ਕਿਵੇਂ ਬਚੂ ਪੰਜਾਬੀ (ਲੇਖ )

ਕੁਲਦੀਪ ਸਿੰਘ ਢਿਲੋਂ    

Email: dhillonkuldeepsingh6@gmail.com
Address: ਜੰਡਵਾਲਾ ਚੜ੍ਹਤ ਸਿੰਘ ਤਹਿ ਮਲੋਟ
ਸ਼੍ਰੀ ਮੁਕਤਸਰ ਸਾਹਿਬ India
ਕੁਲਦੀਪ ਸਿੰਘ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਹਿਣ ਨੂੰ ਤਾਂ ਅੱਜ ਵਿਸ਼ਵ ਭਰ ਦੀਆਂ 6 ਹਜ਼ਾਰ ਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ 11ਵੀਂ ਥਾਂ ਤੇ ਹੈ ਪਰ ਫਿਰ ਅੱਜ ਪੰਜਾਬੀ ਭਾਸ਼ਾ ਦੇ ਖਤਮ ਹੋ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਆਖਿਰ ਕਿਉਂ ਵਿਸ਼ਵ ਦੀਆਂ 6 ਹਜ਼ਾਰ ਭਾਸ਼ਾਵਾਂ ਵਿੱਚੋਂ 11ਵੇਂ ਸਥਾਨ ਤੇ ਆਉਣ ਵਾਲੀ ਪੰਜਾਬੀ ਭਾਸ਼ਾ ਦੇ ਖਤਮ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਦੇ ਜਿੰਮੇਵਾਰ ਅਸੀਂ ਖੁਦ ਹੀ ਹਾਂ ਕਿ ਅੱਜ ਪੰਜਾਬੀ ਭਾਸ਼ਾ ਖਤਮ ਹੋਣ ਦਾ ਡਰ ਬਣ ਗਿਆ ਹੈ ਕਿਉਂਕਿ ਅਸੀਂ ਬਹੁਤੇ ਪੰਜਾਬੀ ਹੀ ਪੰਜਾਬੀ ਮਾਂ ਬੋਲੀ ਤੋਂ ਕਿਨਾਰਾ ਕਰਨ ਲੱਗ ਪਏ ਹਾਂ। ਤਾਂ ਹੀ ਅੱਜ ਇਹ ਹਾਲਤ ਨੇ ਕਿ ਪੰਜਾਬੀ ਮਾਂ ਬੋਲੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ ਬਹੁਤ ਸਾਰੇ ਪੰਜਾਬੀ ਹੀ ਅਜਿਹੇ ਹਨ ਜਿਹੜੇ ਪੰਜਾਬ ਰਹਿ ਕੇ ਵੀ ਪੰਜਾਬੀ ਬੋਲੀ ਤੋਂ ਦੂਰ ਹਨ ਤੇ ਬਹੁਤ ਸਾਰੇ ਪੰਜਾਬੀ ਅਜਿਹੇ ਵੀ ਹਨ, ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਵੀ ਪੰਜਾਬੀ ਨੂੰ ਨਹੀਂ ਭੁੱਲੇ।
ਪੰਜਾਬ ਦੇ ਉਹ ਪੰਜਾਬੀ ਚਾਹੇ ਜੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। ਪੰਜਾਬ ਵਿੱਚ ਨੇ ਜਾਂ ਹੋਰ ਕਿਸੇ ਦੇਸ਼ ਵਿੱਚ ਅੱਜ ਇਸ ਗੱਲ ਤੋਂ ਚਿੰਤਤ ਹਨ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਬੋਲੀ ਖਤਮ ਹੀ ਨਾ ਹੋ ਜਾਵੇ ਕਿਤੇ। ਅੱਜ ਜੇਕਰ ਅਸੀਂ ਪੰਜਾਬ ਵਿੱਚ ਹੀ ਦੇਖੀਏ ਤਾਂ ਸਾਨੂੰ ਸੱਚ ਪਤਾ ਲੱਗ ਜਾਵੇਗਾ। ਅੱਜ-ਕੱਲ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬੀ ਮਾਂ ਬੋਲੀ ਦਿਨੋਂ ਨਿਘਾਰ ਵੱਲ ਜਾ ਰਹੀ ਹੈ ਤੇ ਪੰਜਾਬੀ ਨੂੰ ਬਚਾਉਣ ਲਈ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਹਰ ਤਰ੍ਹਾਂ ਦੇ ਯਤਨ ਕਰ ਰਹੇ ਹਨ ਪਰ ਜੇਕਰ ਅਸੀਂ ਜਿਆਦਾ ਵਿਸਥਾਰ ਵਿੱਚ ਜਾਣ ਦੀ ਬਜਾਏ ਸੰਖੇਪ ਵਿੱਚ ਹੀ ਝਾਤ ਮਾਰੀਏ ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਜਰੂਰ ਹੋਵੇਗਾ ਕਿ ਅਸੀਂ ਵੀ ਕਿਤੇ ਪੰਜਾਬੀ ਬੋਲੀ ਤੋਂ ਦੂਰ ਹਾਂ। ਅੱਜ ਤੋਂ ਕੁੱਝ ਸਮਾਂ ਪਹਿਲਾਂ ਸਾਡੇ ਪੰਜਾਬੀ ਇੱਕ ਦੂਜੇ ਨੂੰ ਮਿਲਦੇ ਸਨ ਤਾਂ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਮਿਲਦੇ ਸਨ। ਪਰ ਅੱਜ ਹਾਲਾਤ ਇਹ ਨੇ ਕਿ ਅਸੀਂ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਫੋਕੀ ਟੌਹਰ ਲਈ ਮਾਰਡਨ ਬਣਨ ਦੀ ਦੌੜ ਵਿੱਚ ਇੱਕ ਦੂਜੇ ਨੂੰ ‘ਸਤਿ ਸ਼੍ਰੀ ਅਕਾਲ’ ਬੁਲਾਉਣ ਦੀ ਬਜਾਏ ‘ਹੈਲੋ’ ਜਾਂ ‘ਹਾਏ’ ਕਹਿ ਕੇ ਮਿਲਦੇ ਹਾਂ। ਹੁਣ ਬਹੁਤ ਹੀ ਘੱਟ ਅਜਿਹੇ ਪੰਜਾਬੀ ਹੋਣਗੇ ਜਿਹੜੇ ਮਿਲਣ ਵੇਲੇ ‘ਸਤਿ ਸ਼੍ਰੀ ਅਕਾਲ’ ਬੁਲਾਉਦੇ ਹੋਣਗੇ। ਅੱਜ ਕੱਲ ਜਿਆਦਾਤਰ ਲੋਕਾਂ ਨੇ ਆਪਣੇ ਘਰ ਵਿੱਚ ਪੰਜਾਬੀ ਹੀ ਬੋਲਣ ਤੇ ਪਾਬੰਦੀ ਲਾ ਛੱਡੀ ਹੈ ਤੇ ਕਹਿਣਗੇ ਇਹ ਤਾਂ ਅਨਪੜ੍ਹਾਂ ਦੀ ਬੋਲੀ ਹੈ ਤਾਂ ਅੰਗਰੇਜੀ ਜਾਂ ਹੋਰ ਭਾਸ਼ਾ ਬੋਲੋ ਜਿਹੜੀ ਭਵਿੱਖ ਵਿੱਖ ਕੰਮ ਆਵੇ। ਕੋਈ ਹੋਰ ਭਾਸ਼ਾ ਸਿੱਖਣੀ ਜਾਂ ਬੋਲਣੀ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਵੀ ਕਿੱਧਰ ਦੀ ਸਿਆਣਪ ਹੈ। ਜਿਸ ਤਰ੍ਹਾਂ ਰਸੂਲ ਹਮਜਾਤੋਵ ਨੇ ਆਪਣੀ ਕਿਤਾਬ ‘ਮੇਰਾ ਦਾਗਿਸਤਾਨ’ ਵਿੱਚ ਲਿਖਿਆ ਹੈ ਕਿ ਜੇਕਰ ਕਿਸੇ ਨੂੰ ਸ਼ਰਾਪ ਦੇਣਾ ਹੋਵੇ ਤਾਂ ਉਸਨੂੰ ਕਹਿ ਦਿਉ ਕਿ ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਪਰ ਸਾਨੂੰ ਤਾਂ ਕਿਸੇ ਨੇ ਅਜਿਹੇ ਕੁਝ ਨਹੀਂ ਕਿਹਾ ਫਿਰ ਅਸੀਂ ਕਿਉਂ ਆਪਣੀ ਮਾਂ ਬੋਲੀ ਤੋਂ ਮੁੱਖ ਮੋੜਦੇ ਜਾ ਰਹੇ ਹਾਂ। ਜੇਕਰ ਅਸੀਂ ਸੱਚ ਹੀ ਦਿਲੋਂ ਚਾਹੁੰਦੇ ਹਾਂ ਕਿ ਸਾਡੀ ਪੰਜਾਬੀ ਕਦੇ ਖਤਮ ਨਾ ਹੋਵੇ ਤਾਂ ਪਹਿਲਾਂ ਸਾਨੂੂੰ ਖੁਦ ਹੀ ਸ਼ੁਰੂਆਤ ਕਰਨੀ ਪਵੇਗੀ। ਇੱਥੇ ਇੱਕ ਗੱਲ ਦਾ ਜਿਕਰ ਕਰਨਾ ਚਾਹਾਂਗਾ ਕਿ ਅੱਜ ਬਹੁਤ ਸਾਰੇ ਪੰਜਾਬੀਆਂ ਨੇ ਆਪਣੇ ਘਰੀਂ ਕੰਮ ਖਾਤਰ ਪ੍ਰਵਾਸੀ ਮਜਦੂਰ ਰੱਖੇ ਹਨ ਤੇ ਜਦੋਂ ਸਾਡੇ ਪੰਜਾਬੀ ਉਸ ਪ੍ਰਵਾਸੀ ਮਜ਼ਦੂਰ ਨਾਲ ਗੱਲ ਕਰਨਗੇ ਤਾਂ ਕਹਿਣਗੇ ਭਈਆ ਯੇ ਸਮਾਨ ਇੱਧਰ ਇਧਰ ਲੇਕਰ ਆਓ। ਯੇਹ ਬਰਤਨ ਉਠਾ ਲਓ ਵਗੈਰਾ-ਵਗੈਰਾ। ਪਰ ਉਹ ਪ੍ਰਵਾਸੀ ਮਜਦੂਰ ਕਦੇ ਪੰਜਾਬੀ ਬੋਲਦੇ ਨਹੀਂ ਸੁਣੇ। ਉਹ ਜੇਕਰ ਗੱਲ ਕਰਨਗੇ ਤਾਂ ਉਹ ਆਪਣੀ ਬੋਲੀ ਵਿੱਚ ਤਾਂ ਫਿਰ ਅਸੀਂ ਕਿਉਂ ਨਹੀਂ ਪੰਜਾਬੀ ਬੋਲਦੇ ਹਾਂ। ਹੁਣ ਤਾਂ ਵੇਖੋ ਵੇਖੀ ਇੱਕ ਹੋਰ ਰਿਵਾਜ ਹੀ ਚੱਲ ਪਿਆ ਉਹ ਕੀ ਐ ਕਿ ਜਦੋਂ ਸਾਡੇ ਪੰਜਾਬੀ ਆਪਣੇ ਕਿਸੇ ਬੱਚੇ ਦਾ ਵਿਆਹ ਕਰਦੇ ਹਨ ਤਾਂ ਉਹ ਇਹ ਵਿਆਹ ਦੇ ਕਾਰਡ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਛਪਵਾਉਣ ਦੀ ਬਜਾਏ ਅੰਗਰੇਜੀ ਵਿੱਚ ਛਪਵਾਉਦੇ ਹਨ ਤਾਂ ਹੁਣ ਸੋਚੋ ਕਿ ਉਂਝ ਤਾਂ ਅਸੀਂ ਰੌਲਾ ਰੱਪਾ ਪਾਉਂਦੇ ਹਾਂ ਸਾਡੀ ਮਾਂ ਬੋਲੀ ਪੰਜਾਬੀ ਖਾਤਮੇ ਵੱਲ ਜਾ ਰਹੀ ਹੈ ਪਰ ਅਜਿਹਾ ਕੁੱਝ ਵੇਖ ਕੇ ਲੱਗਦੈ ਕਿ ਅਸੀਂ ਖੁਦ ਹੀ ਆਪਣੀ ਮਾਂ ਬੋਲੀ ਨੂੰ ਖਤਮ ਕਰਨ ਦੀ ਜਿੱਦ ਫੜੀ ਬੈਠੇ ਹਾਂ । ਅੱਜ ਸਾਡੇ ਵਿੱਚ ਬਹੁਤੇ ਲੋਕ ਅਜਿਹੇ ਵੀ ਹਨ ਜਿਹੜੇ ਲੋਕਾਂ ਦੇ ਸਾਹਮਣੇ ਤਾਂ ਪੰਜਾਬੀ ਬੋਲੀ ਨੂੰ ਬਚਾਉਣ ਦੀਆਂ ਗੱਲਾਂ ਕਰਨਗੇ ਪਰ ਉਹਨਾਂ ਦੇ ਬੱਚੇ ਅੰਗਰੇਜੀ ਸਕੂਲਾਂ ਵਿੱਚ ਪੜ੍ਹਦੇ ਹੋਣਗੇ ਤਾਂ ਘਰ ਵਿੱਚ ਪੰਜਾਬੀ ਬੋਲਣ ਤੇ ਤਾਨਾਸ਼ਾਹੀ ਹੁਕਮ ਲਾਗੂ ਹੁੰਦਾ ਹੈ। ਇੱਕ ਵਾਰ ਮੇਰੇ ਇੱਕ ਅਧਿਆਪਕ ਦੋਸਤ ਨੇ ਦੱਸਿਆ ਕਿ ਮੇਰੇ ਕੋਲ ਕਈ ਬੱਚੇ ਟਿਊਸ਼ਨ ਪੜ੍ਹਨ ਆਉਂਦੇ ਨੇ ਜਿਹੜੇ ਸ਼ਹਿਰ ਦੇ ਵੱਡੇ ਵੱਡੇ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਜਦੋਂ ਉਹਨਾਂ ਨੂੂੰ ਮੈਂ ਪੰਜਾਬੀ ਪੜ੍ਹਨ ਨੂੰ ਕਹਿ ਦੇਵਾਂ ਤਾਂ ਉਹ ਮਸਾਂ ਅੱਖਰ ਜੋੜ ਕੇ ਬਹੁਤ ਮੁਸ਼ਕਲ ਨਾਲ ਪੜ੍ਹਦੇ ਹਨ। ਹੁਣ ਅਸੀਂ ਆਪ ਹੀ ਸੋਚ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਦਾ ਕੀ ਭਵਿੱਖ ਹੈ। ਜੇਕਰ ਅਸੀਂ ਸੱਚ ਹੀ ਸਾਡੀ ਪੰਜਾਬੀ ਮਾਂ ਬੋਲੀ ਨੂੂੰ ਖਤਮ ਹੋਣ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਇਕੱਲੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਕੁੱਝ ਨਹੀਂ ਹੋਣਾ। ਸਾਨੂੰ ਖੁਦ ਨੂੰ ਯਤਨ ਆਰੰਭਣੇ ਪੈਣਗੇ। ਜੇਕਰ ਅਸੀਂ ਪੰਜਾਬੀ ਬੋਲੀ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪੰਜਾਬੀ ਬੋਲੀ ਪ੍ਰਤੀ ਸਮਰਪਿਤ ਹੋਣਾ ਪਵੇਗਾ। ਨਹੀਂ ਤਾਂ ਪੰਜਾਬੀਓ! ਸੋਚੋ ਇੰਝ ਕਿਵੇਂ ਬਚੂ ਪੰਜਾਬੀ। ਪੜ੍ਹਨ ਸੁਣਨ ਨੂੰ ਤਾਂ ਇਹ ਗੱਲਾਂ ਕੌੜੀਆਂ ਨੇ ਪਰ ਸੱਚ ਨੇ ਤੇ ਸੱਚ ਹਮੇਸ਼ਾਂ ਕੌੜਾ ਹੁੰਦਾ ਹੈ। ਤਾਂ ਆਓ ਪੰਜਾਬੀ ਮਾਂ ਬੋਲੀ ਨੂੰ ਖਤਮ ਹੋਣ ਤੋਂ ਬਚਾਉਣ ਵਿੱਚ ਆਪਣਾ ਬਣਦਾ ਥੋੜ੍ਹਾ ਥੋੜ੍ਹਾ ਯੋਗਦਾਨ ਪਾਈਏ ਤਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਹਮੇਸ਼ਾਂ ਜਿਉਂਦੀ ਰਹੇ। ਜੇਕਰ ਅਸੀਂ ਅਜਿਹਾ ਨਾਂ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਜੇਕਰ ਸਾਡੀ ਮਾਂ ਬੋਲੀ ਖਤਮ ਹੋ ਗਈ ਤਾਂ ਇਸਦੇ ਸਿੱਧੇ ਜਿੰਮੇਵਾਰ ਅਸੀਂ ਖੁਦ ਪੰਜਾਬੀ ਹੀ ਹੋਵਾਂਗੇ ਤਾਂ ਆਓ ਪੰਜਾਬੀਓ! ਤਨੋ ਮਨੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਵਿੱਚ ਜੁਟ ਜਾਈਏ ਤੇ ਸਭ ਤੋਂ ਪਹਿਲਾਂ ਇਹ ਗੱਲ ਆਪਣੇ ਤੇ ਹੀ ਲਾਗੂ ਕਰੀਏ ਕਿ ਹਰ ਇੱਥ ਥਾਂ ਤੇ ਪੰਜਾਬੀ ਬੋਲੀ ਨੂੰ ਪਹਿਲ ਦੇਵਾਂਗੇ।