ਮੈਂ ਆਪਣੇ ਹੀ ਉਧੇੜ-ਬੁਣ ਵਿੱਚ ਸਾਇਕਲ ਤੇ ਜਾ ਰਿਹਾ ਸੀ।ਰਸਤੇ ਵਿੱਚ ਇੱਕ ਬਜ਼ੁਰਗ ਔਰਤ ਜਾਂਦੀ ਹੋਈ ਮਿਲੀ।ਮੈਂਨੂੰ ਉਹ ਕੁੱਝ ਬਿਮਾਰ ਜਿਹੇ ਜਾਪੇ। ਇਸ ਲਈ ਮੈਂ ਉਹਨਾਂ ਦੇ ਕੋਲ ਜਾ ਕੇ ਸਾਇਕਲ ਰੋਕ ਕੇ ਪੁੱਛਿਆ , “ ਮਾਤਾ ਜੀ ਕਿੱਥੇ ਜਾਣਾ ?” ਉਸ ਨੇ ਮੇਰੇ ਵੱਲ ਦੇਖ ਕੇ ਕਿਹਾ , “ ਪੁੱਤ ਆਹ ਨਾਲ ਦੇ ਪਿਂਡ ਹੀ ਜਾਣੈ ”।ਮੈਂ ਕੁੱਝ ਤਰਸ ਕਰਦਿਆਂ ਉਹਨਾਂ ਨੂੰ ਆਪਣੇ ਸਾਇਕਲ ਤੇ ਬਿਠਾ ਲਿਆ ।ਮਾਤਾ ਜੀ ਕਿੱਥੋਂ ਆਏ ਹੋ ? ਮੈਂ ਗੱਲ ਤੋਰਨ ਦੇ ਲਿਹਾਜ਼ ਨਾਲ ਪੁੱਛਿਆ, ਪੁੱਤ, ਬੁਖਾਰ ਚੜਦਾ ਸੀ ਕਈ ਦਿਨ ਦਾ ਸ਼ਹਿਰੋ ਦਵਾਈ ਲੈ ਕੇ ਆਈ ਹਾਂ।ਮੈਂ ਅਜੇ ਅੱਧ ਕੁ ਮੀਲ ਹੀ ਫਾਸਲਾ ਤਹਿ ਕੀਤਾ ਸੀ ਕਿ ਮੈਂਨੂੰ ਆਪਣੇ ਤਰਸ ਕਰਨ ਦੀ ਭਾਵਨਾ ਇਕ 'ਗਲਤੀ' ਵਿੱਚ ਬਦਲਦੀ ਲੱਗੀ। ਮਾਈ ਦਾ ਭਾਰ ਕੁੱਝ ਜਿਆਦਾ ਸੀ ਤੇ ਮੇਰੀਆਂ ਲੱਤਾਂ ਫੁੱਲਣ ਲੱਗੀਆਂ।ਪਰ ਜਲਦੀ ਹੀ ਕੁੱਝ ਭਲਾ ਕਰਨ ਦੀ ਮਨਸਾ ਨਾਲ ਕੁੱਝ 'ਕਸ਼ਟ' ਸਹਿਣ ਲਈ ਤਿਆਰ ਹੋ ਗਿਆ।
ਮੈਂ ਉਹਨਾਂ ਪੁੱਛਿਆ , ‘ ਮਾਤਾ ਜੀ ਘਰ ਵਿੱਚ ਕੋਈ ਨਹੀ ਜੋ ਤੁਹਾਨੂੰ ਇੱਕਲਿਆ ਨੂੰ ਇਸ ਤਰ੍ਹਾਂ ਆਉਣਾ ਪਿਆ।” ਉਸ ਨੇ ਇੱਕ ਲੰਬਾ ਜਿਹਾ ਸਾਹ ਲੈ ਕੇ ਕਿਹਾ , “ ਮੇਰਾ ਇੱਕ ਪੁੱਤਰ ਹੈ, ਇੱਕ ਪੋਤਾ ਦਸਵੀਂ ‘ਚ ਪੜ੍ਹਦਾ ਹੈ” ਫਿਰ ਤੁਸੀਂ ਉਹਨਾਂ ਕਿਉਂ ਨਹੀ ਕਿਹਾ ਕਿ ਤੁਹਾਨੂੰ ਇੱਥੋਂ ਆ ਕੇ ਲੈ ਜਾਣ।
ਉਸ ਨੇ ਇੱਕ ਲੰਬਾ ਜਿਹਾ ਸਾਹ ਲੈਦਿਆ ਕਿਹਾ, “ ਪੁੱਤ, ਮੇਰੇ ਪੰਜ ਪੁੱਤ ਸਨ । ਪਹਿਲਾਂ ਸਾਰਿਆਂ ਤੋਂ ਵੱਡੇ ਦੇ ਖੇਡਦੇ-ਖੇਡਦੇ ਦੇ ਸੱਪ ਲੜ ਗਿਆ, ਉਹ ਮਰ ਗਿਆ। ਫਿਰ ਜੁਆਨੀ ਪਹਿਰੇ ਮੇਰਾ ਦੂਸਰਾ ਪੁੱਤ ਜੋ ਕਿਸੇ ਨਾਲ ਸੀਰੀ ਰਲਿਆ ਹੋਇਆ ਸੀ, ਉਹ ਉਹਨਾਂ ਦੇ ਕੁੱਪ ਥੱਲੇ ਆ ਮਰ ਗਿਆ। ਤੀਜਾ ਵਿਆਹ ਹੋਣ ਤੋਂ ਚਾਰ ਕੁ ਮਹੀਨੇ ਬਾਅਦ ਖੂਹੀ ਵਿੱਚ ਛਾਲ ਮਾਰ ਕੇ ਮਰ ਗਿਆ। ਆ ਹੁਣ ਤਾਂ ਪੁੱਤ ਰੱਬ ਨੇ ਉਈਂ ਲੋਹੜਾ ਹੀ ਮਾਰ ਦਿੱਤਾ। ਮੇਰੇ ਨਾਲ ਜੱਗੋ ਤੇਰਵੀਂ ਹੀ ਹੋ ਗਈ। ਖਸ਼ਮਾਂ ਨੂੰ ਖਾਣੀ ਨੇ ਬਿਗਾਨੇ ਨਾਲ ਰਲ ਕੇ ਮੇਰੇ ਚੌਥੇ ਪੁੱਤ ਨੂੰ ਮਰਵਾ ਦਿੱਤਾ, ਹੁਣ ਆਪ ਜੇਲ੍ਹ ‘ਚ ਬੈਠੀ ਹੈ ਤੇ ਜੁਆਕ ਉਹਦੇ ਰੁਲਦੇ ਫਿਰਦੇ ਨੇ……।
ਇਸ ਕਰਕੇ ਪੁੱਤਰਾਂ……ਹੁਣ ਪੰਜਵੇਂ ਨੂੰ ਕੀ ਕਹਾ ? , ‘ਜੇ ਰੱਬ ਨੇ ਜ਼ਿੰਦਗੀ ਵਿੱਚ ਕੁੱਝ ਸੁੱਖ ਲਿਖਿਆ ਹੁੰਦਾ, ਤਾਂ ਉਹਨਾਂ ਚਾਰਾਂ ਨੂੰ ਨਾ ਸਲਾਮਤ ਰੱਖਦਾ ?”,
ਮੇਰੇ ਕੋਲ ਬੇਬੇ ਦੇ ਸਵਾਲ ਦਾ ਕੋਈ ਜੁਆਬ ਨਹੀ ਸੀ। ਹੁਣ ਮੈਨੂੰ ਲੱਗਿਆ ਜਿਵੇਂ ਉਹ ਭਾਰ ਜਿਸ ਨਾਲ ਮੇਰੀਆਂ ਲੱਤਾਂ ਫੁੱਲਣ ਲੱਗੀਆਂ ਸਨ, ਬੇਬ ਦਾ ਨਹੀ ਸਗੋਂ ਉਸ ਦੇ ਦੁੱਖਾਂ ਦਾ ਸੀ।