ਛੜੇ ਭਰਾਵੋ ਛੜੇ
(ਕਾਵਿ ਵਿਅੰਗ )
ਵੰਨ੍ਹ-ਸਵੰਨ੍ਹੀਆਂ ਦੇਖ ਕੇ ਨਾਰਾਂ,
ਚਿਹਰਿਆਂ ਤੇ ਆ ਜਾਣ ਬਹਾਰਾਂ
ਪਰ, ਹਿੱਕ ਚੰਦਰੀ ਸੜੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਘਰ ਵਿੱਚ ਰੋਂਦੀ ਫਿਰਦੀ ਬਿੱਲੀ
ਗੁੱਲੀ ਖਾਵਣ ਕੱਚ ਪਲਿਲੀ
ਹੱਥ ਰਹਿਣ ਤਵੇ ਤੇ ਸੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਲੱਖ ਚੁੱਲ੍ਹੇ ਵਿੱਚ ਮਾਰਨ ਫੂਕਾਂ
ਭਾਂਵੇਂ ਵੱਜਣ ਰੇਲਗੱਡੀ ਵਾਂਗ ਕੂਕਾਂ
ਫਿਰ ਵੀ ਅੱਗ ਨਾ ਚੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
'ਵਰ ਦੀ ਲੋੜ' ਮੀਡੀਏ ਵਿੱਚ ਆਵਣ
ਪੜ੍ਹ ਝਾਕ ਵਿਚਾਰੇ ਕਿਵੇਂ ਮਿਟਾਵਣ
ਰਹਿਣ ਉਡੀਕ ਸੂਚੀ ਵਿੱਚ ਖੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਇੱਕ ਛੜ੍ਹਿਆਂ ਸੀ ਰਾਇ ਬਣਾਈ
ਧਰਮਰਾਜ ਕੋਲ ਚੱਲੀਏ ਭਾਈ
ਪਏ ਦੁੱਧ ਕਾੜ੍ਹਨੀ ਦੇ ਵਾਂਗ ਕੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਜਾ ਧਰਮਰਾਜ ਕੋਲ ਪਾਏ ਵੈਣ
ਕਦੋਂ ਆਊ ਡੋਲੀ ਦੇ ਨਾਲ ਨੈਣ
ਟੁੱਟ ਗਏ ਸਭ ਸਬਰ ਪਿਆਲੇ ਭਰੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਧਰਮਰਾਜ ਅੱਗੋਂ ਰਾਇ ਸੀ ਦਿੱਤੀ
ਤਕਦੀਰ ਥੋਡੀ ਵਿਹੁ ਮਾਤਾ ਨੇ ਖਿੱਚੀ
ਲੇਖ ਸਿਹਰਿਆਂ ਵਾਲੇ ਉਸਨੇ ਘੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਚੱਲੋ, ਉਏ ਸਾਲਿਓ ਬੰਨੋ ਸਿਹਰੇ
ਮਾਤਾ ਦੇ ਹੀ ਫਿਰ ਪਹੁੰਚੀਏ ਵਿਹੜੇ
ਕਿਉਂ, ਪੱਕੀ ਫਸਲ ਤੇ ਪੈਣ ਗੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਅੱਗੋਂ ਔਖੀ ਹੋ ਸੀ ਮਾਤਾ ਬੋਲੀ
ਔਂਤਰਿਓ ਕਿਉਂ ਬੰਨ੍ਹੀ ਫਿਰੋਂ ਟੋਲੀ
'ਬਹੂ' ਨੀ ਮਿਲਣੀ ਥੋਨੂੰ, ਲੱਖ ਭੰਨੀ ਜਾਵੋਂ ਘੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਸੁਣ ਛੜ੍ਹੇ ਵਿਚਾਰੇ ਠੁੱਸ ਸੀ ਹੋਏ
ਕੰਧੀਂ-ਕੌਲ਼ੇ ਲੱਗ-ਲੱਗ ਰੋਏ
ਰੁੜਦੇ-ਖੁੜਦੇ ਆਪੋ-ਆਪਣੇ ਮੁੜ ਆਏ ਸੀ ਘਰੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਇੱਕ ਸੁਫਨੇ ਛੜ੍ਹਿਆਂ ਵਿਹੜੇ ਝਾਂਜਰ ਛਣਕੀ
ਬੱਲੇ ਓਏ ਸਾਡੀ ਕਿਸਮਤ ਠਣਕੀ
ਝੀਟ-ਮਝੀਟੇ ਬੂਹਾ ਖੋਲਣ ਲਈ, ਇੱਕ ਦੂਜੇ ਨਾਲ ਲੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਫਿਰ ਤੇਲ ਚੋਣ ਲਈ ਲਾਇਨ ਬਣਾਈ
ਬੂਹਾ ਖੋਲਿਆ, ਜਦੋਂ ਸੀ ਭਾਈ
ਭੁੱਲ-ਭੁਲੇਖੇ ਕਿਸੇ ਦੀ ਬੱਕਰੀ, ਆ ਚੜ੍ਹੀ ਸੀ ਥੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਇੱਕ ਦਿਨ ਛੜ੍ਹਿਆਂ ਕੋਲੋਂ ਲੰਘੀ ਇੱਕ ਲਾਰੀ
ਅੱਖ ਸਾਰਿਆਂ ਨੇ ਖਿੱਚ-ਖਿੱਚ ਮਾਰੀ
ਜਦ ਖੁੱਲ੍ਹੀ ਲਾਰੀ ਦੀ ਬਾਰੀ, ਖੁਸਰੇ ਘੇਰਾ ਪਾਈ ਖੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
ਵਿਆਹ ਪੱਖੋਂ ਛੜ੍ਹਿਆਂ ਦੀ ਕਿਸਮਤ ਖੋਟੀ
ਕੁਝ ਕੰਮਾਂ ਲਈ ਕੀਤੇ ਪੁੰਨ ਮੋਤੀ
ਪ੍ਰਧਾਨ ਮੰਤਰੀ ਦੀ ਪਦਵੀ ਤੇ ਵੀ ਚੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ
'ਸਾਧੂ' ਇਹ ਰਿਸ਼ਤਾ ਕੈਸਾ ਰੁੱਖੜ
ਛੜ੍ਹੇ ਨਾ ਮਾਸੜ, ਨਾ ਫਿਰ ਬਣਦੇ ਫੁੱਫੜ
'ਲੰਗੇਆਣੇ' 'ਚ ਤੂੰ ਦਿਨ-ਕਟੀਆਂ ਕਰ, ਥੁੱਕੀਂ ਪਕਾ ਲੈ ਵੜ੍ਹੇ
ਛੜ੍ਹੇ ਭਰਾਵੋ ਛੜ੍ਹੇ, ਛੜ੍ਹੇ ਵਕਤ ਨੂੰ ਫੜ੍ਹੇ