(ਆਪਣੀ ਪਤਨੀ ਦੇ ਨਾਂ ਜੋ ਕੈੰਸਰ ਨਾਲ ਲੜਦੀ ਹੋਈ ਕੁਝ ਦਿਨ ਪਹਿਲਾਂ ਦੁਨੀਆਂ ਛੱਡ ਗਈ)
ਸੂਰਜ ਮੁਖੀਆ ਸੂਰਜ ਕੋਲੋਂ
ਕਿਉੰ ਪਿਆ ਮੂੰਹ ਛੁਪਾਏ ।
ਰਾਤ ਦੇ ਸੁਪਨੇਂ ਬੜੇ ਡਰਾਉਣੇਂ
ਕਿਉਂ ਪਿਆ ਦਿਨੇਂ ਹੰਡਾਏ ।
ਰੋਜ਼ ਪੂਰਬ ਇਕ ਸੂਰਜ ਜੰਮੇੰ
ਪੱਛਮ ਉਹਨੂੰ ਖਾਏ ।
ਉਤਰ ਦੱਖਣ ਦੇਖਣ ਲੀਲਾ
ਕੋਈ ਕੁਝ ਕਰ ਨਾ ਪਾਏ ।
ਬਦਲਾਂ ਨੇ ਜਦ ਪਾਣੀ ਵੰਡਿਆ
ਕੁਝ ਇੱਥੇ ਕੁਝ ਉੱਥੇ ।
ਕੁਝ ਖੇਤ ਤਾਂ ਜਲ ਥਲ ਹੋਏ
ਕੁਝ ਰਹੇ ਤਿਰਹਾਏ ।
ਫੁਲ ਖਿੜੇ ਖੁਸ਼ਬੋਆਂ ਵੰਡੀਆਂ
ਬਿਨ ਬੰਦਨ ਜਗ ਮਾਣੇਂ ।
ਮਹਿਕਾਂ ਦੇ ਨੇ ਰਿਸ਼ਤੇ ਕੱਚੇ
ਵਕੱਤ ਆਖਿਰ ਸਮਝਾਏ ।
ਗਗਨਾਂ ਵਿੱਚ ਲਕੀਰ ਇੱਕ ਪਾਕੇ
ਜਦ ਕੋਈ ਤਾਰਾ ਟੁੱਟਿਆ ।
ਚੰਨ ਦੇ ਮੂੰਹ ਤੇ ਪਈਆਂ ਝਰੀਟਾਂ
ਦਰਦ ਉਹ ਸਾਂਭੀ ਜਾਏ ।
ਜਿਸ ਚਿੰਤਾ ਵਿੱਚ ਮਾਹੀ ਨਾ ਵਸਦਾ
ਉਹ ਚਿੰਤਾ ਕਾਹਦੀ ਚਿੰਤਾ ।
ਮੰਨ ਜਿਹੜਾ ਨਾਂ ਜੋਗ ਕਮਾਵੇ
ਉਹ ਕਿੰਝ ਮੁਕਤੀ ਪਾਏ ।
ਪਵਨ ਕਿਸੇ ਦੀ ਕੀ ਹੋਵੇਗੀ
ਰਿਸ਼ਤੇ ਕਿਤੇ ਨਾਂ ਜੋੜੇ ।
ਜਨਮ ਮਰਣ ਦੀ ਕੌੜੀ ਗਾਥਾ
ਉਸਨੂੰ ਸਮਝ ਨਾਂ ਆਏ ।