ਤਾਈ ਨਿਹਾਲੀ ਦਾ ਵਰਤ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਾਈ ਨਿਹਾਲੀ ਨੇ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਿਆ। ਰਾਤ ਪੈਣ 'ਤੇ ਵਰਤ ਸੰਪੂਰਨ ਕਰਨ ਲਈ ਚੰਦਰਮਾ ਨੂੰ ਅਰਗ ਦੇਣ ਲਈ ਕੋਠੇ ਉੱਪਰ ਖੜ੍ਹੇ ਤਾਏ ਨਰੈਣੇ ਅਤੇ ਤਾਈ ਨਿਹਾਲੀ 'ਚੋਂ ਕਦੇ ਤਾਇਆ ਆਖੇ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ, ਕਦੇ ਤਾਈ ਆਖੇ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ, ਕਦੇ ਤਾਈ ਆਖੇ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ। ਕਾਫੀ ਚਿਰ ਤੂੰਂ-ਤੂੰਂ, ਮੈਂ-ਮੈਂ ਹੋਣ ਤੋਂ ਬਾਅਦ ਰੌਲਾ ਤਾਏ-ਤਾਈ ਦੇ ਝਾਟ ਮਝੀਟੇ ਹੋਣ ਤੱਕ ਪਹੁੰਚ ਗਿਆ। ਤਾਈ ਦੇ ਗੋਡਿਆਂ ਹੇਠਾਂ ਲਿਤਾੜੇ ਹੋਏ ਤਾਏ ਨੇ ਤਾਈ ਦੀ ਵੱਖੀ ਵਿੱਚ ਐਸੀ ਮੁੱਕੀ ਮਾਰੀ ਕਿ ਤਾਈ ਦੇ ਜ਼ੋਰ-ਜ਼ੋਰ ਦੇ ਪਾਏ ਚੀਕ-ਚਿਹਾੜੇ ਨੇ ਸਾਰੇ ਆਂਢ-ਗੁਆਂਢ ਨੂੰ ਪਲਾਂ 'ਚ ਹੀ ਇਕੱਠਾ ਕਰ ਲਿਆ। 'ਕੱਠੇ ਹੋਏ ਗੁਆਂਢੀਆਂ ਦੇ ਹਜ਼ੂਮ ਤੋਂ ਤਾਏ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ, 'ਉਠਿਓ ਜ਼ਰਾ… ਅੱਜ ਮੈਂ ਕਰਵਾ ਚੌਥ ਦਾ ਵਰਤ ਰੱਖਣੈਂ, ਤੁਸੀਂ ਚੁੱਲ੍ਹੇ ਵਿਚ ਚਾਰ ਕੁ ਪਾਥੀਆਂ ਲਾ ਕੇ ਮੇਰੇ ਵਾਸਤੇ ਨਹਾਉਣ ਲਈ ਪਾਣੀ ਗਰਮ ਕਰ ਦਿਓ, ਰਸੋਈ ਵਿਚ ਪਈਆਂ ਫੇਣੀਆਂ ਤਿਆਰ ਕਰਨਾ, ਦੋ-ਤਿੰਨ ਵੱਡੇ ਸਾਰੇ ਸਾਰੇ ਕੇਲੇ ਚਾਕੂ ਨਾਲ ਦੋਵੇਂ ਪਾਸਿਉਂ ਸਾਫ ਕਰਕੇ, ਦੋ ਕੁ ਸੇਬ ਚੰਗੀ ਤਰ੍ਹਾਂ ਛਿੱਲ ਕੇ ਮੇਰੇ ਪ੍ਰੈੱਸ ਕੀਤੇ ਕੱਪੜੇ, ਕੰਘੀ, ਸੁਰਮਾ, ਸੁਰਖੀ, ਪਾਊਡਰ ਆਦਿ ਮੇਰਾ ਮੇਕਅੱਪ ਦਾ ਸਾਮਾਨ ਸ਼ੋਅ ਕੇਸ ਕੋਲ ਰੱਖਿਓ। ਫਿਰ ਅੱਜ ਆਪੇ ਹੀ ਪੱਠਿਆਂ ਦਾ ਕੁਤਰਾ ਵੀ ਕੱਲੇ ਹੀ ਕਰਨਾ, ਮੱਝ ਨੂੰ ਨੁਹਾ-ਧੁਆ ਥਾਂ ਸਿਰ ਬੰਨ੍ਹ ਕੇ ਪੱਠੇ ਖਾਣ ਤੋਂ ਬਾਅਦ ਜ਼ਰਾ ਖਲ ਰਲਾ ਦੇਣੀ, ਉਤੋਂ ਅਖੇ ਰੋਜ਼ ਕਹਿੰਨੀ ਐਂ ਵਈ ਮੱਝ ਦਾ ਕਿੱਲਾ ਹਿਲਦਾ, ਉਹ ਵੀ ਚੰਗੀ ਤਰ੍ਹਾਂ… ਮੇਰੇ ਇਹ ਸਾਰੇ ਕੰਮ ਕਰਨ ਤੋਂ ਬਾਅਦ ਥੋਡੀ ਤਾਈ ਨੇ ਉੱਠਣ ਸਾਰ ਸਾਰ ਮੇਰੇ ਵੱਲੋਂ ਬਣਾਈਆਂ ਗਈਆਂ ਫੇਣੀਆਂ ਦਾ ਡੌਂਗਾ, ਸੇਬ, ਕੇਲੇ, ਨਾਰੀਅਲ ਆਦਿ ਸਭ ਦੇ ਸਪਾਟੇ ਫੇਰ ਦਿੱਤੇ। ਨਾਲੇ ਕਹੇ ਅਖੇ ਮੈਂ ਤਾਇਆਂ ਦੀ ਛਾਵੇਂ-ਛਾਵੇਂ ਪ੍ਰੀਤੀ ਭੋਜਨ ਕਰਨੈਂ। ਖਾਣਾ ਖਾ ਕੇ ਥੋਡੀ ਤਾਈ ਗਈ ਸੌਂ ਤੇ ਲੱਗ ਪਈ ਪਤੰਦਰ੍ਹਾਂ ਦੇ ਘਰਾੜੇ ਮਾਰਨ, ਸਹੁਰੇ ਦੀ ਕਾਲੇ ਨਾਗ ਦੇ ਬੱਚੇ ਵਾਂਗੂੰ ਫੂੰ-ਫੂੰ ਕਰੀ ਜਾਵੇ। ਸਵੇਰੇ ਗੋਡੇ ਜਿੱਡੇ ਦਿਨ ਚੜ੍ਹਨ 'ਤੇ ਮੈਂ ਜੱਕਾਂ-ਤੱਕਾਂ ਜਿਹੀਆਂ ਕਰਦੇ ਨੇ ਸਾਢੇ ਕੁ ਨੌਂ ਵਜੇ ਇਹਨੂੰ ਹਲੂਣ ਕੇ ਵੇਖਿਆ ਕਿ ਕਿਤੇ ਖਾਧਾ ਹੋਇਆ ਪ੍ਰੀਤੀ ਭੋਜਨ ਫੂਡ ਪੁਆਇਜ਼ਨ ਬਣ ਕੇ ਰਿਐਕਸ਼ਨ ਹੀ ਨਾ ਕਰ ਗਿਆ ਹੋਵੇ, ਬਈ ਗੱਲ ਉਹੀ ਹੋਈ। ਜਿਵੇਂ ਕਹਿੰਦੇ ਹੁੰਦੇ ਨੇ ਜਾਂਦੀਏ ਬੁਲਾਏ ਨੀ ਦੁਪਹਿਰਾ ਕੱਟ ਜਾਹ। ਉੱਠਣ ਸਾਰ ਮੈਨੂੰ ਇਹਨੇ ਮੂਵ ਵਾਲੀ ਡੱਬੀ ਫੜਾਉਂਦਿਆਂ ਕਿਹਾ, 'ਨਰੈਣਿਆਂ ਮੇਰਾ ਤਾਂ ਚਿੱਤ ਘਾਊਂ-ਮਾਊਂ ਜਿਹਾ ਕਰਦੈ, ਘੇਰ ਚੜ੍ਹਦੀ, ਸਿਰ ਦੁੱਖਦੈ, ਚੱਕਰ ਆਉਂਦੇ ਐ, ਨਿਰਣਾ ਕਾਲਜਾ ਜਿਉਂ ਹੋਇਆ। ਬਈ ਇਹ ਮੂਵ ਮਲੋ ਮੇਰੇ ਮੱਥੇ ਉੱਪਰ ਖਵਰੇ ਸਿਰ ਦੁੱਖਣੋਂ ਹਟ ਹੀ ਜਾਵੇ ਤੇ ਮੈਂ ਭਾਈ ਸਭ ਕੀਤੈ, ਫੇਰ ਵੀ ਪੱਬ ਨੀਂ ਲੱਗਣ ਦਿੱਤਾ। ਅਖੇ ਤੁਸੀਂ ਮੈਨੂੰ ਕਰਵਾ ਚੌਥ ਦੀਆਂ ਕੁੱਜੀਆਂ ਉਪਰ ਰੱਖਣ ਲਈ ਕਿਤੋਂ ਗਵਾਰੇ ਦੀਆਂ ਫਲੀਆਂ ਜਾਂ ਚਿੱਭੜ ਲਿਆ ਕੇ ਦੇਵੋ, ਅੱਜ ਕੱਲ੍ਹ ਗਵਾਰਾ ਕੌਣ ਪੇਂਡੂ ਬੀਜਦਾ ਐ, ਝੋਨੇ ਵਾਲੇ ਵਾਹਣ ਨੇ, ਲੋਕਾਂ ਨੇ ਸਪਰੇਆਂ ਕਰ-ਕਰ ਕੇ ਚਿੱਭੜਾਂ ਦੀਆਂ ਵੇਲਾਂ ਤਾਂ ਉੱਗਣ ਹੀ ਨਈਂ ਦਿੱਤੀਆਂ, ਸੋ ਕਿੱਲਾ ਮੈਂ ਤਾਂ ਗਾਹ ਮਾਰਿਆ, ਫਿਰ ਕਿਤੇ ਜਾ ਕੇ ਬੁੜ੍ਹੇ ਹੰਸੇ ਦੀ ਕਪਾਹ 'ਚੋਂ ਦੋ-ਚਾਰ ਕੱਚ ਪਲਿੱਲੇ ਜਿਹੇ ਚੂੰਏਂ ਚਿੱਭੜ ਮਿਲੇ। ਭੁੱਖਣ-ਭਾਣੇ ਉਤੋਂ ਬਾਰ੍ਹਾਂ ਵੱਜ ਗੇ।
        ਅਜੇ ਮੈਂ ਲਿਆ ਕੇ ਚਿੱਬੜ ਫੜਾਏ ਹੀ ਸੀ ਕਿ ਉਤੋਂ ਆਡਰ ਬਈ ਜਾਓ ਜਾ ਕੇ ਹੁਣ ਬ੍ਰਾਹਮਣਾਂ ਦੀ ਬੁੜ੍ਹੀ ਨੂੰ ਆਖ ਕੋ ਆਵੋ ਕਿ ਮੈਨੂੰ ਠੀਕ ਦੋ ਵਜੇ ਕਰਵਾ ਚੌਥ ਦੀ ਕਥਾ ਸੁਣਾ ਜਾਵੇ। ਅਜੇ ਮੈਂ ਉਹਨੂੰ ਆਖ ਕੇ ਆਇਆ ਹੀ ਸੀ ਕਿ ਆਡਰ ਫਿਰ ਤਿਆਰ, ਅਖੇ ਮੇਰਾ ਹਾਰ ਵਾਲਾ ਤਾਗਾ ਟੁੱਟਿਆ ਪਿਆ ਏ, ਮੈਂ ਗਹਿਣੇ ਪਹਿਨ ਕੇ ਕਥਾ ਸੁਣਨੀ ਐਂ, ਨੇ ਜਾਣੀਏਂ ਹਾਰ ਕਿਤੇ ਡਿੱਗ ਪਵੇ। ਨਾਲੇ ਮੇਰੀਆਂ ਸ਼ਕੰਦਰੀਆਂ ਬਦਲਾ ਕੇ ਲਿਆ ਦੇਵੋ ਸੁਨਿਆਰੇ ਤੋਂ, ਮੈਂ ਕੌੜਾ ਘੁਟ ਪੀ ਕੇ ਸਭ… ਫਿਰ ਇਹ ਤਾਂ ਕਥਾ ਸੁਣਨ ਸਾਰ ਕਿੱਲੋ ਵਾਲਾ ਪਾਣੀ ਦਾ ਭਰਿਆ ਜੱਗ ਪੀ ਕੇ ਫਿਰ ਸੌਂ ਗਈ, ਸੌਣ ਲੱਗੀ ਆਡਰ ਤੇ ਆਡਰ ਸੁਣਾ ਗਈ ਬਈ ਮੱਝ ਦੇ ਦੁਪਹਿਰ ਤਿੰਨ ਵਜੇ ਵਾਲੀ ਸੰਨੀ ਰਲਾਉਣੀਂ, ਸੰਨੀ ਖਾਣ ਤੋਂ ਬਾਅਦ ਮੱਝ ਦੀ ਧਾਰ ਕੱਢਣੀਂ, ਨਾਲੋ-ਨਾਲ ਦੋ ਕਿੱਲੇ ਦੁੱਧ ਡੋਲੂ ਵਿਚ ਪਾ ਕੇ ਉਤੋਂ ਅੱਧਾ ਕੁ ਕਿਲੋ ਪਾਣੀ ਮਿਲਾ ਕੇ ਡੇਅਰੀ ਪਾ ਆਉਣੈਂ, ਬਾਕੀ ਭਾਂਡਾ-ਟੀਂਡਾ, ਮੰਜੇ ਬਿਸਤਰੇ ਸਮੇਂ ਸਿਰ… ਹੋਰ ਕੰਮ ਕਾਜ ਅਜੇ ਤੱਕ ਲੋਟ ਨਈਂ ਆਇਆ। ਜਦੋ ਮੈਂ ਕਿਸੇ ਕੰਮ ਤੋਂ ਮਾੜੀ-ਮੋਟੀ ਜਿਹੀ ਨਾਂਹ-ਨੁੱਕਰ ਕਰਾਂ ਤਾਂ ਅਗੋਂ ਮੈਨੂੰ ਚਾਰੇ ਖੁਰ ਚੁੱਕ ਕੇ ਪੈ ਜਾਵੇ। ਅਖੇ, ਤੇਰਾ ਈ ਸਿਆਪਾ ਕਰਦੀ ਐਂ, ਲੰਬੀ ਉਮਰ ਵਾਸਤੇ ਹੁੰਦੈ। ਇਹ ਵਰਤ ਮੈਂ ਕਹਿੰਨੀ ਐਂ ਬਈ ਚੱਲ ਤੂੰ ਹੋਰ ਚਾਰ ਵਰ੍ਹੇ ਜਿਉਂਦਾ ਰਹੇੰ। ਇਹਨੂੰ ਪੁੱਛਣ ਆਲਾ ਹੋਵੇ ਬਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਉਮਰ ਨੱਬੇ ਸਾਲ ਦੇ ਕਰੀਬ ਹੋਊ, ਛੜਾ ਈ ਐ ਨਾ, ਪਤੰਦਰ ਅਜੇ ਤੱਕ ਘੋੜੇ ਵਰਗਾ ਐ। ਬਈ ਲੰਬੀ ਉਮਰ ਵਾਸਤੇ ਉਹਦੇ ਛੜੇ ਵਿਚਾਰੇ ਦੇ ਕੀਹਨੇ ਵਰਤ ਰੱਖੇ ਹੋਣਗੇ…ਹੀਂ…ਹੀਂ… (ਸਾਰੇ ਹੱਸ ਪਏ) ਹੁਣ, ਉਹ ਸੁੱਤੀ ਪਈ ਫਟਾਫਟ ਉੱਠੀ ਤੇ aੁੱਠ ਕੇ ਕੋਠੇ ਉੱਤੇ ਚੜ੍ਹ ਗੀ, ਪਤੰਦਰ ਦੀ ਨੇ ਕਿਸੇ ਨੂੰ ਪੁੱਛਿਆ ਤੱਕ ਵੀ ਨਈਂ, ਮੈਂ ਤਾਂ ਸਵੇਰ ਦੇ ਨਿਰਣੇ ਕਾਲਜੇ ਫਿਰਦੈਂ-ਸਵੇਰ ਦੀ ਚੱਲ ਸੋ ਚੱਲ ਹੋਈ ਰਹੀ। ਸੌਂ ਗੁਰੁ ਦੀ ਘੁੱਟ ਪਾਣੀ ਵੀ ਨਈਂ ਪੀ ਕੇ ਦੇਖਿਆ। ਹੁਣ ਮੈਖਿਆ ਨਿਹਾਲੀਏ ਚੁੰਨੀ ਲੜ ਬੰਨ੍ਹੇ ਚੌਲ ਮੈਨੂੰ ਦੇ ਦੇ, ਕਿਉਂਕਿ ਤੂੰ ਤਾਂ ਸਵੇਰ ਦੀ ਰੱਜੀ-ਪੁੱਜੀ ਫਿਰਦੀ ਐਂ। ਘਰਾੜੇ ਮਾਰ-ਮਾਰ ਨੀਂਦ ਲਾਹ ਲੀ। ਬਈ ਤੁਸੀਂ ਇਉਂ ਦੱਸੋ ਕਿ ਵਰਤ ਥੋਡੀ ਤਾਈ ਦਾ ਹੋਇਆ ਕਿ ਮੇਰਾ, ਫਰਜ਼ ਮੇਰਾ ਬਣਦੈ ਚੰਦਰਮਾ ਨੂੰ ਅਰਗ ਦੇਣ ਦਾ ਕਿ ਥੋਡੀ ਤਾਈ ਦਾ ?"
     
      ਗੁਆਂਢੀ ਹੁੰਗਾਰਾ ਭਰਨ ਤੋਂ ਡਰਦੇ ਸਨ ਕਿ ਜੇ ਉਹਨਾਂ ਤਾਏ ਵੱਲ ਹੁੰਗਾਰਾ ਭਰਿਆ ਤਾਂ ਕਿਤੇ ਸਵੇਰ ਨੂੰ ਤਾਈ ਨਾ ਸਾਡੇ ਨਾਲ ਆਢਾ ਲਾ ਲਵੇ, ਜੇ ਤਾਈ ਦਾ ਹੁੰਗਾਰਾ ਭਰਿਆ ਤਾਂ ਕਿਤੇ ਤਾਇਆ ਨਾ ਗੁੱਸੇ ਹੋ ਜੇ। ਗੁਆਂਢੀਆਂ ਨੇ ਦੋਹਾਂ ਦੀ ਸੁਲ੍ਹਾ-ਸਫਾਈ ਕਰਵਾਉਂਦਿਆਂ ਤਾਈ ਤੋਂ ਚੰਦਰਮਾ ਨੂੰ ਅਰਗ ਦੇਣ ਵਾਲੇ ਅੱਧੇ ਚੌਲ ਫੜੇ ਤੇ ਤਾਏ ਨੂੰ ਸਾਰਿਆਂ ਨੇ ਇਕੋ ਰਲਵੀਂ ਆਵਾਜ਼ 'ਚ ਕਿਹਾ, "ਤਾਇਆ ਜੀ, ਅਰਗ ਤਾਂ ਤੁਸੀਂ ਵੀ ਦੇ ਦੇਵੋ ਤੇ ਤਾਈ ਵੀ, ਪਰ ਤਾਇਆ ਜੀ ਇੱਕ ਗੱਲ ਦਾ ਖਿਆਲ ਰੱਖਿਓ, ਚੰਦਰਮਾ ਨੂੰ ਅਰਗ ਦੇਣ ਤੋਂ ਪਹਿਲਾਂ ਸਿਰ 'ਤੇ ਚੁੰਨੀ ਲੈਣੀ ਨਾ ਭੁੱਲਿਓ…।"ਹੁਣ ਸਾਰਿਆਂ ਦੀ ਖਿੜਖੜਾਹਟ ਕਾਰਨ ਉਪਰ ਆਕਾਸ਼ ‘ਚ ਚੰਦਰਮਾ ਵੀ ਜ਼ੋਰ-ਜ਼ੋਰ ਦੀ ਹੱਸ ਰਿਹਾ ਸੀ।