ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ………
ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬੈਠਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਆਪਣਾ ਦੇਸ਼ ਤੇ ਬੋਲੀ ਹੁੰਦੇ ਜਾਨੋ ਵੱਧ ਪਿਆਰੇ,
ਲ਼ੋਕ-ਗੀਤ ਖੁਸ਼ਬੋਆੂਂ ਵੰਡਣ ਮਹਿਕਾਂ ਦੇ ਵਣਜਾਰੇ,
ਮਹਿਕ ਏਸਦੀ ਬੋਲਾਂ ਵਿੱਚੋਂ ਕਦੇ ਗਵਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਮਾਂ ਦੇ ਕੋਲੋਂ ਸੁਣੀਆਂ ਲੋਰੀਆਂ ਦਾਦੀ ਕੋਲੋਂ ਬਾਤਾਂ,
ਨਾਲ ਇਸਦੇ ਸ਼ੁਰੂ ਹੋਏ ਸੀ ਆਪਣੇ ਦਿਨ ਤੇ ਰਾਤਾਂ,
ਕਦਰ ਏਸਦੀ ਮਨ ਦੇ ਵਿੱਚੋਂ ਮਾਰ ਮੁਕਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਘੁੱਗੂ ਘੋੜੇ ਪਾਉਣੇ ਜੀਹਨੇ ਆਪ ਸਿਖਾਏ ਸੀ,
ਫੱਟੀ ਤੇ ਜਦ ਗਾਚੀ ਦੇ ਨਾਲ ਪੋਚੇ ਲਾਏ ਸੀ,
ਪਏ ਪੂਰਨੇ ਦਿਲ ਤੇ ਜਿਹੜੇ ਤੁਸੀਂ ਮਿਟਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਗੁਰੂਆਂ ਪੀਰਾਂ ਤੇ ਭਗਤਾਂ ਨੇ ਇਸਦੀ ਕਦਰ ਪਛਾਣੀ,
ਏਸੇ ਵਿੱਚ ਹੀ ਲਿਖੀ ਹੋਈ ਹੈ ਚਾਨਣ ਵੰਡਦੀ ਬਾਣੀ,
ਛੱਡ ਕੇ ਇਸਨੂੰ ਆਪਣੇ ਮੱਥੇ ਕਾਲਖ ਲਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਵਿੱਚ ਵਿਦੇਸ਼ਾਂ ਉੱਚਾ ਹੋਇਆ ਦੇਖੋ ਰੁਤਬਾ ਇਸਦਾ,
ਖੈਰ ਪੰਜਾਬੀ ਦੀ ਹੈ ਮੰਗਦਾ ਉਹ ਸ਼ਰਫ ਵੀ ਦਿਸਦਾ,
ਮਨ-ਮੰਦਰ ਵਿੱਚ ਬਲਦਾ ਇਹ ਚਿਰਾਗ਼ ਬੁਝਾਇਉ ਨਾ
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਸ਼ਾਇਰਾਂ ਅਤੇ ਅਦੀਬਾਂ ਨੇ ਹੈ ਇਸਦੀ ਸ਼ਾਨ ਵਧਾਈ,
ਏਹਦੇ ਸਦਕੇ ਕੁਲ ਦੁਨੀਆਂ ਦੇ ਵਿੱਚ ਪਛਾਣ ਬਣਾਈ,
ਛੱਡ ਕੇ ਇਹਨੂੰ 'ਮੋਹੀ' ਆਪਣਾ ਮੂਲ ਗਵਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬੈਠਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।