ਮੇਰਾ ਇੱਕ ਦੋਸਤ ਜੋ ਧਾਰਮਿਕ ਖਿਆਲਾ ਦਾ ਸੀ , ਇੱਕ ਦਿਨ ਕਹਿਣ ਲੱਗਾ ਕਿ , " ਬਾਈ ! ਚੱਲ, ਨਾਲ ਦੇ ਪਿੰਡ ਬਾਬਾ ਜੀ ਦੇ ਦੀਵਾਨ ਹਨ।ਸੁਣ ਆਈਆ ਘਰੇ ਵੀ ਵਿਹਲੇ ਹੀ।"ਬਾਬਾ ਜੀ ਦੀ ਸਾਡੇ ਇਲਾਕੇ ਵਿੱਚ ਬਾਬਾ ਜੀ ਬਹੁਤ ਮਹਿਮਾ ਸੀ। ਮੈਨੂੰ ਉਸ ਦਾ ਵਿਚਾਰ ਕੁੱਝ ਚੰਗਾ ਲੱਗਿਆ ਅਤੇ ਅਸੀ ਦੀਵਾਨ ਸੁਣਨ ਲਈ ਉਸ ਪਿੰਡ ਪਹੁੰਚ ਗਏ।ਚਾਰੇ ਪਾਸੇ ਸ਼ਾਆਮਾਨ ਲਾ ਕੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ।ਜਦੋਂ ਦੀਵਾਨ ਪੰਡਾਲ ਵਿੱਚ ਪਹੁੰਚੇ ਬਾਬਾ ਜੀ ਸਮਝਾਉਣਾ ਕਰ ਰਹੇ ਸਨ, " ਭਾਈ ਇਹ ਸਰੀਰ ਨਾਸ਼ਵਾਨ ਹੈ। ਇਸ ਨੇ ਇੱਕ ਦਿਨ ਨਾਸ਼ ਹੋਣਾ ਹੀ ਹੈ, ਇਸ ਕਰਕੇ ਸਾਨੂੰ ਭੈਅ ਮੁਕਤ ਹੋ ਕੇ ਰਹਿਣਾ ਚਾਹੀਦਾ ਹੈ। ਸਾਨੂੰ ਕਿਸੇ ਤੋਂ ਵੀ ਡਰਨਾ ਨਹੀਂ ਚਾਹੀਦਾ। ਉਸ ਪ੍ਰਮਾਤਮਾ ਦਾ ਭੈਅ ਹੀ ਆਪਣੇ ਦਿਲ ਵਿੱਚ ਰੱਖਣਾ ਚਾਹੀਦਾ ਹੈ ਅਤੇ ਉਸਦੀ ਰਜ਼ਾ ਅਨੁਸਾਰ ਹੀ ਚੱਲਣਾ ਚਾਹੀਦਾ ਹੈ ।" ਬਾਬਾ ਜੀ ਦਾ ਉਪਦੇਸ਼ ਸੁਣ ਕੇ ਮਨ ਸ਼ਾਂਤ ਚਿੱਤ ਹੋ ਗਿਆ ਅਤੇ ਜਦੋਂ ਬਾਬਾ ਜੀ ਨੇ ਧਾਰਨਾ ਪੜ੍ਹੀ ਤਾਂ ਸਾਰੀ ਸੰਗਤ ਝੂਮਣ ਲੱਗੀ ਪਈ, ਕਿਉਂ ਕਿ ਬਾਬਾ ਜੀ ਦੀ ਅਵਾਜ਼ ਬੜੀ ਮਿੱਠੀ ਅਤੇ ਸੁਰੀਲੀ ਸੀ।
ਜਦੋਂ ਦੀਵਾਨ ਦੀ ਸਮਾਪਤੀ ਹੋਈ ਅਤੇ ਜਿਉਂ ਹੀ ਬਾਬਾ ਜੀ ਨੇ ਆਪਣੀ ਗੱਡੀ ਵੱਲ ਜਾਣਾ ਕੀਤਾ ਤਾਂ ਪੰਜ ਛੇ ਚੋਲ਼ਿਆਂ ਵਾਲੇ ਸਿੰਘ ਬਾਬਾ ਜੀ ਦੇ ਆਲ਼ੇ ਦੁਆਲ਼ੇ ਰਫ਼ਲਾਂ ਲੈ ਕੇ ਹੋ ਗਏ ਅਤੇ ਜਲਦੀ –ਜਲਦੀ ਸੰਗਤ ਨੂੰ ਪਰੇ ਕਰਨ ਲੱਗੇ। ਬਾਬਾ ਜੀ ਵੀ ਤੇਜ਼ ਤੁਰਦੇ ਹੋਏ ਆਪਣੀ ਮਹਿਗੀ ਗੱਡੀ ਵਿੱਚ ਜਾ ਬੈਠੇ ਅਤੇ ਮਿੰਟਾਂ ਵਿੱਚ ਹੀ ਗੱਡੀ ਧੂੜ ਵਿੱਚ ਇਸ ਕਦਰ ਗੁੰਮ ਹੋ ਗਈ ਜਿਸ ਤਰ੍ਹਾਂ ਸੰਗਤਾਂ ਨੂੰ ਦਿੱਤਾ ਬਾਬਾ ਜੀ ਦਾ ਉਪਦੇਸ਼।ਬਾਬਾ ਜੀ ਦਾ ਉਪਦੇਸ਼ ਅਤੇ ਬਾਬਾ ਜੀ ਦਾ ਅਸਲ ਰੂਪ ਦੇਖ ਕੇ ਇੱਕ ਡਰ ਜਿਹਾ ਲੱਗਣ ਲੱਗ ਪਿਆ।ਸੋਚਣ ਤੇ ਮਜਬੂਰ ਹੋ ਗਿਆ ਕਿ ਬਾਬਾ ਜੀ ਨੂੰ ਕਿਸ ਦਾ ਡਰ ਹੈ, ਰੱਬ ਦਾ ਜਾਂ ਦੁਨੀਆ ਦਾ।