ਰੀਜ਼ੋਰਟ ਦੀ ਟਿੱਪ ਕਲਚਰ ਤੇ ਕਿਊਬਾ ਕਰੰਸੀ ਪੀਸੋ
ਥੱਲੇ ਵਾਲੇ ਕਮਰੇ ਅਤੇ ਉਪਰਲੇ ਕਮਰੇ ਵਿਚ ਬਹੁਤਾ ਫਰਕ ਤਾਂ ਨਹੀਂ ਸੀ ਪਰ ਦੋਹਾਂ ਕਮਰਿਆਂ ਜਿਨ੍ਹਾਂ ਵਿਚ ਸਾਡੇ ਲਈ ਡਬਲ ਬੈੱਡ ਲਗੇ ਹੋਏ ਸਨ, ਉਹਨਾਂ ਵਿਚ ਨਹਾਉਣ ਵਾਲੇ ਟੱਬ ਬੜੇ ਵਾਹ-ਹਯਾਤ ਸਨ। ਇਹ ਫਰਸ਼ ਤੋਂ ਕਾਫੀ ਉਚੇ ਬਣਾਏ ਹੋਏ ਸਨ ਅਤੇ ਇਨ੍ਹਾਂ ਉਤੇ ਚੜ੍ਹਨਾ ਵੀ ਔਖਾ ਸੀ ਅਤੇ ਬਾਹਰ ਨਿਕਲਣਾ ਵੀ। ਟੱਬ ਵਿਚ ਬੈਠਣਾ ਤੇ ਫਿਰ ਉਠਣਾ ਬਹੁਤ ਮੁਸ਼ਕਲ ਸੀ। ਸਾਈਡ ਤੇ ਕੋਈ ਸੁਪੋਰਟ ਨਹੀਂ ਲੱਗੀ ਹੋਈ ਸੀ। ਨਹਾ ਕੇ ਜਦ ਟੂਟੀ ਦਾ ਸਹਾਰਾ ਲੈ ਕੇ ਮੈਂ ਉਠਣ ਦੀ ਕੋਸ਼ਿਸ਼ ਕੀਤੀ ਪਰ ਉਠਿਆ ਨਹੀਂ ਜਾ ਰਿਹਾ ਸੀ। ਦਰਵਾਜ਼ਾ ਬੰਦ ਹੋਣ ਕਰ ਕੇ ਮੈਂ ਪ੍ਰਿ: ਪਾਖਰ ਸਿੰਘ ਨੂੰ ਉਠਾਉਣ ਵਿਚ ਮਦਦ ਕਰਨ ਲਈ ਆਵਾਜ਼ ਵੀ ਨਹੀਂ ਮਾਰ ਸਕਦਾ ਸਾਂ। ਬਾਥਰੂਮ ਦੇ ਕਰਟਨ ਨੂੰ ਫੜ ਕੇ ਉਠਣ ਲੱਗਾ ਤਾਂ ਕਰਟਨ ਥਲੇ ਆ ਡਿਗਾ। ਮੈਂ ਹੀ ਜਾਣਦਾ ਹਾਂ ਕਿ ਕਿੰਨੀ ਜ਼ਿਆਦਾ ਮੁਸ਼ਕਲ ਨਾਲ ਉਸ ਟੱਬ ਵਿਚੋਂ ਮੈਂ ਬਾਹਰ ਆ ਸਕਿਆ। ਇਹੀ ਕਸ਼ਟ ਪ੍ਰਿ: ਪਾਖਰ ਸਿੰਘ ਨੂੰ ਵੀ ਉਠਾਣਾ ਪਿਆ। ਅਸੀਂ ਦੋਵੇਂ ਬੁੜ੍ਹੇ ਬੰਦੇ ਇਸ ਮੁਸ਼ਕਲ ਨੂੰ ਆਸਾਨ ਕਰਨ ਲਈ ਸੋਚਣ ਲੱਗੇ। ਅਗਲੇ ਦਿਨ ਮੈਂ ਅਧਾ ਟੱਬ ਪਾਣੀ ਨਾਲ ਭਰ ਲਿਆ ਜਿਸ ਨੇ ਮੈਨੂੰ ਟੱਬ ਵਿਚੋਂ ਉਠ ਕੇ ਬਾਹਰ ਆਉਣ ਵਿਚ ਕੁਝ ਮਦਦ ਕੀਤੀ। ਜਦ ਇਸ ਸਮਸਿਆ ਬਾਰੇ ਕਲੀਂਨੰਗ ਲੇਡੀਜ਼ ਨਾਲ ਗੱਲ ਕੀਤੀ ਤਾਂ ਉਹਨਾਂ ਕੋਲ ਇਸਦਾ ਕੋਈ ਜਵਾਬ ਨਹੀਂ ਸੀ ਪਰ ਬਾਥਰੂਮ ਦੇ ਡਿਗੇ ਕਰਟਨ ਨੂੰ ਉਹਨਾਂ ਕਾਰਪੈਂਟਰ ਬੁਲਾ ਕੇ ਫਿਕਸ ਕਰਵਾ ਦਿਤਾ। ਹਾਂ ਏਨੀ ਕੁ ਗੱਲ ਉਹਨਾਂ ਦੀ ਸਮਝ ਵਿਚ ਆ ਗਈ ਸੀ ਕਿ ਟੱਬ ਵਿਚੋਂ ਉਠਣ ਲਈ ਬਾਥਰੂਮ ਵਿਚ ਹੈਂਡਲ ਜ਼ਰੂਰ ਲਗਾ ਹੋਣਾ ਚਾਹੀਦਾ ਸੀ।
ਕਿਊਬਾ ਜਾਣ ਤੋਂ ਪਹਿਲਾਂ ਪ੍ਰਿੰ: ਪਾਖਰ ਸਿੰਘ ਦੀ ਬੇਟੀ ਮੀਨਾ ਦਾ ਕਹਿਣਾ ਕਿ ਓਥੇ ਪਹੁੰਚ ਕੇ ਆਪਣੀ ਰਾਜ਼ੀ ਖੁਸ਼ੀ ਦਾ ਫੋਨ ਜ਼ਰੂਰ ਕਰਨਾ, ਸਾਨੂੰ ਡੈਡੀ ਦਾ ਬਹੁਤ ਫਿਕਰ ਰਹੇਗਾ। ਫੋਨ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ ਏਥੇ ਨਾ ਤਾਂ ਫੋਨ ਆ ਸਕਦਾ ਹੈ ਅਤੇ ਨਾ ਜਾ ਸਕਦਾ ਹੈ। ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ ਇੰਜ ਕਿਵੇਂ ਹੋ ਸਕਦਾ ਹੈ। ਅੱਜ ਸਾਰੀ ਦੁਨੀਆ ਦੇ ਲੋਕ ਫੋਨ ਕਲਚਰ ਨਾਲ ਬਝੇ ਹੋਏ ਹਨ। ਇੰਡੀਆ ਭਾਵ ਪੰਜਾਬ ਵਿਚ ਤਾਂ ਬਕਰੀਆਂ ਤੇ ਭੇਡਾਂ ਚਾਰਨ ਵਾਲਿਆਂ, ਬਾਂਦਰਾਂ ਤੇ ਰਿੱਛਾਂ ਦਾ ਤਮਾਸ਼ਾ ਕਰਨ ਵਾਲੇ ਮਦਾਰੀਆਂ, ਵਖ ਵਖ ਲੋਕੇਸ਼ਨਜ਼ ਤੇ ਮੰਗਣ ਵਾਲੇ ਮੰਗਤਿਆਂ, ਬੀਣ ਵਜਾ ਕੇ ਸੱਪ ਵਖਾਣ ਵਾਲੇ ਜੋਗੀਆਂ, ਘਰਾਂ ਵਿਚ ਕੰਮ ਕਰਨ ਆਉਣ ਵਾਲੀਆਂ ਨੌਕਰਾਣੀਆਂ ਕੋਲ ਵੀ ਸੈੱਲ ਫੋਨ ਹਨ ਅਤੇ ਕਿਊਬਾ ਵਿਚ ਇਹ ਕਿਵੇਂ ਹੋ ਸਕਦਾ ਹੈ ਕਿ ਇਥੋਂ ਕਿਧਰੇ ਫੋਨ ਹੀ ਨਾ ਕੀਤਾ ਜਾ ਸਕੇ। ਕੈਨੇਡਾ ਤੋਂ ਚੱਲਣ ਵੇਲੇ ਏਨਾ ਕੁ ਪਤਾ ਲੱਗ ਗਿਆ ਸੀ ਕਿ ਕਿਊਬਾ ਵਿਚ ਫੋਨ ਕਰਨਾ ਬਹੁਤ ਮਹਿੰਗਾ ਹੈ ਭਾਵ ਕੈਨੇਡਾ ਵਿਚੋਂ ਕਿਊਬਾ ਵਿਚ ਫੋਨ ਕਰਨ ਦੇ ਡੇਢ ਡਾਲਰ ਇਕ ਮਿੰਟ ਦੇ ਪੈਂਦੇ ਸਨ ਅਤੇ ਸਸਤਾ ਓਧਰੋਂ ਵੀ ਨਹੀਂ ਪੈਂਦਾ ਸੀ। ਕੈਨੇਡਾ ਤੋਂ ਕਿਊਬਾ ਫੋਨ ਕਰਨ ਦਾ ਕੋਡ ਲੈ ਕੇ ਘਰ ਦੇ ਜੀਆਂ ਨੂੰ ਦੇ ਦਿਤਾ ਸੀ ਪਰ ਏਥੇ ਆ ਕੇ ਕਿਵੇਂ ਫੋਨ ਕਰਨਾ ਸੀ, ਇਹ ਪਤਾ ਤਾਂ ਹੁਣ ਏਥੇ ਕਿਊਬਾ ਦੇ ਰੀਜ਼ੋਰਟ ਦੀ ਰੀਸੈਪਸ਼ਨ ਤੋਂ ਹੀ ਲੱਗਣਾ ਸੀ। ਮੈਂ ਆਪਣਾ ਸੈੱਲ ਫੋਨ ਚਾਰਜਰ ਤੇ ਲਾ ਕੇ ਚਾਰਜ ਕਰ ਲਿਆ ਸੀ ਪਰ ਕੰਮ ਕਰਨ ਦਾ ਸਿਗਨਲ ਨਹੀਂ ਆ ਰਿਹਾ ਸੀ। ਮੈਂ ਜਦ ਵੀ ਕੈਨੇਡਾ ਫੋਨ ਮਿਲਾਣ ਦੀ ਕੋਸ਼ਿਸ਼ ਕਰਦਾ ਤਾਂ ਆਊਟ ਆਫ ਸਰਵਿਸ ਏਰੀਆ ਦਾ ਸਿਗਨਲ ਆ ਜਾਂਦਾ ਸੀ ਅਤੇ ਬਿਲਕੁਲ ਹੀ ਥਰੂ ਨਹੀਂ ਹੁੰਦਾ ਸੀ। ਨਾ ਹੀ ਕੋਈ ਫੋਨ ਕੈਨੇਡਾ ਤੋਂ ਹੀ ਆ ਰਿਹਾ ਸੀ। ਨਾਰੀਅਲ ਦੇ ਉਚੇ ਲੰਮੇ ਦਰਖਤਾਂ ਵਿਚ ਖੂਬਸੂਰਤ ਦੋ ਮੰਜ਼ਲੇ ਬਣੇ ਰੀਜ਼ੋਰਟ ਵਿਚ ਹੋਟਲ ਦੇ ਕਮਰਿਆਂ ਦੇ ਅੰਦਰ ਬਾਹਰ ਕਿਸੇ ਦਾ ਫੋਨ ਨਹੀਂ ਵੱਜ ਰਿਹਾ ਸੀ। ਇਸ ਬਾਰੇ ਆਟਵਾ ਦੇ ਨਰਿੰਦਰ ਸਿੰਘ ਸਰਾ ਨੇ ਦਸਿਆ ਕਿ ਏਥੇ ਲੋਕ ਵੇਕੇਸ਼ਨ ਤੇ ਹੋਣ ਕਰ ਕੇ ਸੈੱਲ ਫੋਨ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਫੋਨ ਕਾਲਜ਼ ਤੋਂ ਖਹਿੜਾ ਛਡਾਉਣ ਲਈ ਹੀ ਤਾਂ ਵੇਲੇਸ਼ਨ ਕਰਨ ਆਏ ਹਾਂ। ਪਰ ਐਮਰਜੰਸੀ ਵਿਚ ਫੋਨ ਕਰਨ ਲਈ ਕੀ ਕੀਤਾ ਜਾਵੇ। ਮੀਨਾ ਨੇ ਤਾਂ ਤਾਕੀਦ ਕੀਤੀ ਸੀ ਕਿ ਇਕ ਵਾਰ ਫੋਨ ਜ਼ਰੂਰ ਕਰ ਕੇ ਆਪਣੀ ਰਾਜ਼ੀ ਖੁਸ਼ੀ ਬਾਰੇ ਦੱਸ ਦੇਣਾ, ਸਾਨੂੰ ਚਿੰਤਾ ਰਹੇਗੀ। ਵੈਸੇ ਤਾਂ ਪ੍ਰਿੰ: ਪਾਖਰ ਸਿੰਘ ਸਿਵਾਏ ਦਾਰੂ ਪੀਣ ਦਾ ਸ਼ੌਕ ਪੂਰਾ ਕਰਨ ਤੋਂ ਇਲਾਵਾ ਬਾਕੀ ਠੀਕ ਠਾਕ ਸਨ ਪਰ ਮੈਂ ਆਪਣੇ ਵੱਲੋਂ ਬੇਟੀ ਮੀਨਾ ਨਾਲ ਕੀਤੀ ਜ਼ਬਾਨ ਅਨੁਸਾਰ ਇਕ ਵਾਰ ਕੈਨੇਡਾ ਫੋਨ ਜ਼ਰੂਰ ਕਰਨਾ ਚਹੁੰਦਾ ਸਾਂ। ਰੀਸੈਪਸ਼ਨ ਤੇ ਜਾ ਕੇ ਇਸ ਬਾਰੇ ਪੁਛਿਆ ਤਾਂ ਜਵਾਬ ਮਿਲਿਆ ਕਿ ਪੰਜ ਜਾਂ ਦਸ ਡਾਲਰ ਦਾ ਕਾਰਡ ਲੈ ਕੇ ਕੈਨੇਡਾ ਫੋਨ ਕਰ ਸਕਦੇ ਹੋ। ਇਕ ਵਾਰ ਲਿਆ ਕਾਰਡ ਵਰਤੋ ਜਾਂ ਨਾ ਵਰਤੋ, ਪੈਸੇ ਗਏ ਤੇ ਗਏ। ਕੁਝ ਮਿੰਟ ਵਰਤੇ ਕਾਰਡ ਦੇ ਬਚੇ ਮਿੰਟ ਵੀ ਦੋਬਾਰਾ ਕੰਮ ਨਹੀਂ ਆਣਗੇ। ਦਸ ਡਾਲਰ ਦਾ 10 ਮਿੰਟ ਦਾ ਕਾਰਡ ਵੇਚ ਕੇ ਕਾਊਂਟਰ ਤੇ ਖੜ੍ਹੀ ਰੀਸੈਪਨਿਸਟ ਕੁੜੀ ਨੇ ਆਪਣਾ ਮੁਖ ਇਸ ਤਰ੍ਹਾਂ ਭਵਾ ਲਿਆ ਜਿਵੇਂ ਲਾਗੀਆਂ ਲਾਗ ਲੈ ਲਿਆ ਤੇ ਬਿਗਾਨੀ ਧੀ ਭਾਵੇਂ ਜਾਂਦੀ ਰੰਡੀ ਹੋ ਜਾਵੇ। ਜਦ ਅਸਾਂ ਪੁਛਿਆ ਕਿ ਕੈਨਡਾ ਫੋਨ ਕਰਨ ਦਾ ਕੋਡ ਵਗੈਰਾ ਵੀ ਦੱਸੋ। ਬੜੀ ਭਾਰੀ ਪੈ ਕੇ ਤੇ ਨਖਰੇ ਨਾਲ ਓਸ ਨੇ ਕਾਗਜ਼ ਤੇ ਲੰਮਾ ਚੌੜਾ ਕੋਡ ਨੰਬਰ ਵਗੈਰਾ ਲਿਖ ਕੇ ਦੇ ਦਿਤਾ ਤੇ ਸਾਹਮਣੇ ਲਗੇ ਦੋ ਪਬਲਕ ਫੋਨਜ਼ ਤੋਂ ਕੈਨੇਡਾ ਫੋਨ ਕਰਨ ਦਾ ਰਾਹ ਦੱਸ ਦਿਤਾ। ਅਸੀਂ ਕਾਰਡ ਪੀਲ ਕਰ ਕੇ ਕੋਡ ਨੰਬਰ ਲਿਖ ਲਿਆ ਤੇ ਉਹ ਕੋਡ ਅਤੇ ਕੈਨੇਡਾ ਦਾ ਕੋਡ ਲਾ ਕੇ ਇਕ ਘੰਟੇ ਤਕ ਕੈਨੇਡਾ ਫੋਨ ਮਿਲਾਣ ਦੀ ਕੋਸ਼ਿਸ਼ ਕਰਦੇ ਰਹੇ ਪਰ ਕੈਨੇਡਾ ਦਾ ਫੋਨ ਨਹੀਂ ਮਿਲ ਰਿਹਾ ਸੀ। ਦੋਬਾਰਾ ਕਾਊਂਟਰ ਤੇ ਖੜ੍ਹੀ ਕੁੜੀ ਨੂੰ ਮਦਦ ਕਰਨ ਲਈ ਆਖਿਆ ਪਰ ਓਸ ਨੇ ਕੋਈ ਮਦਦ ਨਾ ਕੀਤੀ। ਸਾਡੇ ਵਰਗਾ ਇਕ ਹੋਰ ਵਿਅਕਤੀ ਵੀ ਫੋਨ ਕਰਨ ਵਿਚ ਕਾਮਯਾਬ ਨਾ ਹੋਣ ਤੇ ਖਿਝ ਕੇ ਤੇ ਗਿਵ ਅਪ ਕਰ ਕੇ ਚਲਾ ਗਿਆ ਸੀ। ਏਨੇ ਨੂੰ ਰੀਸੈਪਸ਼ਨ ਵਾਲੀ ਉਹ ਕੁੜੀ ਚਲੀ ਗਈ ਤੇ ਉਹਦੀ ਜਗ੍ਹਾ ਇਕ ਹੋਰ ਬੰਦਾ ਆ ਗਿਆ। ਓਸ ਨੂੰ ਮਦਦ ਕਰਨ ਲਈ ਕਿਹਾ ਤਾਂ ਓਸ ਨੇ ਆਪ ਆ ਕੇ ਸਾਡੀ ਮਦਦ ਕੀਤੀ ਪਰ ਜਿੰਨੇ ਵੀ ਪ੍ਰਿੰ: ਪਾਖਰ ਸਿੰਘ ਦੇ ਵਖ ਵਖ ਘਰਾਂ ਦੇ ਨੰਬਰ ਮਿਲਾਏ, ਕੋਈ ਨੰਬਰ ਵੀ ਨਾ ਮਿਲਿਆ ਤੇ ਅੱਕ ਕੇ ਅਸਾਂ ਫੋਨ ਮਿਲਾਣਾ ਛਡ ਦਿਤਾ ਤੇ ਫੋਨ ਨਾ ਹੋ ਸਕਣ ਦੀ ਹੋਈ ਅਵਾਜ਼ਾਰੀ ਨੂੰ ਭੁਲਾਣ ਲਈ ਸਾਹਮਣੇ ਖੁਲ੍ਹੀ ਬਾਰ ਵਿਚ ਜਾ ਕੇ ਬੀਅਰ ਪੀਣੀ ਸ਼ੁਰੂ ਕਰ ਦਿਤੀ ਤਾਂ ਜੋ ਅਕਿਆ ਥਕਿਆ ਮਨ ਖਰਾਬ ਹੋਏ ਵਕਤ ਦਾ ਗੁੱਸਾ ਸੂਤ ਕੀਤਾ ਜਾ ਸਕੇ। ਮੁਫਤ ਬਾਰ ਤੇ ਪੀਣ ਵਾਲਿਆਂ ਦੀਆਂ ਲਾਈਨਾਂ ਅਕਸਰ ਲੰਮੀਆਂ ਹੀ ਹੁੰਦੀਆਂ ਸਨ। ਭਾਵੇਂ ਦੋ ਤਿੰਨ ਬਾਰਟੈਂਡਰਜ਼ ਕੁੜੀਆਂ ਸਰਵ ਕਰ ਰਹੀਆਂ ਸਨ ਪਰ ਲਾਈਨ ਲੰਮੀ ਹੋਣ ਕਰ ਕੇ ਜਾਮ ਭਰਾਉਣ ਤਕ ਸਮਾਂ ਲਗ ਹੀ ਜਾਂਦਾ ਸੀ। ਹੁਣ ਅਸੀਂ ਸਮਝ ਚੁਕੇ ਸਾਂ ਕਿ ਹਰ ਵਾਰ ਨਹੀਂ ਤਾਂ ਇਕ ਵਾਰ ਤਾਂ ਇਹਨਾਂ ਸ਼ਰਾਬ ਵਰਤਾਣ ਵਾਲੀਆਂ ਕੁੜੀਆਂ ਨੂੰ ਟਿੱਪ ਦੇਣਾ ਬਣਦਾ ਸੀ ਅਤੇ ਉਹ ਵੀ ਕਨਵਰਟੇਬਲ ਕਿਊਬਕ ਪੀਸੋ ਵਿਚ ਜੋ 20 ਕੈਨੇਡੀਅਨ ਡਾਲਰਜ਼ ਦੇ 18 ਤੋਂ ਘੱਟ ਪੀਸੋ ਮਿਲਦੇ ਸਨ। ਇਹ ਟਿੱਪ, ਬਾਰਟੈਂਡਰਜ਼ ਕੁੜੀਆਂ, ਬਰੇਕ ਫਾਸਟ, ਲੰਚ ਅਤੇ ਡਿਨਰ ਕਰਾਉਣ ਵਾਲੇ ਅਮਲੇ, ਕਮਰਾ ਸਾਫ ਕਰਨ ਵਾਲੀਆਂ ਕਲੀਨਿੰਗ ਲੇਡੀਜ਼, ਸਿਕਿਓਰਟੀ ਗਾਰਾਡ, ਹਸਪਤਾਲ ਦੀ ਨਰਸ, ਡਾਕਟਰ, ਮਸਾਜ ਵਾਲੇ ਸੀਲੋਨ ਤੇ ਵਾਲ ਕੱਟਣ ਵਾਲੀ, ਸਿਕਿਓਰਟੀ ਗਾਰਡ, ਮਾਲੀ ਆਦਿ ਸਭ ਨੂੰ ਟਿੱਪ ਦੇਣੇ ਪੈਂਦੇ ਸਨ। ਟਿੱਪ ਕਲਚਰ ਇਸ ਰੀਜ਼ੋਰਟ ਦੀ ਸੈਰ ਦਾ ਇਕ ਅਹਿਮ ਹਿੱਸਾ ਸੀ ਅਤੇ ਲਗ ਭਗ ਸਾਰੇ ਸੈਲਾਨੀ ਲੋਕ ਟਿੱਪ ਦੇ ਹੀ ਰਹੇ ਸਨ।
ਮੋਟੇ ਅੰਦਾਜ਼ੇ ਮੁਤਾਬਕ ਇਸ ਰੀਜ਼ੋਰਟ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਚੋਂ ਬਹੁਤਿਆਂ ਨੂੰ ਘਟੋ ਘੱਟ ਰੋਜ਼ ਦੇ 20 ਤੋਂ 30 ਕਨਵਰੇਟਬਲ ਪੀਸੋ ਟਿੱਪ ਮਿਲ ਜਾਂਦੇ ਸਨ ਜਦ ਕਿ ਉਹਨਾਂ ਚੋਂ ਸਭ ਦੀਆਂ ਮਹੀਨੇ ਦੀਆਂ ਤਨਖਾਹਾਂ 20 ਕਨਵਰੇਟਬਲ ਪੀਸੋ ਤੋਂ ਘੱਟ ਸਨ ਜੋ ਉਹਨਾਂ ਦੀ ਨੈਸ਼ਨਲ ਮਨੀ ਵਿਚ 500 ਪੀਸੋ ਬਣਦੇ ਸਨ। ਕਮਿਉਨਿਸਟ ਮੁਲਕ 500 ਪੀਸੋ ਮਹੀਨੇ ਤੋਂ ਵਧ ਲੈਣ ਵਾਲਾ ਕੋਈ ਨਹੀਂ ਮਿਲਿਆ ਸੀ ਤੇ ਮੈਂ ਇਸ ਬਾਰੇ ਹੋਰ ਸਮਝਣਾ ਚਹੁੰਦਾ ਸਾਂ ਜੋ ਸਮਝ ਨਹੀਂ ਆ ਰਿਹਾ ਸੀ। ਟਿੱਪਾਂ ਨਾਲ ਪੈਸੇ ਬਣਾ ਕੇ ਰੀਜ਼ੋਰਟ ਵਿਚ ਕੰਮ ਕਰਨ ਵਾਲੇ ਕਿਸੇ ਤਰ੍ਹਾਂ ਗਰੀਬ ਨਹੀਂ ਸਨ। ਕਿਥੇ ਮਹੀਨੇ ਦੀ ਤਨਖਾਹ 20 ਕਨਵਰੇਟਬਲ ਪੀਸੋ ਤੇ ਕਿਥੇ ਰੋਜ਼ ਦੇ 20 ਤੋਂ 30 ਕਨਵਰੇਟਬਲ ਪੀਸੋ ਟਿੱਪ। ਸਾਡੇ ਪਾਸ ਤਾਂ ਕਿਊਬਕ ਪੀਸੋ ਨਹੀਂ ਸਨ। ਰੀਜ਼ੋਰਟ ਦਾ ਬੈਂਕ ਸਵੇਰੇ 7 ਤੋਂ ਸ਼ਾਮ 7 ਤਕ ਸਿਵਾਏ ਦੋਪਹਿਰ ਦੀ ਇਕ ਘੰਟੇ ਦੀ ਬਰੇਕ ਦੇ ਬਾਰਾਂ ਘੰਟੇ ਰੋਜ਼ ਖੁਲ੍ਹਦਾ ਸੀ, ਓਥੇ ਡਾਲਰ ਵਟਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਤੇ ਲਾਈਨ ਵਿਚ ਖਲੋ ਕੇ ਪੈਸੇ ਵਟਾਣ ਲਈ ਬਹੁਤ ਸਮਾਂ ਲਗਦਾ ਸੀ। ਕਰੰਸੀ ਵਟਾਣ ਲਈ ਸਭ ਤੋਂ ਵਡੀ ਔਕੜ ਇਹ ਵੀ ਸੀ ਕਿ ਹਰ ਵਾਰ ਆਪਣਾ ਪਾਸਪੋਰਟ ਵਿਖਾਣਾ ਪੈਂਦਾ ਅਤੇ ਉਸ ਦੀ ਐਂਟਰੀ ਕੰਪਿਊਟਰ ਵਿਚ ਹੁੰਦੀ ਸੀ। ਪਾਸਪੋਰਟ ਅਸੀਂ ਪੱਕੇ ਤੌਰ ਤੇ ਆਪਣੇ ਸੂਟਕੇਸਾਂ ਵਿਚ ਬੰਦ ਕਰ ਕੇ ਹੋਟਲ ਦੇ ਕਮਰਿਆਂ ਵਿਚ ਰੱਖ ਦਿਤੇ ਸਨ। ਮੈਂ ਬਾਰਟੈਂਡਰ ਕੁੜੀ ਨੂੰ ਕਿਹਾ ਕਿ ਸਾਡੇ ਪਾਸ ਕੈਨੇਡੀਅਨ ਮਨੀ ਹੈ ਅਤੇ ਕਿਊਬਕ ਕਨਵਰੇਟਬਲ ਪੀਸੋ ਨਹੀਂ ਹਨ। ਅਸੀਂ ਟਿੱਪ ਦੇਣਾ ਚਹੁੰਦੇ ਹਨ ਤਾਂ ਕੀ ਕਰੀਏ। ਓਸ ਖੁਸ਼ ਹੋ ਕੇ 20 ਕੈਨੇਡੀਅਨ ਡਾਲਰ ਦਾ ਨੋਟ ਲੈ ਕੇ ਰੇਟ ਅਨੁਸਾਰ 18 ਪੀਸੋ ਮੋੜ ਦਿਤੇ ਤੇ ਅਸੀਂ ਉਸ ਨੂੰ ਇਕ ਇਕ ਸਿਕੇ ਦਾ ਕਨਵਰੇਟਬਲ ਪੀਸੋ ਟਿੱਪ ਭਾਵ ਇਕ ਇਕ ਡਾਲਰ ਦੇ ਦਿਤਾ ਜੋ ਓਸ ਨੇ ਸਾਹਮਣੇ ਪਏ ਇਕ ਗਲਾਸ ਵਿਚ ਸੁੱਟ ਦਿਤਾ ਜਿਸ ਵਿਚ ਪਹਿਲਾਂ ਹੀ ਸਿਕਿਆਂ ਅਤੇ ਨੋਟਾਂ ਦੀ ਸ਼ਕਲ ਵਿਚ ਕਾਫੀ ਕਨਵਰੇਟਬਲ ਪੀਸੋ ਪਏ ਸਨ। ਅਗਲੀ ਵਾਰ ਦਾਰੂ ਲੈਣ ਗਿਆਂ ਅਸੀਂ ਵੇਖਿਆ ਕਿ ਬਾਰਟੈਂਡਰ ਕੁੜੀਆਂ ਜਦ ਟਿੱਪ ਵਾਲਾ ਗਲਾਸ ਅੱਧ ਤਕ ਭਰ ਜਾਂਦਾ ਸੀ ਤਾਂ ਟਿੱਪ ਦੇ ਪੈਸੇ ਏਧਰ ਓਧਰ ਰੱਖ ਦੇਂਦੀਆਂ ਸਨ। ਇਨ੍ਹਾਂ ਟਿੱਪ ਦੇ ਪੈਸਿਆਂ ਦੀ ਵੰਡ ਅਗੇ ਕਿਵੇਂ ਹੁੰਦੀ ਸੀ, ਇਹ ਸਾਡੀ ਸਮਝ ਤੋਂ ਬਾਹਰ ਸੀ। ਜਦ ਅਸੀਂ ਕਿਹਾ ਕਿ ਅਸੀਂ ਕੈਨੇਡਾ ਵਿਚੋਂ ਤੁਹਾਨੂੰ ਦੇਣ ਲਈ ਕਪੜੇ ਵੀ ਲਿਆਏ ਹਾਂ ਤਾਂ ਉਹ ਅਤੇ ਬਾਕੀ ਹੋਰ ਵੀ ਕਪੜੇ ਲੈਣ ਵਿਚ ਬੜੀ ਖੁਸ਼ੀ ਮਹਿਸੂਸ ਕਰਦੇ ਸਨ। ਇਨ੍ਹਾਂ ਵਿਚ ਬਾਰਟੈਂਡਰਜ਼ ਕੁੜੀਆਂ, ਬਰੇਕ ਫਾਸਟ, ਲੰਚ ਅਤੇ ਡਿਨਰ ਕਰਾਉਣ ਵਾਲਾ ਅਮਲਾ ਫੈਲਾ, ਕਮਰਾ ਸਾਫ ਕਰਨ ਵਾਲੀਆਂ ਕਲੀਨਿੰਗ ਲੇਡੀਜ਼, ਸਿਕਿਓਰਟੀ ਗਾਰਾਡ, ਹਸਪਤਾਲ ਵਿਚ ਮਸਾਜ ਕਰਨ ਤੇ ਸਮੁੰਦਰ ਕੰਢੇ ਛੋਟੀਆਂ ਛੋਟੀਆਂ ਚੀਜ਼ਾਂ ਵੇਚਣ ਵਾਲੇ ਸਭ ਇਕੋ ਜਿਹੇ ਸਨ। ਸਮੁੰਦਰ ਕੰਢੇ ਇਕ ਗਰਭਵਤੀ ਕਾਲੀ ਆਪਣਾ ਢਿਡ ਨੰਗਾ ਕਰ ਕੇ ਤੇ ਹੋਣ ਵਾਲੇ ਬੱਚੇ ਦਾ ਇਸ਼ਾਰਾ ਕਰ ਕੇ ਪੀਸੋ ਮੰਗ ਰਹੀ ਸੀ। ਹਸਪਤਾਲ ਦੀ ਡਾਕਟਰ ਡਾਇਨਾ ਜੋ ਬੜੀ ਹਸਮੁਖ ਤੇ ਮਿਲਣਸਾਰ ਸੀ, ਨੂੰ ਮੈਂ ਕਈ ਵਾਰ ਬਾਰ ਅਗੇ ਲਗੀਆਂ ਕੁਰਸੀਆਂ ਤੇ ਬੈਠਿਆਂ ਵੇਖਿਆ ਜਿਥੇ ਉਹ ਕੁਝ ਨਾ ਕੁਝ ਪੀ ਰਹੀ ਹੁੰਦੀ। ਹੋ ਸਕਦਾ ਇਹ ਸ਼ਰਾਬ ਨਾ ਹੋਵੇ। ਮਿਸਟਰ ਸਰਾ ਇਹ ਵੀ ਦੱਸ ਰਹੇ ਸਨ ਕਿ ਕਿਊਬਾ ਵਿਚ ਕਈ ਡਾਕਟਰ ਰੀਜ਼ੋਰਟਸ ਵਿਚ ਆ ਕੇ ਪ੍ਰੈਕਟਿਸ ਕਰਦੇ ਹਨ ਤੇ ਬਹੁਤ ਪੈਸੇ ਬਣਾਉਂਦੇ ਹਨ। ਇਸ ਤਜਰਬੇ ਤੋਂ ਇਹ ਸਿੱਟਾ ਨਿਕਲ ਆਇਆ ਸੀ ਕਿ ਟਿੱਪ ਦੇ ਬਹਾਨੇ ਸੈਲਾਨੀਆਂ ਤੋਂ ਪੈਸੇ ਬਨਾਣਾ ਹੀ ਏਥੋਂ ਦੀ ਟਿੱਪ ਕਲਚਰ ਦਾ ਹਿੱਸਾ ਸੀ। ਤੁਰੇ ਫਿਰਦੇ ਨੌਕਰ ਕੋਕੋਨਟ ਦੇ ਦਰਖਤਾਂ ਤੋਂ ਡਿਗ ਰਹੇ ਤਾਜ਼ਾ ਨਾਰੀਅਲ ਨੂੰ ਤੁਹਾਡੇ ਸਾਹਮਣੇ ਅਗੋਂ ਪਿਛੋਂ ਕੱਟ ਅਤੇ ਮੋਰੀ ਕਰ ਕੇ ਤਾਜ਼ਾ ਨਾਰੀਅਲ ਦਾ ਪਾਣੀ ਪੀਣ ਲਈ ਪੇਸ਼ ਕਰਦੇ ਸਨ। ਇਹਨਾਂ ਨੂੰ ਇਕ ਇਕ ਕਨਵਰਟੇਬਲ ਪੀਸੋ ਦਾ ਟਿੱਪ ਭਾਵ ਇਕ ਡਾਲਰ ਅਤੇ ਜੇ ਕੋਈ ਵਾਧੂ ਕਪੜਾ ਹੋਵੇ ਤਾਂ ਦੇਣਾ ਪੈਂਦਾ ਸੀ। ਦਲੇਰ ਅਤੇ ਦਾਨੀ ਸੁਭਾ ਦਾ ਪ੍ਰਿੰ: ਪਾਖਰ ਸਿੰਘ ਜਦ ਇਹਨਾਂ ਲੋਕਾਂ ਨੂੰ ਰੀਜ਼ੋਰਟ ਅਤੇ ਬੀਚ ਤੇ ਪੈਸੇ ਅਤੇ ਕਪੜੇ ਵੰਡਣ ਰਿਹਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਹੀ ਲਗ ਰਿਹਾ ਸੀ। ਇਥੋਂ ਤਕ ਕਿ ਇਕ ਮੰਗਣ ਵਾਲੀ ਮੰਗਤੀ ਨੂੰ ਮੇਰੇ ਰੋਕਦਿਆਂ ਰੋਕਦਿਆਂ ਵੀ ਉਹਨੇ ਹਥ ਦੀ ਕੀਮਤੀ ਘੜੀ ਵੀ ਲਾਹ ਕੇ ਫੜਾ ਦਿਤੀ ਅਤੇ ਰੀਜ਼ੋਰਟ ਤੇ ਕੰਮ ਕਰਨ ਵਾਲਿਆਂ ਨੂੰ ਆਪਣੀਆਂ ਕੀਮਤੀ ਪੈਂਟਾਂ ਅਤੇ ਟੀ ਸ਼ਰਟਸ ਵੀ ਵੰਡ ਦਿਤੀਆਂ।
ਬਾਰ ਦੇ ਲਾਗੇ ਹੀ ਪੈਸੇ ਵਟਾਉਣ ਵਾਲਾ ਬੈਂਕ ਸੀ ਦਾ ਜਿਸ ਦਾ ਮੈਨੇਜਰ ਨੌਜਵਾਨ ਮੁੰਡਾ ਜੋਸੇ ਸੀ ਜੋ ਕਰੰਸੀ ਬਦਲਣ ਦਾ ਕੰਮ ਕਰਦਾ ਸੀ, ਬੜੀ ਵਧੀਆ ਅੰਗਰੇਜ਼ੀ ਬੋਲਦਾ ਸੀ। ਮੈਂ ਤੇ ਪ੍ਰਿੰ: ਪਾਖਰ ਸਿੰਘ ਨੇ ਸਕਾਚ ਦੇ ਡਬਲ ਡਬਲ ਗਲਾਸ ਭਰਵਾਏ ਤੇ ਕਿਣ ਕਿਣ ਕਰਦੇ ਮੌਸਮ ਵਿਚ ਬੈਂਕ ਦੇ ਕਮਰੇ ਦੇ ਬਾਹਰ ਬਰਾਂਡੇ ਵਿਚ ਲੱਗੀਆਂ ਕੁਰਸੀਆਂ ਤੇ ਪੀਣ ਲਈ ਬੈਠ ਗਏ। ਜੋਸਟ ਉਹਦਾ ਕੰਪਿਊਟਰ ਖਰਾਬ ਹੋ ਗਿਆ ਤੇ ਉਹ ਵੀ ਸਾਡੇ ਕੋਲ ਆ ਕੇ ਖਲੋ ਗਿਆ। ਜਦ ਅਸੀਂ ਉਸ ਨੂੰ ਪੀਣ ਦੀ ਸੁਲ੍ਹਾ ਮਾਰੀ ਤਾਂ ਓਸ ਤੁਰਤ ਸੁਲ੍ਹਾ ਕਬੂਲੀ ਤੇ ਇਕ ਇਕ ਕਰ ਕੇ ਦੋਵੇਂ ਗਲਾਸ ਪੀ ਗਿਆ ਤੇ ਸਾਡਾ ਦੋਸਤ ਬਣ ਗਿਆ। ਪ੍ਰਿੰ: ਪਾਖਰ ਸਿੰਘ ਬਾਰ ਤੋਂ ਦੋ ਗਲਾਸ ਹੋਰ ਭਰਵਾ ਕੇ ਲੈ ਆਇਆ। ਜਦ ਮੈਂ ਜੋਸੇ ਨੂਂੰ ਆਪਣਾ ਕਾਰਡ ਦਿਤਾ ਤਾਂ ਉਹ ਬੜਾ ਪ੍ਰਭਾਵਤ ਹੋਇਆ ਤੇ ਦੋਸਤ ਬਣ ਗਿਆ। ਜਦ ਵੀ ਸਾਨੂੰ ਕਰੰਸੀ ਬਦਲਣ ਦੀ ਲੋੜ ਪੈਂਦੀ ਤਾਂ ਬਗੈਰ ਪਾਸਪੋਰਟ ਦੇ ਸਾਡੀ ਕਰੰਸੀ ਬਦਲ ਦਿੰਦਾ। ਪੜ੍ਹੇ ਲਿਖੇ ਤੇ ਅੰਗਰੇਜ਼ੀ ਬੋਲਦੇ ਹੋਣ ਕਰ ਕੇ ਓਸ ਕੋਲੋਂ ਕਿਊਬਾ ਬਾਰੇ ਕੁਝ ਜਾਣਕਾਰੀ ਮਿਲੀ। ਉਸ ਦਸਿਆ ਕਿ ਉਹਦੀ ਘਰਵਾਲੀ ਡਾਕਟਰ ਸੀ ਅਤੇ ਉਹਦੀ ਮਹੀਨੇ ਦੀ ਤਨਖਾਹ ਸਿਰਫ 17 ਕਿਊਬਾ ਪੀਸੋ ਅਤੇ ਉਹਦੀ ਆਪਣੀ ਤਨਖਾਹ 20 ਕਿਊਬਾ ਪੀਸੋ ਮਹੀਨਾ ਸੀ। ਪਰ ਇਹ ਉਹ ਕਿਊਬਾ ਪੀਸੋ ਸੀ ਜਿਸ ਦੇ ਕਿਊੂਬਾ ਦੀ ਨੈਸ਼ਨਲ ਮਨੀ ਵਿਚ ਇਕ ਪੀਸੋ ਦੇ 25 ਪੀਸੋ ਬਣਦੇ ਸਨ। ਰੀਜ਼ੋਰਟ ਤੋਂ ਚਾਰ ਪੰਜ ਮੀਲ ਦੂਰ ਉਹਦਾ ਘਰ ਸੀ। ਉਹਨੇ ਮੋਪਡ ਰਖੀ ਹੋਈ ਤੇ ਸ਼ਾਮੀਂ 7 ਤੋਂ ਬਾਅਦ ਘਰ ਚਲਾ ਜਾਂਦਾ ਸੀ ਅਤੇ ਸਵੇਰੇ 7 ਵਜੇ ਫਿਰ ਆਪਣੀ ਡਿਊਟੀ ਤੇ ਆ ਜਾਂਦਾ ਸੀ। ਉਸ ਦਸਿਆ ਕਿ ਉਹ ਈਸਾਈ ਸੀ ਤੇ ਉਹਨੂੰ ਚਰਚ ਜਾਣ ਦੀ ਖੁਲ੍ਹ ਸੀ ਪਰ ਸੱਤ ਦਿਨਾਂ ਵਿਚ ਅਸੀਂ ਓਥੇ ਅਤੇ ਲਾਗੇ ਚਾਗੇ ਕੋਈ ਚਰਚ ਨਾ ਵੇਖਿਆ। ਬੈਂਕ ਦੇ ਇਸ ਮੁਲਾਜ਼ਮ ਜੋਸੇ ਨੇ ਸਾਡੀ ਇਕ ਦਿਨ ਪਹਿਲਾਂ ਖਰੀਦੇ ਫੋਨ ਕਾਰਡ ਤੇ ਕੈਨੇਡਾ ਵਿਚ ਪ੍ਰਿੰ: ਪਾਖਰ ਸਿੰਘ ਦੇ ਘਰ ਰਾਜ਼ੀ ਖੁਸ਼ੀ ਦੀ ਗੱਲ ਵੀ ਕਰਵਾ ਕੇ ਸਾਡਾ ਬੋਝ ਹਲਕਾ ਕਰ ਦਿਤਾ। ਬਤੌਰ ਇਕ ਲੇਖਕ ਮੈਂ ਤਾਂ ਕਿਊਬਾ ਵਸਦੇ ਲੋਕਾਂ ਦਾ ਅੰਦਰਲਾ ਜੀਵਨ ਤੇ ਦਿਲ ਪੜ੍ਹਨਾ ਚਹੁੰਦਾ ਸਾਂ ਤਾਂ ਜੋ ਯਾਤਰਾ ਬਾਰੇ ਲਿਖਣ ਲਈ ਮੇਰੇ ਕੋਲ ਕੁਝ ਮੈਟਰ ਇਕਠਾ ਹੋ ਜਾਵੇ ਪਰ ਜੋ ਗਿਆਨ ਹਾਸਲ ਹੋ ਰਿਹਾ ਸੀ, ਉਹ ਪਤਲਾ ਤੇ ਸਿਰਫ ਬਾਹਰਲਾ ਹੀ ਸੀ। ਮੇਰੇ ਲਈ ਇਹ ਕਾਫੀ ਨਹੀਂ ਸੀ। ਕਈ ਵਾਰ ਜਦ ਪ੍ਰਿੰ: ਪਾਖਰ ਸਿੰਘ ਸਵੇਰੇ ਹੀ ਮੰਤਰ ਮੁਗਧ ਹੋ ਜਾਂਦੇ ਤੇ ਬਰੇਕਫਾਸਟ, ਲੰਚ ਜਾਂ ਡਿਨਰ ਖਾਣ ਲਈ ਨਾ ਜਾਂਦੇ ਤੇ ਹੋਰ ਦਾਰੂ ਪੀਣ ਦੀ ਜ਼ਿਦ ਕਰਦੇ ਤਾਂ ਜਿਥੇ ਉਹਨਾਂ ਦਾ ਖਿਆਲ ਰੱਖਣ ਲਈ ਮੇਰੀ ਜ਼ਿੰਮੇਵਾਰੀ ਵਿਚ ਵਾਧਾ ਹੋ ਜਾਂਦਾ, ਓਥੇ ਮੈਂ ਸੌਂ ਨਾ ਸਕਦਾ ਤੇ ਮੇਰਾ ਬਲਡ ਪ੍ਰੈਸ਼ੇ ਬਹੁਤ ਵਧ ਗਿਆ। ਮੈਂ ਕਈ ਵਾਰ ਉਹਨਾਂ ਲਈ ਖਾਣੇ ਦੀ ਪਲੇਟ ਭਰ ਕਮਰੇ ਵਿਚ ਲੈ ਆਉਂਦਾ ਤੇ ਉਹ ਫਿਰ ਵੀ ਨਾਂ ਖਾਂਦੇ। ਖਾਣਾ ਠੰਢਾ ਹੋ ਜਾਂਦਾ। ਜਦ ਕਲੀਨਿੰਗ ਲੇਡੀਜ਼ ਆਉਂਦੀਆਂ ਤਾਂ ਮੈਂ ਉਹਨਾਂ ਨੂੰ ਉਹ ਠੰਢਾ ਖਾਣਾ ਖਾਣ ਲਈ ਦੇ ਦਿੰਦਾ ਤਾਂ ਉਹ ਬਹੁਤ ਖੁਸ਼ ਹੋ ਕੇ ਝੱਟ ਖਾਣ ਲਈ ਲੈ ਜਾਂਦੀਆਂ। ਇਸ ਤਰ੍ਹਾਂ ਕੈਨੇਡਾ ਵਿਚ ਨਹੀਂ ਹੁੰਦਾ। ਇਸਦਾ ਮਤਲਬ ਇਹ ਹੋ ਸਕਦਾ ਸੀ ਕਿ ਉਹ ਗਰੀਬ ਸਨ ਤੇ ਰੀਜ਼ੋਰਟ ਵਿਚ ਭਾਂਤ ਭਾਂਤ ਦਾ ਜੋ ਖਾਣਾ ਸਾਨੂੰ ਮਿਲਦਾ ਸੀ। ਉਹਨਾਂ ਦੇ ਨਸੀਬ ਵਿਚ ਨਹੀਂ ਸੀ ਜਾਂ ਉਹਨਾਂ ਦੀ ਪਹੁੰਚ ਤੋਂ ਵਖਰਾ ਸੀ। ਉਹਨਾਂ ਦੇ ਘਰਾਂ ਵਿਚ ਕਿਸ ਤਰ੍ਹਾਂ ਦਾ ਖਾਣਾ ਪਕਦਾ ਸੀ, ਇਹ ਜਾਣਨ ਦੀ ਮੇਰੀ ਪਰਬਲ ਇੱਛਾ ਸੀ ਪਰ ਪੂਰੀ ਨਹੀਂ ਹੋ ਰਹੀ ਸੀ। ਇਸ ਘਟਨਾ ਕ੍ਰਮ ਤੋਂ ਮੈਨੂੰ ਕਿਊਬਾ ਦੇ ਲੋਕਾਂ ਦੇ ਸੁਭਾਅ ਬਾਰੇ ਕੁਝ ਪਤਾ ਲਗਦਾ। ਇਹ ਵੀ ਸਪਸ਼ਟ ਹੋ ਗਿਆ ਕਿ ਜਦ ਸਾਡੀ ਗੈਰ ਹਾਜ਼ਰੀ ਵਿਚ ਕਲੀਨਿੰਗ ਲੇਡੀਜ਼ ਕਮਰਾ ਅਤੇ ਬਾਥਰੂਮ ਸਾਫ ਕਰਨ ਅਤੇ ਬਿਸਤਰੇ ਬਦਲਣ ਲਈ ਆਉਂਦੀਆਂ ਸਨ ਤਾਂ ਕਿਸੇ ਕਿਸਮ ਦੀ ਕੋਈ ਚੋਰੀ ਨਹੀਂ ਕਰਦੀਆਂ ਸਨ। ਜੋ ਕੀਮਤੀ ਸਾਮਾਨ ਜਿਵੇਂ ਕੈਮਰੇ, ਟੇਪ ਰੀਕਾਰਡਰ, ਸੈੱਲ ਫੋਨਜ਼, ਕੈਸ਼, ਕਪੜੇ ਆਦਿ ਜੋ ਕੁਝ ਵੀ ਜਿਥੇ ਪਿਆ ਹੁੰਦਾ ਸੀ, ਉਸ ਨੂੰ ਬਿਲਕੁਲ ਨਹੀਂ ਛੇੜਦੀਆਂ ਸਨ ਅਤੇ ਸਿਰਫ ਸਾਡੇ ਵੱਲੋਂ ਆਪਣੀ ਖੁਸ਼ੀ ਅਤੇ ਮਰਜ਼ੀ ਨਾਲ ਦਿਤਾ ਟਿੱਪ ਜਾਂ ਕੋਈ ਕਪੜਾ ਹੀ ਸਵੀਕਾਰ ਕਰਦੀਆਂ ਸਨ। ਹਾਂ ਉਹਨਾਂ ਵਿਚੋਂ ਕਈਆਂ ਨੇ, ਇਥੋਂ ਤਕ ਕਿ ਹਸਤਪਾਲ ਦੀ ਡਾਕਟਰ ਡਾਇਨਾ ਨੇ ਵੀ ਮੇਰੇ ਕੋਲ ਜੋ ਅਦੀਦਸ ਦਾ ਜੋ ਹੈਂਡ ਬੈਗ ਸੀ, ਗਿਫਟ ਕਰਨ ਲਈ ਕਿਹਾ ਪਰ ਮੈਨੂੰ ਉਸਦੀ ਖੁਦ ਜ਼ਰੂਰਤ ਸੀ। ਇਸ ਤੋਂ ਇਹ ਪਤਾ ਲੱਗ ਗਿਆ ਸੀ ਕਿ ਉਹਨਾਂ ਨੂੰ ਨੇਮ ਬਰੈਂਡ ਚੀਜ਼ਾਂ ਬਾਰੇ ਪਤਾ ਸੀ। ਰੀਜ਼ੋਰਟ ਵਿਚ ਕੰਮ ਕਰਨ ਵਾਲਿਆਂ ਨੂੰ ਇਹ ਗਿਆਨ ਸੀ ਕਿ ਕਿਹੜੀ ਚੀਜ਼ ਚੰਗੀ ਜਾਂ ਨੇਮ ਬਰੈਂਡ ਹੈ। ਹਾਂ ਕਲੀਨਿੰਗ ਲੇਡੀਜ਼ ਨੂੰ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ ਸੀ ਪਰ ਦਿਖ ਅਤੇ ਪਹਿਰਾਵੇ ਵਿਚ ਉਹ ਖੂਬਸੂਰਤ ਅਤੇ ਮਾਡਰਨ ਲਗਦੀਆਂ ਸਨ, ਗਰੀਬ ਨਹੀਂ। ਭਾਸ਼ਾ ਦੀ ਬਹੁਤ ਵਡੀ ਰੁਕਾਵਟ ਸੀ ਜਿਸ ਨਾਲ ਕਿਸੇ ਨਾਲ ਗਲ ਕਰਨੀ ਜਾਂ ਉਸ ਦੇ ਮਨ ਵਿਚ ਝਾਤੀ ਮਾਰਨੀ ਬਹੁਤ ਮੁਸ਼ਕਲ ਸੀ। ਕਈ ਵਾਰ ਇੰਜ ਲਗਦਾ ਜਿਵੇਂ ਦੋ ਕੰਧਾਂ ਇਕ ਦੂਜੇ ਅਗੇ ਖੜ੍ਹੀਆਂ ਇਕ ਦੂਜੇ ਵੱਲ ਵੇਖ ਰਹੀਆਂ ਹੋਣ ਪਰ ਬੋਲ ਕੇ ਆਪਣੇ ਦਿਲ ਦੀ ਗੱਲ ਨਾ ਕਰ ਸਕਦੀਆਂ ਹੋਣ। ਵੈਸੇ ਤਾਂ ਅਜਿਹਾ ਵਤੀਰਾ ਮੈਂ ਇਸ ਤੋਂ ਪਹਿਲਾਂ ਕੁਵੈਤ, ਇਟਲੀ, ਹਾਲੈਂਡ ਅਤੇ ਰੂਸ ਚੋਂ ਟੁਟ ਕੇ ਬਣੇ ਦੇਸ਼ ਯੂਕਰੇਨ ਦੇ ਇਕ ਹਵਾਈ ਅਡੇ ਤੇ ਵੀ ਵੇਖ ਚੁਕਾ ਸਾਂ ਕਿ ਅੰਗਰੇਜ਼ੀ ਭਾਸ਼ਾ ਨਾਲ ਹਰ ਥਾਂ ਕੰਮ ਕਾਰ ਨਹੀਂ ਚਲਦਾ ਸੀ ਜਦ ਕਿ ਦੁਨੀਆ ਵਿਚ ਜਿਥੇ ਅੰਗਰੇਜ਼ੀ ਨਹੀਂ ਹੈ, ਹਵਾਈ ਜਹਾਜ਼ ਤਾਂ ਓਥੇ ਵੀ ਮੁਸਾਫਰਾਂ ਨੂੰ ਉਤਾਰਦੇ, ਚੜ੍ਹਾਉਂਦੇ ਆਪਣਾ ਕਾਰੋਬਾਰ ਕਰੀ ਜਾ ਰਹੇ ਸਨ। ਕਿਊਬਾ ਵਿਚ ਕੈਨੇਡਾ ਤੋਂ ਨਾਲ ਲਿਆਂਦਾ ਸੈੱਲ ਫੋਨ ਬੇਕਾਰ ਸੀ ਕਿਉਂਕਿ ਨਾ ਤਾਂ ਏਥੇ ਫੋਨ ਆ ਸਕਦਾ ਸੀ ਤੇ ਨਾ ਜਾ ਸਕਦਾ ਸੀ। ਕਿਊਬਾ ਦੇ ਇਸ ਰੀਜ਼ੋਰਟ ਤੇ ਮੈਂ ਸੱਤ ਦਿਨ ਕੋਈ ਸੱੈਲ ਫੋਨ ਵਜਦਾ ਨਾ ਵੇਖਿਆ ਅਤੇ ਕਮਰੇ ਦਾ ਫੋਨ ਵੀ ਇਕ ਵਾਰ ਵੀ ਨਾ ਵਜਿਆ, ਹਾਂ ਕਲੀਨਿੰਗ ਲੇਡੀਜ਼ ਕਦੀ ਕਦੀ ਕਮਰੇ ਦੇ ਫੋਨ ਤੋਂ ਆਪਸ ਵਿਚ ਜਾਂ ਆਪਣੇ ਕੰਮ ਵਾਲਿਆਂ ਨਾਲ ਗੱਲ ਬਾਤ ਕਰ ਲੈਂਦੀਆਂ। ਹੋਟਲ ਦੇ ਕਮਰੇ ਵਿਚੋਂ ਦਿਨ ਵਿਚ ਤਿੰਨ ਵਾਰ ਤਾਂ ਬਰੇਕ ਫਾਸਟ, ਲੰਚ ਅਤੇ ਡਿਨਰ ਕਰਨ ਲਈ ਬਾਹਰ ਆਉਣਾ ਪੈਂਦਾ ਸੀ। ਖਾਣ ਵਾਲੇ ਕਮਰੇ ਵਿਚ ਸਭ ਤੋਂ ਜ਼ਿਆਦਾ ਭੀੜ ਤਾਜ਼ਾ ਜੂਸ ਕਢ ਕੇ ਦੇਣ ਅਤੇ ਬਰੇਕਫਾਸਟ ਵਿਚ ਸਾਹਮਣੇ ਅੰਡੇ ਭੰਨ ਕੇ ਮਨ ਮਰਜ਼ੀ ਦਾ ਆਮਲੇਟ ਬਣਵਾਉਣ ਵਾਲੇ ਕੁੱਕ ਕੋਲ ਹੁੰਦੀ ਸੀ। ਕੁੱਕ ਨੂੰ ਦੱਸਣਾ ਪੈਂਦਾ ਸੀ ਕਿ ਸਿੰਪਲ ਅਮਾਲੇਟ ਜਾਂ ਵਿਚ ਕਟੀਆਂ ਹੋਈਆਂ ਮਸ਼ਰੂਮਜ਼ ਤੇ ਪਿਆਜ਼ ਪਾ ਕੇ ਕਿੰਨੇ ਅੰਡਿਆਂ ਦਾ ਆਮਲੇਟ ਬਨਾਉਣਾ ਹੈ। ਹਰੀ ਮਿਰਚ ਕਿਧਰੇ ਨਹੀਂ ਦਿਸਦੀ ਸੀ। ਕੁਕ ਤਲਦੇ ਤਵੇ ਤੇ ਇਕੋ ਸਮੇਂ ਮਾਮੂਲੀ ਜਿਹਾ ਤੇਲ ਛਿੜਕ ਕੇ ਛੇ ਆਮਲੇਟ ਕੁਝ ਮਿੰਟਾਂ ਵਿਚ ਹੀ ਤਿਆਰ ਕਰ ਦਿੰਦਾ ਸੀ। ਬਰੈੱਡ ਖੇਦ ਸੇਕ ਕੇ ਬਟਰ ਲਾਉਣਾ ਪੈਂਦਾ ਸੀ। ਚਾਹ ਕਾਫੀ ਵੀ ਆਪ ਤਿਆਰ ਕਰਨੀ ਪੈਂਦੀ ਸੀ ਜਾ ਤੁਰਦੀਆਂ ਫਿਰਦੀਆਂ ਕੰਮ ਕਰਨ ਵਾਲੀਆਂ ਨੂੰ ਕਹਿਣਾ ਪੈਂਦਾ ਸੀ। ਪਾਣੀ ਦੀ ਬੋਤਲ ਵੀ ਉਹਨਾਂ ਕੋਲੋਂ ਭਰਵਾ ਕੇ ਕਮਰੇ ਵਿਚ ਲੈ ਆਈਦੀ ਸੀ ਕਿਉਂਕਿ ਸਿੱਧਾ ਟੂਟੀ ਦਾ ਪਾਣੀ ਕੋਈ ਨਹੀਂ ਪੀਂਦਾ ਸੀ। ਹਾਂ ਇਹ ਸਰਵ ਕਰਨ ਵਾਲੀਆਂ ਲੇਡੀਜ਼ ਵਾਈਨ ਜਾਂ ਬੀਅਰ ਵੀ ਲਿਆ ਕੇ ਦੇ ਦਿੰਦੀਆਂ ਸਨ ਅਤੇ ਇੰਜ ਟਿੱਪ ਲੈਣ ਦੀਆਂ ਹਕਦਾਰ ਹੋ ਜਾਂਦੀਆਂ ਸਨ। ਤੁਰਤ ਆਮਲੇਟ ਬਣਾ ਕੇ ਦੇਣ ਵਾਲੇ ਕੁੱਕ ਅਗੇ ਲੰਚ ਵੇਲੇ ਜਦ ਉਹ ਸਾਹਮਣੇ ਫਿਸ਼ ਤਲ ਕੇ ਦਿੰਦਾ ਸੀ, ਓਸ ਵੇਲੇ ਵੀ ਹਥਾਂ ਵਿਚ ਪਲੇਟਾਂ ਚੁਕੀ ਲੋਕਾਂ ਦੀ ਭੀੜ ਲੱਗੀ ਹੁੰਦੀ ਸੀ। ਉਹ ਐਨੀ ਫੁਰਤੀ ਨਾਲ ਇਕੋ ਸਮੇਂ ਤਪਦੇ ਤਵੇ ਤੇ ਥੋੜ੍ਹ ਥੋੜ੍ਹਾ ਤੇਲ ਪਾ ਕੇ ਛੇ ਲੋਕਾਂ ਲਈ ਫਿਸ਼ ਤਲ ਕੇ ਪਲੇਟ ਵਿਚ ਪਾ ਦਿੰਦਾ ਸੀ। ਫਿਸ਼ ਜਿਸ ਤੇ ਮਾਮੂਲੀ ਜਿਹਾ ਨਿਮਕ ਛਿੜਕਿਆ ਹੁੰਦਾ, ਲਗਦਾ ਅਧ ਪਕੀ ਕੱਚੀ ਹੀ ਤਲ ਕੇ ਦਈ ਜਾਂਦਾ ਸੀ। ਵੱੈਲ ਕੁੱਕ ਕਰਨ ਲਈ ਕਹਿਣਾ ਪੈਂਦਾ ਸੀ। ਘਟ ਹੀ ਇਹੋ ਜਹੇ ਖਾਣ ਵਾਲੇ ਹੋਣਗੇ ਜਿਨ੍ਹਾਂ ਨੇ ਖਾਣ ਤੋਂ ਪਹਿਲਾਂ ਆਪਣੀ ਮਨ ਪਸੰਦ ਦਾਰੂ ਨਾ ਲਾਈ ਹੋਵੇ ਪਰ ਸ਼ਰਾਬੀ ਹੋ ਕੇ ਮੇਲ੍ਹਦਾ ਕੋਈ ਨਹੀਂ ਵੇਖਿਆ ਸੀ। ਪੂਲ ਜਿਸ ਵਿਚ ਅਧ ਨੰਗੇ ਲੋਕ ਸਾਰਾ ਦਿਨ ਨਹਾਉਂਦੇ ਤੇ ਵਿਚੇ ਬਣੀ ਮੁਫਤ ਦੀ ਬਾਰ ਵਿਚੋਂ ਨਾਲ ਨਾਲ ਦਾਰੂ ਪੀਂਦੇ ਪਰ ਡੁਬਦਾ ਕੋਈ ਨਹੀਂ ਵੇਖਿਆ ਸੀ। ਪ੍ਰਿੰ: ਸਾਹਿਬ ਨੂੰ ਦਾਰੂ ਪੀ ਕੇ ਸਮੁੰਦਰ ਕੰਡੇ ਰੇਤ ਤੇ ਘੁੰਮਣਾ ਬਹੁਤ ਪਸੰਦ ਸੀ। ਇਥੇ ਹੀ ਘੋੜ ਸਵਾਰੀ ਕਰਨ ਲਈ ਘੋੜੇ, ਸਮੁੰਦਰ ਵਿਚ ਜਾਣ ਲਈ ਬਾਦਬਾਨ ਵਾਲੀਆਂ ਕਿਸ਼ਤੀਆਂ ਤੇ ਨਮਕੀਣ ਸਮੁੰਦਰ ਦੇ ਪਾਣੀ ਤਰ ਕੇ ਆ ਰਹੀ ਤਾਜ਼ਾ ਹਵਾ ਦੇ ਬੁਲ੍ਹੇ ਲੈਣ ਲਈ ਲੰਮੀਆਂ ਕੁਰਸੀਆਂ ਤੇ ਲੇਟੇ ਅਧਨੰਗੇ ਲੋਕ ਵੇਕੇਸ਼ਨ ਦਾ ਅਨੰਦ ਲੈ ਰਹੇ ਹੁੰਦੇ। ਲਕੜ ਦੀਆਂ ਨਿਕੀਆਂ ਨਿਕੀਆਂ ਚੀਜ਼ਾਂ ਬਣਾ ਕੇ ਵੇਚਣ ਵਾਲੇ ਕੁੜੀਆਂ ਮੁੰਡੇ ਆਪਣੀ ਦਿਹਾੜੀ ਬਨਾਉਣ ਲਈ ਆਏ ਲੋਕਾ ਨੂੰ ਆਕ੍ਰਸ਼ਤ ਕਰਨ ਲਈ ਕਰੈਬ ਬਣਾ ਕੇ ਖਵਾਉਣ ਅਤੇ ਵਿਆਗਰਾ ਵੇਚਣ ਦੀ ਕੋਸ਼ਿæਸ਼ ਵੀ ਕਰਦੇ ਪਰ ਰੀਜ਼ੋਰਟ ਦਾ ਸਿਕਿਓਰਟੀ ਗਾਰਡ ਉਹਨਾਂ ਨੂੰ ਸੈਲਾਨੀਆਂ ਤੋਂ ਪਰ੍ਹੇ ਭਜਾਉਣ ਦੇ ਦਬਕੇ ਮਾਰਦਾ ਰਹਿੰਦਾ।