾਰਾ ਸਮਾਂ ਹੀ ਇਕ ਚੱਕੇ ਦੀ ਤਰ੍ਹਾਂ ਘੁੱਮਣ ਲੱਗਾ। ਅੱਜ ਸਾਨੂੰ ਦਿਨ, ਰਾਤ , ਪ੍ਰਿਥਵੀ ਅਤੇ ਸੂਰਜ, ਚੰਨ ਆਦਿ ਇਕ ਚੱਕਰ ਅਨੁਸਾਰ ਹੀ ਘੁੰਮਦੇ ਮਹਿਸੂਸ ਹੁੰਦੇ ਹਨ। ਅਸੀਂ ਰਾਤੀਂ ਸੋਂਦੇ ਹਾਂ ਅਤੇ ਸਵੇਰੇ ਉੱਠਦੇ ਹਾਂ। ਸਾਰਾ ਦਿਨ ਕੰਮ ਕਰਦੇ ਹਾਂ ਫਿਰ ਰਾਤ ਪੈ ਜਾਂਦੀ ਹੈ। ਫਿਰ ਸਵੇਰੇ aੁੱਠਦੇ ਹਾਂ। ਇਹ ਸਾਰਾ ਜ਼ਿੰਦਗੀ ਦਾ ਇਕ ਚੱਕਰ ਹੀ ਤਾਂ ਹੈ।
ਇੱਥੇ ਹੀ ਬੱਸ ਨਹੀਂ ਅੱਜ ਅਸੀਂ ਜ਼ਿੰਦਗੀ ਵਿਚ ਜਿੱਧਰ ਵੀ ਨਜਰ ਮਾਰੀਏ ਸਾਡੇ ਸੁੱਖਾਂ ਦੇ ਸਾਧਨ ਖਿਲਰੇ ਪਏ ਹਨ। ਜਿਵੇਂ ਸਮਾਂ ਦੱਸਣ ਲਈ ਘੜੀ, ਰੌਸ਼ਨੀ ਲਈ ਬਿਜਲੀ ਅਤੇ ਬਲਬ ਆਦਿ। ਇਸੇ ਤਰਾਂ ਫਰਿੱਜ, ਟੈਲੀਵਿਜਨ, ਟੈਲੀਫੂਨ, ਮੁਬਾਇਲ, ਸਕੂਟਰ, ਕਾਰਾਂ, ਹਵਾਈ ਜਹਾਜ, ਕੰਪਿਉਟਰ, ਵੱਡੀਆਂ ਮਸ਼ੀਨਾਂ ਆਦਿ ਸਭ ਸਾਡੇ ਸੁੱਖਾਂ ਲਈ ਹੀ ਤਾਂ ਹਨ। ਇਕ ਛੋਟੀ ਤੋਂ ਛੋਟੀ ਚੀਜ ਜਿਵੇਂ ਕੱਪੜੇ ਸਿਉਣ ਵਾਲੀ ਸੂਈ ਹੀ ਲੈ ਲਓ, ਇਸਦੀ ਸਿਰਜਨਾ ਲਈ ਕਿਸੇ ਮਨੁੱਖ ਦਾ ਸਮਾਂ ਤੇ ਮਿਹਨਤ ਲੱਗੀ ਹੋਈ ਹੈ। ਇਨ੍ਹਾਂ ਵਸਤੂਆਂ ਤੋਂ ਬਿਨ੍ਹਾਂ ਅੱਜ ਸਾਨੂੰ ਆਪਣੀ ਹੋਂਦ ਹੀ ਮੁਸ਼ਕਿਲ ਜਾਪਦੀ ਹੈ। ਪਰ ਅੱਜ ਅਸੀਂ ਇਨ੍ਹਾਂ ਵਸਤੂਆਂ ਨੂੰ ਬਣਾਉਣ ਵਾਲਿਆਂ ਦੇ ਨਾਮ ਵੀ ਭੁੱਲਦੇ ਜਾ ਰਹੇ ਹਾਂ। ਜਿਨ੍ਹਾਂ ਵਿਅਕਤੀਆਂ ਨੇ ਇਨ੍ਹਾਂ ਵਸਤੂਆਂ ਨੂੰ ਹੋਂਦ ਵਿਚ ਲਿਆਉਣ ਲਈ ਅਨੇਕ ਘਾਲਨਾ ਘਾਲੀਆਂ ਹਨ ਸਾਨੂੰ ਉਨ੍ਹਾਂ ਦਾ ਸ਼ੁਕਰਗੁਜਾਰ ਜਰੂਰ ਹੋਣਾ ਚਾਹੀਦਾ ਹੈ।ਜੇ ਹਿੰਮਤੀ ਬੰਦਿਆਂ ਨੇ ਮਿਹਨਤ ਨਾ ਕੀਤੀ ਹੁੰਦੀ ਤਾਂ ਅੱਜ ਵੀ ਅਸੀਂ ਪੱਥਰ ਯੁਗ ਵਿਚ ਹੀ ਹੋਣਾ ਸੀ ਅਤੇ ਅੱਜ ਦੇ ਸਵਰਗਮਈ ਸੰਸਾਰ ਦੀ ਇਹ ਤਸਵੀਰ ਕਿਧਰੇ ਨਜਰ ਨਹੀਂ ਸੀ ਆਉਣੀ। ਉਨ੍ਹਾਂ ਮਹਾਨ ਵਿਅਕਤੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਸਾਨੂੰ ਵੀ ਅੱਜ ਹੀ ਉਸਾਰੂ ਕੰਮਾਂ ਵਿਚ ਰੁੱਝ ਜਾਣਾ ਚਾਹੀਦਾ ਹੈ।ਸਾਨੂੰ ਜ਼ਿੰਦਗੀ ਵਿਚ ਕਰਮਯੋਗੀ ਬਣਨਾ ਚਾਹੀਦਾ ਹੈ। ਸਾਡੀ ਮਿਹਨਤ ਕਦੀ ਜਾਇਆ ਨਹੀਂ ਜਏਗੀ।ਜੋ ਅਸੀਂ ਚੰਗਾ ਕੰਮ ਕਰਾਂਗੇ ਉਸਦਾ ਫਲ ਵੀ ਪਾਵਾਂਗੇ। ਸਾਡੀ ਆਪਣੀ ਜ਼ਿੰਦਗੀ ਸੁਖਮਈ, ਸ਼ਾਂਤ ਅਤੇ ਖੁਸ਼ਹਾਲ ਹੋਵੇਗੀ ਅਤੇ ਅਸੀਂ ਦੁਨੀਆਂ ਦੀ ਸੁੰਦਰਤਾ ਅਤੇ ਸੁੱਖਾਂ ਵਿਚ ਵੀ ਵਾਧਾ ਕਰਾਂਗੇ। ਅਸੀਂ ਸਹੀ ਅਰਥਾਂ ਵਿਚ ਮਨੁੱਖ ਹੋਣ ਦਾ ਮੁੱਲ ਚੁਕਾ ਸਕਾਂਗੇ।