ਤਲਖ਼ ਯਾਦਾਂ ਦੇ ਇਹ ਸਾਏ ਕੈਸੇ ਮਨਜ਼ਰ ਹੋ ਗਏ।
ਜਾਪਦੇ ਸੀ ਫ਼ੁੱਲ ਅੱਖਾਂ ਨੂੰ ਉਹ ਪੱਥਰ ਹੋ ਗਏ।
ਕਦੇ ਵੀ ਭੁੱਲੇ ਨਹੀਂ ਇਹ ਮਾਜ਼ੀ ਦੇ ਸਾਏ ਸਿਆਹ,
ਨੀਮ-ਬੇਹੋਸ਼ੀ ਦੇ ਵਿਚ ਉੱਤਰੇ ਤਾਂ ਰਹਿਬਰ ਹੋ ਗਏ।
ਚਾਹਤ ਫ਼ੁੱਲਾਂ ਦੀ ਸੀ ਪੈ ਗਈ ਕੰਡਿਆਂ ਸੰਗ ਦੋਸਤੀ,
ਫ਼ੁੱਲ ਕੰਡਿਆਂ ਨੇ ਕੀ ਬਣਨਾ ਉਹ ਤਾਂ ਖੱਖਰ ਹੋ ਗਏ।
ਦਿਲ ਦਾ ਸ਼ੀਸ਼ਾ ਚੂਰ ਹੋਇਆ ਜਦ ਉਹ ਮੈਥੋਂ ਹੋਇਆ ਦੂਰ,
ਜੰਮ ਗਏ ਅੱਖਾਂ ‘ਚ ਹੰਝੂ ਸੁੱਕ ਕੇ ਕੰਕਰ ਹੋ ਗਏ।
ਰਾਹਾਂ ਦੇ ਰਹਿਗੀਰ ਬਦਲੇ ਬਦਲੀ ਮਨਜ਼ਿਲ ਵੀ ਮੇਰੀ,
ਨਕਸ਼ ਹੁਣ ਪੈਰਾਂ ਦੇ ਸਾਡੇ ਸੰਗ ਮਰ ਮਰ ਹੋ ਗਏ।
ਮੈਂ ਤਾਂ ਸੱਧਰਾਂ ਨਾਲ ਭਰਿਆ ਇਕ ਲ਼ਿਫਾਫ਼ਾ ਬੰਦ ਸੀ,
ਗ਼ਲਤ ਸਿਰਨਾਂਵੇਂ ਤੇ ਲਿਖੇ ਕਾਲੇ ਅੱਖਰ ਹੋ ਗਏ।
ਇਕ ਕੁਦੇਸਣ ਭਾਸ਼ਾ ਦੇ ਵਿਚ ‘ਹਿਰਦੇ’ ਲਿਖਿਆ ਖ਼ਤ ਸੀ ਜੋ,
ਅਣ-ਪੜ੍ਹੇ ਉਸ ਖ਼ਤ ਦੇ ਸਾਰੇ ਸ਼ਬਦ ਬੇ-ਘਰ ਹੋ ਗਏ।